ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਬਾਲ ਉਸ ‘ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ।
ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪਿੰਜਰਾ ਖੋਲ੍ਹ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ।’
ਉਸ ਆਦਮੀ ਨੇ ਸ਼ੇਰ ‘ਤੇ ਤਰਸ ਕਰਕੇ ਪਿੰਜਰਾ ਖੋਲ੍ਹ ਦਿੱਤਾ। ਜਿਵੇਂ ਹੀ ਪਿੰਜਰਾ ਖੁੱਲ੍ਹਾ ਅਤੇ ਸ਼ੇਰ ਨੇ ਪਿੰਜਰੇ ਵਿੱਚੋਂ ਬਾਹਰ ਆ ਕੇ ਕਿਹਾ, ‘ਹੁਣ ਮੈਂ ਤੈਨੂੰ ਖਾਵਾਂਗਾ।’
ਉਹ ਆਦਮੀ ਬੋਲਿਆ, ‘ਮੈਂ ਅਜਿਹੀ ਗੱਲ ਕਦੇ ਨਹੀਂ ਸੁਣੀ ਕਿ ਉਪਕਾਰ ਕਰਨ ਵਾਲੇ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ?’
ਸ਼ੇਰ ਨੇ ਕਿਹਾ, ‘ਇਹ ਤਾਂ ਕੁਦਰਤ ਦਾ ਨਿਯਮ ਹੈ। ਪਹਿਲਾਂ ਉਪਕਾਰ ਕਰਨ ਵਾਲੇ ਆਦਮੀ ਨੂੰ ਹੀ ਦੰਡ ਭੁਗਤਣਾ ਪੈਂਦਾ ਹੈ।’
ਆਦਮੀ ਬੋਲਿਆ, ‘ਇਸ ਗੱਲ ਦਾ ਫ਼ੈਸਲਾ ਅਸੀਂ ਤਿੰਨ ਗਵਾਹਾਂ ‘ਤੇ ਛੱਡ ਦਿੰਦੇ ਹਾਂ। ਜੇ ਉਨ੍ਹਾਂ ਦੀ ਵੀ ਇਹੋ ਰਾਇ ਹੋਈ ਤਾਂ ਤੂੰ ਮੈਨੂੰ ਬੇਸ਼ੱਕ ਖਾ ਲਈਂ।’
ਸ਼ੇਰ ਨੇ ਕਿਹਾ, ‘ਠੀਕ ਹੈ! ਤੂੰ ਮੈਨੂੰ ਆਪਣੇ ਤਿੰਨ ਗਵਾਹਾਂ ਕੋਲ ਲੈ ਚੱਲ।’
ਉਹ ਆਦਮੀ ਸਭ ਤੋਂ ਪਹਿਲਾਂ ਸ਼ੇਰ ਨੂੰ ਇੱਕ ਟਟੀਹਰੀ ਕੋਲ ਲੈ ਗਿਆ ਅਤੇ ਉਸਨੂੰ ਪੁੱਛਿਆ ਕਿ ਕਿਸੇ ਉਪਕਾਰ ਕਰਨ ਵਾਲੇ ਨੂੰ ਭਲਾ ਕਰਨ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਇਨਾਮ ਦੇਣਾ ਚਾਹੀਦਾ ਹੈ?’
ਟਟੀਹਰੀ ਨੇ ਕਿਹਾ, ‘ਮੈਂ ਤਾਂ ਕਿਸਾਨਾਂ ਦੇ ਖੇਤਾਂ ਦੀ ਰਾਖੀ ਕਰਦੀ ਹਾਂ, ਪਰ ਕਿਸਾਨ ਫਿਰ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੇਰਾ ਵਿਚਾਰ ਹੈ ਕਿ ਉਪਕਾਰ ਕਰਨ ਵਾਲੇ ਆਦਮੀ ਦਾ ਕਦੇ ਭਲਾ ਨਹੀਂ ਕਰਨਾ ਚਾਹੀਦਾ।’
ਇਸਤੋਂ ਬਾਅਦ ਉਹ ਆਦਮੀ ਸ਼ੇਰ ਨੂੰ ਇੱਕ ਬੋਹੜ ਦੇ ਦਰੱਖਤ ਕੋਲ ਲੈ ਗਿਆ ਅਤੇ ਕਿਹਾ, ‘ਇਹ ਮੇਰਾ ਦੂਜਾ ਗਵਾਹ ਹੈ।’ ਬੋਹੜ ਨੂੰ ਵੀ ਉਹ ਹੀ ਸਵਾਲ ਪੁੱਛਿਆ ਗਿਆ।
ਬੋਹੜ ਬੋਲਿਆ, ਬਾਲ ਮੇਰੀ ਛਾਂ ਹੇਠ ਬੈਠਦੇ ਹਨ, ਪਰ ਮੇਰੇ ਪੱਤੇ ਤੋੜ ਲੈਂਦੇ ਹਨ ਅਤੇ ਮੇਰਾ ਦੁੱਧ ਵੀ ਕੱਢ ਲੈਂਦੇ ਹਨ। ਇਸ ਲਈ ਕਿਸੇ ਨੂੰ ਵੀ ਉਪਕਾਰ ਕਰਨ ਵਾਲੇ ਆਦਮੀ ਦਾ ਭਲਾ ਨਹੀਂ ਕਰਨਾ ਚਾਹੀਦਾ।’
ਉਸੇ ਵੇਲੇ ਉੱਥੇ ਬਘਿਆੜ ਆ ਗਿਆ। ਉਹ ਬਹੁਤ ਚਾਲਾਕ ਸੀ। ਉਸਨੇ ਕਿਹਾ, ਮੇਰੀ ਸਮਝ ਵਿੱਚ ਇਹ ਨਹੀਂ ਆ ਰਿਹਾ ਕਿ ਅਸਲ ਵਿੱਚ ਹੋਇਆ ਕੀ ਹੈ? ਸ਼ੇਰ ਇਸ ਰਸਤੇ ਆ ਰਿਹਾ ਸੀ ਅਤੇ ਇਹ ਆਦਮੀ ਪਿੰਜਰੇ ਵਿੱਚ ਬੰਦ ਸੀ ਜਾਂ ਆਦਮੀ ਇਸ ਰਸਤੇ ਆ ਰਿਹਾ ਸੀ ਅਤੇ ਸ਼ੇਰ ਪਿੰਜਰੇ ਵਿੱਚ ਬੰਦ ਸੀ।’
ਸ਼ੇਰ ਨੇ ਬਘਿਆੜ ਨੂੰ ਅਸਲ ਗੱਲ ਸਮਝਾਉਣੀ ਚਾਹੀ ਅਤੇ ਬੋਲਿਆ, ‘ਮੈਂ ਇਸ ਪਿੰਜਰੇ ਵਿੱਚ ਇਉਂ ਬੰਦ ਸੀ।’ ਕਹਿੰਦਾ ਹੋਇਆ ਸ਼ੇਰ ਮੁੜ ਉਸ ਪਿੰਜਰੇ ਵਿੱਚ ਵੜ ਗਿਆ ਤੇ ਚਾਲਾਕ ਬਘਿਆੜ ਨੇ ਤੁਰੰਤ ਬਾਹਰੋਂ ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਆਦਮੀ ਵੱਲ ਵੇਖ ਕੇ ਬੋਲਿਆ, ‘ਕਿਸੇ ਧੋਖੇਬਾਜ਼ ‘ਤੇ ਕਦੇ ਵਿਸ਼ਵਾਸ ਨਾ ਕਰੋ। ਜਾਓ, ਰਾਜ ਮਹਿਲ ਵਿੱਚ ਤੁਹਾਡੀ ਉਡੀਕ ਹੋ ਰਹੀ ਹੋਵੇਗੀ।’
ਉਹ ਆਦਮੀ ਆਪਣੀ ਜਾਨ ਬਚਾਉਣ ਲਈ ਬਘਿਆੜ ਦਾ ਧੰਨਵਾਦ ਕਰਕੇ ਰਾਜ ਮਹਿਲ ਵੱਲ ਚਲਾ ਗਿਆ।
-(ਰਾਜਕੁਮਾਰ ਸਕੋਲੀਆ)