ਐਤਵਾਰ ਉਸਦੇ ਲਈ ਇੱਕ ਨਵਾਂ ਹੀ ਦਿਨ ਹੁੰਦਾ ਸੀ। ਆਪਣੇ ਪਿਤਾ ਦਾ ਸਕੂਟਰ ਬਾਹਰ ਗਲੀ ਵਿੱਚ ਕੱਢ ਕੇ ਧੋਣਾ, ਸਰਫ਼ ਲਾ ਲਾ ਕੇ ਮਲ-ਮਲ ਕੇ ਚਮਕਾਉਣਾ। ਸਕੂਟਰ ਸੁਕਾਉਣਾ। ਬੜੇ ਚਾਅ ਨਾਲ ਉਸਨੂੰ ਸਾਂਭਣਾ। ਆਪਣੇ ਪਿਤਾ ਦੇ ਸਕੂਟਰ ਦੀ ਖ਼ਿਦਮਤ ਉਸਦੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੁੰਦੀ ਸੀ। ਸਕੂਟਰ ਦੇ ਮੈਟ ਉੱਤੇ ਡੁੱਲ੍ਹੀ ਕੁਲਫ਼ੀ ਤੋਂ ਹੀ ਉਸਨੇ ਅੰਦਾਜ਼ਾ ਲਾ ਲੈਣਾ
ਅੱਜ ਸ਼ਹਿਰ ਕੁਲਫ਼ੀ ਖਾਧੀ ਸੀ ਨਾ?
ਕਈ ਵਾਰੀ ਮੱਕੀ ਦੇ ਜਾਂ ਮੂੰਗਫਲੀ ਦੇ ਇੱਕਾ ਦੁੱਕਾ ਦਾਣੇ ਡਿੱਗੇ ਹੋਣੇ ਤਾਂ ਉਸਨੇ ਫ਼ਿਰ ਆਪਣੇ ਪਿਤਾ ਨੂੰ ਮਜ਼ਾਕ ਕਰਨਾ। ਅੱਜ ਲੱਗਦਾ ਹੈ ਕਿਸੇ ਰੇਹੜੀ ਵਾਲੇ ਕੋਲੋਂ ਦਾਣੇ ਚੱਬੇ ਨੇ।
ਉਹ ਸਕੂਟਰ ਜਿਵੇਂ ਉਸਦੇ ਲਈ ਕਿਸੇ ਰਾਜੇ ਦੇ ਰੱਥ ਵਾਂਗ ਸੀ। ਇੱਕ ਦੁਪਿਹਰ ਚੋਰੀ-ਚੋਰੀ ਸਕੂਟਰ ਸਟਾਰਟ ਕਰਕੇ ਬਾਹਰ ਝੂਟਾ ਲੈਣ ਗਿਆ ਤਾਂ ਕੰਧ ਚ ਜਾ ਮਾਰਿਆ। ਨਿੱਕਾ ਮੋਟਾ ਨੁਕਸਾਨ ਹੋਇਆ, ਸਾਰਾ ਦਿਨ ਅੰਦਰੋਂ ਅੰਦਰੀਂ ਬੁਸ-ਬੁਸ ਕਰਦਾ ਰਿਹਾ ਕਿ ਆਪਣੇ ਪਿਤਾ ਦਾ ਸਕੂਟਰ ਭੰਨ ਦਿੱਤਾ। ਜਿਸਨੂੰ ਉਹ ਆਪ ਸੁਆਰਦਾ ਸਾਫ਼ ਰੱਖਦਾ ਹੁੰਦਾ ਸੀ।
ਇੱਕ ਦਿਨ ਅਚਾਨਕ ਪਿਤਾ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵਸਿਆ। ਇੱਕ ਸਾਲ ਬੀਤ ਗਿਆ। ਸਕੂਟਰ ਨੂੰ ਕਿਸੇ ਨੇ ਹੱਥ ਨਾ ਲਾਇਆ। ਬੱਸ ਇਕ ਵਾਰੀ ਧੋ ਕੇ, ਸੁਕਾ ਕੇ ਢਕ ਦਿੱਤਾ। ਸ਼ਾਇਦ ਕੋਈ ਚਲਾਵੇ, ਸ਼ਾਇਦ ਕੋਈ ਆਵਾਜ਼ ਮਾਰੇ
“ਕਾਕੇ, ਬਾਹਰ ਕੱਢ ਕੇ ਸਟਾਰਟ ਕਰਦੇ ਇਹਨੂੰ, ਮੈਂ ਸ਼ਹਿਰ ਜਾਣਾ ਏ।”
ਕੰਨ ਤਰਸ ਗਏ ਸਨ ਹੁਣ ਉਸ ਆਵਾਜ਼ ਨੂੰ। ਮੈਟ ਬਿਲਕੁਲ ਸਾਫ਼ ਸੀ। ਦਿਲ ਓਦਰਿਆ ਫਿਰੇ। ਕਾਸ਼ ਕੋਈ ਮੱਕੀ ਜਾਂ ਮੂੰਗਫ਼ਲੀ ਦਾ ਦਾਣਾ ਹੀ ਨਜ਼ਰ ਆ ਜਾਵੇ ਉਸ ਉੱਤੇ। ਲੱਗੇ ਤਾਂ ਸਹੀ ਕੋਈ ਬੈਠਾ ਸੀ ਇਸ ਉੱਪਰ, ਸ਼ਹਿਰ ਜਾ ਕੇ ਆਇਆ ਹੈ।
ਗਏ ਕਦੀ ਵਾਪਿਸ ਨਹੀਂ ਆਉਂਦੇ। ਸਕੂਟਰ ਦੇ ਹੈਂਡਲ ਛੋਹ ਕੇ ਦੇਖਣੇ ਜਿੱਥੇ ਉਸਦੇ ਬਾਪ ਦੇ ਹੱਥ ਲੱਗੇ ਹੋਏ ਸਨ। ਅਗਲੇ ਪਾਸੇ ਟੋਕਰੀ ਵਿੱਚ ਪੁਰਾਣੀ ਐਨਕ ਸੰਭਾਲ ਕੇ ਰੱਖੀ ਹੋਈ ਸੀ। ਪਤਾ ਨਹੀਂ ਕਦੋਂ ਦੀ ਓਥੇ ਲੁਕੀ ਹੋਈ ਸੀ।
ਸਮਾਂ ਲੰਘ ਰਿਹਾ ਸੀ, ਸਕੂਟਰ ਹੌਲੀ ਹੌਲੀ ਗਲ਼ ਰਿਹਾ ਸੀ। ਜ਼ੰਗ ਲੱਗ ਰਿਹਾ ਸੀ। ਕਿਤੋਂ-ਕਿਤੋਂ ਰੰਗ ਉੱਤਰ ਵੀ ਗਿਆ। ਪਿਤਾ ਦਾ ਇੱਕ ਖ਼ਾਸ ਮਿੱਤਰ ਆਇਆ ਇੱਕ ਦਿਨ ਤੇ ਕਿਹਾ ਸਕੂਟਰ ਮੈਨੂੰ ਵੇਚ ਦਿਓ, ਪੈਸੇ ਜਿੰਨੇ ਮਰਜ਼ੀ ਲੈ ਲਵੋ। ਮੇਰੇ ਖ਼ਾਸ ਦੋਸਤ ਦਾ ਸਕੂਟਰ ਹੈ, ਮੈਨੂੰ ਦੇ ਦਿਓ ਬੱਸ। ਨਾਂਹ ਨੁੱਕਰ ਨਾ ਕਰਿਓ।
ਸੱਚੀਂ ਹੀ ਸਕੂਟਰ ਹੁਣ ਖ਼ਰਾਬ ਹੋ ਰਿਹਾ ਸੀ। ਸੋਚਿਆ ਜੇਕਰ ਕੋਈ ਮੰਗ ਰਿਹਾ ਹੈ ਤਾਂ ਦੇ ਦੇਣਾ ਚਾਹੀਦਾ ਹੈ। ਕੋਈ ਚਲਾਏਗਾ ਤਾਂ ਮਸ਼ੀਨ ਠੀਕ ਰਹੂ। ਥੋੜ੍ਹੀ ਜਿਹੀ ਕੀਮਤ ਬਦਲੇ ਸਕੂਟਰ ਪਿਤਾ ਦੇ ਮਿੱਤਰ ਨੂੰ ਦੇ ਦਿੱਤਾ ਗਿਆ।
ਗਲੀ ਵਿਚੋਂ ਬਹੁਤ ਦੇਰ ਬਾਅਦ ਸਕੂਟਰ ਦੀ ਆਵਾਜ਼ ਆਈ ਸੀ। ਧੂੰਆਂ ਉੱਠਿਆ ਸੀ। ਉਹ ਦੂਰ ਤੱਕ ਸਕੂਟਰ ਨੂੰ ਜਾਂਦਾ ਦੇਖਦਾ ਰਿਹਾ। ਧੂਏਂ ਦੀ ਮਹਿਕ ਦੇਰ ਤਕ ਵੀਹ ਵਿੱਚ ਘੁੰਮਦੀ ਰਹੀ।
ਕਈ ਵਾਰ ਤੁਰ ਗਿਆਂ ਨੂੰ ਦੁਬਾਰਾ ਦਫ਼ਨਉਣਾ ਪੈਂਦਾ ਹੈ। ਆਪ ਨਾਲ ਦਫ਼ਨ ਹੋਣਾ ਪੈਂਦਾ ਹੈ। ਕਈ ਚੀਜ਼ਾਂ ਤੁਹਾਨੂੰ ਕਿਸੇ ਆਪਣੇ ਨਾਲ ਬਹੁਤ ਜੁੜਿਆ ਹੋਇਆ ਮਹਿਸੂਸ ਕਰਵਾਉਂਦੀਆਂ ਨੇ। ਉਹਨਾਂ ਦੀ ਕੁਰਬਾਨੀ ਦੇਣੀ ਆਪਣੇ ਆਪ ਨੂੰ ਖ਼ਤਮ ਕਰਨ ਬਰਾਬਰ ਹੁੰਦਾ ਹੈ।
ਜਿਸਮ ਪਿੱਛੇ ਰਹਿ ਜਾਂਦਾ ਹੈ, ਕੁੱਝ ਚੀਜ਼ਾਂ ਜਾਂਦੀਆਂ-ਜਾਂਦੀਆਂ ਰੂਹ ਕੱਢ ਕੇ ਲੈ ਜਾਂਦੀਆਂ ਨੇ।
ਕਿਸੇ ਨੇ ਲਿਖਿਆ ਹੈ
ਦਰਦ ਬਿਛੜਨੇ ਕਾ ਏ ਦੋਸਤ ਬਹੁਤ ਖ਼ੂਬ ਹੋਗਾ
ਨਾ ਚੁਭੇਗਾ, ਨਾ ਦਿਖੇਗਾ, ਬਸ ਮਹਿਸੂਸ ਹੋਗਾ
ਲਿਖਤ : ਸ਼ਹਿਬਾਜ਼ ਖ਼ਾਨ