ਕਮਲੀ ਅੰਮਾਂ-ਸਿਆਣੇ ਪੋਤੇ

by Jasmeet Kaur

“ਅੰਮਾਂ! ਚੱਲ ਵੋਟਾਂ ਪੈਂਦੀ-ਐਂ-ਚੱਲ-ਚੱਲ-ਚੱਲ ਮੈਂ ਆਖਿਆ ਅੰਮਾਂ ਨੂੰ ਲੈ ਅੰਮਾਂ-ਚੱਲਚੱਲ-ਚੱਲ ਫਲੇ `ਚ ਟਰਾਲੀ ਖੜੀ ਐ।” ਗੁਰੂ-ਬਖਸ਼ੇ ਨੇ “ਅੰਮਾਂ ਵਾਲੀ ਕੋਠੜੀ ’ਚ ਨਿਉਂਕੇ ਵੜਦਿਆਂ ਗੋਡਿਆਂ ਤੋਂ ਹੇਠਾਂ ਲਮਕਦੇ ਨਾਲੇ ਨੂੰ ਬੋਚਿਆ।
‘‘ਚੱਲ- ਚੱਲਦੀ ਐ!…ਬਿੰਦ ਕੁ ਪਹਿਲਾਂ ਅਪਣਾ ਅਪਣੇ ਰੰਜੀਤ ਸੁੰਹ ਕਾ ਛੋਟਾ ਹਰਬਖ਼ਸ਼ਾ ਵੀ ਆਇਆ ਸੀ-। ਅੰਮਾਂ ਨੇ ਐਨਕ ਬੋਚਦਿਆਂ, ਬਾਹੀ ਨਾਲ ਪਿਆ ਬੱਠਲ ਧੱਕ ਕੇ ਮੰਜੇ ਥੱਲੇ ਕਰਦਿਆਂ ਜੁੱਤੀ ਟੋਹੀ।
“ਹੈਂ-ਟੈਂ-ਟੈਂ-ਹੂੰ-ਤੂੰ-ਤੂੰ-ਹਾਂ ਅੰਮਾਂ! ਤੋਕੀ (ਐਤਕੀ) ਉਹ ਬਾਬਿਆਂ ਤੋਂ ‘ਬੇ-ਮੁੱਖ` ਹੋਏ ਫਿਰਦੇ- ਐ। ਲੈ ਦੇਖ ਅੰਮਾਂ! ਆਹ! ਐਹੋ ਜਿਹੀ ਹੋਊ ਪਰਚੀ-ਤੋਂ ਐਥੇ ਮੋਹਰ ਲਾਉਣੀ ਐਂ‘ਬੇਬੇ ਦੀ ਤੱਕੜੀ’ ’ਤੇ…।”
ਅੰਮਾਂ ਦੇ ਨਾਲ ਬਾਹਰ ਨੂੰ ਆਉਂਦਿਆਂ ਉਹਨੇ ਅੰਮਾਂ ਨੂੰ ਮੋਹਰ ਲਾਉਣ ਬਾਰੇ ‘ਸਮਝਾਉਤੀ ਦਿੱਤੀ।
“ਭਾਈ ਨਿੱਕਿਆ! ਉਹ! (ਹਰਬਖ਼ਸ਼ਾ) ਆਂਹਦਾ ਸੀ ‘ਹੱਥ’ ’ਤੇ ਲਾਈਂ ਅੰਮਾਂ। -“ਪੰਜਾ’ ਐ ਬਾਬੇ ਦਾ, ਤੂੰ ਆਹਨੇਂ ਤੱਕੜੀ ’ਤੇ ਲਾਂਮਾਂ-! ਦੇਖੇ ਨਾ ਡੱਡੇ! ਮੈਂ ਤਾਂ ਭਾਈ ਜਾਏ ਨੂੰ ਖਾਬੇ ਦੋਹਾਂ ਤੇ ਲਾ ਦੂ-ਤੂੰ ਵੀ ਪੋਤਾ- ਉਹ ਵੀ ਪੋਤਾ-!” ਅੰਮਾਂ ਦੇ ਸ਼ਬਦਾਂ ’ਚ ਮੋਹ ਭਿੱਜੀ ਭੋਲੇ-ਪਣ ਦੀ ਭਿੰਨੀ “ਮਹਿਕ ਸੀ।
ਹੈ-ਹੈ-ਹੈ- ਲੈ ਹੈ ਸਹੁਰੀ ਕਮਲੀ ਅੰਮਾਂ! ਨਾਂ-ਨਾਂ-ਨਾਂ ਦੋਹਾਂ ’ਤੇ ਨੀ ਲਾਉਣੀ। ਇਹ ‘ਆਪਣੀ-ਤੱਕੜੀ- ਤੇਰਾਂ-ਤੇਰਾਂ ਆਲੀ ਬਾਬੇ ਨਾਨਕ ਆਲੀ ਤੱਕੜੀ ਐ- ਉਹ ਤਾਂ ਐਮੇਂ ਤੇਰੇ ਕੋਲ ‘ਟਰੱਪਲ ਮਾਰ ਗਿਆ…।” ਤੇ ਹੁਣ ਮਨ ਹੀ ਮਨ `ਚ ਮਿੰਨਾਂ-ਮਿੰਨ੍ਹਾਂ ‘ਮੁਸਕਰਾਉਂਦਾ ਗੁਰੂਬਖ਼ਸ਼ਾ ਅੰਮਾਂ ਨੂੰ ਫਲ੍ਹੇ `ਚ ਖੜੀ ਟਰਾਲੀ ਵੱਲ ਲਈ ਜਾ ਰਿਹਾ ਸੀ…. ।

ਜਗਸੀਰ ‘ਮੋਹੀਂ

You may also like