ਗੁਜਨ ਸਿੰਘ ਕਦੇ ਪਿੰਡ ਦਾ ਸਰਦਾਰ ਹੁੰਦਾ ਸੀ। ਉਸ ਦੀ ਸੌ ਕਿੱਲੇ ਜ਼ਮੀਨ ਪਿੰਡ ਦੇ ਦੋਵਾਂ ਮੋਘਿਆਂ ਉੱਤੇ ਅੱਧੀ ਅੱਧੀ ਪੈਂਦੀ ਸੀ। ਚਾਰੇ ਪੁੱਤਰਾਂ ਵਿੱਚ ਵੰਡ ਸਮੇਂ ਜਮੀਨ ਟੁੱਕੜੇ ਹੋਕੇ ਰਹਿ ਗਈ ਸੀ। ਚਾਰ ਟਿਊਬਵੈੱਲ ਲਗਦਿਆਂ ਨਵੇਂ ਚਾਰ ਟਰੈਕਟਰ ਵੀ ਆ ਗਏ ਸਨ। ਨੌਜਵਾਨ ਪੀੜ੍ਹੀ ਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ ਸੀ ਅਤੇ ਸਰਦਾਰੀ ਹੈਂਕੜ ਵਿੱਚ ਕੋਈ ਛੋਟੀ ਨੌਕਰੀ ਵੀ ਨੱਕ ਹੇਠ ਨਹੀਂ ਆਈ ਸੀ। ਟਰੈਕਟਰਾਂ ਦੀਆਂ ਕਿਸ਼ਤਾਂ, ਡੀਜਲ ਦੇ ਖਰਚੇ ਅਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਨੇ ਚਾਰੇ ਪਰਿਵਾਰਾਂ ਨੂੰ ਭੁੰਝੇ ਲਾਹ ਦਿੱਤਾ ਸੀ।
ਖੇਤੀ ਖਸਮਾ ਸੇਤੀ ਅਨੁਸਾਰ ਜਦ ਮਾਲਕ ਨੇ ਖੇਤ ਗੇੜਾ ਹੀ ਨਹੀਂ ਮਾਰਨਾ ਤਾਂ ਅਨਾਜ ਦੇ ਵੋਹਲ ਉਸਰਣ ਦੀ ਗੱਲ ਸੁਪਨਾ ਹੋਕੇ ਰਹਿ ਗਈ ਸੀ। ਕਰਜੇ ਦੀਆਂ ਕਿਸ਼ਤਾਂ ਹੀ ਨਹੀਂ ਟੁੱਟਦੀਆਂ ਸਨ ਸਗੋਂ ਵਿਆਜ ਵੀ ਅਸਲ ਵਿੱਚ ਹੀ ਜੁੜਦਾ ਰਹਿੰਦਾ ਸੀ। ਆਮਦਨ ਵਿਚੋਂ ਅੱਧ ਖਾਣ ਪੀਣ ਵੱਡ ਕੇ ਲੈ ਜਾਂਦਾ ਸੀ ਅਤੇ ਬਾਕੀ ਅੱਧ ਨੂੰ ਵਿਆਹ, ਸ਼ਾਦੀਆਂ, ਨਾਨਕ ਛੱਕਾਂ, ਮਰਨੇ ਆਦਿ ਨਿਘਾਰ ਜਾਂਦੇ ਸਨ। ਛੋਟੇ ਸਰਦਾਰ ਕਰਮਜੀਤ ਸਿੰਘ ਦਾ ਝੋਨਾ ਮੰਡੀ ਰੁਲ ਰਿਹਾ ਸੀ, ਬੱਚੇ ਘਰ ਵਿਲਕ ਰਹੇ ਸਨ ਅਤੇ ਉਹ ਆੜਤੀਆਂ ਦੀ ਚਾਹ ਪੀ ਕੇ ਰਾਤ ਦਿਨ ਝੋਨੇ ਦੀਆਂ ਢੇ ਰੀਆਂ ਉੱਤੇ ਪਾਸੇ ਰਗੜ ਰਿਹਾ ਸੀ। ਸਦੀਆਂ ਤੋਂ ਦਾਤਾ ਕਹਾਉਣ ਵਾਲਾ ਮੰਗਣ ਦੀ ਸੀਮਾ ਤੱਕ ਪੁੱਜ ਗਿਆ ਸੀ। ਮਾਲਕ ਖਰੀਦਦਾਰ ਦਾ ਮੂੰਹ ਤੱਕ ਰਿਹਾ ਸੀ। ਮੁਲਕ ਕਦੇ ਭੁੱਖਾ ਮਰਦਾ ਸੀ ਪਰ ਅੱਜ ਉਪਜ ਨੂੰ ਚੁੱਕਣ ਲਈ ਨਖਰੇ ਹੋ ਰਹੇ ਹਨ।
ਗਰੀਬ ਦੀਆਂ ਭੁੱਖਾਂ ਤਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਸਨ, ਪਰ ਦਾਤੇ ਨੂੰ ਭੁੱਖ ਦਾ ਸੰਤਾਪ ਵੀ ਸਹਿਣਾ ਪੈ ਸਕਦਾ ਏ ਇਹ ਅੱਜ ਤਕ ਅਣ-ਸੋਚਿਆ ਹੀ ਸੀ।
ਅਣ ਸੋਚਿਆ
378
previous post