ਸ਼ਹਿਰ ਵਿਚੋਂ ਲੰਘਦੀ ਸੜਕ ਉੱਤੇ ਅਤੇ ਵੱਡੇ ਟੋਭੇ ਦੇ ਆਸੇ ਪਾਸੇ ਝੌਪੜੀਆਂ ਦੇ ਦੋ ਹੀ ਵੱਡੇ ਗੜ੍ਹ ਸਨ। ਕਮੇਟੀ ਦੀਆਂ ਵੋਟਾਂ ਪੈਣ ਦੀ ਪੂਰਬ ਸੰਧਿਆ ਦੇ ਘੁੱਪ ਹਨੇ ਰੇ ਵਿੱਚ ਜੀਪਾਂ ਦੇ ਨਾਲ ਇੱਕ ਟਰੱਕ ਸੜਕ ਕੰਢੇ ਆਕੇ ਰੁਕ ਗਿਆ ਸੀ। ਕੁਝ ਅਣਪਛਾਤੇ ਵਿਅਕਤੀਆਂ ਨੇ ਬੈਟਰੀਆਂ ਦੀ ਸਹਾਇਤਾ ਨਾਲ ਹਰ ਭੁੱਗੀ ਦੀ ਪੜਤਾਲ ਕਰਨੀ ਆਰੰਭ ਦਿੱਤੀ ਸੀ। ਉਹ ਖਾਣ-ਪੀਣ ਦਾ ਸਾਮਾਨ ਦੇ ਕੇ, ਭੁੱਗੀ ਦੇ ਮੁਖੀ ਨਾਲ ਦੋ ਗੱਲਾਂ ਕਰਦੇ ਅਤੇ ਇੱਕ ਲਫਾਫਾ ਫੜਾਕੇ ਦੂਜੀ ਝੌਪੜੀ ਅੱਗੇ ਜਾ ਰੁਕਦੇ ਸਨ। ਇੱਕ ਘੰਟੇ ਵਿੱਚ ਝੁੱਗੀਆਂ ਵਾਲਿਆਂ ਦੇ ਦਿਲ ਧੜਕਣ, ਹੱਥ ਚੱਲਣ ਅਤੇ ਮੂੰਹ ਬੋਲਣ ਲੱਗ ਗਏ ਸਨ।
ਟੋਭੇ ਵਾਲੀਆਂ ਝੌਪੜੀਆਂ ਵਿੱਚ ਵੀ ਕੁਝ ਅਜਿਹਾ ਹੀ ਪ੍ਰਬੰਧ ਕਰਨ ਵਿੱਚ ਦੂਜੀ ਪਾਰਟੀ ਰੁੱਝੀ ਹੋਈ ਸੀ।
ਅੱਧੀ ਰਾਤ ਨੂੰ ਝੌਪੜੀਆਂ ਵਿਚੋਂ ਫਟੜਾਂ ਦੇ ਮੰਜੇ ਹਸਪਤਾਲ ਪੁੱਜਣੇ ਅਰੰਭ ਹੋ ਗਏ ਸਨ। ਦਿਨ ਚੜ੍ਹਦੇ ਨੂੰ ਮਰਦ ਵੋਟਰ ਪੱਟੀਆਂ ਵਿੱਚ ਜਕੜੇ ਫੱਟਾਂ ਦੇ ਦਰਦਾਂ ਨਾਲ ਕੁਰਾਹ ਰਹੇ ਸਨ ਅਤੇ ਇਸਤਰੀ ਵੋਟਰ ਉਨ੍ਹਾਂ ਦੇ ਮੂੰਹਾਂ ਵਿੱਚ ਪਾਣੀ ਪਾ ਰਹੀਆਂ ਸਨ। ਅੱਧ-ਨੰਗੇ ਬੱਚੇ ਰਾਤ ਦੀ ਲੜਾਈ ਤੋਂ ਡਰੇ ਆਪਣੀਆਂ ਮਾਵਾਂ ਦੇ ਗੋਡਿਆਂ ਨਾਲ ਸਹਿਮੇ . ਬੈਠੇ ਸਨ। ਵੋਟਾਂ ਦੇ ਏਜੰਟ ਮੁਖੀਆਂ ਦੇ ਚਿਹਰਿਆਂ ਦੀ ਪਹਿਚਾਣ ਵਿੱਚ ਰੁੱਝੇ ਹੋਏ ਸਨ।