ਸੋਨੇ ਦਾ ਤਵੀਤ ਕਰਾਦੇ,
ਚਾਂਦੀ ਦਾ ਕੀ ਭਾਰ ਚੁੱਕਣਾ।
punjabi desi boliyan
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਗੰਨਾ
ਧੀ ਤੇਰੀ ਛੋਟੀ ਏ
ਜਵਾਈ ਤੇਰਾ ਲੰਮਾ
ਭੱਜ ਕੇ ਕੁੜੀਆਂ ਪਿੰਡ ਆ ਵੜੀਆਂ,
ਮੀਂਹ ਨੇ ਘੇਰ ਲਈਆਂ ਕਾਹਲੀ।
ਪੀਂਘ ਝੂਟਦੀ ਡਿੱਗ ਪਈ ਨੂਰਾਂ,
ਬਹੁਤੇ ਹਰਖਾਂ ਵਾਲੀ।
ਸ਼ਾਮੋਂ ਕੁੜੀ ਦੀ ਡਿੱਗੀ ਪੀ ਗਾਨੀ,
ਆ ਰੱਖੀ ਨੇ ਭਾਲੀ।
ਸੌਣ ਦਿਆ ਬੱਦਲਾ ਵੇ…
ਹੀਰ ਭਿਓਂਤੀ ਮਜਾਜਾਂ ਵਾਲੀ।
ਮਾਮੀ ਫਾਤਾਂ ਨਿਕਲ ਗਈ
ਨਿਕਲ ‘ਗੀ ਖਸਮ ਨਾਲ ਲੜਕੇ
ਮਾਮਾ ਕਹਿੰਦਾ ਮੌਜ ਬਣੀ
ਲਾਮਾਂਗੇ ਤੇਲ ਦੇ ਤੜਕੇ
ਅੰਗ ਅੰਗ’ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ
ਸਾਉਣ ਮਹੀਨਾ ਚੜ੍ਹ ਗਿਆ ਸਖੀਓ
ਰੁੱਤ ਤੀਆਂ ਦੀ ਆਈ
ਗੱਡੀ ਜੋੜ ਕੇ ਲੈਣ ਜੋ ਜਾਂਦੇ
ਭੈਣਾਂ ਨੂੰ ਜੋ ਭਾਈ
ਨੱਚਣ ਕੁੱਦਣ ਮਾਰਨ ਤਾੜੀ
ਰੰਗਲੀ ਮਹਿੰਦੀ ਲਾਈ
ਬਿਜਲੀ ਵਾਗੂੰ ਦੂਰੋਂ ਚਮਕੇ
ਨੱਥ ਵਿੱਚ ਮੱਛਲੀ ਪਾਈ
ਆਉਂਦੇ ਜਾਂਦੇ ਮੋਹ ਲਏ ਰਾਹੀ
ਰਚਨਾ ਖੂਬ ਰਚਾਈ
ਤੀਆਂ ਦੇਖਣ ਨੂੰ
ਸਹੁਰੀਂ ਜਾਣ ਜੁਆਈ।
ਟੁੱਟ ਗਈਆਂ ਬਲੌਰੀ ਵੰਗਾਂ,
ਛੱਡ ਮੇਰੀ ਬਾਂਹ ਮਿੱਤਰਾ।
ਆਇਆ ਸਾਵਣ ਦਿਲ ਪਰਚਾਵਣ,
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜਗੀ,
ਨਾਲੇ ਰਾਮ ਪਿਆਰੀ।
ਕੁੜਤੀ ਰੋ ਦੀ ਭਿੱਜਗੀ ਪੀਲੀ,
ਕਿਸ਼ਨੋ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜਗੀ,
ਬਹੁਤੇ ਗੋਟੇ ਵਾਲੀ।
ਬੰਤੋ ਦੀਆਂ ਭਿੱਜੀਆਂ ਮੀਢੀਆਂ,
ਗਿਣਤੀ ‘ਚ ਪੂਰੀਆਂ ਚਾਲੀ।
ਆਲੇ ਦੇ ਵਿੱਚ ਲੀਰ ਕਚੀਰਾਂ,
ਵਿੱਚੇ ਕੰਘਾ ਜੇਠ ਦਾ,
ਪਿਓ ਵਰਗਿਆ ਜੇਠਾ,
ਕਿਓ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਗਿਆ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਸ਼ੈਹਣਾ
ਸ਼ੈਹਣੇ ਪਿੰਡ ਵਿੱਚ ਪੈਂਦਾ ਗਿੱਧਾ
ਕੀ ਗਿੱਧੇ ਦਾ ਕਹਿਣਾ
ਕੱਲ੍ਹ ਨੂੰ ਆਪਾਂ ਵਿੱਛੜ ਜਾਵਾਂਗੇ
ਫੇਰ ਕਦ ਰਲ ਕੇ ਬਹਿਣਾ
ਭੁੱਲ ਜਾ ਲੱਗੀਆਂ ਨੂੰ
ਮੰਨ ਲੈ ਭੌਰ ਦਾ ਕਹਿਣਾ।
ਘੁੰਡ ਕੱਢਣਾ ਤਵੀਤ ਨੰਗਾ ਰੱਖਣਾ,
ਛੜਿਆਂ ਦਾ ਮੱਚੇ ਕਾਲਜਾ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਘਿਓ।
ਸੱਸ ਲੱਗੀ ਅੱਜ ਤੋਂ ਮਾਂ ਮੇਰੀ,
ਸਹੁਰਾ ਲੱਗਾ ਪਿਓ।