ਸ਼ਾਮ ਦਾ ਵਕਤ , ਇੰਗਲੈਂਡ ਦੀਆਂ ਠੰਢੀਆਂ ਸ਼ਾਮਾਂ ਚੋ ਇੱਕ ਸ਼ਾਮ । ਕੰਮ ਤੋਂ ਆ ਕੇ ਨਹਾ ਕੇ ਜਸਬੀਰ ਡਿਨਰ ਲਈ ਬੈਠਾ , ਫ਼ੋਨ ਦੀ ਬੈੱਲ ਵੱਜੀ । ਫ਼ੋਨ ਉਠਾਇਆ ਤਾਂ ਆਵਾਜ ਆਈ ,” ਭਾਜੀ ਸਾਸਰੀ ਕਾਲ, ਗੇਜਾ ਬੋਲਦਾਂ ਵੁਲਵਰਹੈਪਟਨ ਤੋਂ , ਪਤਾ ਲੱਗਾ ਭਾਜੀ ਇੰਡੀਆ ਚੱਲੇ, ਮੇਰਾ ਥੋੜਾ ਸਮਾਨ ਈ ਲੈ ਜੋ “ਸੁਣਕੇ ਉਹ ਜ਼ਰਾ ਕੁ ਖਿਝ ਗਿਆ , ਯਾਰ , ਇਹਨਾਂ ਨੂੰ ਪਤਾ ਨਹੀ ਕਿਵੇਂ ਬਾਸ਼ਨਾ ਆ ਜਾਂਦੀ , ਓਥੋਂ ਸਭ ਕੁਝ ਮਿਲਦਾ , ਏਧਰੋਂ ਪੰਡਾਂ ਬੰਨ੍ਹ ਬੰਨ੍ਹ ਭੇਜੀ ਜਾਂਦੇ ਆ, ਅੰਦਰਲੇ ਗ਼ੁੱਸੇ ਨੂੰ ਦਬਾ ਕੇ ਉਹ ਬੋਲਿਆ,”ਗੇਜੇ ਮੈ ਸਮਾਨ ਪੈਕ ਕਰਕੇ ਤੋਲ ਲਵਾਂ , ਫਿਰ ਫ਼ੋਨ ਕਰਦਾਂ ਤੈਨੂੰ ਜੇ ਗੁੰਜਾਇਸ਼ ਹੋਈ ਤੇ“ ਗੇਜੇ ਤਰਲਾ ਮਾਰਿਆ ,”ਭਾਜੀ , ਮੇਰੇ ਕੋਲ ਸਿਰਫ ਡੇਢ ਕੁ ਕਿੱਲੋ ਭਾਰ ਏ, ਤੇ ਮਾਤਾ ਵਾਸਤੇ ਬੀ ਪੀ ਚੈੱਕ ਕਰਨ ਦੀ ਮਸ਼ੀਨ , ਬੜੀ ਮਿਹਰਬਾਨੀ ਹੋਊਗੀ ਜੇ ਪਹੁੰਚਾ ਦਿਓ ਤਾਂ,”ਮਾਂ ਦੇ ਨਾਮ ਤੋ ਉਹ ਝੇਂਪ ਗਿਆ , ਮਾਂ ਦਾ ਵਰ੍ਹੀਣਾ ਕਰਨ ਈ ਤਾਂ ਚੱਲਿਆਂ ਸੀ ਉਹ ਪੰਜਾਬ ।ਅਨਮਨੇ ਜਿਹੇ ਮਨ ਨਾਲ ਹਾਂ ਕਰ ਦਿੱਤੀ ਕਿ ਭਾਰ ਇਸ ਤੋ ਵੱਧ ਨਾ ਹੋਵੇ ।ਅਗਲੇ ਦਿਨ ਗੇਜਾ ਸ਼ਾਮ ਨੂੰ ਸਮਾਨ ਲੈ ਕੇ ਆ ਗਿਆ , ਪਿਤਾ ਲਈ ਇੱਕ ਜੈਕਟ ਤੇ ਮਾ ਲਈ ਕੋਟੀ , ਮਸ਼ੀਨ ਤੇ ਹੋਰ ਨਿੱਕੜ ਸੁੱਕੜ । ਉਹਨੇ ਸਮਾਨ ਲੈ ਲਿਆ , ਅਗਲੇ ਦਿਨ ਸਵੱਖਤੇ ਫਲਾਈਟ ਲੈ ਕੇ ਉਹ ਇੰਡੀਆ ਚਲਾ ਗਿਆ। ਸਫਰ ਦੀ ਥਕਾਵਟ ਉਤਾਰੀ ਤੇ ਮਾਂ ਦੇ ਵਰ੍ਹੀਣੇ ਦਾ ਪਾਠ ਕਰਵਾਇਆਂ । ਕਰੀਬ ਦਸ ਦਿਨ ਬੀਤ ਗਏ ।ਫਿਰ ਅਚਾਨਕ ਇੱਕ ਦਿਨ ਗੇਜੇ ਦੀ ਵਟਸਐਪ ਕਾਲ ਆਈ,” ਭਾਜੀ , ਵੀਰ ਬਣ ਕੇ ਇੱਕ ਕੰਮ ਈ ਕਰਦੇ ਮੇਰਾ”ਹੁਣ ਉਹ ਖਿਝ ਗਿਆ ਜ਼ਰਾ ਕੁ, “ ਹੁਣ ਹੋਰ ਕੀ ਕੰਮ ਏ ਯਾਰ, ਸਮਾਨ ਲੈ ਤਾ ਆਇਆਂ, ਘਰਦਿਆਂ ਨੂੰ ਮੇਰਾ ਅਡਰੈੱਸ ਦੇ ਦੇ , ਸਮਾਨ ਲੈ ਜਾਣ ਆ ਕੇ “ ਗੇਜਾ ਮਿੰਨਤ ਕਰਨ ਲੱਗਾ ,”ਭਾਜੀ, ਸਮਾਨ ਘਰ ਪਹੁੰਚਾ ਦਿਓ ਜਾਂ ਬੰਦਾ ਭੇਜ ਦਿਓ , ਮੈ ਖਰਚ ਦੇ ਦੂੰ ਜਾਣ ਆਉਣ ਦਾ , ਮਾਂ ਪਿਓ ਬਜ਼ੁਰਗ ਨੇ ਤੇ ਭਰਾ ਨਸ਼ਿਆਂ ਚ ਪਿਆ ਏ, ਜੇ ਉਹਨੂੰ ਘੱਲਿਆ ਤਾਂ ਸਮਾਨ ਰਾਹ ਚ ਵੇਚ ਕੇ ਖਾ ਜੂ’‘ਪਰ ਆਹ ਗੱਲ ਤੇ ਗੇਜਿਆ ਤੂੰ ਓਦਣ ਨਹੀ ਦੱਸੀ ਕਿ ਤੇਰੇ ਪਿੰਡ ਵੀ ਜਾਣਾ ਪਊ, ਹੱਦ ਕਰਦਾਂ ਯਾਰ ਤੂੰ ਵੀ , ਖ਼ੈਰ , ਅਡਰੈੱਸ ਭੇਜ , ਕਰਦਾਂ ਕੁਝ ਨਾ ਕੁਝ ‘ਤੇ ਉਹ ਮੂੰਹ ਚ ਬੜਬੜਾਉਂਦਾ ਰਿਹਾ ਕਿੰਨਾ ਚਿਰ।ਗੇਜਾ ਬਿਨਾ ਪੇਪਰਾਂ ਤੋ ਇੰਗਲੈਂਡ ਰਹਿ ਰਿਹਾ ਏ ਕਰੀਬ ਪੰਦਰਾਂ ਸਾਲਾਂ ਤੋਂ, ਮਾਂ ਬਾਪ ਦੀ ਗੈਰ ਹਾਜ਼ਰੀ ਵਿੱਚ ਈ ਇੰਗਲੈਂਡ ਵਿਆਹ ਵੀ ਕਰਵਾ ਲਿਆ ਏ, ਦੋ ਬੱਚੇ ਵੀ ਹੋ ਗਏ ਨੇ ,ਪਰ ਪੱਕੇ ਹੋਣ ਦੀ ਵਾਰੀ ਨਹੀ ਆ ਰਹੀ । ਗੇਜੇ ਅਡਰੈੱਸ ਘੱਲਿਆ, ਬਿਲਕੁਲ ਬਾਡਰ ਤੇ ਸੀ ਪਿੰਡ ਓਹਦਾ , ਅਟਾਰੀ ਲਾਗੇ, ਜਿੱਥੇ ਲੋਕ ਰਿਟਰੀਟ ਵੇਖਣ ਜਾਂਦੇ ਆ। ਉਹਨੇ ਸੋਚਿਆ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਆਵੇਗਾ ਤੇ ਨਾਲ ਸਮਾਨ ਦੇ ਆਊਂਗਾ ਗੇਜੇ ਦੇ ਪਿੰਡ ।ਦੋ ਕੁ ਦਿਨਾਂ ਦੇ ਵਕਫ਼ੇ ਬਾਅਦ ਉਹਨੇ ਪ੍ਰੋਗਰਾਮ ਬਣਾ ਲਿਆ ਤੇ ਗੇਜੇ ਕੇ ਘਰੇ ਵੀ ਫ਼ੋਨ ਲਾ ਕੇ ਦੱਸ ਦਿੱਤਾ ਆਉਣ ਦਾ ਕਿ ਕੱਲ੍ਹ ਨੂੰ ਆ ਰਿਹਾਂ ਦਸ ਗਿਆਰਾਂ ਕੁ ਵਜੇ ਨਾਲ। ਜਲੰਧਰ ਤੋਂ ਸਵੱਖਤੇ ਤੁਰ ਪਹਿਲਾਂ ਹਰਿਮੰਦਰ ਸਾਹਿਬ ਪਹੁੰਚਾ , ਇਸ਼ਨਾਨ ਕੀਤਾ , ਪਰ ਜਦ ਭੀੜ ਵੇਖੀ ਤਾਂ ਅੰਦਰ ਮੱਥਾ ਟੇਕਣ ਦਾ ਵਿਚਾਰ ਛੱਡ ਦਿੱਤਾ, ਬਰੀਕ ਜਿਹੀ ਸੋਚ ਆ ਗਈ ਕਿ ਗੇਜੇ ਦੇ ਪਿੰਡ ਨਾ ਜਾਣਾ ਹੁੰਦਾ ਤਾਂ ਘੰਟਾ ਕੁ ਲਾਈਨ ਚ ਲੱਗ ਮੱਥਾ ਵੀ ਟੇਕ ਆਉਂਦਾ , ਮਨ ਮਸੋਸ ਕੇ ਬਾਹਰੋਂ ਦਰਸ਼ਨੀ ਡਿਉੜੀ ਤੋ ਈ ਮੱਥਾ ਟੇਕਿਆ ਤੇ ਬਾਹਰ ਨਿਕਲ ਆਇਆ ਘੰਟਾ ਘਰ ਵਾਲੇ ਪਾਸਿਓਂ।ਕਰੀਬ ਗਿਆਰਾਂ ਕੁ ਵਜੇ ਉਹ ਗੇਜੇ ਘਰ ਜਾ ਪਹੁੰਚਿਆ । ਪਿੰਡੋਂ ਬਾਹਰਵਾਰ ਸੋਹਣੀ ਕੋਠੀ ਪਾ ਕੇ ਗੇਟ ਲਵਾਇਆ ਹੋਇਆਂ ਸੀ ਨਵੇਂ ਡਿਜ਼ਾਈਨ ਦਾ । ਜਦ ਹਾਰਨ ਮਾਰਿਆ ਤਾਂ ਗੇਜੇ ਦੀ ਭਰਜਾਈ ਨੇ ਗੇਟ ਖੋਲ੍ਹਿਆ ਤੇ ਜ਼ਰਾ ਰੁਕਣ ਲਈ ਕਿਹਾ , ਅੰਦਰ ਆਉਣ ਤੋ ਪਹਿਲਾਂ ਤੇਲ ਚੁਆਉਣਾ ਸੀ ਗੇਜੇ ਦੀ ਮਾਤਾ ਨੇ । ਕਾਰ ਅੰਦਰ ਕਰ ਜਦ ਉਹ ਕਾਰ ਤੋ ਬਾਹਰ ਨਿਕਲਿਆ ਤਾਂ ਗੇਜੇ ਦੀ ਮਾਤਾ ਨੇ ਉਹਨੂੰ ਕਲਾਵੇ ਚ ਲੈ ਲਿਆ, ਮੱਥਾ ਚੁੰਮਿਆਂ , ਜਦ ਡਿੱਘੀ ਚੋਂ ਸਮਾਨ ਕੱਢ ਕੇ ਮਾਤਾ ਨੂੰ ਫੜਾਇਆ ਤਾਂ ਨੈਣ ਕਟੋਰੇ ਭਰ ਆਏ । ਪੁੱਛਿਆ, ਮੇਰੇ ਪੁੱਤ ਦੇ ਹੱਥ ਲੱਗੇ ਨੇ ਨਾ ਇਸ ਸਮਾਨ ਨੂੰ ? ਜਦ ਉਹਨੇ ਦੱਸਿਆ ਕਿ ਗੇਜੇ ਤੋ ਇਲਾਵਾ ਉਹਦੇ ਨੂੰਹ ਪੋਤਰਿਆਂ ਦੇ ਵੀ ਹੱਥ ਲੱਗੇ ਹੋਏ ਨੇ ਤਾਂ ਮਾਂ ਪਿੱਘਲ ਗਈ ,ਵਿਹੜੇ ਚ ਪਏ ਮੰਜੇ ਤੇ ਸਮਾਨ ਖਿਲਾਰ ਹੱਥਾਂ ਨਾਲ ਛੋਹ ਕੇ ਵੇਖਣ ਲੱਗ ਪਈ , ਪਰਲ ਪਰਲ ਹੰਝੂ ਵਹਿ ਤੁਰੇ ਆਪ ਮੁਹਾਰੇ ਪੁੱਤ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ । ਫਿਰ ਕੁਝ ਚਿਰ ਬਾਅਦ ਜਰਾ ਸਹਿਜ ਹੋ ਕੇ ਆਪ ਈ ਬੋਲਣ ਲੱਗ ਪਈ , “ ਵੀਹਾਂ ਕੁ ਵਰ੍ਹਿਆਂ ਦਾ ਸੀ ਗੇਜਾ , ਜਦੋਂ ਦਾ ਪਰਦੇਸੀ ਹੋ ਗਿਆ, ਮਾੜੀ ਮਾੜੀ ਲੂੰ ਫੁੱਟਦੀ ਸੀ ਮੇਰੇ ਪੁੱਤ ਦੇ ਹਾਲੇ ।ਲੋਹੜੇ ਦੀ ਕਮਾਈ ਕੀਤੀ, ਜ਼ਮੀਨ ਬਣਾਈ ਮੇਰੇ ਪੁੱਤ ਦੇ ਸਿਰੋਂ ਅਸਾਂ, ਟਰੈਗਟ, ਟਰਾਲੀ , ਸਾਰੇ ਸੰਦ ਖਰੀਦ ਕੇ ਦਿੱਤੇ ਗੇਜੇ ਨੇ । ਕੋਠੀ ਖੜੀ ਕੀਤੀ ਆਹ । ਨਿੱਕੇ ਭੈਣ ਭਰਾ ਦਾ ਵਿਆਹ ਕੀਤਾ ।ਸਾਰਾ ਟੱਬਰ ਐਸ਼ਾਂ ਕਰਦਾ ਉਹਦੇ ਸਿਰ ਤੇ ।ਪਰ ਮੇਰੀਆਂ ਆਂਦਰਾਂ ਨੂੰ ਚੈਨ ਨਹੀਂ ਆਉਂਦਾ । ਖੌਰੇ ਕਦੋਂ ਪੈਰ ਪਾਊਗਾ ਮੇਰਾ ਲਾਲ ਆਪਣੇ ਘਰੇ , ਉਹੀ ਦਿਨ ਕਰਮਾਂ ਵਾਲਾ ਹੋਊ ” ਮਾਂ ਹੱਥ ਜੋੜ ਕੇ ਉਤਾਂਹ ਨੂੰ ਵੇਖ ਰਹੀ ਸੀ ਡੱਬ ਡਬਾਈਆਂ ਅੱਖਾਂ ਨਾਲ । ਜਸਬੀਰ ਨੇ ਉੱਠ ਕੇ ਗੇਜੇ ਦੀ ਅੰਮਾਂ ਨੂੰ ਹੌਸਲਾ ਦਿੱਤਾ, “ ਬੀਜੀ ਹੌਸਲਾ ਰੱਖੋ , ਸਾਲ ਖੰਡ ਤੱਕ ਪੇਪਰ ਬਣ ਜਾਣੇ ਆਂ, ਫਿਰ ਰੱਜ ਰੱਜ ਮਿਲਿਓ ਆਪਣੇ ਪੁੱਤ ਪੋਤਰਿਆਂ ਨੂੰ “ਗੇਜੇ ਦੀ ਭਰਜਾਈ ਪਾਣੀ ਦਾ ਗਲਾਸ ਲੈ ਕੇ ਆਈ ਆਪਣੀ ਸੱਸ ਲਈ, ਨੇਕ ਕੁੜੀ ਜਾਪੀ ਜਸਬੀਰ ਨੂੰ ਉਹ । ‘ਵੇ ਤੇਰੇ ਮੂੰਹ ਚ ਘਿਓ ਸ਼ੱਕਰ ਮਾਂ ਦਿਆ ਸੋਹਣਿਆਂ ਪੁੱਤਾ, ਤੇਰੀ ਜ਼ਬਾਨ ਸੁਲੱਖਣੀ ਹੋਵੇ ‘ ਮਾਂ ਨੇ ਅਸੀਸਾਂ ਦੀ ਝੜੀ ਲਾ ਦਿੱਤੀ । ਜਸਬੀਰ ਨੇ ਚਾਹ ਪੀ ਕੇ ਵਾਪਸ ਜਾਣ ਦੀ ਇਜਾਜ਼ਤ ਮੰਗੀ ਤਾਂ ਮਾਂ ਨੇ ਤਰਲਾ ਮਾਰਿਆ, “ ਮੇਰਾ ਬੀਬਾ ਪੁੱਤ , ਰੋਟੀ ਖਾ ਕੇ ਜਾਹ, ਤਿਆਰ ਕੀਤੀ ਹੋਈ ਆ”ਨਾਂਹ ਹੋ ਈ ਨਾ ਸਕੀ , ਰੋਟੀ ਖਾ ਕੇ ਜਦ ਤੁਰਨ ਲਈ ਕਾਰ ਵਿੱਚ ਬੈਠਣ ਲੱਗਾ ਤਾਂ ਮਾਂ ਨੇ ਕਲਾਵੇ ਚ ਲੈ ਲਿਆ ,ਬਦੋ ਬਦੀ ਗਿਆਰਾਂ ਸੌ ਰੁਪਈਆ ਜੇਬ ਚ ਪਾ ਦਿੱਤਾ , ਨਾਲ ਇੱਕ ਪੱਗ ਬੜੇ ਸੋਹਣੇ ਜਿਹੇ ਰੰਗ ਦੀ ,ਲਿਫ਼ਾਫ਼ੇ ਚ ਪਾ ਕੇ ਹੱਥ ਚ ਫੜਾ ਦਿੱਤੀ । ਜਸਬੀਰ ਨੇ ਵੀ ਅੰਮਾਂ ਨੂੰ ਗਲ਼ ਨਾਲ ਲਾ ਲਿਆ ਆਪਣੀ ਸਕੀ ਮਾਂ ਵਾਂਗਰਾਂ ਤੇ ਕਿਹਾ ਕਿ ਹੌਸਲਾ ਰੱਖੋ ਬੀਜੀ, ਜਦੋਂ ਗੇਜਾ ਆਇਆ ਨਾ ਪੱਕਾ ਹੋ ਕੇ,ਮੈ ਵੀ ਆਵਾਂਗਾ ਉਹਦੇ ਨਾਲ ਦੁਬਾਰਾ ਤੁਹਾਡੇ ਘਰੇ ਫਿਰ ।ਅੰਮਾਂ ਨੇ ਮੱਥਾ ਚੁੰਮਿਆ ਜਸਬੀਰ ਦਾ । ਅਸੀਸਾਂ ਦਿੱਤੀਆਂ ਤੇ ਪਹੁੰਚ ਕੇ ਫ਼ੋਨ ਕਰਨ ਦੀ ਤਾਕੀਦ ਕੀਤੀ ।ਹੁਣ ਕਾਰ ਜਲੰਧਰ ਵੱਲ ਨੂੰ ਤੁਰ ਪਈ , ਜਸਬੀਰ ਨੂੰ ਜਾਪਿਆ ਜਿਵੇ ਉਹਨੇ ਤੀਰਥ ਯਾਤਰਾ ਪੂਰੀ ਕਰ ਲਈ ਹੋਵੇ, ਮੱਥਾ ਨਾ ਟੇਕ ਸਕਣ ਦਾ ਮਲਾਲ ਕਫੂਰ ਹੋ ਗਿਆ , ਜਾਪਿਆ ਗੇਜੇ ਦੀ ਮਾਂ ਦੀਆ ਅਸੀਸਾਂ ਨੇ ਇਹ ਘਾਟ ਪੂਰੀ ਕਰਕੇ ਨਾਲ ਸਿਰੋਪਾ ਵੀ ਦੇ ਦਿੱਤਾ ਹੋਵੇ । ਤੇ ਇੱਕ ਗੱਲ ਹੋਰ , ਗੱਲ ਸਮਾਨ ਦੀ ਕੀਮਤ ਦੀ ਨਹੀ ਹੁੰਦੀ , ਕੱਪੜਿਆਂ ਦੀ ਨਹੀ ਹੁੰਦੀ , ਉਸ ਵਿੱਚ ਲਿਪਟੇ ਜਜਬਾਤਾਂ ਦੀ ਹੁੰਦੀ ਏ, ਅਦਿੱਖ ਛੋਹਾਂ ਨੂੰ ਮਹਿਸੂਸ ਕਰਨ ਦੀ ਵੀ ਹੁੰਦੀ ਏ , , ਜੋ ਦਿਖਾਈ ਤਾ ਨਹੀ ਦਿੰਦੀਆਂ ਪਰ ਹਿਰਦਿਆਂ ਦੀ ਰਬਾਬ ਜ਼ਰੂਰ ਛੇੜ ਦਿੰਦੀਆਂ ਨੇ , ਜੋ ਬਾਹਰ ਤਾਂ ਨਹੀ ਸੁਣਦੀ , ਪਰ ਅੰਦਰੇ ਅੰਦਰ ਮੰਤਰ ਮੁਗਧ ਕਰ ਦੇਂਦੀ ਏ ਇਨਸਾਨਾਂ ਨੂੰ।
punjabi storiesemotional
ਪਿੰਜਰਾ
ਨੱਬੇ-ਕਾਨਵੇਂ ਦੀ ਗੱਲ ਏ…ਮੈਨੂੰ ਉੱਡਦੇ ਪੰਛੀ ਫੜਨ ਦਾ ਵੱਡਾ ਜਨੂਨ ਹੁੰਦਾ ਸੀ…
ਇੱਕ ਵਾਰ ਉਚੇ ਰੁੱਖ ਦੀ ਖੁੱਡ ਵਿਚੋਂ ਗਾਨੀ ਵਾਲਾ ਤੋਤਾ ਫੜ ਪਿੰਜਰੇ ਵਿਚ ਡੱਕ ਦਿੱਤਾ..!
ਵੇਹੜੇ ਬੈਠੀ ਦਾਦੀ ਨੇ ਬਥੇਰੇ ਵਾਸਤੇ ਪਾਏ ਕੇ ਬੇਜ਼ੁਬਾਨ ਤੇ ਜ਼ੁਲਮ ਨਾ ਕਰ…ਪਰ ਕੋਈ ਅਸਰ ਨਾ ਹੋਇਆ…!
ਓਹਨੀ ਦਿੰਨੀ ਗਿਆਰਵੀਂ ਵਿਚ ਦਾਖਲੇ ਲਈ ਬਟਾਲੇ ਆਉਂਦਿਆਂ ਆਲੀਵਾਲ ਦੀ ਨਹਿਰ ਤੇ ਲੱਗੇ ਨਾਕੇ ਤੇ ਸਾਨੂੰ ਬੱਸੋਂ ਹੇਠਾਂ ਲਾਹ ਲਿਆ..
ਲਾਈਨ ਬਣਾ ਕੇ ਇੱਕ ਕਾਲੇ ਸ਼ੀਸ਼ਿਆਂ ਵਾਲੀ ਜਿਪਸੀ ਮੂਹਰਿਓਂ ਲੰਘਾਇਆ ਗਿਆ…ਅੰਦਰੋਂ ਕਿਸੇ ਦੇ ਇਸ਼ਾਰੇ ਤੇ ਮੈਨੂੰ ਬਾਕੀਆਂ ਨਾਲੋਂ ਅੱਡ ਕਰ ਬਟਾਲੇ ਦੀ ਬੀਕੋ ਪੁੱਛਗਿੱਛ ਕੇਂਦਰ ਲਿਆ ਡੱਕਿਆ…
ਕੁਝ ਘੰਟਿਆਂ ਬਾਅਦ ਇੱਕ ਵੱਡੇ ਥਾਣੇਦਾਰ ਨੇ ਕੋਲ ਕੁਰਸੀ ਡਾਹ ਲਈ ਤੇ ਪੁੱਛਣ ਲੱਗਾ “ਮੁੰਡੇ ਜਿਹੜੇ ਹਥਿਆਰ ਤੇ ਪੈਸਿਆਂ ਵਾਲੀ ਬੋਰੀ ਰੱਖ ਗਏ ਨੇ ਉਹ ਕਿਥੇ ਲੁਕਾਏ?
ਜਦੋਂ ਮੈਂ ਅਗਿਆਨਤਾ ਦਰਸਾਈ ਤਾਂ ਉਸਨੇ ਗਾਹਲ ਕੱਢਦੇ ਹੋਏ ਨੇ ਡਾਂਗ ਮੇਰੀ ਕੂਹਣੀ ਤੇ ਲਿਆ ਮਾਰੀ..ਮੇਰੀ ਬਾਂਹ ਸੁੰਨ ਹੋ ਗਈ ਤੇ ਮੇਰਾ ਰੋਣ ਨਿੱਕਲ ਗਿਆ..ਹੌਲਦਾਰ ਆਖਣ ਲੱਗਾ ਕੇ ਰੋਣ ਦਾ ਕੋਈ ਫਾਇਦਾ ਨਹੀਂ ਸਚੋਂ ਸੱਚ ਦੱਸ ਦੇ..ਖਹਿੜਾ ਛੁੱਟ ਜਾਵੇਗਾ..!
ਰਾਤ ਨੂੰ ਇੱਕ ਮੋਟੇ ਸਾਰੇ ਜਗਦੇ ਬੱਲਬ ਥੱਲੇ ਬੋ ਮਾਰਦਾ ਕੰਬਲ ਅਤੇ ਪਾਣੀ ਦਾ ਇੱਕ ਗਿਲਾਸ…ਮੈਨੂੰ ਉੱਕਾ ਨੀਂਦ ਨਹੀਂ ਆਈ…!
ਫੇਰ ਤੜਕੇ ਪੁੱਛਗਿੱਛ ਲਈ ਇੱਕ ਵੱਖਰੀ ਜਿਹੀ ਥਾਂ ਲੈ ਗਏ..ਇਸ ਵਾਰ ਚੇਹਰੇ ਹੋਰ ਸਨ ਪਰ ਸੁਆਲ ਓਹੀ…ਤੇ ਮੇਰੇ ਜੁਆਬ ਵੀ ਓਹੀ..!
ਇਸ ਵਾਰ ਓਹਨਾ ਇਸ਼ਾਰਿਆਂ ਚ ਗੱਲਬਾਤ ਕੀਤੀ ਤੇ ਮੈਨੂੰ ਪਟੇ ਤੇ ਲੰਮਾ ਪਾ ਲਿਆ…ਫੇਰ ਜੋ ਹੋਇਆ ਸ਼ਾਇਦ ਸ਼ਬਦਾਂ ਵਿਚ ਬਿਆਨ ਨਾ ਕਰ ਸਕਾਂ..!
ਅੱਧਮੋਏ ਹੋਏ ਨੂੰ ਜਦੋਂ ਹੋਸ਼ ਆਈ ਤਾਂ ਓਹੀ ਹਵਾਲਦਾਰ ਮੂੰਹ ਵਿਚ ਪਾਣੀ ਪਾ ਰਿਹਾ ਸੀ….ਫੇਰ ਇਹ ਸਿਲਸਿਲਾ ਕਿੰਨੇ ਦਿਨ ਹੋਰ ਚੱਲਦਾ ਰਿਹਾ…ਮੈਨੂੰ ਉਸ ਮਾਹੌਲ ਦੀ ਆਦਤ ਜਿਹੀ ਪੈ ਗਈ..!
ਮੈਨੂੰ ਮੇਰੀ ਮਾਂ ਅਤੇ ਘਰ ਦਾ ਵੇਹੜਾ ਬੜਾ ਚੇਤੇ ਆਇਆ ਕਰਦਾ..ਸੋਚਿਆ ਕਰਦਾ ਕੇ ਪਤਾ ਨਹੀਂ ਇਥੋਂ ਬਾਹਰ ਨਿੱਕਲ ਵੀ ਸਕਾਂਗਾ ਕੇ ਨਹੀਂ…!
ਫੇਰ ਇੱਕ ਦਿਨ ਓਸੇ ਹਵਾਲਦਾਰ ਨੇ ਆਸਰਾ ਦੇ ਕੇ ਮੈਨੂੰ ਇਸ਼ਨਾਨ ਕਰਵਾਇਆ..ਸਿਰ ਤੇ ਕੇਸਰੀ ਦਸਤਾਰ ਸਜਾਈ…ਚਿੱਟਾ ਕੁੜਤਾ ਪਜਾਮਾ ਅਤੇ ਫੇਰ ਰੱਜ ਕੇ ਰੋਟੀ..!
ਫੇਰ ਆਥਣ ਵੇਲੇ ਓਹਲੇ ਜਿਹੇ ਨਾਲ ਆਖਣ ਲੱਗਾ ਕੇ ਮਿੱਤਰਾ ਜੇ ਤੇਰੀ ਕਿਸਮਤ ਹੋਈ ਤੇ ਬਚ ਜਾਵੇਂਗਾ ਨਹੀਂ ਤਾਂ ਸਾਡਾ ਮਹਿਕਮਾ ਸਬੂਤ ਨਹੀਂ ਛੱਡਦਾ…ਇਥੇ ਜਿਉਂਦਾ ਲੱਖ ਦਾ ਤੇ ਮੋਇਆ ਡੇਢ ਲੱਖ ਦਾ !
ਮੈਨੂੰ ਗੱਲ ਦੀ ਉੱਕੀ ਸਮਝ ਨਹੀਂ ਆਈ ਪਰ ਲੱਗਣ ਲੱਗਾ ਕੇ ਅੱਜ ਕੁਝ ਵੱਖਰਾ ਹੋਣ ਜਾ ਰਿਹਾ ਏ..
ਫੇਰ ਅਚਾਨਕ ਇੱਕ ਕਰਾਮਾਤ ਹੋਈ…ਐਨ ਮੌਕੇ ਤੇ ਸਿਆਸੀ ਦਬਾਅ ਪੁਆ ਕੇ ਮੈਨੂੰ ਪੂਰੇ ਦਸਾਂ ਦਿੰਨਾ ਮਗਰੋਂ ਰਿਹਾ ਕਰਵਾ ਕੇ ਘਰੇ ਲੈ ਆਂਦਾ ਗਿਆ…
ਮੈਂ ਟਰਾਲੀ ਤੋਂ ਉੱਤਰ ਸਭ ਤੋਂ ਪਹਿਲਾਂ ਭੱਜ ਕੇ ਜਾ ਵੇਹੜੇ ਵਿਚ ਲਮਕਦੇ ਹੋਏ ਪੰਜਰੇ ਵਿਚੋਂ ਗਾਨੀ ਵਾਲਾ ਤੋਤਾ ਰਿਹਾ ਕੀਤਾ..ਫੇਰ ਉਸਨੂੰ ਖੁੱਲੇ ਆਸਮਾਨ ਚੁਗੀਆਂ ਭਰਦੇ ਨੂੰ ਹੋਏ ਨੂੰ ਦੇਖ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਮੇਰੇ ਜਿਸਮ ਤੇ ਪਾਏ ਹੋਏ ਡੂੰਘੇ ਜਖਮਾਂ ਤੇ ਮਰਹਮ ਪੱਟੀ ਕਰ ਰਿਹਾ ਹੋਵੇ!
ਨਿੱਕੇ ਹੁੰਦਿਆਂ ਇੱਕ ਵਾਰ ਚੈਕ ਜਮਾ ਕਰਾਉਣ ਬੈਂਕ ਗਿਆ..
ਬਾਹਰ ਆਇਆ ਤੇ ਦੇਖਿਆ ਸਾਈਕਲ ਚੁੱਕਿਆ ਜਾ ਚੁੱਕਾ ਸੀ..ਘਰੋਂ ਬੜੀਆਂ ਝਿੜਕਾਂ ਪਈਆਂ..
ਚੋਰ ਤੇ ਬੜਾ ਗੁੱਸਾ ਆਈ ਜਾਵੇ..ਅਗਲੇ ਦਿਨ ਰਲ ਸਕੀਮ ਲੜਾਈ…ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਦਿੱਤਾ ਅਤੇ ਆਪ ਸਾਮਣੇ ਦੁਕਾਨ ਵਿਚ ਬਹਿ ਗਏ!
ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..ਦੋ ਕੂ ਗੇੜੇ ਜਿਹੇ ਦੇ ਸਾਈਕਲ ਸਟੈਂਡ ਤੋਂ ਲਾਹ ਕੇ ਤੁਰਨ ਹੀ ਲੱਗਾ ਸੀ ਕੇ ਅਸੀਂ ਸਾਰੇ ਭੱਜ ਕੇ ਦੁਆਲੇ ਹੋ ਗਏ ਤੇ ਕੁੱਟਦੇ-ਕੁਟਾਉਂਦੇ ਬਟਾਲੇ ਰੇਲਵੇ ਸਟੇਸ਼ਨ ਦੀ ਪੁਲਸ ਚੋਂਕੀ ਲੈ ਆਏ…
ਆਖਣ ਲੱਗਾ ਕੇ ਰੱਬ ਦੀ ਸੌਂਹ ਕੱਲ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਫੜਿਆ ਗਿਆ ਹਾਂ..ਪਿਓ ਮਰ ਗਿਆ ਤੇ ਮਾਂ ਦਮੇਂ ਦੀ ਮਾਰੀ ਮੰਜੇ ਤੇ ਹੀ ਰਹਿੰਦੀ ਏ..ਤਿੰਨ ਛੋਟੇ ਭੈਣ ਭਾਈਆਂ ਦੀ ਜੁਮੇਵਾਰੀ ਤੇ ਉੱਤੋਂ 3 ਮਹੀਨੇ ਦਾ ਕਿਰਾਇਆ ਬਕਾਇਆ ਏ..
ਉਸਦੀ ਇਸ ਫਿਲਮੀਂ ਜਿਹੀ ਲੱਗਦੀ ਕਹਾਣੀ ਤੇ ਕੋਈ ਇਤਬਾਰ ਨਾ ਕਰੇ…ਸਗੋਂ ਜਿਹੜਾ ਆਵੇ ਦੋ ਚਪੇੜਾ ਮਾਰ ਇਹ ਆਖ ਤੁਰਦਾ ਬਣੇ ਕੇ ਪਰਚਾ ਕਰਾ ਕੇ ਅੰਦਰ ਕਰਾਓ ਜੀ….ਪੱਕਾ ਚੋਰ ਏ..
ਪਰ ਪਿਤਾ ਜੀ ਆਖਣ ਲੱਗੇ ਕੇ ਜਰੂਰੀ ਨਹੀਂ ਕੇ ਝੂਠ ਹੀ ਬੋਲਦਾ ਹੋਵੇ..ਜੋ ਆਖਦਾ ਸੱਚ ਵੀ ਹੋ ਸਕਦਾ ਏ…ਇੱਕ ਮੌਕਾ ਤੇ ਮਿਲਣਾ ਹੀ ਚਾਹੀਦਾ ਹੈ
ਫੇਰ ਉਸਨੂੰ ਆਖਣ ਲੱਗੇ ਕੇ ਕੱਲ ਚੋਰੀ ਕੀਤਾ ਮੋੜ ਜਾ…ਪੁਲਸ ਤੋਂ ਬਚਾਉਣਾ ਮੇਰਾ ਕੰਮ ਏ..
ਅਗਲੇ ਦਿਨ ਸਾਈਕਲ ਮੋੜਨ ਬਿਮਾਰ ਮਾਂ ਵੀ ਨਾਲ ਆਈ..ਹਰੇਕ ਅੱਗੇ ਹੱਥ ਹੀ ਜੋੜੀ ਜਾਵੇ ਤੇ ਫੇਰ ਪਿਤਾ ਜੀ ਦੇ ਪੈਰੀ ਪੈਣ ਲੱਗੀ ਤਾਂ ਉਹ ਥੋੜਾ ਲਾਂਹਬੇ ਜਿਹੇ ਨੂੰ ਹੋ ਗਏ…
ਇਸ ਸਾਰੇ ਵਰਤਾਰੇ ਤੋਂ ਘਰ ਦੇ ਹਾਲਾਤਾਂ ਦਾ ਅੰਦਾਜਾ ਲੱਗ ਗਿਆ..ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਲਾਗੇ ਹੀ ਇੱਕ ਫੈਕ੍ਟ੍ਰੀ ਵਿਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ..
ਇਸ ਘਟਨਾ ਤੋਂ ਕਾਫੀ ਅਰਸੇ ਬਾਅਦ 2015 ਵਿਚ ਪਿਤਾ ਜੀ ਚੜਾਈ ਕਰ ਗਏ…ਮੈਂ ਪੰਜਾਬ ਪਹੁੰਚਿਆ….ਫੇਰ ਸੰਸਕਾਰ ਮਗਰੋਂ ਅੰਤਿਮ ਅਰਦਾਸ ਵੀ ਹੋ ਗਈ ਤੇ ਗੋਇੰਦਵਾਲ ਸਾਬ ਫੁਲ ਵੀ ਤਾਰੇ ਗਏ…!
ਇੱਕ ਦਿਨ ਘਰੇ ਬੈਠਿਆ ਬਾਹਰ ਬੈੱਲ ਵੱਜੀ..ਦੋ ਪੁਲਸ ਵਾਲੇ ਖਲੋਤੇ ਸੀ…
ਅੰਦਾਜਾ ਲਾ ਲਿਆ ਕੇ ਕਿਰਾਏ ਦੇ ਘਰ ਤੇ ਕਾਬਜ ਮੱਕਾਰ ਕਿਰਾਏਦਾਰ ਦੀ ਹੀ ਕੋਈ ਚਾਲ ਹੋਣੀ ਹੈ
ਬੂਹਾ ਖੋਲਿਆ ਤਾਂ ਪੱਗ ਬਨੀਂ ਇੱਕ ਹੌਲਦਾਰ ਅੰਦਰ ਲੰਘ ਆਇਆ ਤੇ ਆਖਣ ਲੱਗਾ ਕੇ ਲੱਗਦਾ ਪਛਾਣਿਆਂ ਨਹੀਂ ਮੈਨੂੰ….
ਮੈਂ ਓਹੀ ਹਾਂ ਜੀ ਸਾਈਕਲ ਵਾਲਾ ਜਿਹਨੂੰ ਸਰਦਾਰ ਜੀ ਨੇ ਬਹੁਤ ਚਿਰ ਪਹਿਲਾਂ ਬਾਂਸਲ ਸਾਬ ਦੀ ਫੈਕਟਰੀ ਵਿਚ ਨੌਕਰੀ ਤੇ ਰਖਾਇਆ ਸੀ…
ਅਗਲੀ ਕਹਾਣੀ ਦੱਸਦਾ ਹੋਇਆ ਆਖਣ ਲੱਗਾ ਕੇ ਜਦੋਂ ਮਾਂ ਪੂਰੀ ਹੋ ਗਈ ਤਾਂ ਨਿੱਕਿਆਂ ਦੇ ਪਾਲਣ ਪੋਸ਼ਣ ਦੀ ਜੁਮੇਵਾਰੀ ਮੋਢਿਆਂ ਤੇ ਆਣ ਪਈ…ਫੇਰ ਫੈਕਟਰੀ ਵਾਲੇ ਬਾਂਸਲ ਸਾਬ ਦੀ ਸਿਫਾਰਿਸ਼ ਨਾਲ ਹੋਮਗਾਰਡ ਵਿਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਪੁਲਸ ਦਾ ਪੱਕਾ ਨੰਬਰ ਲੈ ਲਿਆ..ਹੁਣ ਥੋੜੇ ਦਿਨ ਹੀ ਹੋਏ ਨੇ ਬਦਲ ਕੇ ਵਾਪਿਸ ਅੰਬਰਸਰ ਆਇਆਂ ਹਾਂ..
ਅੱਜ ਟੇਸ਼ਨ ਤੇ ਕਿਸੇ ਨਾਲ ਸਰਸਰੀ ਗੱਲ ਹੋਈ ਤਾਂ ਪਤਾ ਲੱਗਾ ਕੇ ਵੱਡੇ ਸਰਦਾਰ ਜੀ ਤਾਂ ਪਿਛਲੀ ਦਿੰਨੀ ਪੂਰੇ ਹੋ ਗਏ ਤੇ ਬਸ ਓਸੇ ਵੇਲੇ ਹੀ ਐਡਰੈੱਸ ਲੈ ਕੇ ਏਧਰ ਨੂੰ ਨੱਸਿਆ ਆਇਆ ਹਾਂ….
ਤੇ ਫੇਰ ਏਨਾ ਆਖਣ ਮਗਰੋਂ ਨਾ ਤੇ ਉਸਤੋਂ ਹੀ ਕੁਝ ਅੱਗੇ ਬੋਲਿਆ ਗਿਆ ਤੇ ਨਾ ਹੀ ਮੈਥੋਂ ਕੁਝ ਹੋਰ ਪੁੱਛਿਆ ਗਿਆ
ਫੇਰ ਤੁਰਨ ਤੋਂ ਪਹਿਲਾਂ ਹੰਜੂਆਂ ਭਿੱਜੀ ਚੁੱਪ ਤੋੜਦਿਆਂ ਹੋਇਆ ਆਖਣ ਲੱਗਾ ਕੇ ਪੂਰੇ ਵੀਹ ਸਾਲ ਹੋ ਗਏ ਨੇ ਪੁਲਸ ਦੀ ਨੌਕਰੀ ਕਰਦਿਆਂ..ਅੱਜ ਵੀ ਥਾਣੇ ਵਿਚ ਕੋਈ ਫਸਿਆ ਹੋਇਆ ਗਰੀਬ ਲੋੜਵੰਦ ਦਿਸ ਪਵੇ ਤਾਂ ਇਹ ਸੋਚ ਅਫਸਰਾਂ ਦਾ ਤਰਲਾ ਮਿੰਤ ਕਰ ਇੱਕ ਮੌਕਾ ਤੇ ਜਰੂਰ ਦਵਾ ਹੀ ਦਿੰਦਾ ਹਾਂ ਕੇ ਹੋ ਸਕਦਾ ਏ ਕੇ ਹਮਾਤੜ ਮੇਰੇ ਵਾਂਙ ਸੱਚ ਹੀ ਬੋਲਦਾ ਹੋਵੇ..!
ਉਹ ਮੂੰਹ ਵਿੱਚ ਗੰਨ ਲਈ ਘੋੜੇ ਨੂੰ ਉਂਗਲ ਨਾਲ ਫੜੀ ਆਖਰੀ ਸਾਹ ਗਿਣ ਰਿਹਾ ਸੀ ਕਿ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਤੇ ਉਹਨੇ ਉਸ ਦਿਨ ਮਰਨੇ ਦਾ ਖਿਆਲ ਛੱਡ ਦਿੱਤਾ ਤੇ ਉਹ ਉਠ ਕੇ ਘਰੇ ਆ ਗਿਆ ।
ਸ਼ਰਾਬ ਦਾ ਅਡਿਕਟਿਡ ਬਾਪ ਤੇ ਗੋਲ਼ੀਆਂ ਤੇ ਲੱਗੀ ਮਾਂ ਦੇ ਘਰੇ ਇਹਨੇ ਜਨਮ ਲਿਆ ਸੀ । ਘਰ ਚ ਇਹੋ ਜਹੇ ਹਾਲਤ ਦੇਖ ਕੇ ਇਹ ਬਾਹਰ ਹਾਕੀ ਖੇਡਦਾ ਰਹਿੰਦਾ । ਮਾਂ ਬਾਪ ਨੇ ਇਹਦਾ ਸ਼ੌਕ ਦੇਖਕੇ ਹਾਕੀ ਖੇਡਣ ਲਾ ਦਿੱਤਾ । ਇਹ ਬਚਾ ਸਾਰੀ ਉਮਰ ਡਰ ਡਰ ਕੇ ਹੀ ਜ਼ਿੰਦਗੀ ਬਿਤਾ ਰਿਹਾ ਸੀ ।
14 ਸਾਲ ਦੀ ਉਮਰ ਵਿੱਚ ਦੋ ਢਾਈ ਸਾਲ ਵਿੱਚ ਇਹਦੇ ਕੋਚ ਨੇ ਇਹਨੂੰ 150 ਵਾਰੀ ਰੇਪ ਕੀਤਾ । ਇਹ ਡਰਦਾ ਮਾਰਾ ਆਪਦੀ ਜ਼ੁਬਾਨ ਨ ਖੋਲ ਸਕਿਆ । ਆਪਣੀ ਜ਼ਿੰਦਗੀ ਨੂੰ ਹਾਕੀ ਵਿੱਚ ਲਾ ਕੇ ਆਪਦਾ ਦਰਦ ਛੁਪਾਈ ਗਿਆ ।
ਅਖੀਰ ਨੂੰ ਸਾਡੇ ਕੈਨੇਡਾ ਦੇ ਸਟੈਨਲੀ ਕੱਪ ਦਾ ਚੈਪੀਅਨ ਬਣਿਆ ! ਓਲੰਪਕ ਦਾ ਚੈਪੀਅਨ ਬਣਿਆਂ ਤੇ 7 ਵਾਰੀ ਸਟਾਰ ਬਣਿਆ ।
ਪਰ ਜੋ ਅੰਦਰ ਜ਼ਖ਼ਮ ਸੀ ਉਹ ਉਵੇਂ ਰਿਸਦੇ ਰਹੇ ਤੇ ਉਹ ਨਸ਼ੇ ਕਰਨ ਲੱਗ ਪਿਆ ਫੇਰ ਡਰਗਜ ਖਾਣ ਲੱਗ ਪਿਆ । ਵੇਸਵਾਵਾਂ ਦੇ ਦਰ ਜਾਣਾ ਤੇ ਜੂਆ ਖੇਡਣਾ ਸ਼ੌਕ ਬਣ ਗਿਆ । ਇਹ ਹਨੇਰ ਵਿੱਚ ਜੀਅ ਰਹੇ ਮਨੁੱਖ ਦਾ ਕਾਰਨ ਬਣਦਾ ਹੈ ਤੇ ਇਹ ਵੀ ਉਸੇ ਰਾਹ ਪੈ ਗਿਆ । ਤੇ ਅਖੀਰ ਜ਼ਿੰਦਗੀ ਦੀ ਲੜਾਈ ਲੜਦਾ ਲੜਦਾ ਹਾਰ ਗਿਆ ਤੇ ਆਪਦੀ ਜ਼ਿੰਦਗੀ ਦਾ ਅੰਤ ਕਰਨ ਲਈ ਗੰਨ ਖ਼ਰੀਦ ਲਈ । ਤੇ ਇਕ ਦਿਨ ਇਹ ਮੂੰਹ ਚ ਗੰਨ ਲੈ ਕੇ ਗੋਲੀ ਮਾਰਨ ਲੱਗਾ ਸੀ ਜਦੋਂ ਇਹਨੇ ਸੋਚਿਆ ਕਿ ਸ਼ਾਇਦ ਮੇਰੇ ਵਰਗੇ ਹੋਰ ਵੀ ਹੋਣੇ ਨੇ ਜੋ ਹਾਲੇ ਜੀਅ ਰਹੇ ਹਨ ਤੇ ਉਨਾਂ ਦੀ ਕਹਾਣੀ ਮੈ ਲਿਖਾਂਗਾ ।
ਇਹਦਾ ਨਾ ਹੈ ਥੀਓ ਫਲੇਉਰੀ । ਕੈਨੇਡਾ ਦਾ ਜੰਮਪਲ ਜਿਸ ਨੇ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ Playing With Fire . ਇਹ ਕਿਤਾਬ ਉਹਨੇ ਤਕਰੀਬਨ 9 ਕੁ ਸਾਲ ਪਹਿਲਾਂ ਲਿਖੀ ਹੈ ।
ਉਹਨੇ ਥਾਂ ਥਾਂ ਤੇ ਜਾ ਕੇ ਲੋਕਾਂ ਨਾਲ ਗੱਲ-ਬਾਤ ਕੀਤੀ । ਸੈਮੀਨਾਰ ਕੀਤੇ ਤੇ ਉਹਦੇ ਦੱਸਣ ਮੁਤਾਬਕ ਹਰ ਚੌਥਾ ਮਨੁੱਖ ਬਚਪਨ ਵਿੱਚ ਕਿਸੇ ਨ ਕਿਸੇ ਦੇ ਕਾਮ ਦੀ ਹਵਸ ਦਾ ਸ਼ਿਕਾਰ ਹੋਇਆ ਹੈ । ਚਾਹੇ ਉਹ ਮੁੰਡਾ ਸੀ ਜਾਂ ਕੁੜੀ ।
ਇਹ ਸਿਰਫ ਕੈਨੇਡਾ ਦੀ ਹੀ ਕਹਾਣੀ ਨਹੀਂ ਇਹ ਹਰ ਸਮਾਜ ਹਰ ਦੇਸ਼ ਦੀ ਕਹਾਣੀ ਹੈ ਜਿੱਥੇ ਬਚਿਆਂ ਨੂੰ ਸੈਕਸ ਦੀ ਪੂਰਤੀ ਲਈ ਡਰਾ ਕੇ ਜਾਂ ਲਾਲਚ ਦੇ ਕੇ ਸ਼ਿਕਾਰ ਬਣਾਇਆ ਜਾਂਦਾ ਤੇ ਉਹ ਸਾਰੀ ਉਮਰ ਮੂੰਹ ਨਹੀਂ ਖੋਲਦੇ । ਇਹ ਇਕ ਮਾਨਸਿਕ ਰੋਗ ਬਣ ਜਾਂਦਾ । ਜਿੱਥੇ ਮਨੁੱਖ ਹੌਲੀ ਹੌਲੀ ਆਪ ਨੂੰ ਦੋਸ਼ੀ ਮੰਨਣ ਲੱਗ ਪੈਂਦਾ । ਤੇ ਮਾੜੇ ਜਾਂ ਕੰਮਜੋਰ ਮਨੁੱਖ ਆਤਮ ਹੱਤਿਆ ਕਰ ਲੈਂਦੇ ਹਨ ।
ਕੁੜੀਆਂ ਨਾਲ ਜੋ ਦਫ਼ਤਰਾਂ ਵਿੱਚ ਕੰਮ ਤੇ ਜਾਂ ਬੱਸਾਂ ਗੱਡੀਆਂ ਵਿੱਚ ਛੇੜਖ਼ਾਨੀ ਕੀਤੀ ਜਾਂਦੀ ਹੈ ਇਹ ਵੀ ਮਾਨਸਿਕ ਰੋਗੀ ਕਰ ਜਾਂਦੀ ਹੈ । ਤੇ ਬਹੁਤ ਸਾਰੀਆਂ ਕੁੜੀਆਂ ਡਰਦੀਆਂ ਮੂੰਹ ਨਹੀਂ ਖੋਲਦੀਆ ।
ਬਾਹਰਲੇ ਮੁਲਖਾਂ ਵਿੱਚ ਇੰਨੇ ਕਨੂੰਨ ਤੇ ਇੰਨੇ ਸਹਾਰੇ ਹੋਣ ਦੇ ਬਾਵਜੂਦ ਵੀ ਇਹ ਕੁਝ ਹੋ ਰਿਹਾ ਤੇ ਭਾਰਤ ਵਰਗੇ ਮੁਲ਼ਖ ਚ ਕੀ ਕੀ ਹੋ ਰਿਹਾ ਰੱਬ ਹੀ ਜਾਣਦਾ ।
ਆਪਣੇ ਆਲੇ ਦੁਆਲੇ ਤੇ ਆਪਦੇ ਬਚਿਆਂ ਨੂੰ ਧਿਆਨ ਨਾਲ ਦੇਖੋ ਕਿ ਉਹ ਕੱਲੇ ਅੰਦਰ ਵੜ ਕੇ ਟੀਵੀ ਮੂਹਰੇ ਜਾਂ ਕਮਰੇ ਚ ਬੰਦ ਕਰਕੇ ਹਨੇਰ ਵਿਚ ਨ ਬੈਠਣਾ ਪਸੰਦ ਕਰਦੇ ਹੋਣ । ਉਨਾਂ ਨਾਲ ਸਾਰੀ ਗੱਲ-ਬਾਤ ਕਰੋ ਤੇ ਉਨਾਂ ਨੂੰ ਸਮਝਾਉ ਕਿ ਤੁਹਾਡੇ ਸਰੀਰ ਨੂੰ ਕੋਈ ਹੱਥ ਨ ਲਾਵੇ ਤੇ ਜੇ ਕੋਈ ਲਾਉੰਦਾ ਹੈ ਤਾਂ ਘਰੇ ਆ ਕੇ ਦੱਸੋ । ਬੱਚੇ ਦੀ ਨਿੱਕੀ ਨਿੱਕੀ ਗੱਲ ਨੂੰ ਸੀਰੀਅਸ ਹੋ ਕੇ ਸੁਣੋ । ਕਦੀ ਵੀ ਝਿੜਕ ਕੇ ਨ ਪੈ ਜਾਉ ਕਿ ਬੱਚਾ ਤੁਹਾਡੇ ਨਾਲ ਗੱਲ ਕਰਨ ਲੱਗਾ ਵੀ ਡਰੇ ।
ਇਹ ਅੱਜ ਦੇ ਬੱਚੇ ਹੀ ਕੱਲ ਨੂੰ ਵੱਡੇ ਹੋ ਕੇ ਸਮਾਜ ਵਿੱਚ ਮਨੁੱਖ ਦਾ ਰੂਪ ਧਾਰ ਕੇ ਵਿਚਰਦੇ ਹਨ ਤੇ ਰੱਬ ਨ ਕਰੇ ਕਿਸੇ ਦਾ ਬੱਚਾ ਮਨੁੱਖ ਬਣ ਕੇ ਆਪ ਦੇ ਮੂੰਹ ਵਿੱਚ ਪਿਸਤੌਲ ਪਾ ਕੇ ਆਪਣੇ ਆਪ ਨੂੰ ਗੋਲੀ ਮਾਰਨ ਨੰੂ ਤਿਆਰ ਕਰ ਲਵੇ ।