ਕਈ ਵਾਰ ਚਾਤਰੀ ਪੁੱਠੀ ਵੀ ਪੈ ਜਾਂਦੀ ਹੈ । 60ਵੇਂ ਦਹਾਕੇ ਚ ਸਾਡੇ ਪਿੰਡੋਂ ਮਿਸਤਰੀਆਂ ਦਾ ਮੁੰਡਾ ਟੇਕ ਸਿਉਂ ਫੌਜ਼ ਚ ਜਾ ਭਰਤੀ ਹੋਇਆ । ਜਿਸ ਕੈਂਪ ਚ ਸੀ ਉਥੇ ਉਸਾਰੀ ਦਾ ਕੰਮ ਚਲਦਾ ਸੀ ਟੇਕ ਸਿਉ ਲੱਕੜ ਦਾ ਕੰਮ ਜਾਣਦਾ ਸੀ , ਟੇਕ ਸਿਹੁੰ ਦੀ ਜਿਮੇਂਵਾਰੀ ਉਸ ਵੱਡੀ ਸਾਰੀ ਬਿੰਲਡਿੰਗ ਉਤੇ ਲੱਕੜ ਦੇ ਕੰਮ ਤੇ ਲੱਗ ਗਈ । ਟੇਕ ਸਿਉ ਨੇ ਛੁੱਟੀ ਵੀ ਆੳਣਾ ਸੀ ਜਰੂਰੀ । ਅਫ਼ਸਰ ਆਂਹਦਾ ਇਹ ਕੰਮ ਕਰਨ ਤੋ ਬਾਅਦ ਛੁੱਟੀ ਮਿਲੂਗੀ । ਕੰਮ ਵਾਹਵਾ ਸੀ । ਟੇਕ ਸਿਹੁੰ ਦਿਨ ਰਾਤ ਲੱਗਾ ਰਿਹਾ ਤੇ ਤਕਰੀਬਨ ਕੰਮ ਮੁਕਾ ਹੀ ਲਿਆ ਇਕ ਦੋ ਹੀ ਖਿੜਕੀਆਂ ਦਰਵਾਜ਼ੇ ਰਹਿ ਗਏ ਫਿੱਟ ਕਰਨ ਵਾਲੇ। ਆਖਰੀ ਦਰਵਾਜ਼ੇ ਦਾ ਕਬਜ਼ਾ ਫਿੱਟ ਕਰ ਹੀ ਰਿਹਾ ਸੀ। ਕਬਜ਼ਾਂ ਫਿੱਟ ਕਰਨ ਵਾਲੀ ਥਾਂ ਤੇ ਲੱਕੜ ਛਿੱਲੀ ਦੀ ਹੈ ਤਾਂ ਕਿ ਕਬਜ਼ਾ ਫਿੱਟ ਬੈਠ ਜਾਵੇ, ਟੇਕ ਸਿਓਂ ਦੀ ਮਾੜੀ ਹੋਣੀਂ ਨੂੰ ਉਹ ਕੁਹ ਜਿਆਦਾ ਈ ਛਿੱਲੀ ਗਈ । ਅਫ਼ਸਰ ਵੀ ਲਾਗੇ ਸੀ ਬੈਠਾ ਪਰ ਟੇਕ ਸਿਹੁ ਨੇ ਕਬਜ਼ੇ ਦੇ ਹੇਠਾਂ ਗੱਤੇ ਦਾ ਟੁਕੜਾ ਦੇ ਕੇ ਕਬਜ਼ਾ ਬਰਾਬਰ ਕਰ ਕੇ ਫਿਟਿੰਗ ਕਰ ਦਿੱਤੀ । ਅਫ਼ਸਰ ਵੇਖ ਰਿਹਾ ਸੀ ਉਹਨੇ ਟੇਕ ਸਿਹੁੰ ਨੂੰ ਪੁੱਛਿਆ ਕਿ ਇਹ ਗੱਤਾ ਕਿਉ ਦਿੱਤਾ। ਟੇਕ ਸਿਹੁੰ ਨੇ ਆਪਣੀ ਗਲਤੀ ਨੂੰ ਲਕਾਉਣ ਲਈ ਕਿਹਾ “ਸਾਹਬ ਗੱਤੇ ਨਾਲ ਕਬਜ਼ੇ ਨੂੰ ਜੰਗਾਲ ਨਹੀ ਲੱਗਦਾ”
ਅਫ਼ਸਰ ਆਂਹਦਾ “ਗੁੱਡ ਗੁੱਡ ਟੇਕ ਸਿੰਘ, ਸਾਰੇ ਹੀ ਦਰਵਾਜ਼ੇ ਤੇ ਖਿੜਕੀਆ ਦੇ ਕਬਜ਼ੇ ਪੁੱਟ ਕਿ ਹੇਠਾਂ ਗੱਤਾ ਦਿਉ !!!!”
…. ਵਿਚਾਰਾ ਟੇਕ ਸਿਹੁੰ
ਸੰਦੀਪ ਸਿੰਘ ਬਾਠ