ਇੱਕ ਵਾਰੀ ਕਿਸੇ ਬਾਦਸ਼ਾਹ ਨੂੰ ਇੱਕ ਖਿਆਲ ਆਇਆ ਕਿ ਜੇ ਉਸ ਨੂੰ ਪਹਿਲਾਂ ਹੀ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਢੁੱਕਵੇਂ ਸਮੇਂ ਦਾ ਪਤਾ ਲੱਗ ਜਾਵੇ, ਜੇ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਕਿਹੜੇ ਉਚਿਤ ਲੋਕਾਂ ਦੀ ਗੱਲ ਨੂੰ ਮੰਨੇ ਤੇ ਕਿਹੜੇ ਲੋਕਾਂ ਤੋਂ ਬਚੇ ਤੇ ਸਭ ਤੋਂ ਜ਼ਿਆਦਾ ਇਹ ਕਿ ਜੇ ਉਸ ਨੂੰ ਹਮੇਸ਼ਾਂ ਇਹ ਪਤਾ ਲੱਗ ਜਾਇਆ ਕਰੇ ਕਿ ਉਸ ਲਈ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ਤਾਂ ਉਹ ਕਦੀ ਵੀ ਕਿਸੇ ਕੰਮ ’ਚ ਅਸਫ਼ਲ ਨਹੀਂ ਹੋਵੇਗਾ।
ਇਹ ਖਿਆਲ ਆਉਂਦਿਆਂ ਹੀ ਬਾਦਸ਼ਾਹ ਨੇ ਆਪਣੇ ਰਾਜ ਵਿੱਚ ਮੁਨਾਦੀ ਕਰਵਾ ਦਿੱਤੀ ਕਿ ਉਹ ਉਸ ਆਦਮੀ ਨੂੰ ਬਹੁਤ ਵੱਡਾ ਇਨਾਮ ਦੇਵੇਗਾ ਜਿਹੜਾ ਉਸ ਨੂੰ ਇਹ ਦੱਸੇਗਾ ਕਿ ਉਸ ਲਈ ਕੰਮ ਕਰਨ ਵਾਸਤੇ ਢੁਕਵਾਂ ਸਮਾਂ ਕਿਹੜਾ ਹੈ। ਉਸ ਵਾਸਤੇ ਕਿਹੜੇ ਮਹੱਤਵਪੂਰਨ ਲੋਕ ਹਨ ਤੇ ਸਭ ਤੋਂ ਮਹੱਤਵਪੂਰਨ ਕੰਮ ਉਸ ਲਈ ਕਿਹੜਾ ਹੈ। ਬਹੁਤ ਸਾਰੇ ਵਿਦਵਾਨ ਲੋਕ ਰਾਜੇ ਕੋਲ ਆਏ ਪਰ ਸਭ ਨੇ ਉਸ ਦੇ ਪ੍ਰਸ਼ਨਾਂ ਦੇ ਵੱਖ-ਵੱਖ ਜੁਆਬ ਦਿੱਤੇ।
ਸਭ ਪ੍ਰਸ਼ਨਾਂ ਦੇ ਜੁਆਬ ਕਿਉਂਕਿ ਇੱਕ ਦੂਜੇ ਤੋਂ ਅਲੱਗ ਸਨ ਇਸ ਲਈ ਬਾਦਸ਼ਾਹ ਕਿਸੇ ਨਾਲ ਵੀ ਸਹਿਮਤ ਨਾ ਹੋਇਆ ਤੇ ਕਿਸੇ ਨੂੰ ਵੀ ਕੋਈ ਇਨਾਮ ਨਾ ਦਿੱਤਾ। ਹਾਲੇ ਵੀ ਆਪਣੇ ਪ੍ਰਸ਼ਨਾਂ ਦੇ ਠੀਕ ਉੱਤਰਾਂ ਦੀ ਤਲਾਸ਼ ਦਿਲ ’ਚ ਰੱਖ ਕੇ ਬਾਦਸ਼ਾਹ ਨੇ ਇੱਕ ਮਹਾਤਮਾ ਕੋਲੋਂ ਸਲਾਹ ਲੈਣ ਦਾ ਫ਼ੈਸਲਾ ਕੀਤਾ ਜੋ ਕਿ ਆਪਣੀ ਸਿਆਣਪ ਲਈ ਦੂਰ-ਦੂਰ ਤਕ ਮਸ਼ਹੂਰ ਸੀ।
ਮਹਾਤਮਾ ਜੰਗਲ ਵਿੱਚ ਰਹਿੰਦਾ ਸੀ ਤੇ ਜੰਗਲ ’ਚੋਂ ਕਿਤੇ ਨਹੀਂ ਸੀ ਜਾਂਦਾ ਅਤੇ ਸਿਰਫ਼ ਆਮ ਲੋਕਾਂ ਤੋਂ ਬਿਨਾਂ ਉਹ ਕਿਸੇ ਨੂੰ ਨਹੀਂ ਮਿਲਦਾ ਸੀ। ਇਸ ਕਰਕੇ ਬਾਦਸ਼ਾਹ ਨੇ ਸਾਧਾਰਨ ਜਿਹੇ ਕੱਪੜੇ ਪਾਏ ਤੇ ਮਹਾਤਮਾ ਦੀ ਝੌਂਪੜੀ ’ਚ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਘੋੜੇ ਤੋਂ ਹੇਠਾਂ ਉਤਰਿਆ ਅਤੇ ਆਪਣੇ ਅੰਗ-ਰੱਖਿਅਕ ਨੂੰ ਪਿੱਛੇ ਛੱਡ ਕੇ, ਇਕੱਲਾ ਹੀ ਝੌਂਪੜੀ ਵੱਲ ਚੱਲ ਪਿਆ। ਜਦੋਂ ਬਾਦਸ਼ਾਹ ਨੇੜੇ ਆਇਆ ਤਾਂ ਮਹਾਤਮਾ ਆਪਣੀ ਝੌਂਪੜੀ ਦੇ ਸਾਹਮਣੇ ਜ਼ਮੀਨ ਪੁੱਟ ਰਿਹਾ ਸੀ। ਬਾਦਸ਼ਾਹ ਨੂੰ ਵੇਖ ਕੇ ਉਸ ਨੇ ਉਸ ਦਾ ਸਵਾਗਤ ਕੀਤਾ ਤੇ ਜ਼ਮੀਨ ਪੁੱਟਦਾ ਰਿਹਾ। ਮਹਾਤਮਾ ਸਿਹਤ ਪੱਖੋਂ ਨਿਰਬਲ ਤੇ ਕਮਜ਼ੋਰ ਜਿਹਾ ਸੀ ਅਤੇ ਹਰ ਵਾਰੀ ਜਦੋਂ ਉਹ ਜ਼ਮੀਨ ’ਚ ਆਪਣੀ ਕਹੀ ਮਾਰਦਾ ਤਾਂ ਥੋੜ੍ਹੀ ਜਿਹੀ ਮਿੱਟੀ ਉਪਰ ਆਉਂਦੀ ਤਾਂ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ।
ਬਾਦਸ਼ਾਹ ਉਸ ਕੋਲ ਆਇਆ ਤੇ ਕਿਹਾ, ‘‘ਮਹਾਂਪੁਰਖੋ, ਮੈਂ ਤੁਹਾਡੇ ਕੋਲ ਤਿੰਨ ਪ੍ਰਸ਼ਨਾਂ ਦੇ ਉੱਤਰ ਪੁੱਛਣ ਆਇਆ ਹਾਂ। ਮੈਨੂੰ ਦੱਸੋ ਕਿ ਮੈਂ ਠੀਕ ਸਮੇਂ ’ਤੇ ਠੀਕ ਕੰਮ ਕਿਵੇਂ ਕਰਾਂ? ਕਿਹੜੇ ਲੋਕ ਹਨ, ਜਿਨ੍ਹਾਂ ਦੀ ਮੈਨੂੰ ਜ਼ਿਆਦਾ ਜ਼ਰੂਰਤ ਹੈ ਤੇ ਕਿਹੜੇ ਲੋਕਾਂ ਵੱਲ ਮੈਂ ਦੂਜਿਆਂ ਨਾਲੋਂ ਜ਼ਿਆਦਾ ਧਿਆਨ ਦੇਵਾਂ। ਕਿਹੜੇ ਕੰਮ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਤੇ ਪਹਿਲ ਦੇ ਆਧਾਰ ’ਤੇ ਕਰਨੇ ਚਾਹੀਦੇ ਹਨ।’’
ਮਹਾਤਮਾ ਨੇ ਬਾਦਸ਼ਾਹ ਦੀ ਗੱਲ ਸੁਣੀ ਪਰ ਕੋਈ ਜੁਆਬ ਨਾ ਦਿੱਤਾ। ਉਸ ਨੇ ਸਿਰਫ਼ ਆਪਣੇ ਹੱਥ ’ਤੇ ਥੁੱਕਿਆ ਅਤੇ ਫੇਰ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਬਾਦਸ਼ਾਹ ਬੋਲਿਆ, ‘‘ਤੁਸੀਂ ਥੱਕ ਗਏ ਹੋ, ਲਿਆਓ ਇਹ ਕਹੀ ਮੈਨੂੰ ਦੇ ਦਿਓ ਤਾਂ ਕਿ ਕੁਝ ਚਿਰ ਮੈਂ ਤੁਹਾਡੇ ਲਈ ਕੰਮ ਕਰਾਂ।’’
ਮਹਾਤਮਾ ਨੇ ਰਾਜੇ ਨੂੰ ਕਹੀ ਫੜਾਉਂਦਿਆਂ ਹੋਇਆਂ ਕਿਹਾ, ‘‘ਧੰਨਵਾਦ’’ ਅਤੇ ਆਪ ਜ਼ਮੀਨ ’ਤੇ ਬੈਠ ਗਿਆ।
ਜਦੋਂ ਉਸ ਨੇ ਦੋ ਕਿਆਰੀਆਂ ਪੁੱਟ ਲਈਆਂ ਤਾਂ ਬਾਦਸ਼ਾਹ ਕੰਮ ਕਰਨੋਂ ਰੁਕ ਗਿਆ ਤੇ ਆਪਣੇ ਪ੍ਰਸ਼ਨ ਦੁਹਰਾਉਣ ਲੱਗਾ। ਮਹਾਤਮਾ ਨੇ ਫਿਰ ਕੋਈ ਜੁਆਬ ਨਾ ਦਿੱਤਾ ਪਰ ਖੜ੍ਹਾ ਹੋ ਕੇ ਆਪਣਾ ਹੱਥ ਕਹੀ ਲੈਣ ਲਈ ਅੱਗੇ ਵਧਾਇਆ ਤੇ ਕਿਹਾ, ‘‘ਹੁਣ ਤੁਸੀਂ ਕੁਝ ਚਿਰ ਆਰਾਮ ਕਰੋ ਅਤੇ ਥੋੜ੍ਹਾ ਕੰਮ ਮੈਨੂੰ ਕਰ ਲੈਣ ਦਿਓ।’’
ਬਾਦਸ਼ਾਹ ਨੇ ਆਪਣੀ ਕਹੀ ਮਹਾਤਮਾ ਨੂੰ ਨਾ ਦਿੱਤੀ ਤੇ ਜ਼ਮੀਨ ਪੁੱਟਣੀ ਜਾਰੀ ਰੱਖੀ। ਇੱਕ ਘੰਟਾ ਬੀਤ ਗਿਆ ਅਤੇ ਫੇਰ ਦੂਜਾ ਵੀ। ਸੂਰਜ ਦਰੱਖਤਾਂ ਦੇ ਪਿੱਛੇ ਅਸਤ ਹੋਣਾ ਸ਼ੁਰੂ ਹੋ ਗਿਆ ਅਤੇ ਅਖੀਰ ’ਚ ਬਾਦਸ਼ਾਹ ਨੇ ਜ਼ਮੀਨ ’ਤੇ ਕਹੀ ਮਾਰੀ ਤੇ ਕਿਹਾ, ‘‘ਮਹਾਂਪੁਰਖੋ, ਮੈਂ ਤੁਹਾਡੇ ਕੋਲ ਆਪਣੇ ਪ੍ਰਸ਼ਨਾਂ ਦੇ ਜੁਆਬ ਲੈਣ ਲਈ ਆਇਆ ਹਾਂ। ਜੇ ਤੁਸੀਂ ਕਿਸੇ ਦਾ ਵੀ ਜੁਆਬ ਦੇਣੋਂ ਅਸਮਰਥ ਹੋ ਤਾਂ ਮੈਨੂੰ ਦੱਸ ਦਿਓ ਅਤੇ ਆਪਣੇ ਘਰ ਵਾਪਸ ਜਾਵਾਂ।’’
ਮਹਾਤਮਾ ਬੋਲਿਆ, ‘‘ਔਹ ਦੇਖੋ ਕੋਈ ਭੱਜਿਆ ਆ ਰਿਹੈ, ਚਲੋ ਦੇਖੀਏ ਕੌਣ ਹੈ।’’
ਬਾਦਸ਼ਾਹ ਪਿੱਛੇ ਮੁੜਿਆ ਤੇ ਇੱਕ ਦਾੜ੍ਹੀ ਵਾਲੇ ਆਦਮੀ ਨੂੰ ਜੰਗਲ ਵਿੱਚੋਂ ਬਾਹਰ ਭੱਜਦਿਆਂ ਦੇਖਿਆ। ਆਦਮੀ ਨੇ ਆਪਣੇ ਦੋਵੇਂ ਹੱਥ, ਆਪਣੇ ਪੇਟ ’ਤੇ ਕੱਸ ਕੇ ਰੱਖੇ ਹੋਏ ਸਨ ਅਤੇ ਉਨ੍ਹਾਂ ਦੇ ਥੱਲਿਓਂ ਲਹੂ ਵਗ ਰਿਹਾ ਸੀ। ਜਦੋਂ ਉਹ ਬਾਦਸ਼ਾਹ ਕੋਲ ਪਹੁੰਚਿਆ ਤਾਂ ਉਹ ਬੇਹੋਸ਼ ਜਿਹਾ ਹੋ ਕੇ ਹੌਲੀ ਜਿਹੀ ਆਵਾਜ਼ ’ਚ ਕੁਝ ਬੋਲਦਾ ਹੋਇਆ ਜ਼ਮੀਨ ’ਤੇ ਡਿੱਗ ਪਿਆ। ਬਾਦਸ਼ਾਹ ਤੇ ਮਹਾਤਮਾ ਨੇ ਉਸ ਆਦਮੀ ਦੇ ਕੱਪੜੇ ਢਿੱਲੇ ਕੀਤੇ। ਉਸ ਦੇ ਪੇਟ ਵਿੱਚ ਵੱਡਾ ਸਾਰਾ ਜ਼ਖ਼ਮ ਸੀ। ਬਾਦਸ਼ਾਹ ਨੇ, ਜਿੰਨੀ ਚੰਗੀ ਤਰ੍ਹਾਂ ਹੋ ਸਕਦਾ ਸੀ ਉਸ ਜ਼ਖ਼ਮ ਨੂੰ ਧੋਤਾ ਅਤੇ ਆਪਣੇ ਰੁਮਾਲ ਤੇ ਮਹਾਤਮਾ ਦੇ ਤੋਲੀਏ ਨਾਲ ਉਸ ’ਤੇ ਪੱਟੀ ਕਰ ਦਿੱਤੀ ਪਰ ਲਹੂ ਵਗਣੋਂ ਹਟ ਨਹੀਂ ਸੀ ਰਿਹਾ ਅਤੇ ਬਾਦਸ਼ਾਹ ਘੜੀ-ਘੜੀ ਗਰਮ ਲਹੂ ਨਾਲ ਲਿੱਬੜੀ ਹੋਈ ਪੱਟੀ ਉਤਾਰਦਾ ਤੇ ਜ਼ਖ਼ਮ ਧੋਂਦਾ ਅਤੇ ਫੇਰ ਦੁਬਾਰਾ ਜ਼ਖ਼ਮ ’ਤੇ ਪੱਟੀ ਕਰਦਾ। ਜਦੋਂ ਜ਼ਖ਼ਮ ’ਚੋਂ ਲਹੂ ਵਗਣਾ ਬੰਦ ਹੋ ਗਿਆ, ਆਦਮੀ ਨੂੰ ਹੋਸ਼ ਆਈ ਤਾਂ ਉਸ ਨੇ ਕੁਝ ਪੀਣ ਲਈ ਮੰਗਿਆ। ਬਾਦਸ਼ਾਹ ਨੇ ਤਾਜ਼ਾ ਪਾਣੀ ਲਿਆਂਦਾ ਤੇ ਉਸ ਨੂੰ ਦਿੱਤਾ। ਇਸ ਸਮੇਂ ਦੌਰਾਨ ਸੂਰਜ ਅਸਤ ਹੋ ਚੁੱਕਾ ਸੀ ਤੇ ਵਾਤਾਵਰਣ ਠੰਢਾ ਹੋ ਗਿਆ ਸੀ। ਇਸ ਲਈ ਬਾਦਸ਼ਾਹ ਨੇ ਮਹਾਤਮਾ ਦੀ ਮਦਦ ਨਾਲ ਜ਼ਖ਼ਮੀ ਆਦਮੀ ਨੂੰ ਝੌਂਪੜੀ ਵਿੱਚ ਪਹੁੰਚਾਇਆ ਤੇ ਬਿਸਤਰੇ ’ਤੇ ਲਿਟਾ ਦਿੱਤਾ। ਬਿਸਤਰੇ ’ਤੇ ਲੇਟਦਿਆਂ ਹੀ ਆਦਮੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਚੁੱਪ ਹੋ ਗਿਆ। ਬਾਦਸ਼ਾਹ ਪੈਦਲ ਤੁਰਨ ਅਤੇ ਕੰਮ ਕਰਨ ਕਰਕੇ ਇੰਨਾ ਥੱਕ ਚੁੱਕਾ ਸੀ ਕਿ ਉਹ ਝੌਂਪੜੀ ਦੀਆਂ ਦਹਿਲੀਜ਼ਾਂ ’ਤੇ ਹੀ ਝੁਕ ਗਿਆ ਅਤੇ ਸੌਂ ਵੀ ਗਿਆ। ਉਸ ਨੂੰ ਗਰਮੀਆਂ ਦੀ ਇਸ ਛੋਟੀ ਜਿਹੀ ਰਾਤ ਨੂੰ ਬਹੁਤ ਵਧੀਆ ਨੀਂਦ ਆਈ। ਜਦੋਂ ਸਵੇਰੇ, ਉਸ ਨੂੰ ਜਾਗ ਆਈ, ਉਸ ਨੂੰ ਬੜੀ ਦੇਰ ਬਾਅਦ ਚੇਤਾ ਆਇਆ ਕਿ ਉਹ ਕਿੱਥੇ ਸੀ ਜਾਂ ਅਜੀਬ ਜਿਹੀ ਦਾੜ੍ਹੀ ਵਾਲਾ ਆਦਮੀ ਬਿਸਤਰੇ ’ਚ ਲੇਟਿਆ ਸੀ, ਉਹ ਕੌਣ ਸੀ ਅਤੇ ਬੜੇ ਧਿਆਨ ਨਾਲ ਆਪਣੀ ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖ ਰਿਹਾ ਸੀ। ‘‘ਮੈਨੂੰ ਮਾਫ਼ ਕਰ ਦਿਓ’’, ਦਾੜ੍ਹੀ ਵਾਲੇ ਆਦਮੀ ਨੇ ਕਮਜ਼ੋਰ ਜਿਹੀ ਆਵਾਜ਼ ’ਚ ਕਿਹਾ, ਜਦੋਂ ਉਸ ਨੇ ਦੇਖਿਆ ਕਿ ਬਾਦਸ਼ਾਹ ਜਾਗ ਰਿਹਾ ਸੀ ਤੇ ਉਸ ਵੱਲ ਹੀ ਦੇਖ ਰਿਹਾ ਸੀ।
‘‘ਮੈਂ ਤੈਨੂੰ ਨਹੀਂ ਜਾਣਦਾ ਤੇ ਤੂੰ ਕੋਈ ਗ਼ਲਤੀ ਨਹੀਂ ਕੀਤੀ, ਜਿਸ ਲਈ ਮੈਂ ਤੈਨੂੰ ਮੁਆਫ਼ੀ ਦੇਵਾਂ’’, ਬਾਦਸ਼ਾਹ ਨੇ ਕਿਹਾ।
‘‘ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ ਹਾਂ। ਮੈਂ ਤੁਹਾਡਾ ਉਹ ਦੁਸ਼ਮਣ ਹਾਂ, ਜਿਸ ਨੇ ਤੁਹਾਡੇ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਸੀ, ਕਿਉਂਕਿ ਤੁਸੀਂ ਮੇਰੇ ਭਰਾ ਨੂੰ ਮਾਰ ਦਿੱਤਾ ਸੀ ਤੇ ਉਹਦੀ ਸਾਰੀ ਜਾਇਦਾਦ ਆਪਣੇ ਕਬਜ਼ੇ ’ਚ ਕਰ ਲਈ ਸੀ। ਮੈਨੂੰ ਪਤਾ ਸੀ ਕਿ ਤੁਸੀਂ ਮਹਾਤਮਾ ਨੂੰ ਮਿਲਣ ਇਕੱਲੇ ਹੀ ਗਏ ਹੋ ਤੇ ਮੈਂ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਵਾਪਸ ਆਉਂਦੇ ਸਮੇਂ ਤੁਹਾਨੂੰ ਰਸਤੇ ’ਚ ਹੀ ਮਾਰ ਮੁਕਾਉਣਾ ਹੈ ਪਰ ਦਿਨ ਬੀਤ ਗਿਆ ਤੇ ਤੁਸੀਂ ਵਾਪਸ ਨਹੀਂ ਆਏ। ਇਸ ਲਈ ਮੈਂ ਤੁਹਾਨੂੰ ਲੱਭਣ ਲਈ ਆਪਣੀ ਘਾਤ ਲਗਾਉਣ ਵਾਲੀ ਥਾਂ ਤੋਂ ਬਾਹਰ ਆਇਆ ਅਤੇ ਤੁਹਾਡੇ ਅੰਗ ਰੱਖਿਅਕਾਂ ਕੋਲ ਪਹੁੰਚਿਆ ਅਤੇ ਉਨ੍ਹਾਂ ਨੇ ਮੈਨੂੰ ਪਛਾਣ ਲਿਆ ਤੇ ਮੈਨੂੰ ਜ਼ਖ਼ਮੀ ਕਰ ਦਿੱਤਾ। ਮੈਂ ਉਨ੍ਹਾਂ ਕੋਲੋਂ ਬਚ ਗਿਆ। ਮੈਂ ਤਾਂ ਤੁਹਾਨੂੰ ਮਾਰਨਾ ਚਾਹੁੰਦਾ ਸੀ ਪਰ ਤੁਸੀਂ ਮੇਰਾ ਜੀਵਨ ਬਚਾਇਆ ਹੁਣ ਜੇ ਮੈਂ ਜ਼ਿੰਦਾ ਰਿਹਾ ਤੇ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਭ ਤੋਂ ਜ਼ਿਆਦਾ ਵਫ਼ਾਦਾਰ ਗੁਲਾਮ ਰਹਾਂਗਾ ਅਤੇ ਆਪਣੇ ਪੁੱਤਰਾਂ ਨੂੰ ਵੀ ਤੁਹਾਡੇ ਗੁਲਾਮ ਬਣਾਵਾਂਗਾ। ਮੈਨੂੰ ਮੁਆਫ਼ ਕਰ ਦਿਓ।’’
ਬਾਦਸ਼ਾਹ ਨੂੰ ਆਪਣੇ ਦੁਸ਼ਮਣ ਨਾਲ ਏਨੀ ਸੌਖੀ ਤਰ੍ਹਾਂ ਸੁਲ੍ਹਾ ਕਰਕੇ ਅਤੇ ਇੱਕ ਹੋਰ ਮਿੱਤਰ ’ਚ ਵਾਧਾ ਕਰਕੇ ਬੜੀ ਖੁਸ਼ੀ ਹੋਈ ਤੇ ਉਸ ਨੇ ਸਿਰਫ਼ ਮੁਆਫ਼ ਹੀ ਨਹੀਂ ਕੀਤਾ ਬਲਕਿ ਉਸ ਨੂੰ ਕਿਹਾ ਕਿ ਉਹ ਆਪਣੇ ਨੌਕਰ ਤੇ ਹਕੀਮ ਉਸ ਦਾ ਧਿਆਨ ਰੱਖਣ ਲਈ ਭੇਜੇਗਾ ਤੇ ਵਾਅਦਾ ਕੀਤਾ ਕਿ ਉਸ ਦੀ ਸਾਰੀ ਜਾਇਦਾਦ ਵਾਪਸ ਮੋੜ ਦੇਵੇਗਾ।
ਜ਼ਖ਼ਮੀ ਆਦਮੀ ਤੋਂ ਵਿਹਲਾ ਹੋ ਕੇ, ਬਾਦਸ਼ਾਹ ਦਰਵਾਜ਼ੇ ’ਚ ਗਿਆ ਤੇ ਮਹਾਤਮਾ ਨੂੰ ਲੱਭਣ ਲੱਗਾ। ਵਾਪਸ ਜਾਣ ਤੋਂ ਪਹਿਲਾਂ, ਉਹ ਇੱਕ ਵਾਰੀ ਹੋਰ ਆਪਣੇ ਪ੍ਰਸ਼ਨਾਂ ਦੇ ਜੁਆਬ ਪੁੱਛਣਾ ਚਾਹੁੰਦਾ ਸੀ। ਮਹਾਤਮਾ ਬਾਹਰ, ਗੋਡਿਆਂ ਭਾਰ ਹੋ ਕੇ ਉਨ੍ਹਾਂ ਕਿਆਰੀਆਂ ਵਿੱਚ ਬੀਜ ਬੋ ਰਿਹਾ ਸੀ ਜਿਹੜੀਆਂ ਕਿ ਉਸ ਨੇ ਇੱਕ ਦਿਨ ਪਹਿਲਾਂ ਪੁੱਟੀਆਂ ਸਨ।
ਬਾਦਸ਼ਾਹ ਉਸ ਕੋਲ ਆਇਆ ਤੇ ਕਹਿਣ ਲੱਗਾ,‘‘ਮਹਾਂਪੁਰਖੋ, ਅਖੀਰਲੀ ਵਾਰੀ ਮੈਂ ਆਪਣੇ ਪ੍ਰਸ਼ਨਾਂ ਦੇ ਜੁਆਬਾਂ ਲਈ ਆਪ ਨੂੰ ਬੇਨਤੀ ਕਰਦਾ ਹਾਂ।
‘‘ਤੁਹਾਨੂੰ ਤਾਂ ਤੁਹਾਡੇ ਪ੍ਰਸ਼ਨਾਂ ਦੇ ਜੁਆਬ ਪਹਿਲਾਂ ਹੀ ਮਿਲ ਗਏ ਹਨ’’, ਮਹਾਤਮਾ ਨੇ ਹਾਲੇ ਵੀ ਆਪਣੀਆਂ ਪਤਲੀਆਂ ਲੱਤਾਂ ’ਤੇ ਝੁਕਦੇ ਹੋਏ ਤੇ ਬਾਦਸ਼ਾਹ ਵੱਲ ਦੇਖਦਿਆਂ ਕਿਹਾ।
‘‘ਕਿਵੇਂ ਜੁਆਬ ਮਿਲ ਗਏ? ਤੁਹਾਡਾ ਕੀ ਮਤਲਬ ਹੈ।’’ ਬਾਦਸ਼ਾਹ ਨੇ ਪੁੱਛਿਆ।
ਮਹਾਤਮਾ ਨੇ ਕਿਹਾ, ‘‘ਕੀ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਜੇ ਤੁਸੀਂ ਮੇਰੀ ਕਮਜ਼ੋਰੀ ’ਤੇ ਤਰਸ ਨਾ ਕਰਦੇ ਅਤੇ ਮੇਰੇ ਲਈ ਕਿਆਰੀਆਂ ਨਾ ਪੁੱਟਦੇ ਅਤੇ ਵਾਪਸ ਆਪਣੇ ਰਸਤੇ ਚਲੇ ਜਾਂਦੇ ਤਾਂ ਉਹ ਆਦਮੀ ਤੁਹਾਡੇ ’ਤੇ ਹਮਲਾ ਕਰ ਦਿੰਦਾ ਤੇ ਤੁਹਾਨੂੰ ਮੇਰੇ ਕੋਲ ਨਾ ਠਹਿਰਨ ਦਾ ਪਛਤਾਵਾ ਹੁੰਦਾ। ਇਸ ਲਈ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਕਿਆਰੀਆਂ ਪੁੱਟ ਰਹੇ ਸੀ ਅਤੇ ਮੈਂ ਤੁਹਾਡੇ ਲਈ ਮਹੱਤਵਪੂਰਨ ਆਦਮੀ ਸਾਂ ਅਤੇ ਮੇਰੇ ਵਾਸਤੇ ਚੰਗਾ ਕੰਮ ਕਰਨਾ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ। ਉਸ ਤੋਂ ਬਾਅਦ ਜਦੋਂ ਉਹ ਆਦਮੀ ਦੌੜਦਾ ਹੋਇਆ ਸਾਡੇ ਵੱਲ ਆਇਆ ਸਭ ਤੋਂ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਉਸ ਦੀ ਮਰਹੱਮ ਪੱਟੀ ਕਰ ਰਹੇ ਸੀ ਕਿਉਂਕਿ ਜੇ ਤੁਸੀਂ ਉਸ ਦੇ ਜ਼ਖ਼ਮਾਂ ’ਤੇ ਪੱਟੀ ਨਾ ਕਰਦੇ ਤਾਂ ਉਸ ਨੇ ਤੁਹਾਡੇ ਨਾਲ ਸੁਲ੍ਹਾ ਕੀਤੇ ਬਿਨਾਂ ਹੀ ਮਰ ਜਾਣਾ ਸੀ। ਇਸ ਕਰਕੇ ਉਹ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਆਦਮੀ ਸੀ ਅਤੇ ਜੋ ਕੁਝ ਤੁਸੀਂ ਉਸ ਲਈ ਕੀਤਾ, ਉਹ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ। ਇਸ ਲਈ ਯਾਦ ਰੱਖੋ, ਸਿਰਫ਼ ਇਕੋ ਸਮਾਂ ਹੈ ਜਿਹੜਾ ਮਹੱਤਵਪੂਰਨ ਹੈ, ਉਹ ਹੈ ਹੁਣ ਦਾ ਸਮਾਂ। ਇਹ ਹੁਣ ਸਭ ਤੋਂ ਮਹੱਤਵਪੂਰਨ ਸਮਾਂ ਹੈ ਕਿਉਂਕਿ ਹੁਣ ਹੀ ਉਹ ਸਮਾਂ ਹੈ ਜਦੋਂ ਸਾਡੇ ਕੋਲ ਕੋਈ ਤਾਕਤ ਹੈ। ਸਭ ਤੋਂ ਜ਼ਰੂਰੀ ਆਦਮੀ ਸਾਡੇ ਲਈ ਉਹ ਹੈ, ਜੋ ਸਾਡੇ ਨਾਲ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਸ ਨੂੰ ਕਦੀ ਹੋਰ ਕਿਸੇ ਨਾਲ ਵੀ ਕੋਈ ਕੰਮ ਪੈ ਸਕੇਗਾ ਅਤੇ ਸਭ ਤੋਂ ਮਹੱਤਵਪੂਰਨ ਕੰਮ ਹੈ- ਉਸ ਨਾਲ ਚੰਗਿਆਈ ਕਰਨਾ ਕਿਉਂਕਿ ਇਸ ਦੁਨੀਆਂ ’ਚ ਸਿਰਫ਼ ਇਸ ਮੰਤਵ ਲਈ ਹੀ ਆਦਮੀ ਨੂੰ ਭੇਜਿਆ ਗਿਆ ਹੈ।’’
ਪੰਜਾਬੀ ਰੂਪ: ਬਲਰਾਜ ‘ਧਾਰੀਵਾਲ’