• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




punjabi stories

ਜੁਗਤੀ ਸ਼ਕਤੀ ਨਾਲੋਂ ਤਾਕਤਵਰ ਹੈ 

by Sandeep Kaur August 28, 2021

ਇਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਵਪਾਰੀ ਰਹਿੰਦਾ ਸੀ।ਉਹ ਟੋਪੀਆਂ ਵੇਚਣ ਦਾ ਕੰਮ ਕਰਦਾ ਸੀ। ਇਕ ਵਾਰ ਨੇੜੇ ਦੇ ਕਿਸੇ ਪਿੰਡ ਵਿਚ ਮੇਲਾ ਲੱਗਿਆ ਹੋਇਆ ਸੀ। ਉਸਨੇ ਸੋਚਿਆ ਕਿਉਂ ਨਾ ਉਹ ਮੇਲੇ ਵਿਚ ਟੋਪੀਆਂ ਹੀ ਵੇਚ ਆਵੇ। ਇਸ ਲਈ ਉਹ ਟੋਪੀਆਂ ਵੇਚਣ ਲਈ ਮੇਲੇ ਵੱਲ ਚੱਲ ਪਿਆ। 

ਰਸਤੇ ਵਿਚ ਇਕ ਜੰਗਲ ਆਉਂਦਾ ਸੀ। ਗਰਮੀ ਬਹੁਤ ਵੱਧ ਸੀ। ਟੋਪੀਆਂ ਵਾਲਾ, ਜੰਗਲ ਵਿਚ ਆਪਣੀ ਟੋਪੀਆਂ ਵਾਲੀ ਗੰਢ ਇਕ ਪਾਸੇ ਰੱਖ ਕੇ, ਇਕ ਰੁੱਖ ਥੱਲੇ ਸੌਂ ਗਿਆ। ਲੇਟਦੇ ਹੀ ਉਸ ਨੂੰ ਨੀਂਦ ਆ ਗਈ। ਉਸ ਰੁੱਖ ਉੱਪਰ ਕੁਝ ਬਾਂਦਰ ਰਹਿੰਦੇ ਸਨ। ਹੌਲੀ-ਹੌਲੀ ਕਰਕੇ ਬਾਂਦਰ ਹੇਠਾਂ ਆਏ ਅਤੇ ਉਹਨਾਂ ਨੇ ਵਪਾਰੀ ਦੀ ਟੋਪੀਆਂ ਵਾਲੀ ਗੰਢ ਨੂੰ ਫਰੋਲ ਸੁੱਟਿਆ। ਉਹਨਾਂ ਸਾਰਿਆਂ ਨੇ ਇਕ-ਇਕ ਟੋਪੀ ਆਪਣੇ-ਆਪਣੇ ਸਿਰ ‘ਤੇ ਲੈ ਲਈ। ਟੋਪੀਆਂ ਸਿਰ ਤੇ ਲੈ ਕੇ ਬਾਂਦਰ ਰੁੱਖ ਤੇ ਚੜ੍ਹ ਗਏ। 

ਕੁਝ ਦੇਰ ਸੌਣ ਤੋਂ ਬਾਅਦ ਵਪਾਰੀ ਦੀ ਜਾਗ ਖੁੱਲੀ। ਉਸ ਨੇ ਵੇਖਿਆ ਕਿ ਉਸ ਦੀ ਟੋਪੀਆਂ ਵਾਲੀ ਗੰਢ ਉੱਥੇ ਨਹੀਂ ਸੀ।ਵਪਾਰੀ ਹੈਰਾਨ ਹੋਣ ਲੱਗਾ। ਉਸ ਨੇ ਸੋਚਿਆ ਕਿ ਉਸ ਦੀ ਗੰਦ ਜ਼ਰੂਰ ਕੋਈ ਚੋਰ ਚੁੱਕ ਕੇ ਲੈ ਗਿਆ ਹੈ। ਉਹ ਵਿਚਾਰਾ ਘਬਰਾ ਗਿਆ। ਅਚਾਨਕ ਹੀ ਉਸ ਨੇ ਰੁੱਖ ਉੱਪਰ ਬਾਂਦਰਾਂ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਉੱਪਰ ਨੂੰ ਨਿਗਾਹ ਮਾਰੀ ਤਾਂ ਉਸ ਨੇ ਸਾਰੀਆਂ ਟੋਪੀਆਂ ਬਾਂਦਰਾਂ ਦੇ ਸਿਰਾਂ ‘ਤੇ ਵੇਖੀਆਂ। ਉਹ ਬਾਂਦਰਾਂ ਨੂੰ ਡਰਾਉਣਧਮਕਾਉਣ ਲੱਗਾ ਪਰ ਬਾਂਦਰਾਂ ‘ਤੇ ਉਸ ਦਾ ਕੋਈ ਅਸਰ ਨਾ ਹੋਇਆ। 

ਵਪਾਰੀ ਸਿਆਣਾ ਬਹੁਤ ਸੀ।ਉਸਨੂੰ ਪਤਾ ਸੀ ਕਿ ਬਾਂਦਰ ਹਰ ਚੀਜ਼ ਦੀ ਨਕਲ ਕਰਦੇ ਸਨ। ਇਸ ਲਈ ਉਸ ਨੂੰ ਇਕ ਗੱਲ ਸੁੱਝੀ। ਉਸਨੇ ਬਾਂਦਰਾਂ ਵੱਲ ਨੂੰ ਮੂੰਹ ਕਰ ਕੇ ਕਿਹਾ ਕਿ ਜੇ ਉਹਨਾਂ ਨੇ ਟੋਪੀਆਂ ਨਹੀਂ ਦੇਣੀਆਂ ਤਾਂ ਉਸ ਦੇ ਸਿਰ ਵਾਲੀ ਟੋਪੀ ਵੀ ਲੈ ਜਾਣ। ਉਸ ਨੇ ਗੁੱਸੇ ਵਿਚ ਆ ਕੇ ਆਪਣੇ ਸਿਰੋਂ ਟੋਪੀ ਲਾਹ ਕੇ ਥੱਲੇ ਸੁੱਟ ਦਿੱਤੀ। ਅਜਿਹਾ ਇਸ ਤਰਾਂ ਉਸ ਨੇ ਦੋ ਤਿੰਨ ਵਾਰ ਕੀਤਾ। ਬਾਂਦਰਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ।ਉਹਨਾਂ ਨੇ ਵੀ ਟੋਪੀਆਂ ਸਿਰੋਂ ਲਾਹ-ਲਾਹ ਕੇ ਥੱਲੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਵਪਾਰੀ ਨੇ ਟੋਪੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਰਾਹ ਚੱਲ ਪਿਆ।

 

 ਸਿੱਖਿਆ-ਜੁਗਤੀ ਸ਼ਕਤੀ ਨਾਲੋਂ ਤਾਕਤਵਰ ਹੁੰਦੀ ਹੈ।

ਕਰ ਭਲਾ ਹੋ ਭਲਾ 

by Sandeep Kaur August 25, 2021

ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਦ ਦੀ ਮੱਖੀ ਨੂੰ ਬਹੁਤ ਪਿਆਸ ਲੱਗੀ। ਉਹ ਉੱਡਦੀ ਹੋਈ ਇਕ ਨਦੀ ਦੇ ਕਿਨਾਰੇ ਪਹੁੰਚੀ ਅਤੇ ਪਾਣੀ ਪੀਣ ਲੱਗੀ। ਨਦੀ ਦਾ ਪਾਣੀ ਬਹੁਤ ਤੇਜ਼ੀ ਨਾਲ ਵੱਗ ਰਿਹਾ ਸੀ। ਮੁੱਖੀ ਤੇਜ਼ ਪਾਣੀ ਦੇ ਨਾਲ ਹੀ ਵੱਗ ਗਈ। ਉਸ ਨੇ ਬਾਹਰ ਨਿਕਲਣ ਦਾ ਬਹੁਤ ਯਤਨ ਕੀਤਾ ਪਰ ਅਸਫਲ ਰਹੀ। 

ਨਦੀ ਦੇ ਕਿਨਾਰੇ ਇਕ ਰੁੱਖ ਉੱਤੇ ਇਕ ਘੁੱਗੀ ਬੈਠੀ ਹੋਈ ਸੀ। ਉਸਨੇ ਪਾਣੀ ਵਿਚ ਬਹਿੰਦੀ ਜਾਂਦੀ ਮੱਖੀ ਦੇਖੀ। ਉਸ ਨੇ ਮੁੱਖੀ ਦੀ ਜਾਨ ਬਚਾਉਣ ਲਈ ਰੁੱਖ ਨਾਲੋਂ ਇਕ ਪੱਤਾ ਤੋੜ ਕੇ ਮੱਖੀ ਦੇ ਬਿਲਕੁਲ ਕੋਲ ਲਿਜਾ ਕੇ ਸੁੱਟ ਦਿੱਤਾ। ਮੱਖੀ ਪੱਤੇ ਉੱਤੇ ਚੜ੍ਹ ਕੇ ਬੈਠ ਗਈ। ਮੱਖੀ ਨੇ ਪੱਤੇ ਉੱਤੇ ਬੈਠ ਕੇ ਆਪਣੇ ਖੰਭ ਸੁਕਾਏ ਅਤੇ ਘੁੱਗੀ ਦਾ ਧੰਨਵਾਦ ਕਰਦੀ ਹੋਈ ਉੱਡ ਗਈ। 

ਇਸ ਘਟਨਾ ਤੋਂ ਕੁਝ ਦਿਨ ਪਿੱਛੋਂ ਨਦੀ ਕਿਨਾਰੇ ਦੇ ਜੰਗਲ ਵਿਚ ਇਕ ਸ਼ਿਕਾਰੀ ਸ਼ਿਕਾਰ ਖੇਡਣ ਆਇਆ। ਉਸ ਨੇ ਰੁੱਖ ਉੱਤੇ ਬੈਠੀ ਇਕ ਘੁੱਗੀ ਵੇਖੀ। ਉਸ ਨੇ ਆਪਣੀ ਬੰਦੂਕ ਨਾਲ ਉਸ ਵੱਲ ਨਿਸ਼ਾਨਾ ਬੰਨਿਆ।ਉਸੇ ਵੇਲੇ ਉੱਧਰੋਂ ਉਹੀ ਮੱਖੀ ਵੀ ਆ ਨਿਕਲੀ। ਉਸ ਨੇ ਦੇਖਿਆ ਕਿ ਸ਼ਿਕਾਰੀ ਉਹੀ ਘੁੱਗੀ ਦਾ ਨਿਸ਼ਾਨਾ ਬੰਨ ਰਿਹਾ ਸੀ ਜਿਸ ਘੁੱਗੀ ਨੇ ਉਸ ਦੀ ਜਾਨ ਬਚਾਈ ਸੀ। ਉਹ ਉੱਡੀ ਅਤੇ ਸ਼ਿਕਾਰੀ ਦੇ ਹੱਥ ਉੱਤੇ ਡੰਗ ਮਾਰਿਆ। ਸ਼ਿਕਾਰੀ ਦਾ ਹੱਥ ਕੰਬ ਗਿਆ ਅਤੇ ਉਸ ਦਾ ਨਿਸ਼ਾਨਾ ਖੁੰਝ ਗਿਆ। ਆਵਾਜ਼ ਸੁਣ ਕੇ ਘੁੱਗੀ ਉੱਡ ਗਈ। ਮੱਖੀ ਨੇ ਘੁੱਗੀ ਨੂੰ ਆਖਿਆ ਕਿ ਤੂੰ ਇਕ ਦਿਨ ਮੇਰੀ ਜਾਨ ਬਚਾਈ ਸੀ। ਇਸ ਲਈ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਵੀ ਤੇਰੇ ਕਿਸੇ ਕੰਮ ਆਵਾਂ। ਉਸ ਦਿਨ ਤੋਂ ਘੁੱਗੀ ਅਤੇ ਮੱਖੀ ਪੱਕੀਆਂ ਸਹੇਲੀਆਂ ਬਣ ਗਈਆਂ। 

 

ਸਿੱਖਿਆ-ਕਰ ਭਲਾ ਹੋ ਭਲਾ।

ਚਿੜੀ ਦਾ ਤੋਹਫ਼ਾ-ਜਪਾਨੀ ਲੋਕ ਕਹਾਣੀ

by Sandeep Kaur August 22, 2021

ਬਜ਼ੁਰਗ ਜੰਗਲ ਵਿੱਚੋਂ ਆਪਣਾ ਕੰਮ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ ਕਿ ਅਚਾਨਕ ਉਸ ਨੂੰ ਰਸਤੇ ਵਿੱਚ ਜ਼ਖ਼ਮੀ, ਤੜਫਦੀ ਹੋਈ ਚਿੜੀ ਮਿਲੀ, ਜਿਸ ਦੀ ਚੁੰਝ ਹੇਠ ਡੂੰਘਾ ਜ਼ਖ਼ਮ ਸੀ। ਬਜ਼ੁਰਗ ਨੇ ਜ਼ਖ਼ਮੀ ਚਿੜੀ ਨੂੰ ਹੱਥਾਂ ਨਾਲ ਪੋਲਾ ਜਿਹਾ ਫੜ ਘਰ ਲਿਆਂਦਾ। ਘਰ ਆ ਕੇ ਉਸ ਨੇ ਚਿੜੀ ਦਾ ਜ਼ਖ਼ਮ ਸਾਫ਼ ਕੀਤਾ। ਹਲਦੀ ਤੇ ਕੌੜੇ ਤੇਲ ਦਾ ਲੇਪ ਬਣਾ ਕੇ ਉਸ ਦਾ ਜ਼ਖ਼ਮ ਭਰ ਦਿੱਤਾ। ਬਜ਼ੁਰਗ ਨੇ ਉਸ ਦੇ ਨੇੜੇ ਚੋਗਾ ਤੇ ਕੌਲੀ ਵਿੱਚ ਪਾਣੀ ਪਾ ਕੇ ਰੱਖ ਦਿੱਤਾ। ਚੰਗੀ ਸੇਵਾ ਤੇ ਦੇਖ-ਭਾਲ ਕਰ ਕੇ ਚਿੜੀ ਦਿਨਾਂ ’ਚ ਤੰਦਰੁਸਤ ਹੋ ਗਈ। ਉਹ ਜੰਗਲ ਨੂੰ ਨਾ ਗਈ, ਸਗੋਂ ਬਜ਼ੁਰਗ ਦੇ ਘਰ ਆਲ੍ਹਣਾ ਬਣਾ ਕੇ ਰਹਿਣ ਦਾ ਫ਼ੈਸਲਾ ਕਰ ਲਿਆ।

ਬਜ਼ੁਰਗ ਦੀ ਪਤਨੀ ਚਿੜੀ ਨਾਲ ਸ਼ੁਰੂ ਤੋਂ ਹੀ ਈਰਖ਼ਾ ਕਰਦੀ ਸੀ। ਉਹ ਅਕਸਰ ਉਸ ਦੀ ਸ਼ਿਕਾਇਤ ਲਾਉਂਦੀ ਕਿ ਇਹ ਬਾਹਰੋਂ ਆਲ੍ਹਣੇ ਲਈ ਤੀਲੇ ਲਿਆ-ਲਿਆ ਕੇ ਗੰਦ ਪਾਉਂਦੀ ਹੈ। ਇਸ ਦੀਆਂ ਵਿੱਠਾਂ ਬਦਬੂ ਫੈਲਾਉਂਦੀਆਂ ਹਨ। ਉਹ ਚਿੜੀ ਨੂੰ ਸ਼ੀ-ਸ਼ੀ ਕਰਕੇ ਉਡਾਉਂਦੀ ਤਾਂ ਕਿ ਉਹ ਜੰਗਲ ਨੂੰ ਉੱਡ ਜਾਵੇ ਪਰ ਬਜ਼ੁਰਗ ਨਹੀਂ ਸੀ ਚਾਹੁੰਦਾ ਕਿ ਚਿੜੀ ਨੂੰ ਜੰਗਲ ’ਚ ਭੇਜਿਆ ਜਾਵੇ, ਇਸ ਲਈ ਚਿੜੀ ਨਾ ਗਈ। ਬਜ਼ੁਰਗ ਦਾ ਚਿੜੀ ਨਾਲ ਮੋਹ ਪੈ ਗਿਆ ਸੀ। ਉਹ ਉਸ ਨੂੰ ਸਵੇਰੇ ਚੀਂ-ਚੀਂ ਕਰਕੇ ਜਗਾਉਂਦਾ ਸੀ।

ਇੱਕ ਦਿਨ ਦੁਪਹਿਰੇ ਬਜ਼ੁਰਗ ਜਦੋਂ ਸੁੱਤਾ ਹੋਇਆ ਸੀ ਤਾਂ ਬੁੱਢੜੀ ਚਿੜੀ ਨੂੰ ਕਾਬੂ ਕਰ ਕੇ ਜੰਗਲ ਵਿੱਚ ਛੱਡ ਆਈ। ਉਸ ਚਿੜੀ ਨੂੰ ਧਮਕਾਉਂਦਿਆਂ ਕਿਹਾ ਕਿ ਜੇ ਤੂੰ ਮੁੜ ਘਰ ਆਈ ਤਾਂ ਮੈਂ ਤੇਰੇ ਖੰਭ ਲਾਹ ਦਿਆਂਗੀ। ਬਜ਼ੁਰਗ ਬੁੱਢੜੀ ਨਾਲ ਗੁੱਸੇ ਹੋਇਆ। ਉਹ ਉਸ ਨਾਲ ਨਾਰਾਜ਼ ਰਹਿਣ ਲੱਗਿਆ ਕਿਉਂਕਿ ਉਸ ਨੇ ਉਸ ਦੀ ਪਿਆਰੀ ਚਿੜੀ ਨੂੰ ਗੁਆ ਦਿੱਤਾ ਸੀ। ਕੁਝ ਦਿਨਾਂ ਬਾਅਦ ਬਜ਼ੁਰਗ ਜੰਗਲ ਵਿੱਚ ਇੱਕ ਝੌਂਪੜੀ ਦੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਉਸ ਦੇ ਕੰਨਾਂ ਵਿੱਚ ਚਿੜੀ ਦੀ ਜਾਣੀ-ਪਛਾਣੀ ਮਿੱਠੀ ਆਵਾਜ਼ ਪਈ। ਅਗਲੇ ਪਲ਼ ਚਿੜੀ ਬਜ਼ੁਰਗ ਦੇ ਮੋਢੇ ’ਤੇ ਆ ਬੈਠੀ। ਬਜ਼ੁਰਗ ਬੜੀ ਦੇਰ ਚਿੜੀ ਦੇ ਖੰਭਾਂ ਨੂੰ ਪਲੋਸਦਾ ਰਿਹਾ। ਸ਼ਾਮ ਨੂੰ ਜਦੋਂ ਉਹ ਘਰ ਜਾਣ ਲੱਗਿਆ ਤਾਂ ਚਿੜੀ ਨੇ ਉਸ ਨੂੰ ਸੋਨੇ ਦਾ ਸਿੱਕਾ ਦਿੱਤਾ।

ਘਰ ਜਾ ਕੇ ਬਜ਼ੁਰਗ ਨੇ ਬੁੱਢੜੀ ਨੂੰ ਸੋਨੇ ਦਾ ਸਿੱਕਾ ਦਿਖਾਇਆ ਤੇ ਸਾਰੀ ਗੱਲ ਦੱਸੀ। ਬਜ਼ੁਰਗ ਨੂੰ ਤਾਂ ਕੋਈ ਲਾਲਚ ਨਹੀਂ ਸੀ ਪਰ ਬੁੱਢੜੀ ਨੇ ਸੋਚਿਆ ਚਿੜੀ ਕੋਲ ਜ਼ਰੂਰ ਸੋਨੇ ਦੇ ਸਿੱਕਿਆਂ ਦਾ ਖ਼ਜ਼ਾਨਾ ਹੋਵੇਗਾ। ਬੁੱਢੜੀ ਅਗਲੇ ਦਿਨ ਜੰਗਲ ਨੂੰ ਗਈ। ਉਹ ਝੌਂਪੜੀ ’ਚ ਪਹੁੰਚੀ ਤੇ ਚਿੜੀ ਨੂੰ ਦੱਸਿਆ ਕਿ ਬਜ਼ੁਰਗ ਬੀਮਾਰ ਹੈ। ਉਸ ਨੇ ਤੇਰੇ ਇਲਾਜ ਲਈ ਖ਼ਰਚਾ ਕੀਤਾ ਸੀ। ਹੁਣ ਤੂੰ ਉਸ ਦੇ ਇਲਾਜ ਲਈ ਆਪਣੇ ਖ਼ਜ਼ਾਨੇ ਵਿੱਚੋਂ ਕੁਝ ਸਿੱਕੇ ਮੈਨੂੰ ਦੇ ਕੇ ਆਪਣਾ ਕਰਜ਼ ਚੁਕਾ। ਚਿੜੀ ਸਮਝ ਚੁੱਕੀ ਸੀ। ਚਿੜੀ ਨੇ ਇੱਕ ਪੁਰਾਣਾ ਛਿੱਕਾ ਲਿਆ ਤੇ ਸਿੱਕਿਆਂ ਨਾਲ ਭਰਿਆ ਦੱਸ ਬੁੱਢੜੀ ਨੂੰ ਫੜਾ ਦਿੱਤਾ। ਬੁੱਢੜੀ ਬਹੁਤ ਖ਼ੁਸ਼ ਹੋਈ ਤੇ ਉਸ ਨੇ ਉਸ ਨੂੰ ਖੋਲ੍ਹ ਕੇ ਵੀ ਨਾ ਵੇਖਿਆ। ਉਹ ਘਰ ਨੂੰ ਤੇਜ਼ ਤੁਰਨ ਲੱਗੀ ਤਾਂ ਕਿ ਚਿੜੀ ਉਸ ਦੇ ਪਿੱਛੇ-ਪਿੱਛੇ ਘਰ ਨਾ ਆ ਜਾਵੇ ਤੇ ਫਿਰ ਉੱਥੇ ਆਲ੍ਹਣਾ ਪਾ ਬਸੇਰਾ ਕਰ ਲਵੇ।

ਘਰ ਆ ਇਹ ਸੋਚ ਬੁੱਢੜੀ ਨੇ ਛਿੱਕਾ ਮੂਧਾ ਮਾਰ ਦਿੱਤਾ ਕਿ ਉਸ ਦੇ ਘਰ ਸੋਨੇ ਦੇ ਸਿੱਕਿਆਂ ਦਾ ਢੇਰ ਲੱਗ ਜਾਵੇਗਾ ਪਰ ਇਹ ਕੀ ਛਿੱਕੇ ਵਿੱਚੋਂ ਤਾਂ ਚਿੜੀਆਂ ਦਾ ਝੁੰਡ ਨਿਕਲਿਆ ਅਤੇ ਘਰ ’ਚ ਜਿੱਥੇ ਜਗ੍ਹਾ ਮਿਲੀ, ਉਹ ਆਲ੍ਹਣੇ ਬਣਾ ਰਹਿਣ ਲੱਗ ਪਈਆਂ। ਚਿੜੀਆਂ ਨੂੰ ਭਜਾਉਣ ਲਈ ਬੁੱਢੜੀ ਦੀ ਸਾਰੀ ਉਮਰ ਲੱਗ ਗਈ ਪਰ ਉਹ ਨਾ ਗਈਆਂ। ‘ਚਿੜੀ ਦੀ ਤੋਹਫ਼ੇ’ ਨੇ ਬੁੱਢੜੀ ਨੂੰ ਸਾਰੀ ਉਮਰ ਚੈਨ ਨਾ ਲੈਣ ਦਿੱਤਾ।

 

(ਮੁਖ਼ਤਾਰ ਗਿੱਲ)

ਕੁੜੀਆਂ ਦੀ ਸਿਆਣਪ

by Sandeep Kaur August 20, 2021

(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ)

ਸਾਵਣ ਦਾ ਮਹੀਨਾ ਅਤੇ ਸ਼ਹਿਰ ਸ੍ਰੀ ਅੰਮ੍ਰਿਤਸਰ ਜੀ ਦਾ, ਮੀਂਹ ਪੈਕੇ ਹੁਣੇ ਹਟਿਆ ਸੀ, ਅਤੇ ਮੀਂਹ ਵਾਲੇ ਪਾਣੀ ਨਾਲ ਗਲੀਆਂ ਵਿਚ ਚਿੱਕੜ ਬੇਅੰਤ ਕਠਾ ਹੋ ਗਿਆ ਸੀ।
ਇਕ ਤੰਗ ਕੂਚੇ ਵਿਚ ਆਮੋਂ ਸਾਮ੍ਹਣੇ ਦੇ ਮਕਾਨ ਸਨ, ਇਨ੍ਹਾਂ ਵਿਚੋਂ ਦੋ ਕੁੜੀਆਂ ਨਿਕਲੀਆਂ। ਇਨ੍ਹਾਂ ਘਰਾਂ ਵਿਚਕਾਰ ਗਲੀ ਵਿਚ ਛੋਟਾ ਜਿਹਾ ਟੋਆ ਸੀ, ਜਿਸ ਵਿਚ ਚਿਕੜ ਵਾਲਾ ਮੈਲਾ ਪਾਣੀ ਕਠਾ ਹੋ ਗਿਆ ਸੀ। ਇਕ ਕੁੜੀ ਮਸਾਂ ਪੰਜਾਂ ਸਾਲਾਂ ਦੀ ਸੀ, ਤੇ ਦੂਜੀ ਕੋਈ ਵਰ੍ਹਾ ਕੁ ਵਡੀ ਜਾਪਦੀ ਸੀ। ਦੋਹਾਂ ਦੀਆਂ ਮਾਵਾਂ ਨੇ ਕੁੜੀਆਂ ਨੂੰ ਨਵੇਂ ਝੱਗੇ ਪਾਏ ਸਨ, ਛੋਟੀ ਦੇ ਨੀਲੇ ਰੰਗ ਦਾ ਤੇ ਵਡੀ ਦਾ ਪੀਲੀ ਦਰਿਆਈ ਦਾ ਸੀ, ਤੇ ਦੋਹਾਂ ਦੇ ਸਿਰਾਂ ਉਤੇ ਸੁੰਦਰ ਲਾਲ ਰੁਮਾਲ ਸਨ। ਆਪਣੇ ਘਰਾਂ ਵਿਚੋਂ ਨਿਕਲਦਿਆਂ ਹੀ ਕੁੜੀਆਂ ਨੇ ਇਕ ਦੂਜੀ ਨੂੰ ਸੋਹਣੇ ਝੱਗੇ ਵਿਖਾਏ ਤੇ ਫੇਰ ਖੇਡਣਾ ਸ਼ੁਰੂ ਕੀਤਾ। ਖੇਡਦਿਆਂ ੨ ਉਨ੍ਹਾਂ ਨੇ ਪਾਣੀ ਦੇ ਛਿੱਟੇ ਉਡਾਣ ਦਾ ਖਿਆਲ ਕੀਤਾ ਤੇ ਛੋਟੀ ਕੁੜੀ ਸੁਥਣ ਸਣੇ ਪਾਣੀ ਵਿਚ ਵੜਨ ਲਗੀ। ਵਡੀ ਨੇ ਆਖਿਆ: “ਨਾ ਨਾਮੋ, ਸੁਥਣ ਸਣੇ ਵਿਚ ਨਾ ਵੜ, ਮਾਂ ਦੇਖੂਗੀ ਤਾਂ ਮਾਰੂਗੀ, ਵੇਖ ਮੈਂ ਭੀ ਸੁਥਣ ਲਾਹਨੀ ਹਾਂ ਤੂੰ ਭੀ ਲਾਹ ਲੈ, ਫੇਰ ਪਾਣੀ ਵਿਚ ਵੜਾਂਗੀਆਂ।”
ਦੋਹਾਂ ਨੇ ਸੁਥਣਾਂ ਲਾਹ ਦਿਤੀਆਂ, ਝੁਗਿਆਂ ਨੂੰ ਸੰਭਾਲ ਕੇ ਪਾਣੀ ਵਿਚ ਇਕ ਦੂਜੇ ਵਲ ਤੁਰਨ ਲਗੀਆਂ। ਨ੍ਹਾਮੋ ਨੂੰ ਗਿਟਿਆਂ ਤਕ ਪਾਣੀ ਆਇਆ ਤੇ ਉਹ ਡਰ ਗਈ।
“ਮਾਇਆ, ਪਾਣੀ ਡੂੰਘਾ ਹੈ, ਮੈਨੂੰ ਡਰ ਆਂਦਾ ਹੈ।”
ਮਾਇਆ ਨੇ ਆਖਿਆ:- “ਨਾਮੋ ਡਰ ਨਾ, ਡੂੰਘਾ ਨਹੀਂ, ਤੁਰੀਆ।”
ਜਦ ਕੁੜੀਆਂ ਨੇੜੇ ਹੋਈਆਂ ਤਾਂ ਮਾਇਆ ਨੇ ਆਖਿਆ:- “ਨਾਮੋ ਪੈਰ ਹੌਲੀ ਹੌਲੀ ਰਖ, ਛਿਟੇ ਨਾ ਪਾ।”
ਇਹ ਗਲ ਅਜੇ ਮਾਇਆ ਦੇ ਮੂੰਹ ਵਿਚ ਹੀ ਸੀ ਕਿ ਨ੍ਹਾਮੋ ਨੇ ਪੈਰ ਚੁਕਕੇ ਜ਼ੋਰ ਨਾਲ ਰਖਿਆ ਤੇ ਪਾਣੀ ਉਛਲ ਕੇ ਮਾਇਆ ਦੇ ਝੱਗੇ ਤੇ ਪਿਆ ਤੇ ਕੁਝ ਛਿੱਟਾਂ ਉਸ ਦੀਆਂ ਅੱਖਾਂ ਅਤੇ ਮੂੰਹ ਉਤੇ ਜਾ ਪਈਆਂ। ਆਪਣਾ ਝੱਗਾ ਖਰਾਬ ਹੋਇਆ ਦੇਖਕੇ ਮਾਇਆ ਨਾਮੋ ਨੂੰ ਮਾਰਨ ਲਈ ਉਸ ਵਲ ਤੁਰੀ। ਨਾਮੋ ਡਰ ਗਈ ਤੇ ਪਾਣੀ ਵਿਚੋਂ ਛੇਤੀ ੨ ਨਿਕਲਣ ਦੀ ਕਰਨ ਲਗੀ। ਇਸ ਵੇਲੇ ਮਾਇਆ ਦੀ ਮਾਂ ਬਾਹਰ ਨਿਕਲੀ ਤੇ ਆਪਣੀ ਧੀ ਦਾ ਝੱਗਾ ਖਰਾਬ ਹੋਇਆ ਵੇਖਕੇ ਲਾਲ ਅੰਗਾਰ ਹੋ ਗਈ ਤੇ ਗੁਸੇ ਨਾਲ ਆਖਿਓਸੁ: “ਨੀ ਖਸਮਾਂ ਨੂੰ ਖਾਣੀਏਂ। ਝੱਗੇ ਨੂੰ ਕੀ ਕੀਤਾ ਈ?”
ਮਾਇਆ ਬੋਲੀ:- “ਨਾਮੋ ਨੇ ਜਾਣ ਬੁਝਕੇ ਪਾਣੀ ਪਾਇਆ ਹੈ।”

ਮਾਇਆ ਦੀ ਮਾਂ ਨੇ ਉਸੇ ਵੇਲੇ ਨਾਮੋ ਨੂੰ ਗੁਤੋਂ ਫੜਕੇ ਦੋ ਚਾਰ ਠੋਕ ਦਿਤੀਆਂ। ਨਾਮੋ ਨੇ ਚੀਕਣਾ ਸ਼ੁਰੂ ਕੀਤਾ ਤੇ ਉਸ ਦੀਆਂ ਚੀਕਾਂ ਨਾਲ ਮਹੱਲਾ ਗੂੰਜ ਪਿਆ ਤੇ ਉਸ ਦੀ ਮਾਂ ਛੇਤੀ ਨਾਲ ਬਾਹਰ ਆਈ: “ਨੀ ਮੇਰੀ ਧੀ ਨੇ ਤੇਰਾ ਕੀ ਚੁਕ ਲਿਆ ਹੈ?” ਇਹ ਆਖ ਕੇ ਗੁਆਂਢਣ ਨਾਲ ਲੜਾਈ ਨੂੰ ਤਿਆਰ ਹੋ ਪਈ। ਦੋਹਾਂ ਪਾਸਿਆਂ ਤੋਂ ਮੇਹਣਿਆਂ ਦੀ ਝੜੀ ਲਗੀ ਤੇ ਮਰਦ ਭੀ ਬਾਹਰ ਨਿਕਲ ਆਏ। ਗਲੀ ਵਿਚ ਦਸ ਪੰਦਰਾਂ ਬੰਦੇ ਕਠੇ ਹੋ ਗਏ। ਸਾਰੇ ਉਚੀ ਉਚੀ ਰੌਲਾ ਪਾਈ ਜਾਂਦੇ ਸਨ ਤੇ ਕੋਈ ਕਿਸੇ ਦੀ ਨਹੀਂ ਸੀ ਸੁਣਦਾ। ਚੰਗੀ ਗੜਬੜ ਚੌਥ ਮਚੀ। ਇਕ ਆਦਮੀ ਨੂੰ ਦੂਜੇ ਦਾ ਧੱਕਾ ਲਗ ਗਿਆ, ਬਸ ਫੇਰ ਕੀ ਸੀ, ਦੋਹਾਂ ਪਾਸਿਓਂ ਜੰਗ ਦੀਆਂ ਤਿਆਰੀਆਂ ਹੋਈਆਂ। ਮਾਇਆ ਦੀ ਬੁਢੀ ਦਾਦੀ ਨੇ ਵਿਚਕਾਰ ਆਕੇ ਉਨ੍ਹਾਂ ਨੂੰ ਠੰਡਿਆਂ ਕਰਨ ਦਾ ਯਤਨ ਕੀਤਾ ਤੇ ਆਖਿਓਸੁ: ਪੁਤਰੋ! ਕੀ ਕਰਨ ਲਗੇ ਹੋ, ਇਹ ਕੋਈ ਅਕਲ ਦੀ ਗਲ ਹੈ? ਅਜ ਵਾਲੇ ਸ਼ੁਭ ਦਿਹਾੜੇ ਤੁਸੀਂ ਰਬ ਦਾ ਸ਼ੁਕਰ ਕਰੋ, ਮੀਂਹ ਵਸਿਆ ਹੈ। ਲੋਕਾਂ ਨੇ ਬੁਢੀ ਮਾਈ ਦੀ ਕੋਈ ਪਰਵਾਹ ਨਾ ਕੀਤੀ, ਤੇ ਉਸ ਵਿਚਾਰੀ ਨੂੰ ਵੀ ਧੱਕਾ ਵਜਿਆ, ਪਰ ਇਸ ਵੇਲੇ ਬੁਢੀ ਮਾਈ ਨੇ ਇਕ ਅਜੀਬ ਗਲ ਦੇਖੀ। ਜਦ ਮਰਦ ਅਰ ਤੀਵੀਆਂ ਆਪਸ ਦੀ ਲੜਾਈ ਵਿਚ ਰੁਝੀਆਂ ਹੋਈਆਂ ਸਨ, ਮਾਇਆ ਆਪਣੇ ਝੱਗੇ ਤੋਂ ਚਿਕੜ ਪੂੰਝਕੇ ਮੁੜ ਪਾਣੀ ਦੇ ਲਾਗੇ ਗਈ ਤੇ ਇਕ ਲੜਕੀ ਨਾਲ ਪਾਣੀ ਦੇ ਚੁਫੇਰੇ ਵਾਲੇ ਚਿਕੜ ਨੂੰ ਇਕ ਪਾਸੋਂ ਹਟਾਕੇ ਨਾਲੀ ਬਨਾਣ ਲਗੀ, ਤਾਂ ਜੋ ਪਾਣੀ ਗਲੀ ਵਿਚੋਂ ਵੈਹ ਟੁਰੇ। ਛੇਤੀ ਨਾਲ ਨਾਮੋ ਵੀ ਉਸ ਦੇ ਨਾਲ ਆ ਰਲੀ, ਅਤੇ ਇਕ ਤ੍ਰਿਖੀ ਲਕੜੀ ਚੁਕਕੇ ਵਹਿਣੀ ਬਨਾਣ ਲਗੀ। ਜਦ ਪਾਣੀ ਇਸ ਵਹਿਣੀ ਵਿਚ ਆਇਆ ਤਾਂ ਉਥੇ ਪਹੁੰਚਿਆ ਜਿਥੇ ਬੁਢੀ ਮਾਈ ਖੜੀ ਸੀ। ਵਹਿਣੀ ਦੇ ਦੋਵੇਂ ਪਾਸੇ ਕੁੜੀਆਂ ਤਾੜੀ ਮਾਰਦੀਆਂ ਪਾਣੀ ਦੇ ਨਾਲ ਨਾਲ ਟੁਰ ਪਈਆਂ: “ਫੜੀਂ ਨਾਮੋ ਪਾਣੀ ਵਿਚ ਤਰਦੀ ਲਕੜੀ ਫੜੀਂ” ਤੇ ਇੱਦਾਂ ਦੀਆਂ ਗਲਾਂ ਕਰਕੇ ਹਸਣ ਤੇ ਗੁਟਕਣ, ਪਾਣੀ ਦੀ ਟੋਰ ਵਿਚ ਮਸਤ ਹੋਈਆਂ ਉਥੇ ਪਹੁੰਚੀਆਂ ਜਿਥੇ ਆਦਮੀ ਲੜਨ ਵਾਸਤੇ ਮੂੰਹ ਵਟੀ ਖੜੇ ਸਨ। ਕੁੜੀਆਂ ਨੂੰ ਇਸ ਅਨੰਦ ਵਿਚ ਵੇਖਕੇ ਬੁਢੀ ਮਾਈ ਨੇ ਆਖਿਆ:- “ਤੁਸੀਂ ਸ਼ਰਮ ਕਰੋ, ਇਨ੍ਹਾਂ ਕੁੜੀਆਂ ਲਈ ਲੜਦੇ ਹੋ, ਕੁੜੀਆਂ ਤਾਂ ਆਪਸ ਵਿਚ ਖੇਡਦੀਆਂ ਫਿਰਦੀਆਂ ਹਨ, ਤੇ ਚਾਉ ਚਾਈਂ ਹਨ, ਮੇਰੀਆਂ ਜੁਗਣੀਆਂ ਨੂੰ ਵੇਖੋ ਤਾਂ ਸਹੀ, ਤੁਹਾਡੇ ਨਾਲੋਂ ਕੇਡੀਆਂ ਸਿਆਣੀਆਂ ਹਨ।” ਮਰਦਾਂ ਤੇ ਤੀਵੀਆਂ ਨੇ ਕੁੜੀਆਂ ਵਲ ਵੇਖਿਆ, ਤਾਂ ਕੱਚੇ ਜਿਹੇ ਹੋ ਗਏ, ਤ ਆਪਣੀ ਮੂਰਖਤਾ ਪਰ ਹਸਦੇ ਹੋਏ ਆਪੋ ਆਪਣੇ ਘਰ ਜਾ ਵੜੇ। ਮਸੀਹ ਦਾ ਕਥਨ ਹੈ-
“ਜੇ ਰੱਬ ਦੇ ਦਰਬਾਰ ਵਿਚ ਆਉਣਾ ਜੇ
ਤਾਂ ਅੰਜਾਣੇ ਬੱਚੇ ਬਣਕੇ ਆਓ।”

(ਅਨੁਵਾਦਕ: ਅਭੈ ਸਿੰਘ ਬੀ.ਏ. ਬੀ. ਟੀ. ‘ਚੰਬੇ ਦੀਆਂ ਕਲੀਆਂ’ ਵਿੱਚੋਂ)

ਹੰਕਾਰ ਦਾ ਸਿਰ ਨੀਵਾਂ 

by Sandeep Kaur August 19, 2021

ਇਕ ਵਾਰੀ ਦੀ ਗੱਲ ਹੈ ਕਿ ਕੁਦਰਤੀ ਤਾਕਤਾਂ ਵਿਚੋਂ ਹਵਾ ਆਪਣੇ ਆਪ ਨੂੰ ਮਹਾਂਸ਼ਕਤੀਸ਼ਾਲੀ ਸਮਝਣ ਲੱਗ ਪਈ। ਇਸੇ ਹੰਕਾਰੀ ਭਾਵਨਾ ਦੇ ਅਧੀਨ ਉਸ ਨੇ ਇਕ ਦਿਨ ਸੂਰਜ ਦੇ ਨਾਲ ਮੱਥਾ ਲਾ ਲਿਆ। ਸੂਰਜ ਵੀ ਡਰਣ ਵਾਲਾ ਨਹੀਂ ਸੀ। ਉਸ ਨੇ ਹਵਾ ਦੀ ਤਾਕਤ ਨੂੰ ਐਲਾਨਿਆ।

 ਉਸੇ ਸਮੇਂ ਉਹਨਾਂ ਨੇ ਇਕ ਵਿਅਕਤੀ ਨੂੰ ਸੜਕ ਉੱਤੇ ਤੁਰੇ ਆਂਦੇ ਦੇਖਿਆ। ਦੋਹਾਂ ਨੇ ਉਸ ਵਿਅਕਤੀ ਤੇ ਆਪਣੀ ਸ਼ਕਤੀ ਦੀ ਪਰਖ ਕਰਨ ਦਾ ਫੈਸਲਾ ਕਰ ਲਿਆ। ਸਭ ਤੋਂ ਵੱਧ ਸ਼ਕਤੀਸ਼ਾਲੀ ਹੋਣ ਦਾ ਫੈਸਲਾ ਇਸ ਗੱਲ ਤੇ ਹੋਣਾ ਪ੍ਰਵਾਨ ਕੀਤਾ ਗਿਆ ਕਿ ਦੋਹਾਂ ਵਿਚੋਂ ਕੌਣ ਉਸ ਦੇ ਸਰੀਰ ਤੋਂ ਕੱਪੜੇ ਉਤਰਵਾਉਣ ਵਿਚ ਸਫਲ ਹੁੰਦਾ ਹੈ। 

ਪਹਿਲੇ ਹਵਾ ਨੇ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ। ਪਹਿਲਾਂ ਤਾਂ ਉਹ ਹੌਲੀਹੌਲੀ ਚੱਲੀ। ਮੁਸਾਫਰ ਨੂੰ ਠੰਢੀ-ਠੰਢੀ ਹਵਾ ਬਹੁਤ ਵਧੀਆ ਲੱਗੀ। ਉਸ ਤੋਂ ਪਿੱਛੋਂ ਹਵਾ ਨੇ ਤੇਜ਼-ਤੇਜ਼ ਵੱਗਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੁਸਾਫਰ ਠੰਢ ਮਹਿਸੂਸ ਕਰਨ ਲੱਗਾ।

 ਉਸ ਨੇ ਸਿਰ ’ਤੇ ਚੁੱਕੀ ਪੰਡ ਵਿੱਚੋਂ ਕੱਪੜਾ ਕੱਢ ਕੇ ਆਪਣੇ ਸਰੀਰ ਦੇ ਦੁਆਲੇ ਲਪੇਟ ਲਿਆ। ਜਿਵੇਂ-ਜਿਵੇਂ ਹਵਾ ਤੇਜ਼ ਵੱਗਦੀ ਗਈ, ਤਿਵੇਂ-ਤਿਵੇਂ ਹੀ ਮੁਸਾਫਰ ਆਪਣੇ ਸਰੀਰ ਤੇ ਹੋਰ ਕੱਪੜੇ ਲਪੇਟਣ ਲੱਗ ਪਿਆ। ਹਵਾ ਮੁਸਾਫਰ ਦੇ ਕੱਪੜੇ ਉਤਾਰਨ ਵਿਚ ਨਾਕਾਮ ਰਹੀ ਅਤੇ ਉਹ ਰੁੱਕ ਗਈ। 

ਹੁਣ ਸਰਜ ਦੀ ਵਾਰੀ ਆਈ। ਸੂਰਜ ਨੇ ਨਿੱਘੀਆਂ-ਨਿੱਘੀਆਂ ਕਿਰਨਾਂ ਧਰਤੀ ਉੱਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਠੰਢ ਨਾਲ ਕੰਬਦੇ ਹੋਏ ਮੁਸਾਫਰ ਨੇ ਸੁੱਖ ਦਾ ਸਾਹ ਲਿਆ। ਉਸ ਨੇ ਆਪਣੇ ਸਰੀਰ ਉੱਪਰ ਲਪੇਟੇ ਹੋਏ ਕੱਪੜੇ ਵਾਰੀ-ਵਾਰੀ ਕਰ ਕੇ ਉਤਾਰ ਕੇ ਪੰਡ ਵਿਚ ਬੰਨ੍ਹ ਲਏ। 

ਜਦੋਂ ਸੂਰਜ ਗੁੱਸੇ ਵਿਚ ਆ ਕੇ ਲਾਲ-ਪੀਲਾ ਹੋ ਕੇ ਚਮਕਿਆ ਤਾਂ ਮੁਸਾਫਰ ਨੇ ਨਿੱਘ ਮਹਿਸੂਸ ਕੀਤਾ। ਉਸ ਨੇ ਆਪਣਾ ਕੋਟ ਉਤਾਰ ਲਿਆ। ਉਸ ਤੋਂ ਪਿੱਛੋਂ ਸੂਰਜ ਦੀਆਂ ਕਿਰਨਾਂ ਹੋਰ ਤੇਜ਼ ਹੋ ਕੇ ਗਰਮ ਹੋ ਗਈਆਂ। ਗਰਮ ਕਿਰਨਾਂ ਨੇ ਮੁਸਾਫਰ ਦਾ ਸਰੀਰ ਲੂਹ ਸੁੱਟਿਆ। ਉਹ ਪਾਣੀ-ਪਾਣੀ ਹੋ ਗਿਆ। ਉਸਨੇ ਆਪਣੀ ਕਮੀਜ਼ ਵੀ ਉਤਾਰ ਲਈ। 

ਇਹ ਵੇਖ ਕੇ ਹਵਾ ਨੇ ਆਪਣੀ ਹਾਰ ਮੰਨ ਲਈ। ਸੂਰਜ ਦੀ ਤਾਕਤ ਅੱਗੇ ਗੋਡੇ ਟੇਕ ਦਿੱਤੇ ਅਤੇ ਈਨ ਮੰਨ ਲਈ। 

 

ਸਿੱਖਿਆ-ਹੰਕਾਰ ਦਾ ਸਿਰ ਨੀਵਾਂ

ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ ਲਿਉ ਤਾਲਸਤਾਏ

by Sandeep Kaur August 16, 2021

ਇਕ ਸਵੇਰ ਨੂੰ ਇਕ ਗਰੀਬ ਕਿਸਾਨ, ਬਰੈੱਡ ਦਾ ਇਕ ਸੁੱਕਾ ਜਿਹਾ ਟੁੱਕੜਾ ਨਾਸ਼ਤੇ ਵਾਸਤੇ ਆਪਣੇ ਨਾਲ ਲੈ ਕੇ ਖੇਤਾਂ ’ਚ ਕੰਮ ਕਰਨ ਲਈ ਚਲਾ ਗਿਆ। ਉਸ ਨੇ ਆਪਣਾ ਹਲ ਤਿਆਰ ਕੀਤਾ, ਬਰੈੱਡ ਦਾ ਟੁਕੜਾ ਆਪਣੇ ਕੋਟ ’ਚ ਲਪੇਟ ਕੇ ਝਾੜੀ ਦੇ ਥੱਲੇ ਰੱਖ ਦਿੱਤਾ ਤੇ ਆਪਣੇ ਕੰਮ ’ਤੇ ਲੱਗ ਪਿਆ। ਕੁਝ ਚਿਰ ਬਾਅਦ, ਜਦੋਂ ਉਸ ਦਾ ਘੋੜਾ ਥੱਕ ਗਿਆ ਤੇ ਉਸ ਨੂੰ ਆਪ ਨੂੰ ਵੀ ਭੁੱਖ ਲੱਗੀ ਤਾਂ ਉਸ ਨੇ ਆਪਣਾ ਹਲ ਰੋਕਿਆ, ਘੋੜੇ ਨੂੰ ਘਾਹ ਚਰਨ ਲਈ ਛੱਡ ਦਿੱਤਾ ਤੇ ਆਪ ਨਾਸ਼ਤੇ ਵਾਸਤੇ ਆਪਣੇ ਕੋਟ ਵੱਲ ਗਿਆ।
ਉਸ ਨੇ ਕੋਟ ਉਤਾਂਹ ਕੀਤਾ, ਪਰ ਉਸ ਵਿਚ ਬਰੈੱਡ ਦਾ ਟੁੱਕੜਾ ਨਹੀਂ ਸੀ। ਉਸ ਨੇ ਵਾਰ-ਵਾਰ ਦੇਖਿਆ, ਕੋਟ ਨੂੰ ਹੇਠਾਂ ਉੱਪਰ ਕੀਤਾ, ਹਿਲਾਇਆ ਜੁਲਾਇਆ, ਪਰ ਬਰੈੱਡ ਦਾ ਟੁੱਕੜਾ ਨਾ ਮਿਲਿਆ। ਇਸ ਗੱਲ ਦੀ ਸਮਝ ਕਿਸਾਨ ਨੂੰ ਉੱਕਾ ਹੀ ਨਾ ਲੱਗੀ ਕਿ ਉਸ ਦਾ ਬਰੈੱਡ ਦਾ ਟੁੱਕੜਾ ਕਿੱਧਰ ਚਲਾ ਗਿਆ।
ਉਹ ਸੋਚਣ ਲੱਗਾ, ‘ਕਿੰਨੀ ਅਜੀਬ ਗੱਲ ਹੈ, ਮੈਂ ਇੱਥੇ ਕਿਸੇ ਨੂੰ ਨਹੀਂ ਦੇਖਿਆ, ਪਰ ਤਾਂ ਵੀ ਇੱਥੇ ਕੋਈ ਆਇਆ ਹੈ, ਮੇਰਾ ਬਰੈੱਡ ਦਾ ਟੁੱਕੜਾ ਚੁਰਾ ਲੈ ਕੇ ਗਿਆ ਹੈ।’
ਦਰਅਸਲ ਜਦੋਂ ਕਿਸਾਨ ਹਲ ਚਲਾ ਰਿਹਾ ਸੀ ਤਾਂ ਉਸ ਪਲ ਉੱਥੇ ਇਕ ਸ਼ੈਤਾਨ (ਦੁਸ਼ਟ ਆਤਮਾ) ਝਾੜੀ ਦੇ ਓਹਲੇ ਬੈਠਾ ਹੋਇਆ ਸੀ ਅਤੇ ਉਸ ਨੇ ਹੀ ਉਸ ਦਾ ਬਰੈੱਡ ਦਾ ਟੁੱਕੜਾ ਚੁਰਾਇਆ ਸੀ ਅਤੇ ਹੁਣ ਸ਼ੈਤਾਨ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਕਿਸਾਨ ਇਸ ਚੋਰੀ ਕਰਨ ਵਾਲੇ ਨੂੰ ਗਾਲ੍ਹਾਂ ਕੱਢੇ ਤੇ ਮੁਖੀਏ ਨੂੰ ਇਸ ਗੱਲ ਦੀ ਸ਼ਿਕਾਇਤ ਕਰੇ।
ਕਿਸਾਨ ਨੂੰ ਆਪਣਾ ਨਾਸ਼ਤਾ ਗੁਆਉਣ ਦਾ ਬੜਾ ਦੁੱਖ ਸੀ ਪਰ ਉਸ ਨੇ ਕਿਹਾ, ‘‘ਹੁਣ ਕੁਝ ਨਹੀਂ ਹੋ ਸਕਦਾ। ਮੈਂ ਕਿਤੇ ਭੁੱਖ ਨਾਲ ਮਰ ਤਾਂ ਨਹੀਂ ਜਾਵਾਂਗਾ। ਇਸ ’ਚ ਕੋਈ ਸ਼ੱਕ ਨਹੀਂ ਕਿ ਜਿਸ ਨੇ ਵੀ ਇਹ ਬਰੈੱਡ ਦਾ ਟੁਕੜਾ ਚੁਰਾਇਆ ਹੈ, ਉਸ ਨੂੰ ਇਸ ਦੀ ਜ਼ਰੂਰਤ ਸੀ, ਰੱਬ ਉਸ ਦਾ ਭਲਾ ਕਰੇ।’’
ਅਤੇ ਉਸ ਨੇ ਖੂਹ ’ਤੇ ਜਾ ਕੇ ਪਾਣੀ ਪੀਤਾ ਤੇ ਕੁਝ ਚਿਰ ਆਰਾਮ ਕੀਤਾ। ਫੇਰ ਉਸ ਨੇ ਆਪਣੇ ਘੋੜੇ ਨੂੰ ਫੜਿਆ, ਉਸ ਨੂੰ ਖੇਤ ਵਾਹੁਣ ਲਈ ਤਿਆਰ ਕੀਤਾ ਤੇ ਫੇਰ ਖੇਤ ਵਾਹੁਣਾ ਸ਼ੁਰੂ ਕਰ ਦਿੱਤਾ।
ਸ਼ੈਤਾਨ ਨੂੰ ਇਸ ਗੱਲ ’ਚ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਿ ਉਹ ਕਿਸਾਨ ਕੋਲੋਂ ਕੋਈ ਵੀ ਮਾੜਾ ਕੰਮ ਨਹੀਂ ਕਰਵਾ ਸਕਿਆ ਅਤੇ ਇਸ ਸਭ ਕੁਝ ਬਾਰੇ ਦੱਸਣ ਲਈ, ਉਹ ਆਪਣੇ ਮਾਲਕ, ਸ਼ੈਤਾਨਾਂ ਦੇ ਮੁਖੀਏ ਕੋਲ ਪਹੁੰਚ ਗਿਆ।
ਉਹ ਮੁਖੀਏ ਕੋਲ ਆਇਆ ਅਤੇ ਉਸ ਨੂੰ ਦੇਖਿਆ ਕਿ ਕਿਵੇਂ ਉਸ ਨੇ ਕਿਸਾਨ ਦਾ ਬਰੈੱਡ ਦਾ ਟੁੱਕੜਾ ਲੈ ਲਿਆ ਸੀ ਤੇ ਕਿਸਾਨ ਉਸ ਨੂੰ (ਬਰੈੱਡ ਦਾ ਟੁੱਕੜਾ ਲੈਣ ਵਾਲੇ ਨੂੰ) ਕੋਈ ਸਰਾਪ ਦੇਣ ਦੀ ਬਜਾਏ ਉਸ ਦਾ ਭਲਾ ਸੋਚ ਰਿਹਾ ਸੀ।
ਮੁਖੀਏ ਨੂੰ ਬੜਾ ਗੁੱਸਾ ਚੜ੍ਹਿਆ ਤੇ ਉਸ ਨੇ ਜਵਾਬ ਦਿੱਤਾ, ‘‘ਜੇ ਕਿਸਾਨ ’ਤੇ ਤੇਰੇ ਇਸ ਕਾਰਨਾਮੇ ਦਾ ਕੋਈ ਅਸਰ ਨਹੀਂ ਹੋਇਆ ਤਾਂ ਇਹ ਤੇਰਾ ਹੀ ਕਸੂਰ ਹੈ-ਤੈਨੂੰ ਹੀ ਆਪਣਾ ਕੰਮ ਕਰਨ ਦੀ ਸਮਝ ਨਹੀਂ ਹੈ। ਜੇ ਕਿਸਾਨ ਤੇ ਉਨ੍ਹਾਂ ਦੇ ਟੱਬਰ ਇੰਜ ਕਰਨ ਲੱਗ ਪਏ ਤਾਂ ਇਹ ਸਾਨੂੰ ਕੁਝ ਨਹੀਂ ਸਮਝਣਗੇ। ਇਸ ਗੱਲ ਨੂੰ ਏਦਾਂ ਹੀ ਨਹੀਂ ਛੱਡਿਆ ਜਾ ਸਕਦਾ। ਜਲਦੀ ਨਾਲ ਵਾਪਸ ਜਾਹ ਤੇ ਸਭ ਕੁਝ ਚੱਜ ਨਾਲ ਕਰ। ਜੇ ਤਿੰਨ ਸਾਲਾਂ ਵਿਚ ਤੂੰ ਉਸ ਆਦਮੀ ਨੂੰ ਆਪਣੇ ਕਾਬੂ ’ਚ ਨਾ ਕਰ ਸਕਿਆ ਤਾਂ ਮੈਂ ਤੈਨੂੰ ਪਵਿੱਤਰ ਪਾਣੀ ’ਚ ਧੱਕਾ ਦੇ ਦਿਆਂਗਾ।’’
ਸ਼ੈਤਾਨ ਡਰ ਗਿਆ। ਉਹ ਤ੍ਰਹਿ ਕੇ ਜਲਦੀ ਨਾਲ ਧਰਤੀ ’ਤੇ ਵਾਪਸ ਆ ਗਿਆ ਤੇ ਆਪਣੀ ਗਲਤੀ ਨੂੰ ਸੁਧਾਰਨ ਬਾਰੇ ਸੋਚਣ ਲੱਗਾ। ਸੋਚਦਿਆਂ-ਸੋਚਦਿਆਂ ਉਸ ਨੂੰ ਇਕ ਤਰਕੀਬ ਸੁੱਝੀ।
ਉਸ ਨੇ ਕਾਮੇ ਦਾ ਰੂਪ ਧਾਰ ਲਿਆ ਤੇ ਗਰੀਬ ਕਿਸਾਨ ਦੇ ਨਾਲ ਕੰਮ ਕਰਾਉਣ ਲੱਗ ਪਿਆ। ਪਹਿਲੇ ਸਾਲ, ਉਸ ਨੇ ਕਿਸਾਨ ਨੂੰ ਸਿੱਲੀ ਥਾਂ ’ਤੇ ਫਸਲ ਬੀਜਣ ਲਈ ਕਿਹਾ। ਕਿਸਾਨ ਨੇ ਉਸ ਦੀ ਗੱਲ ਮੰਨੀ ਤੇ ਸਿੱਲੀ ਥਾਂ ’ਤੇ ਫਸਲ ਬੀਜ ਦਿੱਤੀ। ਸਾਰਾ ਸਾਲ ਮੀਂਹ ਨਾ ਪਿਆ ਤੇ ਸਾਰੇ ਕਿਸਾਨਾਂ ਦੀਆਂ ਫਸਲਾਂ ਸੂਰਜ ਦੀ ਗਰਮੀ ਨਾਲ ਸੜ ਗਈਆਂ ਪਰ ਗਰੀਬ ਕਿਸਾਨ ਦੀ ਕਣਕ ਦੀ ਫਸਲ ਬੜੀ ਸੰਘਣੀ, ਲੰਮੀ ਤੇ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਵਾਲੀ ਹੋਈ।
ਸਾਰਾ ਸਾਲ ਵਰਤ ਕੇ ਵੀ ਉਨ੍ਹਾਂ ਦੀ ਫਸਲ ਦੇ ਦਾਣੇ ਉਨ੍ਹਾਂ ਲਈ ਵਾਧੂ ਸਨ।
ਅਗਲੇ ਸਾਲ, ਸ਼ੈਤਾਨ ਨੇ ਕਿਸਾਨ ਨੂੰ ਪਹਾੜੀ ਉੱਪਰ ਫਸਲ ਬੀਜਣ ਦੀ ਸਲਾਹ ਦਿੱਤੀ ਅਤੇ ਉਦੋਂ ਸਾਰੀਆਂ ਗਰਮੀਆਂ ਮੀਂਹ ਪੈਂਦਾ ਰਿਹਾ। ਹੋਰ ਲੋਕਾਂ ਦੀ ਫਸਲ ਥੱਲੇ ਵਿੱਛ ਗਈ ਅਤੇ ਖਰਾਬ ਹੋ ਗਈ ਤੇ ਸਿੱਟੇ ਵੀ ਦਾਣਿਆਂ ਤੋਂ ਖਾਲੀ ਰਹੇ ਪਰ ਕਿਸਾਨ ਦੀ ਫਸਲ ਜੋ ਕਿ ਪਹਾੜੀ ’ਤੇ ਉੱਗੀ ਸੀ, ਉਹ ਭਰਵੀਂ ਹੋਈ। ਉਸ ਕੋਲ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਦਾਣੇ ਹੋ ਗਏ, ਇਸ ਲਈ ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਵਾਧੂ ਦਾਣਿਆਂ ਦਾ ਕੀ ਕਰੇ।
ਫੇਰ ਸ਼ੈਤਾਨ ਨੇ ਕਿਸਾਨ ਨੂੰ ਦਾਣਿਆਂ ਨੂੰ ਫੇਹ ਕੇ, ਉਸ ਤੋਂ ਸ਼ਰਾਬ ਬਣਾਉਣ ਦਾ ਤਰੀਕਾ ਦੱਸਿਆ। ਕਿਸਾਨ ਨੇ ਬੜੀ ਤੇਜ਼ ਸ਼ਰਾਬ ਬਣਾਈ ਤੇ ਆਪ ਵੀ ਪੀਣੀ ਸ਼ੁਰੂ ਕਰ ਦਿੱਤੀ ਤੇ ਆਪਣੀ ਦੋਸਤਾਂ ਨੂੰ ਵੀ ਪਿਆਉਣ ਲੱਗਾ।
ਸੋ, ਸ਼ੈਤਾਨ, ਆਪਣੇ ਮਾਲਕ, ਭਾਵ ਸ਼ੈਤਾਨਾਂ ਦੇ ਮੁਖੀਏ ਕੋਲ ਗਿਆ ਤੇ ਬੜੇ ਮਾਣ ਨਾਲ ਉਸ ਨੂੰ ਦੱਸਿਆ ਕਿ ਉਸ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ ਹੈ। ਮੁਖੀਏ ਨੇ ਕਿਹਾ ਕਿ ਉਹ ਆਪ ਆ ਕੇ ਆਪਣੀ ਅੱਖੀਂ ਸਾਰਾ ਮਾਮਲਾ ਦੇਖੇਗਾ।
ਉਹ (ਮੁਖੀਆ) ਸ਼ੈਤਾਨ ਦੇ ਘਰ ਆਇਆ ਤੇ ਦੇਖਿਆ ਕਿ ਕਿਸਾਨ ਨੇ ਆਪਣੇ ਅਮੀਰ ਗੁਆਂਢੀਆਂ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ ਤੇ ਉਨ੍ਹਾਂ ਨੂੰ ਸ਼ਰਾਬ ਪਿਲਾ ਰਿਹਾ ਸੀ। ਉਸ ਦੀ ਪਤਨੀ ਜੋ ਕਿ ਪ੍ਰਾਹੁਣਿਆਂ ਨੂੰ ਸ਼ਰਾਬ ਵਰਤਾ ਰਹੀ ਸੀ, ਉਸ ਨੂੰ ਮੇਜ਼ ਨਾਲ ਠੇਢਾ ਲੱਗਣ ਕਾਰਨ ਸ਼ਰਾਬ ਦਾ ਇਕ ਗਿਲਾਸ ਡੁੱਲ੍ਹ ਗਿਆ।
ਕਿਸਾਨ ਗੁੱਸੇ ’ਚ ਆ ਕੇ ਆਪਣੀ ਪਤਨੀ ਨੂੰ ਝਿੜਕਣ ਲੱਗਾ, ‘‘ਤੂੰ ਆਪਣੇ ਆਪ ਨੂੰ ਕੀ ਸਮਝਦੀ ਏਂ? ਕੀ ਤੂੰ ਲੰਗੜੀ ਲੂਲ੍ਹੀ ਔਰਤ ਏਂ? ਕੀ ਤੂੰ ਸਮਝਦੀ ਏਂ ਕਿ ਇਹ ਮਾਮੂਲੀ ਪਾਣੀ ਏ, ਜੋ ਤੂੰ ਇਸ ਏਡੀ ਵਧੀਆ ਚੀਜ਼ ਨੂੰ ਫਰਸ਼ ਉਪਰ ਡੋਲ੍ਹੀ ਜਾ ਰਹੀ ਏਂ?
ਸ਼ੈਤਾਨ ਨੇ ਆਪਣੇ ਮਾਲਕ, ਸ਼ੈਤਾਨਾਂ ਦੇ ਮੁਖੀਏ ਨੂੰ ਆਪਣੀ ਕੂਹਣੀ ਨਾਲ ਹਿਲਾਇਆ ਤੇ ਕਿਹਾ, ‘‘ਦੇਖੋ, ਇਹ ਉਹੋ ਆਦਮੀ ਜੇ, ਜਿਸ ਨੂੰ ਆਪਣੀ ਬਰੈੱਡ ਦਾ ਇਕ ਸੁੱਕਾ ਹੋਇਆ ਟੁੱਕੜਾ ਗੁਆਚਣ ’ਤੇ ਕੋਈ ਗੁੱਸਾ ਨਹੀਂ ਸੀ ਆਇਆ।’’
ਕਿਸਾਨ, ਜੋ ਕਿ ਹਾਲੀਂ ਵੀ ਆਪਣੀ ਪਤਨੀ ਨੂੰ ਗੁੱਸੇ ਹੋ ਰਿਹਾ ਸੀ, ਉਸ ਨੇ ਆਪ ਹੀ ਸ਼ਰਾਬ ਵਰਤਾਉਣੀ ਸ਼ੁਰੂ ਕਰ ਦਿੱਤੀ। ਏਨੇ ਨੂੰ ਇਕ ਗਰੀਬ ਕਿਸਾਨ, ਜੋ ਆਪਣੇ ਕੰਮ ਤੋਂ ਵਾਪਸ ਮੁੜ ਰਿਹਾ ਸੀ, ਬਿਨਾਂ ਸੱਦੇ ਤੋਂ ਹੀ ਅੰਦਰ ਆ ਗਿਆ। ਉਸ ਨੇ ਸਾਰਿਆਂ ਨੂੰ ਦੁਆ ਸਲਾਮ ਕੀਤੀ, ਉੱਥੇ ਬੈਠ ਗਿਆ ਤੇ ਦੇਖਿਆ ਕਿ ਉਹ ਸਾਰੇ ਪੀ ਰਹੇ ਸਨ। ਉਹ ਦਿਨ ਭਰ ਦੇ ਕੰਮਾਂ ਨਾਲ ਥੱਕਿਆ ਹੋਇਆ ਸੀ ਤੇ ਉਸ ਦਾ ਜੀਅ ਵੀ ਘੁੱਟ ਪੀਣ ਨੂੰ ਕਰ ਆਇਆ। ਉਹ ਬੈਠਾ ਰਿਹਾ ਤੇ ਉਸ ਦੇ ਮੂੰਹ ’ਚ ਪਾਣੀ ਆ ਗਿਆ। ਪਰ ਮੇਜ਼ਬਾਨ ਨੇ ਉਸ ਨੂੰ ਪੀਣ ਨੂੰ ਤਾਂ ਕੀ ਦੇਣੀ ਸੀ, ਸਗੋਂ ਬੁੜਬੁੜਾਇਆ, ‘‘ਮੈਂ ਇੱਥੇ ਹਰ ਐਰੇ-ਗੈਰੇ ਲਈ ਸ਼ਰਾਬ ਦਾ ਪ੍ਰਬੰਧ ਨਹੀਂ ਕਰ ਸਕਦਾ।’’
ਇਸ ’ਤੇ ਮੁਖੀਆ ਬੜਾ ਖੁਸ਼ ਹੋਇਆ, ਪਰ ਸ਼ੈਤਾਨ ਹੌਲੀ ਜਿਹੀ ਹੱਸਿਆ ਤੇ ਕਹਿਣ ਲੱਗਾ, ‘‘ਥੋੜ੍ਹੀ ਦੇਰ ਰੁਕੋ, ਹਾਲੀਂ ਹੋਰ ਬਹੁਤ ਕੁਝ ਦੇਖੋਗੇ।’’
ਅਮੀਰ ਕਿਸਾਨਾਂ ਨੇ ਵੀ ਤੇ ਮੇਜ਼ਬਾਨ ਨੇ ਵੀ ਪੀ ਲਈ ਸੀ ਅਤੇ ਫਿਰ ਉਨ੍ਹਾਂ ਨੇ ਝੂਠੀਆਂ ਤੇ ਇਕ ਦੂਜੇ ਨੂੰ ਫੂਕ ਛਕਾਉਣ ਵਾਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ।
ਮੁਖੀਆ ਸੁਣਦਾ ਗਿਆ ਤੇ ਸ਼ੈਤਾਨ ਦੀ ਪ੍ਰਸੰਸਾ ਕਰਨ ਲੱਗਾ। ਉਹ ਕਹਿਣ ਲੱਗਾ, ‘‘ਜੇ ਸ਼ਰਾਬ, ਇਨ੍ਹਾਂ ਨੂੰ ਏਨੇ ਖਚਰੇ ਬਣਾ ਦਿੰਦੀ ਹੈ ਕਿ ਉਹ ਇਕ-ਦੂਜੇ ਨੂੰ ਧੋਖਾ ਦੇਣ ਲੱਗ ਪੈਂਦੇ ਹਨ, ਤਾਂ ਛੇਤੀ ਹੀ ਅਸੀਂ ਸਫਲ ਹੋ ਜਾਵਾਂਗੇ।’’
ਸ਼ੈਤਾਨ ਨੇ ਕਿਹਾ, ‘‘ਹੁਣੇ ਦੇਖਿਓ, ਕੀ ਹੋਵੇਗਾ। ਉਨ੍ਹਾਂ ਨੂੰ ਸ਼ਰਾਬ ਦਾ ਇਕ ਦੌਰ ਹੋਰ ਲਾ ਲੈਣ ਦਿਓ। ਹੁਣ ਉਹ ਲੂੰਬੜ ਚਾਲਾਂ ਨਾਲ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਹੁਣੇ ਤੁਸੀਂ ਦੇਖੋਗੇ ਕਿ ਇਨ੍ਹਾਂ ਦਾ ਵਰਤਾਰਾ ਜ਼ਾਲਮ ਬਘਿਆੜਾਂ ਵਰਗਾ ਹੋ ਜਾਵੇਗਾ।’’
ਕਿਸਾਨਾਂ ਨੇ ਇਕ-ਇਕ ਗਲਾਸ ਹੋਰ ਪੀਤਾ ਤੇ ਉਨ੍ਹਾਂ ਦਾ ਵਤੀਰਾ ਹੋਰ ਵੀ ਜੰਗਲੀ ਤੇ ਮਾੜਾ ਹੋ ਗਿਆ। ਹੁਣ ਉਹ ਇਕ-ਦੂਜੇ ਦੀ ਝੂਠੀ ਤਾਰੀਫ ਕਰਨ ਦੀ ਬਜਾਏ, ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਏ ਤੇ ਧਮਕਾਉਣ ਲੱਗ ਪਏ। ਛੇਤੀ ਹੀ ਉਹ ਲੜਨ ਲੱਗ ਪਏ ਤੇ ਹੱਥੋਪਾਈ ਹੋ ਪਏ। ਮੇਜ਼ਬਾਨ ਵੀ ਲੜਾਈ ’ਚ ਸ਼ਾਮਲ ਹੋ ਗਿਆ ਤੇ ਉਸ ਨੂੰ ਵੀ ਖੂਬ ਕੁਟਾਪਾ ਚਾੜ੍ਹਿਆ ਗਿਆ।
ਮੁਖੀਆ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, ‘‘ਇਹ ਬੜੀ ਵਧੀਆ ਗੱਲ ਏ।’’ ਪਰ ਸ਼ੈਤਾਨ ਨੇ ਜਵਾਬ ’ਚ ਕਿਹਾ, ‘‘ਹਾਲੀਂ ਕੁਝ ਚਿਰ ਉਡੀਕੋ ਸਭ ਤੋਂ ਵਧੀਆ ਗੱਲ ਤਾਂ ਹਾਲੀਂ ਹੋਣੀ ਹੈ। ਇਨ੍ਹਾਂ ਨੂੰ ਤੀਸਰਾ ਗਿਲਾਸ ਵੀ ਪੀ ਲੈਣ ਦਿਉ। ਹਾਲੀਂ ਤਾਂ ਇਹ ਬਘਿਆੜਾਂ ਵਾਂਗ ਲੜ ਰਹੇ ਹਨ, ਪਰ ਇਕ ਇਕ ਗਿਲਾਸ ਹੋਰ ਪੀਣ ਤੋਂ ਬਾਅਦ ਇਹ ਜੰਗਲੀ ਸੂਰਾਂ ਵਾਂਗ ਲੜਨਗੇ।’’
ਕਿਸਾਨਾਂ ਨੇ ਤੀਸਰਾ ਗਿਲਾਸ ਵੀ ਪੀ ਲਿਆ ਤੇ ਬਿਲਕੁਲ ਨਿਰਦਈ ਬਣ ਗਏ। ਉਹ ਬਿਨਾਂ ਕਿਸੇ ਦੀ ਕੋਈ ਗੱਲ ਸੁਣਨ ਤੋਂ ਬੁੜਬੁੜਾਉਣ ਲੱਗੇ ਤੇ ਇਕ-ਦੂਜੇ ’ਤੇ ਚੀਕਣ ਲੱਗੇ।
ਫੇਰ ਪਾਰਟੀ ਖਿੰਡ-ਪੁੰਡ ਗਈ ਤੇ ਕਈ ਜਣੇ ਇਕੱਲੇ-ਇਕੱਲੇ, ਕਈ ਦੋ-ਦੋ ਤੇ ਕਈ ਤਿੰਨ-ਤਿੰਨ ਦੇ ਗੁੱਟਾਂ ਵਿਚ ਗਲੀ ਵਿਚ ਡਗਮਗਾਉਣ ਲੱਗੇ।
ਮੇਜ਼ਬਾਨ ਵੀ ਆਪਣੇ ਪ੍ਰਾਹੁਣਿਆਂ ਨੂੰ ਛੱਡਣ ਲਈ ਤੇਜ਼ੀ ਨਾਲ ਬਾਹਰ ਆਇਆ ਪਰ ਉਹ ਮੂੰਹ ਪਰਨੇ ਗੰਦੇ ਪਾਣੀ ਵਾਲੇ ਟੋਏ ’ਚ ਡਿੱਗ ਪਿਆ ਤੇ ਸਿਰ ਤੋਂ ਮੂੰਹ ਤਕ ਲਿਬੜ ਗਿਆ ਤੇ ਉੱਥੇ ਹੀ ਸੂਰ ਵਾਂਗ ਘੁਰ-ਘੁਰ ਕਰਦਿਆਂ ਡਿੱਗ ਪਿਆ।
ਇਹ ਦੇਖ ਕੇ ਸ਼ੈਤਾਨਾਂ ਦਾ ਮੁਖੀ ਹੋਰ ਵੀ ਖੁਸ਼ ਹੋਇਆ। ਉਹ ਕਹਿਣ ਲੱਗਾ, ‘‘ਠੀਕ ਹੈ, ਤੂੰ ਉੱਤਮ ਦਰਜੇ ਦੀ ਸ਼ਰਾਬ ਬਣਵਾਉਣ ’ਚ ਸਫਲ ਰਿਹਾ ਹੈ ਅਤੇ ਆਪਣੀ ਬਰੈੱਡ ਵਾਲੀ ਗਲਤੀ ਦਾ ਬਦਲਾ ਲੈ ਲਿਆ ਹੈ। ਪਰ ਹੁਣ ਤੂੰ ਮੈਨੂੰ ਇਹ ਦੱਸ ਕੇ ਇਹ ਸ਼ਰਾਬ ਤੂੰ ਬਣਾਈ ਕਿਵੇਂ? ਤੂੰ ਜ਼ਰੂਰ ਹੀ ਪਹਿਲਾਂ ਲੂੰਬੜ ਦਾ ਲਹੂ ਲਿਆ ਹੋਵੇਗਾ ਤੇ ਇਸ ਨੇ ਕਿਸਾਨਾਂ ਨੂੰ ਲੂੰਬੜਾਂ ਵਾਂਗ ਹੀ ਚਾਲਬਾਜ਼ ਬਣਾ ਦਿੱਤਾ ਹੋਵੇਗਾ। ਫੇਰ, ਮੇਰਾ ਖਿਆਲ ਹੈ ਕਿ ਤੂੰ ਇਸ ’ਚ ਬਘਿਆੜਾਂ ਦਾ ਲਹੂ ਮਿਲਾਇਆ ਹੋਵੇਗਾ, ਜਿਸ ਨੇ ਇਨ੍ਹਾਂ ਨੂੰ ਬਘਿਆੜਾਂ ਵਰਗੇ ਭਿਅੰਕਰ ਬਣਾ ਦਿੱਤਾ ਹੋਵੇਗਾ। ਅੰਤ ਵਿਚ ਤੂੰ ਜੰਗਲੀ ਸੂਰਾਂ ਦਾ ਖੂਨ ਇਸ ’ਚ ਮਿਲਾਇਆ ਹੋਵੇਗਾ, ਜਿਸ ਕਾਰਨ ਇਨ੍ਹਾਂ ਦਾ ਵਤੀਰਾ ਉਨ੍ਹਾਂ ਜੰਗਲੀ ਸੂਰਾਂ ਵਰਗਾ ਹੋ ਗਿਆ ਹੋਵੇਗਾ।’’
ਸ਼ੈਤਾਨ ਕਹਿਣ ਲੱਗਾ, ‘‘ਨਹੀਂ, ਏਸ ਤਰ੍ਹਾਂ ਦਾ ਮੈਂ ਕੁਝ ਵੀ ਨਹੀਂ ਕੀਤਾ। ਮੈਂ ਤਾਂ ਇਹ ਦੇਖਿਆ ਕਿ ਕਿਸਾਨ ਕੋਲ ਦਾਣੇ ਉਸ ਦੀ ਜ਼ਰੂਰਤ ਤੋਂ ਵੱਧ ਹੋ ਗਏ ਸਨ। ਆਦਮੀ ਵਿਚ ਹਮੇਸ਼ਾ ਹੀ ਜੰਗਲੀ ਜਾਨਵਰਾਂ ਵਾਲਾ ਖੂਨ ਦੌੜਦਾ ਹੈ ਪਰ ਜਿੰਨਾ ਚਿਰ ਤਕ ਉਸ ਕੋਲ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਦਾਣੇ ਹੁੰਦੇ ਹਨ, ਇਹ ਖੂਨ ਆਪਣੀਆਂ ਹੱਦਾਂ ਵਿਚ ਹੀ ਰਹਿੰਦਾ ਹੈ। ਜਦੋਂ ਤਕ ਕਿਸਾਨ ਕੋਲ ਵੀ ਗੁਜ਼ਾਰੇ ਜੋਗੇ ਦਾਣੇ ਸਨ, ਉਸ ਨੇ ਬਰੈੱਡ ਦਾ ਟੁਕੜਾ ਗੁਆਚਣ ’ਤੇ ਵੀ ਕੋਈ ਗੁੱਸਾ ਨਹੀਂ ਸੀ ਕੀਤਾ। ਪਰ ਜਦੋਂ ਉਸ ਕੋਲ ਦਾਣੇ ਵਾਧੂ ਬਚ ਗਏ ਉਹ ਇਨ੍ਹਾਂ ਤੋਂ ਆਨੰਦ ਲੈਣ ਲਈ ਤਰੀਕੇ ਲੱਭਣ ਲੱਗਾ ਤੇ ਮੈਂ ਉਸ ਨੂੰ ਪੀਣ ਦਾ ਆਨੰਦ ਦਿਖਾਇਆ ਅਤੇ ਜਦੋਂ ਉਸ ਨੇ ਆਪਣੇ ਆਨੰਦ ਲਈ ਪਰਮਾਤਮਾ ਦੇ ਦਿੱਤੇ ਹੋਏ ਤੋਹਫਿਆਂ ਤੋਂ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਧੁਰ ਅੰਦਰੋਂ, ਲੂੰਬੜ ਦਾ, ਬਘਿਆੜ ਦਾ ਤੇ ਜੰਗਲੀ ਸੂਰ ਦਾ ਲਹੂ ਬਾਹਰ ਆ ਗਿਆ। ਜੇ ਹੁਣ ਇਵੇਂ ਸ਼ਰਾਬ ਪੀਂਦਾ ਗਿਆ ਤਾਂ ਉਹ ਹਮੇਸ਼ਾ ਜੰਗਲੀ ਜਾਨਵਰ ਹੀ ਬਣਿਆ ਰਹੇਗਾ।’’
ਸ਼ੈਤਾਨਾਂ ਦੇ ਮੁਖੀਏ ਨੇ ਸ਼ੈਤਾਨ ਦੀ ਪ੍ਰਸੰਸਾ ਕੀਤੀ, ਉਸ ਦੀ ਪੁਰਾਣੀ ਬੱਜਰ ਗਲਤੀ ਲਈ ਉਸ ਨੂੰ ਮੁਆਫ ਕਰ ਦਿੱਤਾ ਤੇ ਉਸ ਨੂੰ ਹੋਰ ਉੱਚਾ ਅਹੁਦਾ ਦੇ ਦਿੱਤਾ।

ਪੰਜਾਬੀ ਰੂਪ: ਬਲਰਾਜ ‘ਧਾਰੀਵਾਲ’

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ 

by Sandeep Kaur August 16, 2021

ਇਕ ਬਜ਼ੁਰਗ ਕਿਸਾਨ ਦੇ ਚਾਰ ਪੁੱਤਰ ਸਨ। ਉਹ ਚਾਰੇ ਹੀ ਵਿਹਲੇ ਅਤੇ ਆਲਸੀ ਸਨ। ਉਹ ਸਾਰਾ ਦਿਨ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ। ਬਜ਼ੁਰਗ ਨੇ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਉੱਪਰ ਕੋਈ ਅਸਰ ਨਾ ਹੋਇਆ।

 ਬੁੱਢਾ ਕੰਧੀ ਉੱਤੇ ਰੁੱਖੜੇ ਵਾਂਗ ਮਰਨ ਦੇ ਕੰਡੇ ਸੀ। ਉਹ ਸੋਚਾਂ ਵਿਚ ਡੁੱਬਾ ਹੋਇਆ ਸੀ। ਪੁੱਤਰਾਂ ਦੇ ਫਿਕਰ ਨੇ ਉਸ ਦਾ ਖੂਨ ਸੁਕਾ ਦਿੱਤਾ ਸੀ।

 ਬੜੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਪੁੱਤਰੋ ! ਮੇਰੇ ਖੇਤ ਵਿਚ ਗੁਪਤ ਖਜ਼ਾਨਾ ਦੱਬਿਆ ਹੋਇਆ ਹੈ। ਤੁਸੀਂ ਉਹ ਮੇਰੇ ਖੇਤਾਂ ਵਿੱਚੋਂ ਪੁੱਟ ਕੇ ਕੱਢ ਲਵੋ. 

ਇੰਨੀ ਗੱਲ ਆਖ ਕੇ ਬਜ਼ੁਰਗ ਸਦਾ ਦੀ ਨੀਂਦ ਸੌਂ ਗਿਆ। ਪਰ ਉਸ ਦੇ ਪੁੱਤਰਾਂ ਦੇ ਕੰਨਾਂ ਵਿਚ ਆਪਣੇ ਪਿਤਾ ਦੇ ਆਖਰੀ ਸ਼ਬਦ ਗੁੰਜਦੇ ਰਹੇ। ਅੰਤਿਮ-ਸੰਸਕਾਰ ਤੋਂ ਵਿਹਲੇ ਹੋ ਕੇ ਉਹਨਾਂ ਨੇ ਕਹੀਆਂ ਨਾਲ ਆਪਣੇ ਖੇਤਾਂ ਨੂੰ ਖੁਬ ਪੁੱਟਿਆ। ਪਰ ਉਹਨਾਂ ਦੇ ਹੱਥ-ਪੱਲੇ ਕੁਝ ਵੀ ਨਾ ਪਿਆ। ਅਖੀਰ ਉਹ ਥੱਕ-ਹਾਰ ਕੇ ਬੈਠ ਗਏ।

 ਬਿਜਾਈ ਦੀ ਰੁੱਤ ਮਾਰੋ-ਮਾਰ ਕਰਦੀ ਆ ਗਈ। ਕਿਸਾਨ ਦੇ ਪੁੱਤਰਾਂ ਨੇ ਆਪਣੇ ਖੇਤਾਂ ਵਿਚ ਕਣਕ ਬੀਜੀ। ਉਹਨਾਂ ਦੀ ਕਣਕ ਥੋੜੇ ਸਮੇਂ ਵਿਚ ਹੀ ਲਹਿ-ਲਹਿ ਕਰਦੀ ਕੋਠੇ ਜਿੱਡੀ ਉੱਚੀ ਹੋ ਗਈ। ਕਣਕ ਨੂੰ ਵੇਖ ਕੇ ਉਹਨਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ-“ਵਾਹ ਗੁਪਤ ਖਜ਼ਾਨਾ ਲੱਭ ਪਿਆ ਹੈ।

“ ਹੁਣ ਕਿਸਾਨ ਦੇ ਪੁੱਤਰਾਂ ਨੂੰ ਇਹ ਸਮਝ ਆ ਗਈ ਕਿ ਗੁਪਤ ਖਜ਼ਾਨਾ ਮਿਹਨਤ ਹੀ ਹੈ। ਇਸ ਤੋਂ ਪਿੱਛੋਂ ਉਹਨਾਂ ਨੇ ਖਜ਼ਾਨੇ ਦੀ ਆਸ ਛੱਡ ਦਿੱਤੀ। ਉਹਨਾਂ ਨੇ ਆਪਸ ਵਿਚ ਲੜਨਾ-ਝਗੜਨਾ ਛੱਡ ਕੇ ਹੱਡ ਤੋੜ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।

 

 ਸਿੱਖਿਆ-ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ

ਕਾਂ ਤੇ ਕੁੱਤਾ

by Sandeep Kaur August 13, 2021

ਇਕ ਵਾਰ ਇੱਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਹੱਡੀ ਮਿਲ ਗਈ । ਉਹ ਬੈਠ ਕੇ ਉਸ ਹੱਡੀ ਨੂੰ ਖਾਣ ਲੱਗਾ। ਇਕ ਕਾਂ ਵੀ ਉਧਰ ਆ ਨਿਕਲਿਆ । ਉਹ ਵੀ ਚਾਹੁੰਦਾ ਸੀ ਕਿ ਉਹ ਹੱਡੀ ਨੂੰ ਖਾਵੇ, ਪਰਕੁੱਤਾ ਉਸ ਨੂੰ ਨੇੜੇ ਵੀ ਫੜਕਣ ਨਹੀਂ ਦਿੰਦਾ ਸੀ । ਥੋੜੀ ਦੇਰ ਬਾਅਦ ਹੀ ਉਸ ਨੂੰ ਇਕ ਉਪਾਅ ਸੁੱਝਿਆ । ਉਸ ਨੇ ਇਕ ਹੋਰ ਕਾਂ ਨੂੰ ਬੁਲਾ ਲਿਆ । ਉਸ ਨੇ ਦੂਜੇ ਕਾਂ ਦੇ ਕੰਨ ਵਿਚ ਕੁਝ ਸਮਝਾ ਦਿੱਤਾ। ਦੂਸਰਾ ਕਾਂ,ਕੁੱਤੇ ਦੀ ਪੁਛ ਕੋਲ ਬੈਠ ਗਿਆ ਤੇ ਚੁੰਗ ਮਾਰੀ । ਜਿਉਂ ਹੀ ਕੁੱਤਾ ਪਿੱਛੇ ਹੋ ਕੇ ਭੌਕਣ ਲੱਗਾ ਤਾਂ ਅਗਲੇ ਪਾਸੇ ਤੋਂ ਕਾਂ ਨੇ ਉਸ ਦੇ ਅੱਗੋਂ ਹੱਡੀ ਚੱਕ ਲਈ ਤੇ ਉੱਡ ਕੇ ਦਰੱਖਤ ਤੇ ਜਾ ਬੈਠਾ । ਦੂਸਰਾ ਕਾਂ ਵੀ ਉਥੇ ਹੀ ਜਾ ਪਹੁੰਚਿਆ। ਕੁੱਤਾ ਖੜਾ ਆਲੇ-ਦੁਆਲੇ ਹੀ ਵੇਖਦਾ ਰਹਿ ਗਿਆ । ਦੋਨੋਂ ਕਾਂ ਚਸਕੇ ਲਾ ਕੇ ਹੱਡੀ ਨੂੰ ਖਾਣ ਲੱਗੇ।

 

 ਸਿੱਟਾ : ਜਿੱਥੇ ਚਾਹ ਉਥੇ ਰਾਹ ।

ਨਿੱਕਾ ਪੰਛੀ

by Sandeep Kaur August 12, 2021

ਇਕ ਵਾਰੀ ਇਕ ਮੁੰਡਾ ਜਿਸਦਾ ਨਾਂ ਸਈਉਜ਼ਾ ਸੀ, ਉਸਨੂੰ ਆਪਣੇ ਜਨਮ ਦਿਨ ‘ਤੇ ਬਹੁਤ ਸਾਰੇ ਤੋਹਫ਼ੇ ਮਿਲੇ। ਇਨ੍ਹਾਂ ਵਿਚ ਤਸਵੀਰਾਂ ਵਾਲੇ ਕਾਰਡ, ਭੰਬੀਰੀਆਂ ਅਤੇ ਲੱਕੜੀ ਦੇ ਬਣੇ ਹੋਏ ਘੋੜੇ ਆਦਿ ਸਨ, ਪਰ ਸਭ ਤੋਂ ਵਧੀਆ ਤੋਹਫ਼ਾ ਉਸਨੂੰ ਆਪਣੇ ਚਾਚੇ ਵੱਲੋਂ ਦਿੱਤਾ ਪੰਛੀ ਫੜਨ ਵਾਲਾ ਜਾਲ ਹੀ ਲੱਗਾ। ਇਕ ਫਰੇਮ ਨਾਲ ਛੋਟੀ ਜਿਹੀ ਤਖ਼ਤੀ ਜੋੜ ਕੇ ਇਸਦੇ ਪਿਛਲੇ ਪਾਸੇ ਜਾਲ ਨੂੰ ਖਿੱਚ ਕੇ ਲਾਇਆ ਹੋਇਆ ਸੀ। ਸਈਉਜ਼ਾ ਬਹੁਤ ਖੁਸ਼ ਸੀ ਤੇ ਉਹ ਖੁਸ਼ੀ ਨਾਲ ਦੌੜਦਾ ਹੋਇਆ ਆਪਣੀ ਮਾਂ ਨੂੰ ਇਹ ਤੋਹਫ਼ਾ ਦਿਖਾਉਣ ਲਈ ਲਿਆਇਆ। ਉਸਦੀ ਮਾਂ ਨੂੰ ਇਹ ਤੋਹਫ਼ਾ ਪਸੰਦ ਨਹੀਂ ਆਇਆ। ਉਹ ਕਹਿਣ ਲੱਗੀ, ‘ਇਹ ਕੋਈ ਵਧੀਆ ਖਿਡੌਣਾ ਨਹੀਂ ਹੈ। ਤੂੰ ਨਿੱਕੇ ਨਿੱਕੇ ਪੰਛੀਆਂ ਦਾ ਕੀ ਕਰੇਂਗਾ? ਤੂੰ ਹੋਰਨਾਂ ਨੂੰ ਕਿਉਂ ਦੁਖੀ ਕਰਨਾ ਚਾਹੁੰਦਾ ਹੈ?’ ਪਰ ਸਈਉਜ਼ਾ ਜ਼ਿੱਦ ਕਰਨ ਲੱਗਾ, ‘ਮੈਂ ਉਨ੍ਹਾਂ ਨੂੰ ਪਿੰਜਰਿਆਂ ‘ਚ ਬੰਦ ਕਰ ਕੇ ਰੱਖਾਂਗਾ ਤੇ ਉਨ੍ਹਾਂ ਨੂੰ ਦਾਣੇ ਵੀ ਪਾਇਆ ਕਰਾਂਗਾ।’
ਅਗਲੇ ਦਿਨ ਸਈਉਜ਼ਾ ਨੇ ਤਖ਼ਤੀ ‘ਤੇ ਕੁਝ ਦਾਣੇ ਖਿਲਾਰੇ ਤੇ ਬਾਗ਼ ਵਿਚ ਜਾਲ ਲਾ ਦਿੱਤਾ। ਆਪ ਉਹ ਕੁਝ ਚਿਰ ਉੱਥੇ ਹੀ ਖੜ੍ਹਾ ਰਿਹਾ ਤਾਂ ਕਿ ਪੰਛੀਆਂ ਨੂੰ ਜਾਲ ‘ਚ ਫਸਦਿਆਂ ਦੇਖ ਸਕੇ, ਪਰ ਪੰਛੀ ਉਸ ਕੋਲੋਂ ਡਰਦਿਆਂ ਜਾਲ ਦੇ ਨੇੜੇ ਨਾ ਆਏ।
ਕੁਝ ਚਿਰ ਉਡੀਕ ਕਰਨ ਤੋਂ ਬਾਅਦ ਉਹ ਦੁਪਹਿਰ ਦੀ ਰੋਟੀ ਖਾਣ ਘਰ ਆ ਗਿਆ। ਜਦੋਂ ਉਹ ਵਾਪਸ ਬਾਗ਼ ‘ਚ ਗਿਆ ਤਾਂ ਉਸਨੇ ਦੇਖਿਆ ਕਿ ਜਾਲ ਥੱਲੇ ਡਿੱਗਿਆ ਪਿਆ ਸੀ ਤੇ ਇਕ ਨਿੱਕਾ ਜਿਹਾ ਪੰਛੀ ਜਾਲ ਅੰਦਰ ਫਸਿਆ ਹੋਇਆ ਸੀ। ਸਈਉਜ਼ਾ ਬਹੁਤ ਖੁਸ਼ ਹੋਇਆ। ਉਹ ਪੰਛੀ ਨੂੰ ਫੜ ਕੇ ਘਰ ਲੈ ਆਇਆ।
ਘਰ ਆ ਕੇ ਉਹ ਆਪਣੀ ਮਾਂ ਨੂੰ ਕਹਿਣ ਲੱਗਾ, ‘ਦੇਖ ਮਾਂ, ਮੈਂ ਇਕ ਪੰਛੀ ਫੜ ਕੇ ਲਿਆਇਆ ਹਾਂ। ਇਹ ਜ਼ਰੂਰ ਬੁਲਬੁਲ ਹੀ ਹੋਏਗੀ।’
ਉਸਦੀ ਮਾਂ ਨੇ ਕਿਹਾ, ‘ਇਹ ਤਾਂ ਗਾਉਣ ਵਾਲਾ ਪੰਛੀ ਹੈ। ਇਸਨੂੰ ਤੰਗ ਨਾ ਕਰੀਂ। ਇਸ ਨੂੰ ਛੱਡ ਦੇ।’
‘ਨਹੀਂ, ਮੈਂ ਤਾਂ ਇਸਨੂੰ ਪਿੰਜਰੇ ‘ਚ ਬੰਦ ਕਰ ਕੇ ਚੋਗਾ ਵੀ ਪਾਵਾਂਗਾ ਤੇ ਇਸਦਾ ਪੂਰਾ ਖਿਆਲ ਵੀ ਰੱਖਾਂਗਾ।’
ਸਈਉਜ਼ਾ ਨੇ ਉਸਨੂੰ ਪਿੰਜਰੇ ‘ਚ ਬੰਦ ਕਰ ਦਿੱਤਾ ਅਤੇ ਦੋ ਦਿਨ ਉਸਨੂੰ ਦਾਣੇ ਤੇ ਪਾਣੀ ਪਾਉਂਦਾ ਰਿਹਾ ਤੇ ਪਿੰਜਰੇ ਨੂੰ ਸਾਫ਼ ਵੀ ਕਰਦਾ ਰਿਹਾ। ਪਰ ਤੀਸਰੇ ਦਿਨ ਹੀ ਉਹ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਗਿਆ। ਉਸਨੇ ਨਾ ਤਾਂ ਉਸ ਪੰਛੀ ਦਾ ਪਾਣੀ ਹੀ ਬਦਲਿਆ ਤੇ ਨਾ ਹੀ ਪਿੰਜਰਾ ਸਾਫ਼ ਕੀਤਾ।
ਫੇਰ ਉਸਦੀ ਮਾਂ ਨੇ ਕਿਹਾ, ‘ਦੇਖ, ਤੂੰ ਉਸ ਨਿੱਕੇ ਪੰਛੀ ਬਾਰੇ ਬਿਲਕੁਲ ਹੀ ਭੁੱਲ ਗਿਆ। ਮੇਰਾ ਖਿਆਲ ਹੈ ਕਿ ਚੰਗਾ ਹੋਏਗਾ ਜੇ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ।’
ਉਹ ਬੋਲਿਆ, ‘ਨਹੀਂ, ਮੈਂ ਅੱਗੇ ਤੋਂ ਨਹੀਂ ਭੁੱਲਾਗਾਂ। ਮੈਂ ਹੁਣੇ ਇਸ ਨੂੰ ਤਾਜ਼ਾ ਪਾਣੀ ਪਾਉਂਦਾ ਹਾਂ ਤੇ ਪਿੰਜਰਾ ਵੀ ਸਾਫ਼ ਕਰਦਾ ਹਾਂ।’
ਸਈਉਜ਼ਾ ਪਿੰਜਰੇ ‘ਚ ਹੱਥ ਪਾ ਕੇ ਸਫ਼ਾਈ ਕਰਨ ਲੱਗਾ, ਪਰ ਪੰਛੀ ਡਰ ਗਿਆ ਤੇ ਉਸਦੇ ਫੜਫੜਾਉਂਦੇ ਹੋਏ ਖੰਭ ਪਿੰਜਰੇ ਨਾਲ ਵੱਜਣ ਲੱਗੇ। ਸਈਉਜ਼ਾ ਪਿੰਜਰੇ ਨੂੰ ਬਾਹਰੋਂ ਸਾਫ਼ ਕਰ ਕੇ ਆਪ ਪਾਣੀ ਲੈਣ ਚਲਾ ਗਿਆ।
ਉਸਦੀ ਮਾਂ ਨੇ ਦੇਖਿਆ ਕਿ ਉਹ ਪਿੰਜਰੇ ਦਾ ਛੋਟਾ ਜਿਹਾ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਹੈ। ਉਸਨੇ ਉਸਨੂੰ ਪਿੱਛੋਂ ਆਵਾਜ਼ ਮਾਰੀ, ‘ਸਈਉਜ਼ਾ, ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦੇ, ਨਹੀਂ ਤਾਂ ਤੇਰਾ ਪੰਛੀ ਬਾਹਰ ਉੱਡ ਜਾਏਗਾ ਤੇ ਉਸਨੂੰ ਕੋਈ ਸੱਟ ਲੱਗ ਜਾਏਗੀ।’
ਜਦੋਂ ਹੀ ਮਾਂ ਨੇ ਏਨੀ ਗੱਲ ਕਹੀ, ਪੰਛੀ ਖੁਸ਼ੀ ਨਾਲ ਖੰਭ ਫੈਲਾਅ ਕੇ ਕਮਰੇ ‘ਚ ਉੱਡਦਾ ਹੋਇਆ ਬਾਰੀ ਵੱਲ ਗਿਆ, ਪਰ ਬਾਰੀ ਦਾ ਸ਼ੀਸ਼ਾ ਨਾ ਦਿਸਣ ਕਰਕੇ ਉਹ ਸ਼ੀਸ਼ੇ ਨਾਲ ਟਕਰਾ ਗਿਆ ਤੇ ਬਾਰੀ ਦੇ ਥੱਲੇ ਵਾਲੇ ਹਿੱਸੇ ‘ਚ ਡਿੱਗ ਪਿਆ।
ਸਈਉਜ਼ਾ ਦੌੜਿਆ ਆਇਆ, ਨਿੱਕੇ ਪੰਛੀ ਨੂੰ ਚੁੱਕਿਆ ਅਤੇ ਉਸਨੂੰ ਫੇਰ ਪਿੰਜਰੇ ਅੰਦਰ ਰੱਖ ਦਿੱਤਾ। ਪੰਛੀ ਜਿਊਂਦਾ ਸੀ,ਪਰ ਉਹ ਛਾਤੀ ਪਰਨੇ ਪਿਆ ਹੋਇਆ ਸੀ। ਉਸਦੇ ਛੋਟੇ ਛੋਟੇ ਖੰਭ ਬਾਹਰ ਨੂੰ ਖਿੱਲਰੇ ਹੋਏ ਸਨ ਤੇ ਉਹ ਔਖੇ ਜਿਹੇ ਸਾਹ ਲੈ ਰਿਹਾ ਸੀ। ਸਈਉਜ਼ਾ ਚੀਕਿਆ, ‘ਮਾਂ! ਹੁਣ ਮੈਂ ਕੀ ਕਰਾਂ?’
‘ਤੂੰ ਕੁਝ ਵੀ ਨਹੀਂ ਕਰ ਸਕਦਾ।’
ਉਸ ਦਿਨ ਸਈਉਜ਼ਾ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਨਿਕਲਿਆ। ਉਹ ਨਿੱਕੇ ਪੰਛੀ ਵੱਲ ਹੀ ਦੇਖਦਾ ਰਿਹਾ। ਪੰਛੀ ਉਸੇ ਤਰ੍ਹਾਂ ਹੀ ਆਪਣੀ ਛਾਤੀ ਪਰਨੇ ਪਿਆ ਹੋਇਆ ਔਖੇ ਔਖੇ ਸਾਹ ਲੈ ਰਿਹਾ ਸੀ। ਰਾਤ ਨੂੰ ਜਦੋਂ ਸਈਉਜ਼ਾ ਆਪਣੇ ਬੈੱਡ ‘ਤੇ ਗਿਆ ਤਾਂ ਪੰਛੀ ਉਦੋਂ ਵੀ ਜਿਊਂਦਾ ਸੀ। ਸਈਉਜ਼ਾ ਕਾਫ਼ੀ ਦੇਰ ਸੌਂ ਨਹੀਂ ਸਕਿਆ। ਜਦੋਂ ਹੀ ਉਹ ਅੱਖਾਂ ਬੰਦ ਕਰਦਾ, ਉਸੇ ਵੇਲੇ ਉਸ ਦੀਆਂ ਅੱਖਾਂ ਅੱਗੇ ਉਹ ਨਿੱਕਾ ਪੰਛੀ, ਔਖੇ ਸਾਹ ਲੈਂਦਾ ਦਿਸਣ ਲੱਗ ਪੈਂਦਾ।
ਜਦੋਂ ਅਗਲੀ ਸਵੇਰ ਨੂੰ ਸਈਉਜ਼ਾ ਪਿੰਜਰੇ ਵੱਲ ਗਿਆ ਤਾਂ ਉਹ ਨਿੱਕਾ ਪੰਛੀ ਆਪਣੀ ਪਿੱਠ ਪਰਨੇ ਪਿਆ ਹੋਇਆ ਸੀ ਤੇ ਉਸ ਦੀਆਂ ਲੱਤਾਂ ਉੱਪਰ ਵੱਲ ਮੁੜੀਆਂ ਹੋਈਆਂ ਸਨ। ਉਹ ਹੁਣ ਮਰ ਚੁੱਕਾ ਸੀ। ਇਸ ਤੋਂ ਬਾਅਦ ਸਈਉਜ਼ਾ ਨੇ ਕਦੀ ਵੀ ਕਿਸੇ ਪੰਛੀ ਨੂੰ ਨਹੀਂ ਫੜਿਆ।

(ਪੰਜਾਬੀ ਰੂਪ: ਬਲਰਾਜ ‘ਧਾਰੀਵਾਲ’)

ਜਾਦੂ ਦੀ ਹਾਂਡੀ-ਅਫ਼ਰੀਕੀ ਲੋਕ ਕਹਾਣੀ

by Sandeep Kaur August 10, 2021

ਅਨਾਨਸੀ ਜਿੱਥੇ ਰਹਿੰਦਾ ਸੀ, ਉੱਥੇ ਭਿਆਨਕ ਕਾਲ ਪੈ ਗਿਆ। ਉਹ ਤੇ ਉਸ ਦਾ ਪਰਿਵਾਰ ਹੋਰਾਂ ਵਾਂਗ ਭੁੱਖ ਨਾਲ ਬੇਹਾਲ ਸੀ। ਇੱਕ ਦਿਨ ਉਦਾਸ ਅਨਾਨਸੀ ਸਮੁੰਦਰ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਪਾਣੀ ਵਿੱਚੋਂ ਉਪਰ ਉੱਠਦਾ ਖਜ਼ੂਰ ਦਾ ਰੁੱਖ ਵੇਖਿਆ। ਉਸ ਨੇ ਖਜ਼ੂਰ ਦੇ ਰੁੱਖ ਤਕ ਜਾਣ ਬਾਰੇ ਸੋਚਿਆ। ਸਮੁੰਦਰ ਕੰਢੇ ਇੱਕ ਟੁੱਟੀ ਬੇੜੀ ਪਈ ਸੀ। ਉਸ ਨੇ ਬੇੜੀ ਦੀ ਮੁਰੰਮਤ ਕੀਤੀ ਅਤੇ ਉਸ ਵਿੱਚ ਬੈਠ ਸਮੁੰਦਰ ਵਿੱਚ ਠਿੱਲ੍ਹ ਪਿਆ। ਰੁੱਖ ਤਕ ਪੁੱਜਣ ਲਈ ਅਨਾਨਸੀ ਦੇ ਛੇ ਯਤਨ ਨਾਕਾਮ ਰਹੇ ਪਰ ਉਹ ਹਾਰ ਮੰਨਣ ਵਾਲਾ ਨਹੀਂ ਸੀ। ਆਖਰ ਸੱਤਵੇਂ ਯਤਨ ‘ਚ ਉਹ ਸਮੁੰਦਰ ਵਿਚਲੇ ਖਜ਼ੂਰ ਦੇ ਰੁੱਖ ਤਕ ਪਹੁੰਚਣ ‘ਚ ਸਫ਼ਲ ਹੋ ਗਿਆ। ਉਸ ਨੇ ਬੇੜੀ ਨੂੰ ਖਜ਼ੂਰ ਦੇ ਰੁੱਖ ਨਾਲ ਬੰਨ੍ਹ ਲਿਆ। ਅਨਾਨਸੀ ਖਜ਼ੂਰ ਦੇ ਰੁੱਖ ‘ਤੇ ਚੜ੍ਹ ਗਿਆ ਅਤੇ ਖਜ਼ੂਰਾਂ ਤੋੜ-ਤੋੜ ਕਿਸ਼ਤੀ ਵਿੱਚ ਸੁੱਟਣ ਲੱਗਾ ਪਰ ਉਹ ਹੈਰਾਨ ਸੀ ਕਿ ਇੱਕ ਵੀ ਖਜ਼ੂਰ ਬੇੜੀ ‘ਚ ਨਹੀਂ ਸੀ ਡਿੱਗੀ। ਇੱਕ ਹੀ ਖਜ਼ੂਰ ਬਚੀ ਸੀ ਜੋ ਉਸ ਨੇ ਬੜੀ ਸਾਵਧਾਨੀ ਨਾਲ ਤੋੜ ਕੇ ਕਿਸ਼ਤੀ ਵਿੱਚ ਸੁੱਟੀ ਪਰ ਉਹ ਵੀ ਸਮੁੰਦਰ ਦੇ ਪਾਣੀ ਵਿੱਚ ਡੁੱਬ ਗਈ।

ਨਿਰਾਸ਼ ਅਨਾਨਸੀ ਵਾਪਸ ਕੰਢੇ ‘ਤੇ ਪਰਤਿਆ। ਉਸ ਨੇ ਆਤਮ-ਹੱਤਿਆ ਕਰਨ ਦੀ ਸੋਚੀ। ਅਚਾਨਕ ਉਸ ਨੂੰ ਇੱਕ ਝੌਂਪੜੀ ਦਿਸੀ। ਉਸ ਨੇੜੇ ਜਾ ਕੇ ਵੇਖਿਆ ਉਸ ਵਿੱਚ ਇੱਕ ਬੁੱਢਾ ਬਾਬਾ ਸੀ। ਅਨਾਨਸੀ ਨੇ ਉਸ ਨੂੰ ਆਪਣੀ ਦਰਦ ਭਰੀ ਕਥਾ ਸੁਣਾਈ। ਬੁੱਢੇ ਬਾਬੇ ਨੇ ਅਨਾਨਸੀ ਨੂੰ ਇੱਕ ਹਾਂਡੀ ਦਿੱਤੀ ਤੇ ਕਿਹਾ ਕਿ ਇਸ ਵਿੱਚੋਂ ਤੈਨੂੰ ਜਿੰਨਾ ਤੂੰ ਚਾਹੇਂਗਾ, ਓਨਾ ਖਾਣਾ ਮਿਲੇਗਾ। ਬਸ ਹਾਂਡੀ ਨੂੰ ਇਹ ਕਹਿਣਾ ਕਿ ਜੋ ਤੂੰ ਆਪਣੇ ਪੁਰਾਣੇ ਮਾਲਕ ਲਈ ਕਰਦੀ ਸੀ, ਉਹ ਮੇਰੇ ਲਈ ਕਰ। ਅਨਾਨਸੀ ਨੇ ਸਮੁੰਦਰ ਕੰਢੇ ਕਿਸ਼ਤੀ ਵਿੱਚ ਬੈਠ ਹਾਂਡੀ ਨੂੰ ਪਰਖਿਆ ਤੇ ਭਰ ਪੇਟ ਸੁਆਦਲਾ ਖਾਣਾ ਖਾਧਾ।

ਪਿੰਡ ਆ ਅਨਾਨਸੀ ਨੇ ਪਹਿਲਾਂ ਸਾਰੇ ਪਰਿਵਾਰ ਨੂੰ ਖਾਣਾ ਖਵਾਉਣ ਦੀ ਸੋਚੀ ਪਰ ਫਿਰ ਕਿਧਰੇ ਹਾਂਡੀ ਦੀਆਂ ਦਿਵ ਸ਼ਕਤੀਆਂ ਛੇਤੀ ਸਮਾਪਤ ਨਾ ਹੋ ਜਾਣ ਦੇ ਡਰੋਂ ਉਸ ਹਾਂਡੀ ਨੂੰ ਲੁਕਾ ਦਿੱਤਾ। ਅਨਾਨਸੀ ਅੰਦਰ ਵੜ ਰੋਜ਼ ਖਾਣਾ ਖਾਂਦਾ ਪਰ ਭੁੱਖੇ ਮਰਨ ਦਾ ਨਾਟਕ ਕਰਦਾ। ਅਨਾਨਸੀ ਮੋਟਾ ਤਾਜ਼ਾ ਹੋ ਰਿਹਾ ਸੀ ਜਦਕਿ ਉਸ ਦਾ ਪਰਿਵਾਰ ਸੁੱਕ ਕੇ ਤੀਲਾ ਹੋ ਗਿਆ ਸੀ। ਘਰ ਵਾਲੇ ਵਜ੍ਹਾ ਤਲਾਸ਼ਣ ਲੱਗੇ। ਅਨਾਨਸੀ ਦੇ ਬੇਟੇ ਕਵੇਕ ਪਾਸ ਜਾਦੂ ਦੀ ਸ਼ਕਤੀ ਸੀ ਅਤੇ ਉਹ ਪਲਕ ਝਮਕਦਿਆਂ ਕਿਸੇ ਵੀ ਜੀਵ ਦਾ ਰੂਪ ਧਾਰਨ ਕਰ ਸਕਦਾ ਸੀ। ਉਹ ਮੱਖੀ ਬਣ ਗਿਆ ਤੇ ਆਪਣੇ ਪਿਤਾ ਦੇ ਆਸ-ਪਾਸ ਮੰਡਰਾਉਣ ਲੱਗਾ। ਇਸ ਤਰ੍ਹਾਂ ਉਸ ਨੇ ਹਾਂਡੀ ਦਾ ਪਤਾ ਲਾ ਲਿਆ। ਹੁਣ ਅਨਾਨਸੀ ਜਦੋਂ ਘਰੋਂ ਬਾਹਰ ਜਾਂਦਾ, ਉਹ ਹਾਂਡੀ ‘ਚੋਂ ਸਾਰੇ ਪਰਿਵਾਰ ਨੂੰ ਖਾਣਾ ਖਵਾ ਕੇ ਹਾਂਡੀ ਫਿਰ ਉੱਥੇ ਛੁਪਾ ਦਿੰਦਾ। ਅਨਾਨਸੀ ਦੇ ਪਰਿਵਾਰ ਨੂੰ ਉਸ ‘ਤੇ ਬਹੁਤ ਗੁੱਸਾ ਸੀ।

ਅਨਾਨਸੀ ਦਾ ਪਰਿਵਾਰ ਹਾਂਡੀ ਲੈ ਮੈਦਾਨ ‘ਚ ਪੁੱਜਾ ਤੇ ਸਾਰੇ ਪਿੰਡ ਨੂੰ ਖਾਣੇ ਦੀ ਦਾਅਵਤ ਦਿੱਤੀ। ਐਨਾ ਜ਼ਿਆਦਾ ਖਾਣਾ ਬਣਾਉਂਦਿਆਂ ਹਾਂਡੀ ਗਰਮ ਹੋ ਪਿਘਲ ਗਈ। ਅਨਾਨਸੀ ਜਦੋਂ ਖਾਣਾ-ਖਾਣ ਲਈ ਹਾਂਡੀ ਲੱਭਣ ਲੱਗਿਆ ਤਾਂ ਹਾਂਡੀ ਨਾ ਮਿਲੀ। ਹਾਂਡੀ ਲੁਕਾਉਣ ਲਈ ਉਸ ਪਰਿਵਾਰ ਨੂੰ ਸਬਕ ਸਿਖਾਉਣ ਦੀ ਸੋਚੀ। ਉਹ ਫਿਰ ਬੁੱਢੇ ਬਾਬੇ ਕੋਲ ਗਿਆ। ਬਾਬੇ ਨੂੰ ਉਸ ਵੱਲੋਂ ਦੱਸੀ ਗੱਲ ਸੁਣ ਕੇ ਬੜਾ ਗੁੱਸਾ ਆਇਆ। ਉਨ੍ਹਾਂ ਝੌਂਪੜੀ ਅੰਦਰੋਂ ਇੱਕ ਡੰਡਾ ਲਿਆਂਦਾ ਤੇ ਅਨਾਨਸੀ ਨੂੰ ਦੇ ਦਿੱਤਾ। ਘਰ ਆ ਡੰਡੇ ਦੀ ਤਾਕਤ ਪਰਖਣ ਲਈ ਅਨਾਨਸੀ ਨੇ ਬਾਬੇ ਦੇ ਕਹੇ ਸ਼ਬਦ ਡੰਡੇ ਨੂੰ ਆਖੇ। ਡੰਡੇ ਨੇ ਵਰਨਾ ਸ਼ੁਰੂ ਕਰ ਦਿੱਤਾ। ਉਸ ਅਨਾਨਸੀ ਨੂੰ ਮਾਰ-ਮਾਰ ਦੁੰਭਾ ਬਣਾ ਦਿੱਤਾ। ਫਿਰ ਅਨਾਨਸੀ ਨੇ ਲਾਲਚ ਵੱਸ ਪਰਿਵਾਰ ਨਾਲ ਮਾੜਾ ਵਿਹਾਰ ਕਰਨ ਲਈ ਮੁਆਫ਼ੀ ਮੰਗੀ।

ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਖ਼ੁਦ ਤਕ ਸੀਮਤ ਨਾ ਰਹਿ ਕੇ ਸਭ ਦਾ ਭਲਾ ਸੋਚਣਾ ਚਾਹੀਦਾ ਹੈ ਅਤੇ ਲਾਲਚ ਨਹੀਂ ਕਰਨਾ ਚਾਹੀਦਾ।

 

(ਮੁਖ਼ਤਾਰ ਗਿੱਲ)

ਤਿੰਨ ਪ੍ਰਸ਼ਨ

by Sandeep Kaur August 8, 2021

ਇੱਕ ਵਾਰੀ ਕਿਸੇ ਬਾਦਸ਼ਾਹ ਨੂੰ ਇੱਕ ਖਿਆਲ ਆਇਆ ਕਿ ਜੇ ਉਸ ਨੂੰ ਪਹਿਲਾਂ ਹੀ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਢੁੱਕਵੇਂ ਸਮੇਂ ਦਾ ਪਤਾ ਲੱਗ ਜਾਵੇ, ਜੇ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਕਿਹੜੇ ਉਚਿਤ ਲੋਕਾਂ ਦੀ ਗੱਲ ਨੂੰ ਮੰਨੇ ਤੇ ਕਿਹੜੇ ਲੋਕਾਂ ਤੋਂ ਬਚੇ ਤੇ ਸਭ ਤੋਂ ਜ਼ਿਆਦਾ ਇਹ ਕਿ ਜੇ ਉਸ ਨੂੰ ਹਮੇਸ਼ਾਂ ਇਹ ਪਤਾ ਲੱਗ ਜਾਇਆ ਕਰੇ ਕਿ ਉਸ ਲਈ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ਤਾਂ ਉਹ ਕਦੀ ਵੀ ਕਿਸੇ ਕੰਮ ’ਚ ਅਸਫ਼ਲ ਨਹੀਂ ਹੋਵੇਗਾ।
ਇਹ ਖਿਆਲ ਆਉਂਦਿਆਂ ਹੀ ਬਾਦਸ਼ਾਹ ਨੇ ਆਪਣੇ ਰਾਜ ਵਿੱਚ ਮੁਨਾਦੀ ਕਰਵਾ ਦਿੱਤੀ ਕਿ ਉਹ ਉਸ ਆਦਮੀ ਨੂੰ ਬਹੁਤ ਵੱਡਾ ਇਨਾਮ ਦੇਵੇਗਾ ਜਿਹੜਾ ਉਸ ਨੂੰ ਇਹ ਦੱਸੇਗਾ ਕਿ ਉਸ ਲਈ ਕੰਮ ਕਰਨ ਵਾਸਤੇ ਢੁਕਵਾਂ ਸਮਾਂ ਕਿਹੜਾ ਹੈ। ਉਸ ਵਾਸਤੇ ਕਿਹੜੇ ਮਹੱਤਵਪੂਰਨ ਲੋਕ ਹਨ ਤੇ ਸਭ ਤੋਂ ਮਹੱਤਵਪੂਰਨ ਕੰਮ ਉਸ ਲਈ ਕਿਹੜਾ ਹੈ। ਬਹੁਤ ਸਾਰੇ ਵਿਦਵਾਨ ਲੋਕ ਰਾਜੇ ਕੋਲ ਆਏ ਪਰ ਸਭ ਨੇ ਉਸ ਦੇ ਪ੍ਰਸ਼ਨਾਂ ਦੇ ਵੱਖ-ਵੱਖ ਜੁਆਬ ਦਿੱਤੇ।
ਸਭ ਪ੍ਰਸ਼ਨਾਂ ਦੇ ਜੁਆਬ ਕਿਉਂਕਿ ਇੱਕ ਦੂਜੇ ਤੋਂ ਅਲੱਗ ਸਨ ਇਸ ਲਈ ਬਾਦਸ਼ਾਹ ਕਿਸੇ ਨਾਲ ਵੀ ਸਹਿਮਤ ਨਾ ਹੋਇਆ ਤੇ ਕਿਸੇ ਨੂੰ ਵੀ ਕੋਈ ਇਨਾਮ ਨਾ ਦਿੱਤਾ। ਹਾਲੇ ਵੀ ਆਪਣੇ ਪ੍ਰਸ਼ਨਾਂ ਦੇ ਠੀਕ ਉੱਤਰਾਂ ਦੀ ਤਲਾਸ਼ ਦਿਲ ’ਚ ਰੱਖ ਕੇ ਬਾਦਸ਼ਾਹ ਨੇ ਇੱਕ ਮਹਾਤਮਾ ਕੋਲੋਂ ਸਲਾਹ ਲੈਣ ਦਾ ਫ਼ੈਸਲਾ ਕੀਤਾ ਜੋ ਕਿ ਆਪਣੀ ਸਿਆਣਪ ਲਈ ਦੂਰ-ਦੂਰ ਤਕ ਮਸ਼ਹੂਰ ਸੀ।
ਮਹਾਤਮਾ ਜੰਗਲ ਵਿੱਚ ਰਹਿੰਦਾ ਸੀ ਤੇ ਜੰਗਲ ’ਚੋਂ ਕਿਤੇ ਨਹੀਂ ਸੀ ਜਾਂਦਾ ਅਤੇ ਸਿਰਫ਼ ਆਮ ਲੋਕਾਂ ਤੋਂ ਬਿਨਾਂ ਉਹ ਕਿਸੇ ਨੂੰ ਨਹੀਂ ਮਿਲਦਾ ਸੀ। ਇਸ ਕਰਕੇ ਬਾਦਸ਼ਾਹ ਨੇ ਸਾਧਾਰਨ ਜਿਹੇ ਕੱਪੜੇ ਪਾਏ ਤੇ ਮਹਾਤਮਾ ਦੀ ਝੌਂਪੜੀ ’ਚ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਘੋੜੇ ਤੋਂ ਹੇਠਾਂ ਉਤਰਿਆ ਅਤੇ ਆਪਣੇ ਅੰਗ-ਰੱਖਿਅਕ ਨੂੰ ਪਿੱਛੇ ਛੱਡ ਕੇ, ਇਕੱਲਾ ਹੀ ਝੌਂਪੜੀ ਵੱਲ ਚੱਲ ਪਿਆ। ਜਦੋਂ ਬਾਦਸ਼ਾਹ ਨੇੜੇ ਆਇਆ ਤਾਂ ਮਹਾਤਮਾ ਆਪਣੀ ਝੌਂਪੜੀ ਦੇ ਸਾਹਮਣੇ ਜ਼ਮੀਨ ਪੁੱਟ ਰਿਹਾ ਸੀ। ਬਾਦਸ਼ਾਹ ਨੂੰ ਵੇਖ ਕੇ ਉਸ ਨੇ ਉਸ ਦਾ ਸਵਾਗਤ ਕੀਤਾ ਤੇ ਜ਼ਮੀਨ ਪੁੱਟਦਾ ਰਿਹਾ। ਮਹਾਤਮਾ ਸਿਹਤ ਪੱਖੋਂ ਨਿਰਬਲ ਤੇ ਕਮਜ਼ੋਰ ਜਿਹਾ ਸੀ ਅਤੇ ਹਰ ਵਾਰੀ ਜਦੋਂ ਉਹ ਜ਼ਮੀਨ ’ਚ ਆਪਣੀ ਕਹੀ ਮਾਰਦਾ ਤਾਂ ਥੋੜ੍ਹੀ ਜਿਹੀ ਮਿੱਟੀ ਉਪਰ ਆਉਂਦੀ ਤਾਂ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ।
ਬਾਦਸ਼ਾਹ ਉਸ ਕੋਲ ਆਇਆ ਤੇ ਕਿਹਾ, ‘‘ਮਹਾਂਪੁਰਖੋ, ਮੈਂ ਤੁਹਾਡੇ ਕੋਲ ਤਿੰਨ ਪ੍ਰਸ਼ਨਾਂ ਦੇ ਉੱਤਰ ਪੁੱਛਣ ਆਇਆ ਹਾਂ। ਮੈਨੂੰ ਦੱਸੋ ਕਿ ਮੈਂ ਠੀਕ ਸਮੇਂ ’ਤੇ ਠੀਕ ਕੰਮ ਕਿਵੇਂ ਕਰਾਂ? ਕਿਹੜੇ ਲੋਕ ਹਨ, ਜਿਨ੍ਹਾਂ ਦੀ ਮੈਨੂੰ ਜ਼ਿਆਦਾ ਜ਼ਰੂਰਤ ਹੈ ਤੇ ਕਿਹੜੇ ਲੋਕਾਂ ਵੱਲ ਮੈਂ ਦੂਜਿਆਂ ਨਾਲੋਂ ਜ਼ਿਆਦਾ ਧਿਆਨ ਦੇਵਾਂ। ਕਿਹੜੇ ਕੰਮ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਤੇ ਪਹਿਲ ਦੇ ਆਧਾਰ ’ਤੇ ਕਰਨੇ ਚਾਹੀਦੇ ਹਨ।’’
ਮਹਾਤਮਾ ਨੇ ਬਾਦਸ਼ਾਹ ਦੀ ਗੱਲ ਸੁਣੀ ਪਰ ਕੋਈ ਜੁਆਬ ਨਾ ਦਿੱਤਾ। ਉਸ ਨੇ ਸਿਰਫ਼ ਆਪਣੇ ਹੱਥ ’ਤੇ ਥੁੱਕਿਆ ਅਤੇ ਫੇਰ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਬਾਦਸ਼ਾਹ ਬੋਲਿਆ, ‘‘ਤੁਸੀਂ ਥੱਕ ਗਏ ਹੋ, ਲਿਆਓ ਇਹ ਕਹੀ ਮੈਨੂੰ ਦੇ ਦਿਓ ਤਾਂ ਕਿ ਕੁਝ ਚਿਰ ਮੈਂ ਤੁਹਾਡੇ ਲਈ ਕੰਮ ਕਰਾਂ।’’
ਮਹਾਤਮਾ ਨੇ ਰਾਜੇ ਨੂੰ ਕਹੀ ਫੜਾਉਂਦਿਆਂ ਹੋਇਆਂ ਕਿਹਾ, ‘‘ਧੰਨਵਾਦ’’ ਅਤੇ ਆਪ ਜ਼ਮੀਨ ’ਤੇ ਬੈਠ ਗਿਆ।
ਜਦੋਂ ਉਸ ਨੇ ਦੋ ਕਿਆਰੀਆਂ ਪੁੱਟ ਲਈਆਂ ਤਾਂ ਬਾਦਸ਼ਾਹ ਕੰਮ ਕਰਨੋਂ ਰੁਕ ਗਿਆ ਤੇ ਆਪਣੇ ਪ੍ਰਸ਼ਨ ਦੁਹਰਾਉਣ ਲੱਗਾ। ਮਹਾਤਮਾ ਨੇ ਫਿਰ ਕੋਈ ਜੁਆਬ ਨਾ ਦਿੱਤਾ ਪਰ ਖੜ੍ਹਾ ਹੋ ਕੇ ਆਪਣਾ ਹੱਥ ਕਹੀ ਲੈਣ ਲਈ ਅੱਗੇ ਵਧਾਇਆ ਤੇ ਕਿਹਾ, ‘‘ਹੁਣ ਤੁਸੀਂ ਕੁਝ ਚਿਰ ਆਰਾਮ ਕਰੋ ਅਤੇ ਥੋੜ੍ਹਾ ਕੰਮ ਮੈਨੂੰ ਕਰ ਲੈਣ ਦਿਓ।’’
ਬਾਦਸ਼ਾਹ ਨੇ ਆਪਣੀ ਕਹੀ ਮਹਾਤਮਾ ਨੂੰ ਨਾ ਦਿੱਤੀ ਤੇ ਜ਼ਮੀਨ ਪੁੱਟਣੀ ਜਾਰੀ ਰੱਖੀ। ਇੱਕ ਘੰਟਾ ਬੀਤ ਗਿਆ ਅਤੇ ਫੇਰ ਦੂਜਾ ਵੀ। ਸੂਰਜ ਦਰੱਖਤਾਂ ਦੇ ਪਿੱਛੇ ਅਸਤ ਹੋਣਾ ਸ਼ੁਰੂ ਹੋ ਗਿਆ ਅਤੇ ਅਖੀਰ ’ਚ ਬਾਦਸ਼ਾਹ ਨੇ ਜ਼ਮੀਨ ’ਤੇ ਕਹੀ ਮਾਰੀ ਤੇ ਕਿਹਾ, ‘‘ਮਹਾਂਪੁਰਖੋ, ਮੈਂ ਤੁਹਾਡੇ ਕੋਲ ਆਪਣੇ ਪ੍ਰਸ਼ਨਾਂ ਦੇ ਜੁਆਬ ਲੈਣ ਲਈ ਆਇਆ ਹਾਂ। ਜੇ ਤੁਸੀਂ ਕਿਸੇ ਦਾ ਵੀ ਜੁਆਬ ਦੇਣੋਂ ਅਸਮਰਥ ਹੋ ਤਾਂ ਮੈਨੂੰ ਦੱਸ ਦਿਓ ਅਤੇ ਆਪਣੇ ਘਰ ਵਾਪਸ ਜਾਵਾਂ।’’
ਮਹਾਤਮਾ ਬੋਲਿਆ, ‘‘ਔਹ ਦੇਖੋ ਕੋਈ ਭੱਜਿਆ ਆ ਰਿਹੈ, ਚਲੋ ਦੇਖੀਏ ਕੌਣ ਹੈ।’’
ਬਾਦਸ਼ਾਹ ਪਿੱਛੇ ਮੁੜਿਆ ਤੇ ਇੱਕ ਦਾੜ੍ਹੀ ਵਾਲੇ ਆਦਮੀ ਨੂੰ ਜੰਗਲ ਵਿੱਚੋਂ ਬਾਹਰ ਭੱਜਦਿਆਂ ਦੇਖਿਆ। ਆਦਮੀ ਨੇ ਆਪਣੇ ਦੋਵੇਂ ਹੱਥ, ਆਪਣੇ ਪੇਟ ’ਤੇ ਕੱਸ ਕੇ ਰੱਖੇ ਹੋਏ ਸਨ ਅਤੇ ਉਨ੍ਹਾਂ ਦੇ ਥੱਲਿਓਂ ਲਹੂ ਵਗ ਰਿਹਾ ਸੀ। ਜਦੋਂ ਉਹ ਬਾਦਸ਼ਾਹ ਕੋਲ ਪਹੁੰਚਿਆ ਤਾਂ ਉਹ ਬੇਹੋਸ਼ ਜਿਹਾ ਹੋ ਕੇ ਹੌਲੀ ਜਿਹੀ ਆਵਾਜ਼ ’ਚ ਕੁਝ ਬੋਲਦਾ ਹੋਇਆ ਜ਼ਮੀਨ ’ਤੇ ਡਿੱਗ ਪਿਆ। ਬਾਦਸ਼ਾਹ ਤੇ ਮਹਾਤਮਾ ਨੇ ਉਸ ਆਦਮੀ ਦੇ ਕੱਪੜੇ ਢਿੱਲੇ ਕੀਤੇ। ਉਸ ਦੇ ਪੇਟ ਵਿੱਚ ਵੱਡਾ ਸਾਰਾ ਜ਼ਖ਼ਮ ਸੀ। ਬਾਦਸ਼ਾਹ ਨੇ, ਜਿੰਨੀ ਚੰਗੀ ਤਰ੍ਹਾਂ ਹੋ ਸਕਦਾ ਸੀ ਉਸ ਜ਼ਖ਼ਮ ਨੂੰ ਧੋਤਾ ਅਤੇ ਆਪਣੇ ਰੁਮਾਲ ਤੇ ਮਹਾਤਮਾ ਦੇ ਤੋਲੀਏ ਨਾਲ ਉਸ ’ਤੇ ਪੱਟੀ ਕਰ ਦਿੱਤੀ ਪਰ ਲਹੂ ਵਗਣੋਂ ਹਟ ਨਹੀਂ ਸੀ ਰਿਹਾ ਅਤੇ ਬਾਦਸ਼ਾਹ ਘੜੀ-ਘੜੀ ਗਰਮ ਲਹੂ ਨਾਲ ਲਿੱਬੜੀ ਹੋਈ ਪੱਟੀ ਉਤਾਰਦਾ ਤੇ ਜ਼ਖ਼ਮ ਧੋਂਦਾ ਅਤੇ ਫੇਰ ਦੁਬਾਰਾ ਜ਼ਖ਼ਮ ’ਤੇ ਪੱਟੀ ਕਰਦਾ। ਜਦੋਂ ਜ਼ਖ਼ਮ ’ਚੋਂ ਲਹੂ ਵਗਣਾ ਬੰਦ ਹੋ ਗਿਆ, ਆਦਮੀ ਨੂੰ ਹੋਸ਼ ਆਈ ਤਾਂ ਉਸ ਨੇ ਕੁਝ ਪੀਣ ਲਈ ਮੰਗਿਆ। ਬਾਦਸ਼ਾਹ ਨੇ ਤਾਜ਼ਾ ਪਾਣੀ ਲਿਆਂਦਾ ਤੇ ਉਸ ਨੂੰ ਦਿੱਤਾ। ਇਸ ਸਮੇਂ ਦੌਰਾਨ ਸੂਰਜ ਅਸਤ ਹੋ ਚੁੱਕਾ ਸੀ ਤੇ ਵਾਤਾਵਰਣ ਠੰਢਾ ਹੋ ਗਿਆ ਸੀ। ਇਸ ਲਈ ਬਾਦਸ਼ਾਹ ਨੇ ਮਹਾਤਮਾ ਦੀ ਮਦਦ ਨਾਲ ਜ਼ਖ਼ਮੀ ਆਦਮੀ ਨੂੰ ਝੌਂਪੜੀ ਵਿੱਚ ਪਹੁੰਚਾਇਆ ਤੇ ਬਿਸਤਰੇ ’ਤੇ ਲਿਟਾ ਦਿੱਤਾ। ਬਿਸਤਰੇ ’ਤੇ ਲੇਟਦਿਆਂ ਹੀ ਆਦਮੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਚੁੱਪ ਹੋ ਗਿਆ। ਬਾਦਸ਼ਾਹ ਪੈਦਲ ਤੁਰਨ ਅਤੇ ਕੰਮ ਕਰਨ ਕਰਕੇ ਇੰਨਾ ਥੱਕ ਚੁੱਕਾ ਸੀ ਕਿ ਉਹ ਝੌਂਪੜੀ ਦੀਆਂ ਦਹਿਲੀਜ਼ਾਂ ’ਤੇ ਹੀ ਝੁਕ ਗਿਆ ਅਤੇ ਸੌਂ ਵੀ ਗਿਆ। ਉਸ ਨੂੰ ਗਰਮੀਆਂ ਦੀ ਇਸ ਛੋਟੀ ਜਿਹੀ ਰਾਤ ਨੂੰ ਬਹੁਤ ਵਧੀਆ ਨੀਂਦ ਆਈ। ਜਦੋਂ ਸਵੇਰੇ, ਉਸ ਨੂੰ ਜਾਗ ਆਈ, ਉਸ ਨੂੰ ਬੜੀ ਦੇਰ ਬਾਅਦ ਚੇਤਾ ਆਇਆ ਕਿ ਉਹ ਕਿੱਥੇ ਸੀ ਜਾਂ ਅਜੀਬ ਜਿਹੀ ਦਾੜ੍ਹੀ ਵਾਲਾ ਆਦਮੀ ਬਿਸਤਰੇ ’ਚ ਲੇਟਿਆ ਸੀ, ਉਹ ਕੌਣ ਸੀ ਅਤੇ ਬੜੇ ਧਿਆਨ ਨਾਲ ਆਪਣੀ ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖ ਰਿਹਾ ਸੀ। ‘‘ਮੈਨੂੰ ਮਾਫ਼ ਕਰ ਦਿਓ’’, ਦਾੜ੍ਹੀ ਵਾਲੇ ਆਦਮੀ ਨੇ ਕਮਜ਼ੋਰ ਜਿਹੀ ਆਵਾਜ਼ ’ਚ ਕਿਹਾ, ਜਦੋਂ ਉਸ ਨੇ ਦੇਖਿਆ ਕਿ ਬਾਦਸ਼ਾਹ ਜਾਗ ਰਿਹਾ ਸੀ ਤੇ ਉਸ ਵੱਲ ਹੀ ਦੇਖ ਰਿਹਾ ਸੀ।
‘‘ਮੈਂ ਤੈਨੂੰ ਨਹੀਂ ਜਾਣਦਾ ਤੇ ਤੂੰ ਕੋਈ ਗ਼ਲਤੀ ਨਹੀਂ ਕੀਤੀ, ਜਿਸ ਲਈ ਮੈਂ ਤੈਨੂੰ ਮੁਆਫ਼ੀ ਦੇਵਾਂ’’, ਬਾਦਸ਼ਾਹ ਨੇ ਕਿਹਾ।
‘‘ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ ਹਾਂ। ਮੈਂ ਤੁਹਾਡਾ ਉਹ ਦੁਸ਼ਮਣ ਹਾਂ, ਜਿਸ ਨੇ ਤੁਹਾਡੇ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਸੀ, ਕਿਉਂਕਿ ਤੁਸੀਂ ਮੇਰੇ ਭਰਾ ਨੂੰ ਮਾਰ ਦਿੱਤਾ ਸੀ ਤੇ ਉਹਦੀ ਸਾਰੀ ਜਾਇਦਾਦ ਆਪਣੇ ਕਬਜ਼ੇ ’ਚ ਕਰ ਲਈ ਸੀ। ਮੈਨੂੰ ਪਤਾ ਸੀ ਕਿ ਤੁਸੀਂ ਮਹਾਤਮਾ ਨੂੰ ਮਿਲਣ ਇਕੱਲੇ ਹੀ ਗਏ ਹੋ ਤੇ ਮੈਂ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਵਾਪਸ ਆਉਂਦੇ ਸਮੇਂ ਤੁਹਾਨੂੰ ਰਸਤੇ ’ਚ ਹੀ ਮਾਰ ਮੁਕਾਉਣਾ ਹੈ ਪਰ ਦਿਨ ਬੀਤ ਗਿਆ ਤੇ ਤੁਸੀਂ ਵਾਪਸ ਨਹੀਂ ਆਏ। ਇਸ ਲਈ ਮੈਂ ਤੁਹਾਨੂੰ ਲੱਭਣ ਲਈ ਆਪਣੀ ਘਾਤ ਲਗਾਉਣ ਵਾਲੀ ਥਾਂ ਤੋਂ ਬਾਹਰ ਆਇਆ ਅਤੇ ਤੁਹਾਡੇ ਅੰਗ ਰੱਖਿਅਕਾਂ ਕੋਲ ਪਹੁੰਚਿਆ ਅਤੇ ਉਨ੍ਹਾਂ ਨੇ ਮੈਨੂੰ ਪਛਾਣ ਲਿਆ ਤੇ ਮੈਨੂੰ ਜ਼ਖ਼ਮੀ ਕਰ ਦਿੱਤਾ। ਮੈਂ ਉਨ੍ਹਾਂ ਕੋਲੋਂ ਬਚ ਗਿਆ। ਮੈਂ ਤਾਂ ਤੁਹਾਨੂੰ ਮਾਰਨਾ ਚਾਹੁੰਦਾ ਸੀ ਪਰ ਤੁਸੀਂ ਮੇਰਾ ਜੀਵਨ ਬਚਾਇਆ ਹੁਣ ਜੇ ਮੈਂ ਜ਼ਿੰਦਾ ਰਿਹਾ ਤੇ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਭ ਤੋਂ ਜ਼ਿਆਦਾ ਵਫ਼ਾਦਾਰ ਗੁਲਾਮ ਰਹਾਂਗਾ ਅਤੇ ਆਪਣੇ ਪੁੱਤਰਾਂ ਨੂੰ ਵੀ ਤੁਹਾਡੇ ਗੁਲਾਮ ਬਣਾਵਾਂਗਾ। ਮੈਨੂੰ ਮੁਆਫ਼ ਕਰ ਦਿਓ।’’
ਬਾਦਸ਼ਾਹ ਨੂੰ ਆਪਣੇ ਦੁਸ਼ਮਣ ਨਾਲ ਏਨੀ ਸੌਖੀ ਤਰ੍ਹਾਂ ਸੁਲ੍ਹਾ ਕਰਕੇ ਅਤੇ ਇੱਕ ਹੋਰ ਮਿੱਤਰ ’ਚ ਵਾਧਾ ਕਰਕੇ ਬੜੀ ਖੁਸ਼ੀ ਹੋਈ ਤੇ ਉਸ ਨੇ ਸਿਰਫ਼ ਮੁਆਫ਼ ਹੀ ਨਹੀਂ ਕੀਤਾ ਬਲਕਿ ਉਸ ਨੂੰ ਕਿਹਾ ਕਿ ਉਹ ਆਪਣੇ ਨੌਕਰ ਤੇ ਹਕੀਮ ਉਸ ਦਾ ਧਿਆਨ ਰੱਖਣ ਲਈ ਭੇਜੇਗਾ ਤੇ ਵਾਅਦਾ ਕੀਤਾ ਕਿ ਉਸ ਦੀ ਸਾਰੀ ਜਾਇਦਾਦ ਵਾਪਸ ਮੋੜ ਦੇਵੇਗਾ।
ਜ਼ਖ਼ਮੀ ਆਦਮੀ ਤੋਂ ਵਿਹਲਾ ਹੋ ਕੇ, ਬਾਦਸ਼ਾਹ ਦਰਵਾਜ਼ੇ ’ਚ ਗਿਆ ਤੇ ਮਹਾਤਮਾ ਨੂੰ ਲੱਭਣ ਲੱਗਾ। ਵਾਪਸ ਜਾਣ ਤੋਂ ਪਹਿਲਾਂ, ਉਹ ਇੱਕ ਵਾਰੀ ਹੋਰ ਆਪਣੇ ਪ੍ਰਸ਼ਨਾਂ ਦੇ ਜੁਆਬ ਪੁੱਛਣਾ ਚਾਹੁੰਦਾ ਸੀ। ਮਹਾਤਮਾ ਬਾਹਰ, ਗੋਡਿਆਂ ਭਾਰ ਹੋ ਕੇ ਉਨ੍ਹਾਂ ਕਿਆਰੀਆਂ ਵਿੱਚ ਬੀਜ ਬੋ ਰਿਹਾ ਸੀ ਜਿਹੜੀਆਂ ਕਿ ਉਸ ਨੇ ਇੱਕ ਦਿਨ ਪਹਿਲਾਂ ਪੁੱਟੀਆਂ ਸਨ।
ਬਾਦਸ਼ਾਹ ਉਸ ਕੋਲ ਆਇਆ ਤੇ ਕਹਿਣ ਲੱਗਾ,‘‘ਮਹਾਂਪੁਰਖੋ, ਅਖੀਰਲੀ ਵਾਰੀ ਮੈਂ ਆਪਣੇ ਪ੍ਰਸ਼ਨਾਂ ਦੇ ਜੁਆਬਾਂ ਲਈ ਆਪ ਨੂੰ ਬੇਨਤੀ ਕਰਦਾ ਹਾਂ।
‘‘ਤੁਹਾਨੂੰ ਤਾਂ ਤੁਹਾਡੇ ਪ੍ਰਸ਼ਨਾਂ ਦੇ ਜੁਆਬ ਪਹਿਲਾਂ ਹੀ ਮਿਲ ਗਏ ਹਨ’’, ਮਹਾਤਮਾ ਨੇ ਹਾਲੇ ਵੀ ਆਪਣੀਆਂ ਪਤਲੀਆਂ ਲੱਤਾਂ ’ਤੇ ਝੁਕਦੇ ਹੋਏ ਤੇ ਬਾਦਸ਼ਾਹ ਵੱਲ ਦੇਖਦਿਆਂ ਕਿਹਾ।
‘‘ਕਿਵੇਂ ਜੁਆਬ ਮਿਲ ਗਏ? ਤੁਹਾਡਾ ਕੀ ਮਤਲਬ ਹੈ।’’ ਬਾਦਸ਼ਾਹ ਨੇ ਪੁੱਛਿਆ।
ਮਹਾਤਮਾ ਨੇ ਕਿਹਾ, ‘‘ਕੀ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਜੇ ਤੁਸੀਂ ਮੇਰੀ ਕਮਜ਼ੋਰੀ ’ਤੇ ਤਰਸ ਨਾ ਕਰਦੇ ਅਤੇ ਮੇਰੇ ਲਈ ਕਿਆਰੀਆਂ ਨਾ ਪੁੱਟਦੇ ਅਤੇ ਵਾਪਸ ਆਪਣੇ ਰਸਤੇ ਚਲੇ ਜਾਂਦੇ ਤਾਂ ਉਹ ਆਦਮੀ ਤੁਹਾਡੇ ’ਤੇ ਹਮਲਾ ਕਰ ਦਿੰਦਾ ਤੇ ਤੁਹਾਨੂੰ ਮੇਰੇ ਕੋਲ ਨਾ ਠਹਿਰਨ ਦਾ ਪਛਤਾਵਾ ਹੁੰਦਾ। ਇਸ ਲਈ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਕਿਆਰੀਆਂ ਪੁੱਟ ਰਹੇ ਸੀ ਅਤੇ ਮੈਂ ਤੁਹਾਡੇ ਲਈ ਮਹੱਤਵਪੂਰਨ ਆਦਮੀ ਸਾਂ ਅਤੇ ਮੇਰੇ ਵਾਸਤੇ ਚੰਗਾ ਕੰਮ ਕਰਨਾ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ। ਉਸ ਤੋਂ ਬਾਅਦ ਜਦੋਂ ਉਹ ਆਦਮੀ ਦੌੜਦਾ ਹੋਇਆ ਸਾਡੇ ਵੱਲ ਆਇਆ ਸਭ ਤੋਂ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਉਸ ਦੀ ਮਰਹੱਮ ਪੱਟੀ ਕਰ ਰਹੇ ਸੀ ਕਿਉਂਕਿ ਜੇ ਤੁਸੀਂ ਉਸ ਦੇ ਜ਼ਖ਼ਮਾਂ ’ਤੇ ਪੱਟੀ ਨਾ ਕਰਦੇ ਤਾਂ ਉਸ ਨੇ ਤੁਹਾਡੇ ਨਾਲ ਸੁਲ੍ਹਾ ਕੀਤੇ ਬਿਨਾਂ ਹੀ ਮਰ ਜਾਣਾ ਸੀ। ਇਸ ਕਰਕੇ ਉਹ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਆਦਮੀ ਸੀ ਅਤੇ ਜੋ ਕੁਝ ਤੁਸੀਂ ਉਸ ਲਈ ਕੀਤਾ, ਉਹ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ। ਇਸ ਲਈ ਯਾਦ ਰੱਖੋ, ਸਿਰਫ਼ ਇਕੋ ਸਮਾਂ ਹੈ ਜਿਹੜਾ ਮਹੱਤਵਪੂਰਨ ਹੈ, ਉਹ ਹੈ ਹੁਣ ਦਾ ਸਮਾਂ। ਇਹ ਹੁਣ ਸਭ ਤੋਂ ਮਹੱਤਵਪੂਰਨ ਸਮਾਂ ਹੈ ਕਿਉਂਕਿ ਹੁਣ ਹੀ ਉਹ ਸਮਾਂ ਹੈ ਜਦੋਂ ਸਾਡੇ ਕੋਲ ਕੋਈ ਤਾਕਤ ਹੈ। ਸਭ ਤੋਂ ਜ਼ਰੂਰੀ ਆਦਮੀ ਸਾਡੇ ਲਈ ਉਹ ਹੈ, ਜੋ ਸਾਡੇ ਨਾਲ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਸ ਨੂੰ ਕਦੀ ਹੋਰ ਕਿਸੇ ਨਾਲ ਵੀ ਕੋਈ ਕੰਮ ਪੈ ਸਕੇਗਾ ਅਤੇ ਸਭ ਤੋਂ ਮਹੱਤਵਪੂਰਨ ਕੰਮ ਹੈ- ਉਸ ਨਾਲ ਚੰਗਿਆਈ ਕਰਨਾ ਕਿਉਂਕਿ ਇਸ ਦੁਨੀਆਂ ’ਚ ਸਿਰਫ਼ ਇਸ ਮੰਤਵ ਲਈ ਹੀ ਆਦਮੀ ਨੂੰ ਭੇਜਿਆ ਗਿਆ ਹੈ।’’

ਪੰਜਾਬੀ ਰੂਪ: ਬਲਰਾਜ ‘ਧਾਰੀਵਾਲ’

ਲਾਲਚੀ ਕੁੱਤਾ 

by Sandeep Kaur August 7, 2021

  ਇਕ ਵਾਰ ਇਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਮੀਟ ਦਾ ਟੁਕੜਾ ਮਿਲਿਆ । ਮੀਟ ਵੇਖ ਕੇ ਉਹ ਬੜਾ ਖੁਸ਼ ਹੋਇਆ । ਕਿਸੇ ਇਕਾਂਤ ਵਾਲੀ ਥਾਂ ਤੇ ਖਾਣ ਵਾਸਤੇ ਉਹ ਇਕ ਪਾਸੇ ਵੱਲ ਨੂੰ ਤੁਰ ਪਿਆ । 

ਤੁਰਦੇ-ਤੁਰਦੇਉਹ ਇਕ ਨਦੀ ਦੇ ਪੁਲ ਉੱਤੋਂ ਦੀ ਲੰਘਿਆ ਪਾਣੀ ਵਿਚ ਜਦੋਂ ਉਸ ਨੇ ਆਪਣਾ ਪਛਾਵਾਂ ਦੇਖਿਆ ਤਾਂ ਉਸ ਨੂੰ ਇਕ ਹੋਰ ਕੁੱਤਾ ਦਿਸਿਆ ਜਿਸ ਦੇ ਮੂੰਹ ਵਿਚ ਮਾਸ ਦਾ ਟੁਕੜਾ ਸੀ । 

ਕਲਪਨਾ ਹੀ ਕਲਪਨਾ ਵਿੱਚ ਉਹ ਦੋਹਾਂ ਟੁਕੜਿਆਂ ਦਾ ਸੁਆਦ ਮਾਨਣ ਲੱਗ ਪਿਆ । ਉਹ ਪਲ ਉੱਤੇ ਖੜਾ ਹੋ ਗਿਆ ਤੇ ਸੋਚਣ ਲੱਗਾ ਕਿ ਉਸ ਦੇ ਭੌਕਣ ਤੇ ਦੂਸਰਾ ਕੁੱਤਾ ਮਾਸ ਦਾ ਟਕੜਾ ਛੱਡ ਕੇ ਦੌੜ ਜਾਵੇਗਾ । 

ਉਹ ਜ਼ੋਰ ਦੀ ਭੌਕਿਆ । ਜਿਉਂ ਹੀ ਉਸ ਨੇ ਆਪਣਾ ਮੂੰਹ ਖੋਲਿਆ ਉਸ ਦਾ ਆਪਣਾ ਮਾਸ ਦਾ ਟੁਕੜਾ ਪਾਣੀ ਵਿੱਚ ਡਿੱਗ ਪਿਆ। ਉਹ ਬਹੁਤ ਪਛਤਾਇਆ । ਲਾਲਚ ਕਾਰਨ ਉਹ ਆਪਣਾ ਟੁਕੜਾ ਵੀ ਗੁਆ ਬੈਠਾ ਸੀ ।

 

 ਸਿੱਟਾ : ਲਾਲਚ ਬੁਰੀ ਬਲਾ ਹੈ 

  • 1
  • …
  • 22
  • 23
  • 24
  • 25
  • 26
  • …
  • 28

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close