ਹਰ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਜਿਹਾ ਵਕਤ ਅਉਦਾ, ਜਦੋ ਦੁਨੀਆਂ ਸਤਰੰਗੀ ਜਿਹੀ ਲੱਗਦੀ ਹੈ। ਆਪਣਾ ਆਪ ਸੋਹਣਾ ਜਿਹਾ ਲੱਗਦਾ ਅਤੇ ਕੋਈ ਗੈਰ ਆਪਣਿਆਂ ਤੋ ਵੀ ਨੇੜੇ ਹੋ ਜਾਂਦਾਂ ਹੈ। ਮੈਂ ਵੀ ਇਸ ਦੌਰ ਵਿੱਚੋ ਗੁਜਰੀ ਸੀ।
ਕੋਈ 20 ਕੁ ਸਾਲ ਦੀ ਸੀ ਮੈਂ ਉਦੋ। ਮੇਰੇ ਹੀ ਕਾਲਜ ਪੜ੍ਹਦਾ ਮੁੰਡਾ, ਮੇਰਾ ਰੱਬ ਬਣ ਗਿਆ ਸੀ। ਉਹਨੂੰ ਤੱਕਣਾ ਹੀ ਰੱਬ ਦੀ ਇਬਾਦਤ ਲੱਗਦਾ ਸੀ। ਉਹਦੇ ਪਿਆਰ ਅੱਗੇ ਬਾਕੀ ਸਭ ਦਾ ਪਿਆਰ ਫਿੱਕਾ-ਫਿੱਕਾ ਜਿਹਾ ਲੱਗਦਾ ਸੀ।
ਉਹ ਮੈਨੂੰ ਜਿੱਥੇ ਵੀ ਮਿਲਣ ਬੁਲਾਉਦਾਂ, ਮੈਂ ਬਿਨ੍ਹਾਂ ਕੋਈ ਸਵਾਲ ਕੀਤੇ ਪਹੁੰਚ ਜਾਂਦੀ ਸੀ। ਪਰ ਫਿਰ ਵੀ ਮੈਨੂੰ ਉਹਦਾ ਪਿਆਰ ਜਿਸਮਾਨੀ ਨਾ ਹੋ ਕੇ ਰੂਹਾਨੀ ਲੱਗਦਾ।ਘਰ ਲੈਂਡਲਾਇਨ ਫੋਨ ਤੇ ਗੱਲ ਕਰਨੀ ਔਖੀ ਲੱਗਦੀ ਸੀ, ਤਾਂ ਉਹਨੇ ਮੋਬਾਇਲ ਲੈ ਦਿੱਤਾ। ਸਭ ਤੋਂ ਚੋਰੀ ਛੁਪਾ ਕੇ ਰੱਖਦੀ। ਪਰ ਕਹਿੰਦੇ ਹਨ ਕਿ ਆਸ਼ਿਕ ਅੰਨ੍ਹੇ ਹੁੰਦੇ ਹਨ, ਪਰ ਆਸਪਾਸ ਵਾਲੇ ਨਹੀ। ਵੈਸੇ ਵੀ ਮਾਂਵਾਂ ਦੀਆਂ ਅੱਖਾਂ ਤੋ ਬਹੁਤੀ ਦੇਰ ਕੁੱਝ ਲੁਕ ਨਹੀ ਸਕਦਾ। ਮਾਂ ਨੂੰ ਥੌੜਾ ਸ਼ੱਕ ਹੋਇਆ ਕਿ ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠੀ ਕੀ ਕਰਦੀ ਰਹਿੰਦੀ ਹਾਂ।
ਉਹਨੇ ਡੈਡੀ ਨੂੰ ਬਿਨ੍ਹਾਂ ਦੱਸੇ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਿਆਰ ਤਾਂ ਚੰਗਿਆਂ-ਚੰਗਿਆਂ ਦੀ ਮੱਤ ਤੇ ਪਰਦਾ ਪਾ ਦਿੰਦਾ, ਮੈਂ ਤਾਂ ਹੈ ਹੀ ਨਿਆਣੀ ਮੱਤ ਸੀ। ਉਹ ਹੁਣ ਮੇਰੇ ਅਉਣ-ਜਾਣ ਦੇ ਟਾਇਮ ਦਾ ਖਿਆਲ ਰੱਖਦੀ। ਪਰ ਆਜਾਦ ਪਰਦਿੰਆਂ ਨੂੰ ਬੰਧਨ ਕਿੱਥੇ ਚੰਗੇ ਲੱਗਦੇ ਹਨ।ਇਸ ਟੋਕਾ-ਟਾਕੀ ਤੋਂ ਅਸੀ ਦੋਨੋ ਤੰਗ ਆ ਗਏ ਅਤੇ ਮੈਂ ਇਹ ਵੀ ਜਾਣਦੀ ਸੀ ਕਿ ਮੇਰਾ ਸੱਚਾ ਪਿਆਰ ਇਹਨਾਂ ਨੂੰ ਕਦੇ ਸਮਝ ਨਹੀ ਆ ਸਕਣਾ।
ਉਹ ਮੇਰੇ ਤੋ ਵੱਡਾ ਸੀ, ਉਹਦੀ ਗ੍ਰੈਜੁਏਸ਼ਨ ਤਾਂ ਪੂਰੀ ਹੋ ਹੀ ਗਈ ਸੀ, ਮੇਰਾ ਹੀ ਇੱਕ ਸਾਲ ਬਾਕੀ ਸੀ। ਪਰ ਉਹਦੇ ਲਈ ਤਾਂ ਮੈਂ ਸਭ ਕੁਰਬਾਨ ਕਰਨ ਨੂੰ ਤਿਆਰ ਸੀ ਅਸੀ ਦੋਵਾਂ ਨੇ ਘਰੋ ਭੱਜਣ ਦੀ ਸਕੀਮ ਬਣਾ ਲਈ। ਇੰਨੀ ਖੁਸ਼ੀ ਮੈਨੂੰ ਕਦੇ ਨਹੀ ਹੋਈ ਸੀ, ਜਿੰਨੀ ਕਿ ਸਿਰਫ ਉਹਦੇ ਨਾਲ ਰਹਿਣ ਦੀ ਕਲਪਨਾ ਕਰਕੇ ਹੀ ਹੋ ਰਹੀ ਸੀ।
ਰਾਤ ਨੂੰ ਹੀ ਮੈਂ ਸਭ ਤਿਆਰੀ ਕਰ ਲਈ ਸੀ।
ਪਹਿਲੀ ਬੱਸ ਸਾਡੇ ਸ਼ਹਿਰ ਤੋਂ ਚਾਰ ਵਜੇ ਚੱਲਦੀ ਸੀ ਤੇ ਫਿਰ ਸਾਢੇ-ਚਾਰ। ਮੈਂ ਚਾਰ ਵਜੇ ਚੁੱਪ-ਚਾਪ ਘਰੋ ਨਿਕਲ ਪਈ, ਕੁੱਝ ਕੱਪੜੇ ਤੇ ਪੈਸੇ ਮੈਂ ਰੱਖ ਲਏ ਸੀ ਕਾਲਜ ਬੈੱਗ ਵਿੱਚ। ਘਰ ਦੀ ਇੱਕ ਚਾਬੀ ਮੇਰੇ ਕੋਲ ਹੁੰਦੀ ਹੀ ਸੀ, ਕਿਉਕਿ ਮੰਮੀ-ਡੈਡੀ ਦੋਨੋ ਨੌਕਰੀ ਕਰਦੇ ਸਨ ਅਤੇ ਕਈ ਵਾਰ ਮੈਂ ਜਲਦੀ ਘਰ ਆ ਜਾਂਦੀ ਸੀ। ਮੈਨੂੰ ਇਹ ਵੀ ਪਤਾ ਸੀ ਕਿ ਮੰਮੀ-ਡੈਡੀ 5:30 ਉੱਠਦੇ ਹਨ ਅਤੇ ਮੈਨੂੰ ਤਾਂ 6:30 ਤੱਕ ਕੋਈ ਉਠਾਉਣ ਵੀ ਨਹੀ ਅਉਦਾ। ਉਦੋਂ ਤੱਕ ਤਾਂ ਅਸੀ ਬਹੁਤ ਦੂਰ ਨਿਕਲ ਚੁੱਕੇ ਹੋਵਾਂਗੇ।
ਮੇਰੇ ਕਦਮਾਂ ਵਿੱਚ ਕਾਹਲ ਸੀ ਅਤੇ ਦਿਲ ਵਿੱਚ ਡਰ ਦਾ ਨਾਮੋ-ਨਿਸ਼ਾਨ ਵੀ ਨਹੀ ਸੀ। ਬੱਸ ਸਟੈਂਡ ਪਹੁੰਚ ਜਦੋ ਮੈਂ ਬੱਸ ਵਿੱਚ ਚੜ੍ਹੀ ਤਾਂ 10-12 ਹੀ ਸਵਾਰੀਆਂ ਸਨ, ਜੋ ਮੈਨੂੰ ਕਾਲਜ ਵਿਦਿਆਰਥੀ ਹੀ ਸਮਝ ਕੇ ਆਪਣੇ ਧਿਆਨ ਬੈਠੀਆਂ ਸਨ। ਮੈਂ ਆਪਣੇ ਹੀ ਸੰਤਰੰਗੇ ਸੁਪਨਿਆਂ ਵਿੱਚ ਗਵਾਚੀ ਸੀਟ ਉੱਪਰ ਬੈਠ ਗਈ। ਬੱਸ ਚੱਲਣ ਵਿੱਚ ਅਜੇ ਸਮਾਂ ਸੀ ਪਰ ਕਡੰਕਟਰ ਨੇ ਟਿਕਟਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਉਹ ਜਦੋ ਟਿਕਟ ਕੱਟਣ ਲਈ ਮੇਰੇ ਕੋਲ ਆ ਕੇ ਹੱਥ ਅੱਗੇ ਵਧਾਇਆ ਹੀ ਸੀ ਕਿ ਇੱਕ-ਦੱਮ ਮੇਰਾ ਧਿਆਨ ਉਹਦੇ ਸੱਜੇ ਗੁੱਟ ਉੱਪਰ ਬੱਧੀ ਰੱਖੜੀ ਤੇ ਗਿਆ। ਹੂ-ਬ-ਹੂ ਇਹੋ ਜਿਹੀ ਰੱਖੜੀ ਤਾਂ ਮੈਂ ਵੀ ਨਿੱਕੇ ਦੇ ਬੰਨ੍ਹੀ ਸੀ। ਰੱਖੜੀ ਲੰਘੀ ਨੂੰ ਤਾਂ ਦੋ ਮਹੀਨੇ ਹੋ ਚੱਲੇ ਸੀ ਪਰ ਉਹਦੇ ਗੁੱਟ ਤੇ ਬੰਨ੍ਹੀ ਰੱਖੜੀ ਨੇ ਨਿੱਕਾ ਯਾਦ ਕਰਵਾ ਦਿੱਤਾ। ਉਹ ਵੀ ਤਾਂ ਛੇ-ਛੇ ਮਹੀਨੇ ਬੰਨ੍ਹੀ ਰੱਖਦਾ, ਜਦੋ ਤੱਕ ਧਾਗਾ ਆਪ ਨਹੀ ਘੱਸ ਕੇ ਟੁੱਟ ਜਾਂਦਾਂ।
ਉਸ ਗੁੱਟ, ਉਸ ਰੱਖੜੀ ਨੇ ਇੱਕ ਪਲ ਵਿੱਚ ਹੀ ਮੇਰੇ ਦਿਮਾਗ ਵਿੱਚ ਤੂਫਾਨ ਲੈ ਆਂਦਾ। ਮੈਨੂੰ ਇੰਜ ਹੱਕੀ-ਬੱਕੀ ਦੇਖ ਕੰਡਕਟਰ ਨੇ ਦੁਬਾਰਾ ਆਵਾਜ ਦਿੱਤੀ ਪਰ ਮੈਂ ਕਾਹਲੀ ਨਾਲ ਇਹ ਕਹਿੰਦੀ ਹੋਈ ਬੱਸ ਤੋ ਉੱਤਰ ਗਈ ਕਿ ਮੈਂ ਆਵਦਾ ਆਈ-ਕਾਰਡ ਘਰ ਭੁੱਲ ਆਈ ਹਾਂ।
ਮੈਂ ਵਾਪਸ ਘਰ ਵੱਲ ਤੁਰ ਪਈ, ਇੰਨੇ ਨੂੰ ਮੇਰਾ ਮੋਬਾਇਲ ਵੀ ਵੱਜ ਪਿਆ। ਮੈਂ ਫੌਨ ਨਾਲੀ ਵਿੱਚ ਸੁੱਟ, ਜਿਵੇਂ ਚੁੱਪ-ਚੁੱਪੀਤੇ ਘਰੋਂ ਤੁਰੀ ਸੀ, ਉਵੇਂ ਹੀ ਜਾ ਕੇ ਪੈ ਗਈ। ਉਸ ਇੱਕ ਘੰਟੇ ਨੇ ਮੇਰੀ ਜਿੰਦਗੀ ਹੀ ਬਦਲ ਦਿੱਤੀ ਸੀ।
ਅੱਜ 9 ਸਾਲ ਹੋ ਗਏ ਉਸ ਘਟਨਾ ਨੂੰ। ਬਾਲ-ਬੱਚਿਆਂ ਵਾਲੀ ਹੋ ਗਈ ਹਾਂ ਪਰ ਅੱਜ ਵੀ ਹਰ-ਰੋਜ ਉਸ ਰੱਖੜੀ ਵਾਲੇ ਗੁੱਟ ਦਾ ਸ਼ੁਕਰੀਆ ਅਦਾ ਕਰਦੀ ਹਾਂ, ਜਿਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ, ਅਣਜਾਣੇ ਵਿੱਚ ਹੀ ਨਮੋਸ਼ੀ ਭਰੀ ਜਿੰਦਗੀ ਤੋ ਬਚਾ ਲਿਆ।
ਪ੍ਰਮਾਤਮਾ ਸਲਾਮਤ ਰੱਖੇ ਅਜਿਹੇ ਗੁੱਟਾਂ ਨੂੰ ਤੇ ਰੱਖੜੀ ਬੰਨਣ ਵਾਲੇ ਹੱਥਾਂ ਨੂੰ।
ਹਰਪ੍ਰੀਤ ਬਰਾੜ ਸਿੱਧੂ