ਬੜੀ ਪੱਕੀ ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ ਪਾਸ਼ਾ ਮਜ੍ਹਬੀ ਸਿੱਖ। ਗਵਾਂਡ ਚ ਘਰ ਹੋਣ ਕਰਕੇ ਬਚਪਨ ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ। ਪਾਸ਼ਾ ਆਵਦੇ ਪਿਓ ਨਾਲ ਦਿਹਾੜੀ ਦੱਪੇ ਜਾਣ ਲੱਗ ਗਿਆ ਤੇ ਬਿੱਕਰ ਹੁਣ ਖੇਤ ਬੰਨੇ ਜਾ ਵੜ ਦਾ ਵਕ਼ਤ ਆਵਦੀ ਤੋਰ ਚਲਦਾ ਗਿਆ। ਦੋਵੇ ਵਿਆਹੇ ਵੀ ਗਏ ਪਰ ਯਾਰੀ ਨਾ ਘਟੀ ਕਹਿੰਦੇ ਪਾਸ਼ੇ ਦੀ ਭੈਣ ਦੇ ਵਿਆਹ ਵੇਲੇ ਬਾਰਾਤ ਨੂੰ ਸਾਰਾ ਰੋਟੀ ਪਾਣੀ ਬਿੱਕਰ ਨੇ ਆਵਦੇ ਘਰੋ ਕਰਿਆ ਸੀ। ਰੋਜ਼ ਦੋਵੇ ਜਾਣੇ ਸੱਥ ਅਲੀ ਥੜੀ ਤੇ ਜਰੂਰ ਹਾਜ਼ਰੀ ਭਰਦੇ। ਓਥੇ ਗੱਲਾਂ ਸੁਣਦੇ ਵੀ ਹੁਣ ਪੰਜਾਬੀ ਸੂਬਾ ਭਾਸ਼ਾ ਦੇ ਅਧਾਰ ਤੇ ਵੰਡਿਆ ਗਿਆ। ਨਵਾਂ ਹਰਿਆਣਾ ਕੱਡ ਤਾ ਵਿਚੋਂ। ਹੁਣ ਲੀਡਰ ਵੀ ਪਿੰਡਾਂ ਚ ਗੇੜੇ ਮਾਰਨ ਲੱਗ ਗਏ.. ਰਾਜਨੀਤੀ ਓਹ ਨਾ ਰਹੀ ਹੁਣ ਲੀਡਰ ਘਟੀਆ ਚਾਲਾਂ ਚੱਲਣ ਲੱਗ ਗਏ ਸੀ ਵੋਟਾ ਲਈ. ਇਕ ਨਵੀ ਚਾਲ ਜਿਹੜੀ ਸੀ ਓਹ ਸੀ ਪਿੰਡਾ ਦਿਆਂ ਲੋਕਾਂ ਵਿਚ ਜਾਤਾਂ ਦੇ ਅਧਾਰ ਤੇ ਰੌਲੇ ਪਵਾਉਣੇ ਤੇ ਕਿਸੇ ਗਰੀਬ ਜਾਤ ਦੇ ਬੰਦੇ ਨੂੰ ਕੋਈ ਰੁਤਬਾ ਦੇ ਕੇ ਓਹਦੇ ਕਬੀਲੇ ਦੀਆਂ ਸਾਰੀਆਂ ਵੋਟਾਂ ਇੱਕ ਹੱਥ ਕਰਨੀਆ.. ਤੂਤਾਂ ਆਲਾ ਪਿੰਡ ਵਾਵਾ ਵੱਡਾ ਸੀ.. ਪਿੰਡ ਵਿੱਚ ਬਾਕੀ ਜਾਤਾਂ ਦੀ ਗਿਣਤੀ ਵੀ ਜੱਟ ਜਿਮੀਦਾਰਾ ਦੇ ਬਰਾਬਰ ਸੀ ਪਹਿਲਾਂ ਸਾਰਾ ਪਿੰਡ ਟਕਸਾਲੀ ਆਗੂ ਸੁਰਜਨ ਸਿੰਘ ਦੇ ਮਗਰ ਸੀ ਜਿਥੇ ਓਹਨੇ ਕਹਿਣਾ ਪਿੰਡ ਨੇ ਓਸ ਪਾਸੇ ਉੱਲਰ ਜਾਣਾ। ਪਰ ਇਕ ਵਿਰੋਧੀ ਸੀ ਪਿੰਡ ਚ ਗੱਜਣ ਸਿੰਘ। ਜ਼ਮੀਨ ਜਾਇਦਾਦ ਸਭ ਤੋ ਵੱਧ ਸੀ ਪਰ ਪਿੰਡ ਦੇ ਥੋੜੇ ਘਰ ਹੀ ਓਹਦੇ ਮਗਰ ਤੁਰਦੇ ਸੀ। ਇਲਾਕੇ ਦਾ ਲੀਡਰ ਹਾਕਮ ਸਿੰਘ ਪਿੰਡ ਵਿਚ ਗੇੜੇ ਮਾਰਨ ਲੱਗ ਗਿਆ ਓਹਨੇ ਗੱਜਣ ਨੂੰ ਆਵਦੇ ਨਾਲ ਰਲਾਇਆ ਤੇ ਰਾਜਨੀਤੀ ਦਾ ਪਹਿਲਾ ਮੋਹਰਾ ਇਹ ਸਿੱਟਿਆ ਕੇ ਓਹਨਾ ਨੇ ਪਿੰਡ ਦੇ ਗੁਰੂਘਰ ਵਿਚ ਮੁਨੀ ਦਾਸ ਮਹੰਤ ਬਿਠਾ ਦਿੱਤਾ ਓਹਨੇ ਹੋਲੀ ਹੋਲੀ ਆਵਦਾ ਕੰਮ ਸ਼ੁਰੂ ਕਰ ਦਿੱਤਾ। ਓਹ ਨੀਵੀਆਂ ਜਾਤਾਂ ਆਲਿਆਂ ਨੂੰ ਸੇਵਾ ਕਰਨ ਤੋ ਟੋਕਦਾ ਰਹਿੰਦਾ। ਮੱਸਿਆ ਪੁੰਨਿਆ ਤੇ ਲੜਾਈ ਹੋਣ ਲੱਗ ਗਈ। ਓਹਨੇ ਭਾਂਡੇ ਵੀ ਅੱਡ ਕਰ ਦਿੱਤੇ ਵੀ ਇਹ ਜੱਟ ਜਿਮੀਦਾਰਾਂ ਦੇ ਬਾਕੀ ਦੂਜੀਆਂ ਜਾਤਾਂ ਦੇ। ਪਿੰਡ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾ ਲੀਡਰ ਹਾਕਮ ਨੇ ਸਰਕਾਰੇ ਦਰਬਾਰੇ ਤੋ ਧਮਕੀ ਦਵਾ ਦੇਣੀ। ਹੁਣ ਮੁਨੀ ਦਾਸ ਵੀ ਆਵਦੇ ਨਾਲ ਬੰਦੇ ਰੱਖਣ ਲੱਗ ਗਿਆ। ਦੂਜੇ ਪਾਸੇ ਹਾਕਮ ਸਿੰਘ ਨੇ ਨੀਵੀਆਂ ਜਾਤਾਂ ਆਲੇ ਕਈ ਬੰਦਿਆ ਨੂੰ ਪਿਛੇ ਲਾਇਆ ਕੀ ਮੈਂ ਤੁਹਾਡੇ ਲਈ ਨਵਾਂ ਗੁਰੂਘਰ ਬਣਾ ਕੇ ਦਿੰਨਾ। ਭੋਲੇ ਲੋਕ ਗੱਲਾਂ ਵਿਚ ਆ ਗਏ। ਹੋਰ ਵੀ ਕਈ ਸਹੂਲਤਾਂ ਦੇਣ ਲੱਗ ਗਿਆ ਤੇ ਪਿੰਡ ਵਿਚ ਹੁਣ ਦੋ ਧੜੇ ਬਣ ਗਏ।
ਪਿੰਡ ਦੇ ਸਾਂਝੇ ਥਾਵਾਂ ਦੇ ਲੜਾਈਆਂ ਸ਼ੁਰੂ ਹੋ ਗਈਆਂ। ਮਚਦੀ ਤੇ ਤੇਲ ਪਾਉਣ ਲਈ ਮੁਨੀ ਦਾਸ ਦੇ ਬੰਦਿਆ ਨੇ ਗੁਰੂਘਰ ਆਈਆਂ ਮਜ੍ਹਬੀ ਸਿਖਾਂ ਦੀਆਂ ਧੀਆਂ ਭੈਣਾ ਨਾਲ ਬਦਫੈਲੀ ਕਰ ਦਿੱਤੀ। ਲੋਕ ਸਿਆਸੀ ਭੇਦ ਨਾ ਸਮਝ ਸਕੇ ਤੇ ਸਭ ਨੂੰ ਇਹ ਜੱਟਾਂ ਦੇ ਮੁੰਡਿਆ ਦਾ ਕੰਮ ਲੱਗਿਆ ਤੇ ਲੜਾਈ ਹੋਈ ਤੇ ਦੋਹਾ ਧੜਿਆਂ ਦੇ ਕਈ ਬੰਦੇ ਵੱਡੇ ਟੁੱਕੇ ਗਏ। ਬਿੱਕਰ,ਪਾਸ਼ਾ ਤੇ ਹੋਰ ਕਈ ਬੰਦੇ ਅੱਜ ਸੱਥ ਆਲੀ ਥੜੀ ਤੇ ਬੈਠੇ ਬਲਦੇ ਹੋਏ ਪਿੰਡ ਨੂੰ ਵੇਖ ਰਹੇ ਸੀ। ਸਾਰੇ ਅੰਦਰੋ ਅੰਦਰੀ ਸਬ ਜਾਣ ਦੇ ਸਨ।
ਬਾਕੀ ਸਾਰੇ ਉਠ ਕੇ ਚਲੇ ਗਏ ਪਰ ਬਿੱਕਰ ਤੇ ਪਾਸ਼ਾ ਓਥੇ ਹੀ ਬੈਠੇ ਰਹੇ। ਜਦੋ ਰਾਤ ਗੂੜੀ ਹੋ ਗਈ ਤਾ ਪੱਕੇ ਯਾਰ ਬਿਨਾ ਬੋਲੇ ਇਕ ਦੂਜੇ ਦੇ ਦਿਲ ਦੀ ਗੱਲ ਸਮਝ ਗਏ। ਬਿੱਕਰ ਬਾਹਰਲੀ ਬੈਠਕ ਚੋ ਗੰਡਾਸਾ ਚੱਕ ਲਿਆਇਆ ਤੇ ਪਾਸ਼ਾ ਖਾਲੀ ਹੱਥ ਹੀ ਮਗਰ ਤੁਰ ਪਿਆ। ਗੁਰੂ ਘਰ ਦੀ ਬਾਹਰਲੀ ਕੰਧ ਕੋਲ ਖੜੇ ਮੁਨੀ ਦਾਸ ਦੇ ਇਕ ਚੇਲੇ ਨੂੰ ਓਦੋ ਹੀ ਪਤਾ ਲੱਗਿਆ ਜਦੋਂ ਪਾਸ਼ੇ ਨੇ ਮਗਰੋ ਜਾ ਕੇ ਜੱਫਾ ਮਾਰ ਕੇ ਸਿੱਟ ਲਿਆ। ਚੀਖ ਵੀ ਨਾ ਨਿਕਲਣ ਦਿੱਤੀ ਤੇ ਪਿੰਡ ਆਲੀ ਫਿਰਨੀ ਤੇ ਸਵੇਰੇ ਲੋਥ ਹੀ ਮਿਲੀ। ਬਥੇਰਾ ਜ਼ੋਰ ਲਾਇਆ ਪਰ ਕੋਈ ਭਿਣਕ ਨਾਂ ਲੱਗੀ ਪੁਲਸ ਨੂੰ। ਦੂਜੇ ਪਾਸੇ ਸਾਰੀਆਂ ਜਾਤਾਂ ਦੇ ਮੋਹਤਬਾਰ ਬੰਦਿਆ ਦਾ ਕੱਠ ਕੀਤਾ ਗਿਆ। ਸੁਰਜਨ ਸਿੰਘ ਨੇ ਸਿਆਸਤ ਦੇ ਦਾਅ ਪੇਚ ਸਮਝਾਏ ਲੋਕਾਂ ਨੂੰ। ਹੁਣ ਨਿੱਤ ਸੁਰਜਨ ਸਿੰਘ ਦੇਬੂ ਝਿਓਰ ਤੇ ਤੇਜਾ ਘੁਮਿਆਰ ਲੋਕਾਂ ਦੇ ਘਰੋ ਘਰੀ ਜਾਂਦੇ ਤੇ ਲੋਕਾਂ ਨੂੰ ਮੁਨੀ ਦਾਸ ਦੀਆਂ ਕਰਤੂਤਾਂ ਬਾਰੇ ਦੱਸ ਦੇ। ਹੁਣ ਪਿੰਡ ਦੇ ਲੋਕਾਂ ਨੂੰ ਵੀ ਅਸਲ ਗੱਲ ਦੀ ਸਮਝ ਆ ਗਈ। ਮਤਾ ਪੈ ਗਿਆ ਤੇ ਗੁਰੂਘਰ ਅਖੰਡ ਪਾਠ ਕਰਨ ਦਾ ਫੈਸਲਾ ਹੋਇਆ ਤੇ ਨਾਲ ਹੀ ਮੁਨੀ ਦਾਸ ਨੂੰ ਪਿੰਡ ਚੋ ਕੱਡਣ ਦਾ। ਭੋਗ ਆਲਾ ਦਿਨ ਆ ਗਿਆ। ਸਾਰਾ ਪਿੰਡ ਰਲ ਕੇ ਸੇਵਾ ਕਰ ਰਿਹਾ ਸੀ। ਸੁਰਜਨ ਸਿੰਘ, ਦੇਬੂ ਝਿਓਰ ਦਾ ਪਿਓ ਬੰਤ ਤੇ ਮਜ੍ਹਬੀ ਸਿਖਾਂ ਦਾ ਹਰਨਾਮ ਰਲ ਕੇ ਬਾਬੇ ਫਰੀਦ ਦੇ ਸਲੋਕ ਪੜਨ ਲੱਗ ਗਏ
ਜਾਪੇ ਜਿਵੇਂ ਹਵਾ ਵਿਚ ਕਿਸੇ ਨੇ ਸ਼ਹਿਦ ਹੀ ਘੋਲ ਦਿੱਤਾ ਹੋਵੇ। ਮੁਨੀ ਦਾਸ ਤੋ ਇਹ ਜਰਿਆ ਨਾ ਗਿਆ। ਓਹ ਭੋਰੇ ਚੋ ਬਾਹਰ ਆ ਕੇ ਟੋਕਨ ਲੱਗ ਗਿਆ। ਖੀਰ ਆਲੇ ਕੜਾਹੇ ਚ ਖੁਰਚਣਾ ਮਾਰ ਰਹੇ ਪਾਸ਼ੇ ਨਾਲ ਬਹਿਸ ਪਿਆ। ਰੋਲਾ ਰੱਪਾ ਪੈਣ ਲੱਗੇ ਚ ਜਦੋ ਪਿੰਡ ਮੁਨੀ ਦਾਸ ਦੇ ਗਲ ਪੈਣ ਲੱਗਿਆ ਤਾ ਮੁਨੀ ਦਾਸ ਦੇ ਬੰਦਿਆ ਨੇ ਗੋਲੀ ਚਲਾ ਦਿੱਤੀ। ਪਾਸ਼ੇ ਨੇ ਚੁਰ ਵਿਚੋ ਬਲਦੀ ਹੋਈ ਲੱਕੜ ਕੱਡ ਲਈ ਤੇ ਜਿਵੇਂ ਹੀ ਮੁਨੀ ਦਾਸ ਕੰਨੀ ਹੋਣ ਲੱਗਿਆ ਤਾ ਅੱਗੋ ਮੁਨੀ ਦਾਸ ਨੇ ਡੱਬ ਚੋ ਪਿਸਤੋਲ ਕੱਡ ਕੇ ਪਾਸ਼ੇ ਵੱਲ ਗੋਲੀ ਚਲਾ ਦਿੱਤੀ। ਪਾਸ਼ਾ ਓਥੇ ਹੀ ਨਿਢਾਲ ਹੋ ਕੇ ਡਿੱਗ ਪਿਆ। ਏਨੇ ਚਿਰ ਨੂੰ ਬਿੱਕਰ ਅੰਦਰ ਮਹਾਰਾਜ ਦੇ ਸਰੂਪ ਅੱਗੇ ਰੱਖੇ ਹਥਿਆਰਾਂ ਚੋਂ ਕਿਰਪਾਨ ਚੱਕ ਲਿਆਇਆ ਤੇ ਕਾਹਲੀ ਨਾਲ ਏਹੋ ਜਾ ਵਾਰ ਕੀਤਾ ਕੇ ਸਣੇ ਪਿਸਤੋਲ ਮੁਨੀ ਦਾਸ ਦੀ ਬਾਂਹ ਧੜ ਨਾਲੋ ਅੱਡ ਹੋ ਕੇ ਡਿੱਗ ਪਈ। ਮੁਨੀ ਦਾਸ ਦੇ ਬੰਦੇ ਭੱਜ ਗਏ ਪਰ ਭੱਜੇ ਜਾਂਦੇ ਇੱਕ ਨੇ ਬਿੱਕਰ ਵਾਲ ਫੈਰ ਕਰ ਦਿੱਤਾ। ਬਿੱਕਰ ਨੇ ਥੋੜੇ ਸਮੇਂ ਲਈ ਮੌਤ ਤੋ ਵੀ ਮੋਹਲਤ ਲੈ ਲਈ ਤੇ ਤੜਫਦੇ ਹੋਏ ਮੁਨੀ ਦੱਸ ਦੀ ਹਿੱਕ ਚੋ ਕਿਰਪਾਨ ਆਰ ਪਾਰ ਕਰ ਦਿੱਤੀ। ਆਵਦੇ ਆਪ ਨੂੰ ਸੰਭਾਲ ਦਾ ਬਿੱਕਰ ਪਾਸ਼ੇ ਦੀ ਲੋਥ ਕੋਲ ਕੰਧ ਦਾ ਸਹਾਰਾ ਲਾ ਕੇ ਬਹਿ ਗਿਆ। ਓੁਹਦਾ ਸਿਰ ਆਵਦੀ ਝੋਲੀ ਵਿਚ ਰੱਖਦਾ ਬੋਲਿਆ ਦੇਖ ਪਾਸ਼ੇ ਓਏ ਸਾਰਾ ਤੂਤਾਂ ਆਲਾ ਕੱਠਾ ਹੋਇਆ ਪਿਆ ਅੱਜ। ਓਹ ਦੇਖ ਅੱਜ ਕੋਈ ਰੋਲਾ ਨੀ ਜਾਤਾਂ ਪਾਤਾਂ ਆਲਾ। ਐਨਾ ਬੋਲਦਾ ਬਿੱਕਰ ਵੀ ਪਿੰਡ ਨੂੰ ਅਲਵਿਦਾ ਕਹਿ ਗਿਆ। ਬਿੱਕਰ ਦਾ ਡੁੱਲ ਦਾ ਲਹੂ ਪਾਸ਼ੇ ਦੀ ਲੋਥ ਚੋ ਵੱਗ ਦੇ ਲਹੂ ਨਾਲ ਜਾ ਰਲਿਆ। ਰਲੇ ਲਹੂ ਦਾ ਰੰਗ ਹੋਰ ਗੂੜਾ ਹੋ ਗਿਆ। ਓਨਾ ਹੀ ਗੂੜਾ ਜਿੰਨਾ ਗੂੜਾ ਗੁਰੂਘਰ ਦੀ ਚਿੱਟੀ ਕੰਧ ਤੇ ਇਹ ਲਿਖਿਆ ਸੀ
“ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ।
ਗੁਰਨੈਬ ਸਿੰਘ
ਗੁਰਨੈਬ ਸਿੰਘ…