ਉਹ ਦੁਰਾਹੇ ਤੇ ਖੜਾ ਸੀ..ਇਕ ਰਾਹ ਉਸਦੇ ਸੱਜੇ ਜਾਂਦਾ ਸੀ ਤੇ ਦੂਜਾ ਖੱਬੇ। ਸਾਹਮਣੇ ਦੂਰ ਬਹੁਤ ਦੂਰ ਉਹਦੀ ਮੰਜ਼ਿਲ ਸੀ। ਉਸਨੇ ਫੈਸਲਾ ਕਰਨਾ ਸੀ ਕਿ ਉਹ ਸੱਜੇ ਤੁਰੇ ਜਾਂ ਖੱਬੇ?
ਸੱਜਾ ਰਾਹ ਸਾਵਾ- ਪੱਧਰਾ ਸੀ। ਦੋਹੀਂ ਪਾਸੀਂ ਬਾਗ-ਬਗੀਚੇ ਉੱਚੀਆਂ ਤੇ ਮਨਮੋਹਨੀਆਂ ਇਮਾਰਤਾਂ, ਸੁੰਦਰ ਔਰਤਾਂ ਦੇ ਸੁੰਦਰ ਹਾਸੇ, ਫਰਰ ਫਰਰ ਉਡਦੀਆਂ ਕਾਰਾਂ, ਸ਼ਾਹ ਬੱਘੀਆਂ ਚਾਂਦੀ ਦੀ ਛਣਕਾਰ।
ਖੱਬਾ ਰਾਹ, ਉਘੜ-ਦੁਘੜਾ, ਉੱਚਾ-ਨੀਵਾਂ ਟੇਢਾ, ਟੋਏ-ਟਿੱਬੇ, ਖਾਈਆਂ-ਖੱਭੇ, ਭਿਆਨਕਖੱਡਾਂ, ਹਰ ਮੋੜ ਤੇ ਸੂ ਮੌ, ਥਾਂ ਥਾਂ ਸੂਲੀਆਂ ਤੇ ਉਨ੍ਹਾਂ ਨਾਲ ਲਮਕਦੇ ਈਸਾ ਮਨਸੂਰ ਤੇ ਭਗਤ ਸਿੰਘ।
ਉਸ ਸੋਚਿਆ ਸੱਜੇ ਰਾਹ ਹੀ ਚਲਦੇ ਹਾਂ। ਤੁਰ ਪਿਆ। ਪੈਰ ਰੱਖਣ ਤੋਂ ਪਹਿਲਾਂ ਉਸ ਨੂੰ ਦੋ ਥਾਲ ਭੇਂਟ ਕੀਤੇ ਗਏ। ਇੱਕ ਚਾਂਦੀ ਦੇ ਰੁਪਿਆਂ ਨਾਲ ਭਰਿਆ ਹੋਇਆ ਤੇ ਦੂਜਾ ਖਾਲੀ ਥਾਲ ਕਿਸ ਮਤਲਬ ਲਈ? ਉਸ ਪੁੱਛਿਆ। ਇਸ ਵਿਚ ਤੁਸੀਂ ਆਪਣੀ ਜ਼ਮੀਰ ਰੱਖ ਦਿਓ। ਜਵਾਬ ਮਿਲਿਆ।
ਜ਼ਮੀਰ? ਉਹ ਕਿਉਂ? ਹੈਰਾਨ ਹੋ ਕੇ ਫਿਰ ਪੁੱਛਿਆ, “ਅਸੀਂ ਇਸ ਨੂੰ ਕੈਦ ਰੱਖਾਂਗੇ ਤੇ ਬਦਲੇ ਵਿਚ ਤੁਹਾਨੂੰ ਆਜ਼ਾਦੀ ਖੁਸ਼ੀ ਤੇ ਜੀਵਨ ਦੇ ਸਾਰੇ ਸੁਖ ਦੇਵਾਂਗੇ। ਉੱਤਰ ਸੀ:
ਜਵਾਬ ਸੁਣ ਕੇ ਉਸ ਨੇ ਉੱਚੀਆਂ ਇਮਾਰਤਾਂ ਦੇ ਪਿੱਛੋਂ ਝਾਤੀ ਮਾਰੀ। ਕਾਰਾਂ ਵਿਚ ਉਡਦੇ ਤੇ ਬੱਘੀਆਂ ਵਿਚ ਘੁੰਮਦੇ ਸਾਰੇ ਹਸਦੇ ਲੋਕਾਂ ਦੀਆਂ ਜ਼ਮੀਰਾਂ ਕੈਦ ਕੀਤੀਆਂ ਹੋਈਆਂ ਸਨ। ਦੋਵੇ “ਥਾਲ ਵਾਪਸ ਕਰਕੇ, ਉਹ ਉਨੀਂ ਪੈਰ ਵਾਪਿਸ ਮੁੜ ਆਇਆ। ਉਸ ਨੇ ਖੱਬੇ ਰਾਹ ਦੀ ਮਿੱਟੀ ਚੁੰਮ ਕੇ ਮੱਥੇ ਨੂੰ ਲਾਈ। ਈਸਾ, ਮਨਸੂਰ ਤੇ ਭਗਤ ਸਿੰਘ ਨੇ ਮੁਸਕਰਾਉਂਦਿਆਂ ਉਸ ਨੂੰ ‘ਜੀ ਆਇਆਂ ਆਖਿਆ।
ਪ੍ਰੋ. ਅਜਮੇਰ ਸਿੰਘ ਔਲਖ