ਛੈਣੇ ਛੈਣੇ ਛੈਣੇ,
ਵਿਦਿਆ ਪੜਾ ਦੇ ਬਾਬਲਾ,
ਭਾਵੇਂ ਦੇਈ ਨਾ ਦਾਜ ਵਿੱਚ ਗਹਿਣੇ,
ਵਿਦਿਆ ਪੜਾ ……..,
Pindan vicho Pind
ਲੈ ਨੀ ਮੇਲਣੇ ਪੀੜ੍ਹੀ ਬੁਣ ਦਿਆਂ
ਪੱਟ ਦੀ ਪਾ ਕੇ ਦੌਣ
ਮੇਲਣੇ ਸੱਚ ਦੱਸ ਨੀ
ਤੇਰੀ ਨਿਗਾ ਵਿੱਚ ਕੌਣ।
ਜੇਠ ਕੁਲਿਹਣਾ ਟੁੱਟ ਪੈਣਾ,
ਮੈਨੂੰ ਗਾਲ਼ ਬਿਨਾਂ ਨਾ ਬੋਲੇ।
ਮਾਰ ਦਿੰਦਾ ਉਹ ਜਾਨੋਂ ਮੈਨੂੰ,
ਜੇ ਨਾ ਲੁਕਦੀ ਸੰਦੂਕਾਂ ਉਹਲੇ।
ਵੀਰ ਹੋਊਗਾ ਤੇਰਾ ਵੇ,
ਦੱਸ ਕੀ ਲੱਗਦਾ ਉਹ ਮੇਰਾ ਵੇ।
ਮੇਰੀ ਜਾਣਦੀ ਜੁੱਤੀ,
ਰਿਹਾ ਕੋਲ ਤੂੰ ਖੜ੍ਹਾ,
ਵੇ ਮੈਂ ਜੇਠ ਨੇ ਕੁੱਟੀ।
ਜੇ ਤੂੰ ਕੋਲ ਨਾ ਹੁੰਦਾ,
ਮੈਂ ਵੀ ਮਾਰਦੀ ਜੁੱਤੀ।
ਛਡਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ,
ਦੋ ਡੱਕਿਆ ਨਾਲ ਅੱਗ ਬਲ ਪੈਦੀ,
ਰੋਟੀ ਸੇਕ ਨਾਲ ਲੈਦੀ,
ਇਕ ਦੁੱਖ ਲੈ ਬੈਠਦਾ,
ਝਾਕ ਰੰਨਾ ਵਿੱਚ ਰਹਿੰਦੀ,
ਇਕ ਦੁੱਖ ………,
ਖੱਟਣ ਗਿਆ ਤੇ ਕੀ ਖੱਟ ਲਿਆਂਦਾ
ਖੱਟ ਕੇ ਲਿਆਂਦੇ ਚਾਰ ਕੁੰਡੇ
ਨੀ ਕਨੇਡਾ ਚੰਦਰੀ
ਲੈ ਗਈ ਛਾਂਟ ਕੇ ਮੁੰਡੇ।
ਲੰਮੀ ਧੌਣ ਤੇ ਸਜੇ ਤਵੀਤੀ,
ਮਧਰੀ ਧੌਣ ਤੇ ਵਾਲੇ।
ਰੋਟੀ ਲੈ ਕੇ ਚੱਲ ਪਈ ਖੇਤ ਨੂੰ,
ਦਿਉਰ ਮੱਝੀਆਂ ਚਾਰੇ।
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ,
ਜਾਂਦੀ ਨੂੰ ਅੱਖੀਆਂ ਮਾਰੇ।
ਟੁੱਟ ਪੈਣਾ ਵਿਗੜ ਗਿਆ,
ਬਿਨ ਮੁਕਲਾਈਆਂ ਭਾਲੇ।
ਛੰਨਾ ਭਰਿਆ ਦੁੱਧ ਦਾ,
ਇਹ ਡੋਲਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ,
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ,
ਜੇ ਕਰਿਆ,ਕਰੂ ਤੇਰਾ ਮਾਮਾ,
ਏਥੇ ਮੇਰੀ ਨੱਥ ਡਿੱਗ ਪਈ,
ਨਿਉ ਕੇ ਚੱਕੀ ਜਵਾਨਾ,
ਏਥੇ ਮੇਰੀ ………
ਕਿੱਕਰਾਂ ਵੀ ਲੰਘ ਗਈਆਂ
ਬੇਰੀਆਂ ਵੀ ਲੰਘ ਗਈਆਂ
ਲੰਘਣੋਂ ਰਹਿ ਗਈ ਡੇਕ
ਅੱਲ੍ਹੜ ਜਵਾਨੀ ਦਾ, ਹੀਟਰ ਵਰਗਾ ਸੇਕ ॥
ਸੱਸੜੀਏ ਸਮਝਾ ਲੈ ਪੁੱਤ ਨੂੰ,
ਘਰ ਨਾ ਰਾਤ ਨੂੰ ਆਵੇ।
ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਵੇ।
ਘਰ ਦੀ ਨਾਰ ਪਟੋਲੇ ਵਰਗੀ,
ਨਿੱਤ ਝਿਊਰੀ ਦੇ ਜਾਵੇ।
ਵਰਜ ਨਮੋਹੇ ਨੂੰ,
ਸ਼ਰਮ ਰਤਾ ਨਾ ਆਵੇ।
ਛੰਨਾ,ਛੰਨੇ ਵਿੱਚ ਚੂਰੀ ਕੁੱਟਾਂਗੇ,
ਲੈ ਲਾ ਨੰਬਰਦਾਰੀ,
ਆਪਾ ਲੋਕਾਂ ਨੂੰ ਕੁੱਟਾਗੇ,
ਲੈ ਲਾ ………,
ਪੇਕਿਆਂ ਦੇ ਘਰ ਮੱਝਾਂ ਲਵੇਰੀਆਂ
ਸਹੁਰਿਆਂ ਦੇ ਘਰ ਢਾਂਡੀ
ਮਾੜੀ ਹੋ ਗੀ ਵੇ
ਸੁੱਥਣ ਢਿਲਕਦੀ ਜਾਂਦੀ।
ਵਿਹੜੇ ਦੇ ਵਿਚ ਖੜ੍ਹੀ ਭਾਬੀਏ,
ਮੈਂ ਤਾਂ ਨਿਗਾਹ ਟਿਕਾਈ।
ਤੂੰ ਤਾਂ ਸਾਨੂੰ ਯਾਦ ਨੀ ਕਰਦੀ,
ਮੈਂ ਨੀ ਦਿਲੋਂ ਭੁਲਾਈ।
ਤੇਰੇ ਨਖਰੇ ਨੇ,
ਅੰਗ ਕਾਲਜੇ ਲਾਈ।