ਪਰਮਾਤਮਾ ਸਿੰਘ ਨੂੰ ਹੈਰਾਨੀ ਸੀ ਕਿ ਉਸ ਨੂੰ ਏਡਜ਼ ਦੀ ਬਿਮਾਰੀ ਕਿਵੇਂ ਹੋ ਗਈ ਏ। ਉਸ ਨੇ ਆਪਣੀ ਸਾਰੀ ਜ਼ਿੰਦਗੀ ਪਤਨੀ-ਵਰਤ ਮਨੁੱਖ ਵਜੋਂ ਗੁਜਾਰੀ, ਕਦੀ ਖੂਨ ਵੀ ਨਹੀਂ ਚੜਾਇਆ ਅਤੇ ਨਾ ਹੀ ਕਦੀ ਨਵੀਂ ਸੂਈ ਤੋਂ ਬਿਨਾਂ ਟੀਕਾ ਹੀ ਲਗਵਾਇਆ ਸੀ।ਇੱਕ ਹੋਰ ਵੱਡੀ ਅਣਹੋਣੀ ਇਹ ਵੀ ਸੀ ਕਿ ਉਸ ਦੀ ਪਤਨੀ ਹਾਲੀ ਵੀ ਇਸ ਬਿਮਾਰੀ ਤੋਂ ਸੁਰੱਖਿਅਤ ਸੀ। ਡਾਕਟਰ ਦੀ ਰਿਪੋਰਟ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ ਸੀ ਅਤੇ ਬਿਮਾਰੀ ਨੂੰ ਸਵੀਕਾਰ ਕਰਨਾ ਅਸੰਭਵ ਨੂੰ ਸੰਭਵ ਸਮਾਨ ਸਮਝਣ ਦੇ ਬਰਾਬਰ ਸੀ। ਉਸ ਲਈ ਇਹ ਨਮੋਸ਼ੀ ਦੇ ਨਾਲ ਇੱਕ ਵੱਡਾ ਸਦਮਾ ਵੀ ਸੀ। ਉਹ ਦਾਗੀ ਜਿੰਦਗੀ ਜੀਣ ਨਾਲੋਂ ਇਸ ਦਾਗ ਨੂੰ ਸਦਾ ਲਈ ਧੋ ਦੇਣਾ ਚਾਹੁੰਦਾ ਸੀ। ਉਸ ਨੇ ਇਸ ਨਰਕ ਦੀ ਜਿੰਦਗੀ ‘ਚੋਂ ਨਿਕਲ ਕੇ ਕਿਸੇ ਨਵੀਂ ਸਵਰਗ ਦੀ ਜਿੰਦਗੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਸੀ। ਉਹ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਣਾਉਣ ਲਈ ਕਿਸੇ ਯੋਗ ਸਾਧਨ ਨੂੰ ਲੱਭ ਰਿਹਾ ਸੀ।
ਡਾਕਟਰ ਨੇ ਉਸ ਦੀ ਸੋਚ ਨਾਲ ਸਹਿਮਤੀ ਰਲਾ ਦਿੱਤੀ ਸੀ। ਉਸ ਨੇ ਮਰੀਜ ਦੀ ਇੱਕ ਉਂਗਲ ਉੱਤੇ ਕਰੀਮ ਵਰਗੀ ਦਵਾਈ ਲਾ ਦਿੱਤੀ ਸੀ, ਜਿਸ ਦੇ ਚੱਟਣ ਨਾਲ ਉਸ ਦੀ ਮਨੋਕਾਮਨਾ ਝੱਟ ਹੀ ਪੂਰੀ ਹੋ ਜਾਣ ਦਾ ਭਰੋਸਾ ਦਵਾ ਦਿੱਤਾ ਸੀ।
ਡਾਕਟਰ ਦੇ ਚਿਹਰੇ ਦੇ ਹਾਵ ਭਾਵ ਦੁਚਿੱਤੀ ਵਿੱਚ ਸਨ। ਮਰੀਜ ਦੀ ਸੋਚ ਨੇ ਅੰਤਮ ਫੈਸਲਾ ਕਰਕੇ ਦਵਾਈ ਮੂੰਹ ਅੰਦਰ ਲੰਘਾ ਲਈ ਸੀ। ਉਸ ਦੀ ਜੀਭ ਉੱਤੇ ਦਵਾਈ ਦਾ ਸੁਆਦ ਤਰ ਰਿਹਾ ਸੀ ਅਤੇ ਉਹ ਮੌਤ ਦਾ ਅਨੁਭਵ ਮਾਨਣ ਲਈ ਆਪਣੇ ਆਪ ਨੂੰ ਤਿਆਰ ਕਰ ਹੀ ਰਿਹਾ ਸੀ ਕਿ ਅਚਾਨਕ ਸੁਪਨਾ ਟੁੱਟ ਗਿਆ।
ਸੁਪਨਾ
415
previous post