ਕਾਲਜ ਦੇ ਚੱਲਦੇ ਸੈਸ਼ਨ ਦੇ ਅੱਧ ਵਿੱਚ ਇੱਕ ਕੁੜੀ ਆ ਦਾਖਲ ਹੋਈ। ਕੁੜੀ ਕੀ ਆਈ, ਕਾਲਜ ਵਿੱਚ ਇੱਕ ਧਮਾਕਾ ਪੈ ਗਿਆ। ਹਰ ਥਾਂ ਉਸ ਦੀ ਚਰਚਾ ਚਲਦੀ ਰਹਿੰਦੀ ਸੀ।ਦੋ ਚਾਰ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਕਿ ਉਹ ਇੱਕ ਉੱਚ ਸਰਕਾਰੀ ਅਫਸਰ ਦੀ ਇੱਕਲੋਤੀ ਧੀ ਸੀ ਅਤੇ ਉਸ ਦਾ ਨਾਮ ਸੰਯੋਗਤਾ ਸੀ।
ਪਹਿਲੇ ਹਫਤੇ ਹੀ ਸੰਯੋਗਤਾ ਨੇ ਬਹੁਤ ਸਾਰੇ ਮੁੰਡਿਆਂ ਨਾਲ ਜਾਣ-ਪਹਿਚਾਣ ਬਣਾ ਲਈ ਸੀ। ਉਹ ਸੋਹਣੀ ਹੋਣ ਦੇ ਨਾਲ ਨਾਲ ਬਹੁਤ ਹੀ ਹੁਸ਼ਿਆਰ ਅਤੇ ਚੁਸਤ ਚਲਾਕ ਸੀ। ਹਾਜਰ ਜਵਾਬ ਇੰਨੀ ਜਿਵੇਂ ਸਵਾਲ ਜਾਂ ਮਖੌਲ ਦਾ ਉਸ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੋਵੇ।
ਇੱਕ ਮਹੀਨੇ ਵਿੱਚ ਹੀ ਉਹ ਕਾਲਜ ਦੇ ਮੁੰਡਿਆਂ ਲਈ ਇੱਕ ਸਵਾਲ ਬਣ ਗਈ ਸੀ।ਹਰ ਮੁੰਡਾ ਉਸ ਨੂੰ ਆਪਣੇ ਨੇੜੇ ਸਮਝਦਾ ਸੀ। ਅੰਤ ਮੁੰਡਿਆਂ ਨੇ ਇੱਕ ਫੈਸਲਾ ਕੀਤਾ ਕਿ ਸੰਯੋਗਤਾ ਨੂੰ ਕਿਸੇ ਵਿਸ਼ੇਸ਼ ਹੋਟਲ ਵਿੱਚ ਖਾਣੇ ਉੱਤੇ ਸੱਦਿਆ ਜਾਵੇ। ਉਸ ਦੇ ਆਉਣ ਉੱਤੇ ਇਕ ਹਾਰ ਉਸ ਦੇ ਗਲ ਵਿੱਚ ਪਾ ਦਿੱਤਾ ਜਾਵੇ ਅਤੇ ਦੂਜਾ ਉਸਦੇ ਹੱਥ ਫੜਾਕੇ ਮੁੰਡਿਆਂ ਵੱਲ ਇਸ਼ਾਰਾ ਕੀਤਾ ਜਾਵੇ। ਜਿਸ ਦੇ ਗਲ ਵਿੱਚ ਉਹ ਹਾਰ ਪਾ ਦੇਵੇ ਗੀ, ਉਹ ਕਾਲਜ ਦਾ ਹੀਰੋ ਹੋਵੇਗਾ।
ਨੀਅਤ ਸਮੇਂ ਸਾਰੇ ਮੁੰਡੇ ਹੋਟਲ ਵਿੱਚ ਪਹੁੰਚ ਗਏ ਸਨ। ਸੰਯੋਗਤਾ ਆਪਣੀ ਕਾਰ ਵਿੱਚ ਆਈ। ਉਸ ਦੇ ਨਾਲ ਉਸ ਵਰਗਾ ਅੱਤ ਸੁੰਦਰ ਲੜਕਾ ਸੀ। ਉਸ ਦੇ ਗਲ ਵਿੱਚ ਪਹਿਲਾਂ ਹੀ ਹਾਰ ਪਾਇਆ ਹੋਇਆ ਸੀ। ਕਾਲਜ ਦੇ ਮੁੰਡੇ ਸਿਰ ਝੁਕਾਈ । ਸੰਯੋਗਤਾ ਦੇ ਨਾਲ ਆਪਣੇ ‘ਹੀਰੋ’ ਨੂੰ ਵੀ ਮਿਲ ਰਹੇ ਸਨ।
ਹੀਰੋ
467
previous post