483
ਪਿਛਲੇ ਸਾਲ ਦੇਸ਼ ਵਿਚ ਬਹੁਤ ਸਰਦੀ ਪਈ ਤੇ ਕਈ ਦਿਨ ਲਗਾਤਾਰ ਧੁੰਦ ਪੈਣ ਕਰਕੇ ਸੂਰਜ ਦੇਵਤਾ ਨੇ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ ਸੀ। ਫੁੱਟ ਪਾਥਾਂ ਤੇ ਰਹਿਣ ਵਾਲੇ ਗਰੀਬ ਲੋਕ ਸਰਦੀ ਦਾ ਸ਼ਿਕਾਰ ਹੋ ਗਏ ਸਨ ਕਿੰਨੇ ਦਿਨਾਂ ਤੋਂ ਰੇਡੀਓ ਵਿਚ ਠੰਢ ਨਾਲ ਮਰਨ ਵਾਲੇ ਲੋਕਾਂ ਦੀਆਂ ਵੱਖੋ ਵੱਖਰੇ ਥਾਵਾਂ ਤੋਂ ਖਬਰਾਂ ਆ ਰਹੀਆਂ ਸਨ।
ਮੇਰੇ ਪਿੰਡ ਦਾ ਲਾਲੂ ਫਕੀਰ ਕਿੰਨੇ ਦਿਨਾਂ ਤੋਂ ਠੰਢ ਲੱਗ ਜਾਣ ਕਾਰਨ ਬਿਮਾਰ ਸੀ। ਉਹ ਦੁਨੀਆਂ ਵਿਚ ਇਕੱਲਾ ਹੀ ਸੀ। ਉਸ ਦੀ ਬਿਮਾਰੀ ਬਾਰੇ ਕਿਸੇ ਵੀ ਪਿੰਡ ਦੇ ਆਦਮੀ ਨੇ ਧਿਆਨ ਨਹੀਂ ਦਿੱਤਾ ਸੀ ਤੇ ਸਾਰੇ ਪਿੰਡ ਦੇ ਲੋਕ ਆਪਣੇ ਕੰਮ ਕਾਰਾਂ ਵਿਚ ਰੁੱਝੇ ਰਹੇ।
ਪੰਜ ਛੇ ਦਿਨ ਬਿਮਾਰ ਰਹਿਕੇ ਲਾਲੂ ਮਰ ਗਿਆ। ਉਸ ਦੀ ਮੌਤ ਦੀ ਖਬਰ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਪਿੰਡ ਦੇ ਲੋਕਾਂ ਨੇ ਕੱਫਣ ਤੇ ਲੱਕੜੀ ਦਾ ਪ੍ਰਬੰਧ ਕਰਕੇ ਉਸ ਦੀ ਲਾਸ਼ ਟਿਕਾਣੇ ਲਾ ਦਿੱਤੀ ਸੀ। ਸਾਰਿਆ ਨੇ ਕਿਹਾ, “ਲਾਲੂ ਕਿੱਡਾ ਸਾਊ ਸੀ।”
ਅਗਸਤ-1976
ਹਰਚੰਦ ਗਿੱਲ ਮਿਆਣੀ