ਅਸੀਂ ਤੀਜੀ ਜਾਂ ਚੌਥੀ ਚ ਪੜ੍ਹਦੇ ਸੀ ਸ਼ਾਇਦ ਉਦੋਂ ! ਮੇਰੇ ਨਾਲ ਸਾਡੇ ਪਿੰਡ ਦਾ ਤਰਖਾਣਾਂ ਦਾ ਮੁੰਡਾ ਸੀ ਤੇ ਅਸੀਂ ਦੁਪਹਿਰ ਨੂੰ ਦੋਨੋ ਜਣੇ ਬਾਹਰ ਛੱਪੜ ਦੇ ਉੱਪਰ ਪਿੱਪਲ਼ ਨਾਲ ਪਾਈ ਪੀਂਘ ਝੂਟਣ ਚਲੇ ਗਏ ! ਪਿੱਪਲ਼ ਦੇ ਦੁਆਲੇ ਇਕ ਚੌਂਤੜਾ ਬਣਾਇਆਂ ਹੋਇਆ ਸੀ ਤੇ ਅਸੀਂ ਉਹਦੇ ਉੱਪਰ ਖੇਡਣ ਲੱਗ ਪਏ ! ਕੁਦਰਤੀ ਸਾਡੀ ਨਿਗਾਹ ਉੱਪਰ ਨੂੰ ਪਈ ਤੇ ਉੱਥੇ ਇਕ ਬੰਦੇ ਦਾ ਸਿਰ ਲਟਕਿਆ ਹੋਇਆ ਲੱਗਿਆ ! ਮੈ ਜਦੋਂ ਉਹਨੂੰ ਉਂਗਲ ਕਰਕੇ ਉਪਰ ਨੂੰ ਦਿਖਾਇਆ ਤੇ ਪੁਛਿਆ ਔਹ ਕੀ ਹੈ ? ਉਹਨੇ ਵੀ ਉਹੀ ਕਿਹਾ ਕਿ ਬੰਦੇ ਦਾ ਸਿਰ ਹੈ ! ਅਸੀਂ ਦੋਨੋ ਜਣੇ ਚੀਕਾਂ ਮਾਰਦੇ ਪਿੰਡ ਨੂੰ ਭੱਜ ਲਏ ! ਛੱਪੜ ਦੇ ਦੂਜੇ ਪਾਸੇ ਪਿੰਡ ਦੇ ਸਿਵੇ ਸੀ ! ਪਿੰਡ ਜਾ ਕੇ ਦੁਹਾਈ ਚੱਕਤੀ ਕਿ ਪਿੱਪਲ਼ ਨਾਲ ਬੰਦੇ ਦਾ ਸਿਰ ਲਟਕਦਾ ! ਇਕ ਤੋਂ ਦੂਜੇ ਨੂੰ ਸਾਰਾ ਪਿੰਡ ਦੱਸਣ ਲੱਗ ਪਿਆ ਤੇ ਸਾਰੇ ਪਿੰਡ ਦੀਆਂ ਜ਼ਨਾਨੀਆਂ ਬੰਦੇ ਪਿੱਪਲ਼ ਥੱਲੇ ਜਾ ਕੇ ਬੰਦੇ ਦਾ ਸਿਰ ਲੱਭਣ ! ਉੱਥੇ ਕੋਈ ਕਹਿ ਦੇਵੇ ਹੈਗਾ ਕੋਈ ਕਹੇ ਐਵੇਂ ਭਕਾਈ ਮਾਰਦੇ ! ਦੋ ਦਿਨ ਪਿੰਡ ਚ ਏਹੀ ਸ਼ੋਰ ਸ਼ਰਾਬਾ ਚੱਲਦਾ ਰਿਹਾ ! ਦੂਜੇ ਦਿਨ ਮੇਰੀ ਮਾਂ ਨੇ ਮੈਨੂੰ ਬਾਹੋਂ ਫੜਿਆ ਤੇ ਨਾਲ ਲੈ ਕੇ ਤੁਰ ਪਈ ! ਪਿੱਪਲ਼ ਥੱਲੇ ਲਿਜਾ ਕੇ ਖੜਾ ਕਰਤਾ ਕਹਿੰਦੀ ਦਿਖਾ ਕਿੱਥੇ ਹੈ ? ਪਹਿਲਾਂ ਤਾਂ ਮੈਨੂੰ ਚੇਤੇ ਨ ਆਵੇ ਕਿ ਕਿਹੜੇ ਡਾਲੇ ਨਾਲ ਸੀ ਪਰ ਫੇਰ ਪਤਿਆਂ ਵਿਚੀਂ ਲੱਭ ਲੱਭ ਕੇ ਇਕ ਜੋੜ ਵੱਲ ਉੰਗਲ ਕੀਤੀ ਕਿ ਔਹ ਦੇਖ ! ਮਾਂ ਨੇ ਇਕ ਮਾਰੀ ਕਹਿੰਦੀ ਸਾਰੇ ਪਿੰਡ ਨੂੰ ਵਖਤ ਪਾ ਤਾ ਤੂੰ ਤੇ ਤਖਾਣਾਂ ਦੇ ਮੁੰਡੇ ਨੇ ! ਉਹ ਤਾਂ ਡਾਹਣੇ ਦਾ ਜੋੜ ਹੈ ! ਮੈਨੂੰ ਵੀ ਫੇਰ ਉਹ ਸਾਫ਼ ਸਾਫ਼ ਦਿਸਣ ਲੱਗ ਪਿਆ ਕਿ ਇਹ ਤਾਂ ਪਿੱਪਲ਼ ਦੇ ਡਾਹਣੇ ਦੀ ਗੰਢ ਜਹੀ ਹੈ !
ਇਹੋ ਜਹੀਆਂ ਗੱਲਾਂ ਉਦੋਂ ਆਮ ਸੁਣੀਦੀਆਂ ਸੀ ! ਕਦੀ ਧਰਤੀ ਚੋ ਖੂਹ ਪਟਦਿਆਂ ਨੂੰ ਇਕ ਗਿਠਮੁਠੀਆ ਬੰਦਾ ਮਿਲਿਆ ਜੋ ਧਰਤੀ ਦੇ ਥੱਲੇ ਰਹਿੰਦਾ ਹੈ ! ਕਦੀ ਕਿਸੇ ਨੇ ਸ਼ਲੇਡਾ ਦੇਖਿਆ ਤੇ ਉਹ ਕਦੀ ਬੰਦਾ ਬਣ ਜਾਂਦਾ ਸੀ ਕਦੀ ਸੱਪ ਤੇ ਕਦੀ ਸ਼ੇਰ !
ਕਿਸੇ ਨੂੰ ਸਿਵਿਆਂ ਚ ਭੂਤ ਨੱਚਦੇ ਦਿਸ ਪੈਣੇ ਤੇ ਕਦੀ ਕਿਸੇ ਨੂੰ ਅੱਗ ਭੱਜੀ ਜਾਂਦੀ ਦਿਸ ਪੈੰਦੀ ਸੀ !
ਇਹੋ ਜਹੀਆਂ ਗੱਲਾਂ ਗਪੌੜ ਜਾਂ ਝੂਠੀਆਂ ਗੱਲਾਂ ਕਦੀ ਕਦੀ ਪਿੰਡਾਂ ਚ ਆਮ ਸੁਣਦੀਆਂ ਸੀ ! ਜਿਹਦਾ ਨ ਕੋਈ ਧੁਰਾ ਨ ਕੋਈ ਥਾਂ ਤੇ ਨ ਕੋਈ ਪਤਾ ਕਿਹਨੇ ਗੱਲ ਬਣਾ ਕੇ ਅੱਗੇ ਤੋਰ ਦਿੱਤੀ ਹੈ ! ਲੋਕ ਯਕੀਨ ਕਰਕੇ ਡਰਦੇ ਤ੍ਰਾਹ ਤ੍ਰਾਹ ਕਰਨ ਲੱਗ ਪੈਂਦੇ ਸੀ !
ਅੱਜ ਉਹੀ ਲੋਕ ਇਹੋ ਜਹੀਆਂ ਮਨ-ਘੜਤ ਗੱਲਾਂ ਜਾਂ ਖ਼ਬਰਾਂ ਫੇਸਬੁਕ ਤੇ ਇਕ ਦੂਜੇ ਨੂੰ ਦੱਸਣ ਲੱਗੇ ਮਿੰਟ ਨੀ ਲਾਉਂਦੇ ਨ ਪਤਾ ਲਗਦਾ ਕਿ ਕਿਹਨੇ ਗੱਲ ਬਣਾਈ ਹੈ ਤੇ ਇਹਦਾ ਫ਼ਾਇਦਾ ਨੁਕਸਾਨ ਕਿਹਨੂੰ ਹੋ ਰਿਹਾ !
ਫੇਸਬੁਕ ਤੇ ਪਿੱਪਲ਼ ਦੇ ਡਾਹਣੇ ਤੋਂ ਰੋਜ਼ ਬੰਦੇ ਦਾ ਸਿਰ ਵੱਡਿਆ ਦਿਖਾਈ ਦਿੰਦਾ ਹੈ ! ਜੇ ਨਹੀਂ ਯਕੀਨ ਤਾਂ ਤੁਸੀਂ ਕੋਈ ਝੂਠੀ ਖ਼ਬਰ ਦੀ ਪੋਸਟ ਪਾ ਦਿਉ ਤੇ ਉਹ ਅੱਗੇ ਤੋਂ ਅੱਗੇ ਅੱਗ ਲੱਗੀ ਵਾਂਗ ਫੈਲਦੀ ਚਲੀ ਜਾਂਦੀ ਹੈ ! ਫੇਰ ਨ ਕਿਸੇ ਨੂੰ ਪਤਾ ਲਗਦਾ ਕਿ ਕਿਹਨੇ ਇਹ ਸ਼ਰਾਰਤ ਕੀਤੀ ਹੈ ਤੇ ਨ ਹੀ ਕੋਈ ਇਹਨੂੰ ਰੋਕ ਸਕਦਾ ! ਫੇਰ ਫੇਸਬੁਕ ਦਾ ਸਾਰਾ ਪਿੰਡ ਪਿੱਪਲ਼ ਤੇ ਟੰਗੇ ਹੋਏ ਸਿਰ ਨੂੰ ਮੂਰਖਾਂ ਵਾੰਗ ਨਿਆਣਿਆਂ ਤੇ ਯਕੀਨ ਕਰਕੇ ਦੇਖਣ ਲਈ ਇਕ ਦੂਜੇ ਤੋਂ ਮੋਹਰੇ ਹੋ ਤੁਰਦਾ !
ਜੇ ਕੋਈ ਰੋਕਣ ਦੀ ਗੱਲ ਕਰੇ ਜਾਂ ਕੋਈ ਸੱਚ ਦੱਸੇ ਫੇਰ ਉਹਦੀ ਹਾਲਤ ਇਸ ਤਰਾਂ ਦੀ ਹੁੰਦੀ ਹੈ ਜਿਵੇਂ ਖਰਸ ਪਏ ਕੁੱਤੇ ਨੂੰ ਕੋਈ ਲਾਗੇ ਨ ਲੱਗਣ ਦੇਵੇ !
ਹਰ ਗੱਲ ਸੱਚ ਵੀ ਨਹੀਂ ਹੁੰਦੀ ਤੇ ਹਰ ਗੱਲ ਝੂਠ ਵੀ ਨਹੀਂ ਹੁੰਦੀ !
ਇਹ ਸਾਨੂੰ ਖ਼ੁਦ ਨੂੰ ਸੋਚਣਾ ਪੈਣਾ ਕਿ ਅਸੀਂ ਆਪਦੀ ਜਾਂ ਕਿਸੇ ਦੀ ਜ਼ਿੰਦਗੀ ਨ ਤਬਾਹ ਕਰ ਦੇਈਏ ਸਿਰਫ ਆਪਦੇ ਦੋ ਮਿੰਟ ਦੇ ਸ਼ੁਗ਼ਲ ਖਾਤਿਰ !