• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




opra ghar

ਓਪਰਾ ਘਰ

by Lakhwinder Singh July 26, 2020

ਓਪਰਾ ਘਰ

“ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ।

“ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ਕੁਸ਼ ਹੁੰਦਿਆਂ-ਸੁੰਦਿਆਂ ਖਾਣ-ਪਹਿਨਣੋਂ ਤੜਫ਼ਦੀ ਰਹੀ, ਉਹਨੇ ਤਾਂ ਭਟਕਣਾ ਈ ਹੋਇਆ”, ਬੋਬੀ ਨੇ ਵਲ਼ੇਵੇਂ ਢੰਗ ਨਾਲ ਗੱਲ ਸ਼ੁਰੂ ਕੀਤੀ। “ਭਾਂਤ ਭਾਂਤ ਦੇ ਲੋਕ ਦੁਨੀਆਂ ‘ਚ ਪਏ ਐ ਬੀਬਾ! ਕਈ ਤਾਂ ਬਾਲ-ਬੱਚੇ ਨੂੰ ਖੁਆ ਪਿਆ ਕੇ ਖੁਸ਼ ਹੁੰਦੇ ਐ, ਕਈ ਕਈ ਚੰਦਰੇ ਖਾਂਦਿਆਂ ਦੇ ਮੂੰਹੋਂ ਬੁਰਕੀਆਂ ਖੋਂਹਦੇ ਐ। ਪਰ ਮੈਂ ਕਹਿੰਨੀ ਐਂ ਜਿਹੜੇ ਅਉਂਤਰੇ ਆਵਦੀ ਅਣਸ ਨੂੰ ਖਾਣ-ਹੰਢੌਣ ਨ੍ਹੀਂ ਦਿੰਦੇ ਉਹ ਦਿਨ-ਰਾਤ ਧੰਦ ਕਾਹਦੀ ਖ਼ਾਤਰ ਪਿਟਦੇ ਫਿਰਦੇ ਐ? ਜੇ ਆਵਦਾ ਢਿੱਡ ਈ ਬੰਦੇ ਨੇ ਭਰ ਕੇ ਸੌਣੈ ਤਾਂ ਬੰਦਿਆਂ ਤੇ ਕੁੱਤਿਆਂ ਬਿੱਲਿਆਂ’ਚ ਕੀ ਫ਼ਰਕ ਹੋਇਆ? ……ਸੁੱਖ ਨਾਲ ਤਿੰਨ ਨੂੰਹੈਂ, ਕਦੇ ‘ਓਇ’ ਨਹੀਂ ਆਖੀ। ਮੈਂ, ਬੱਚਾ, ਵਰਜਾਂ ਵੀ ਕਿਉਂ? ਅੱਜ ਵੀ, ਉਹਨਾਂ ਦਾ, ਕਲ੍ਹ ਨੂੰ ਵੀ ਉਹਨਾਂ ਦਾ, ਚਾਹੇ ਖਾਣ ਚਾਹੇ ਲੁਟੌਣ। ਆਪਾਂ ਤਾਂ ਦੋ ਮੰਨੀਆਂ ਖਾਣੀਐਂ। ਜਿੰਨਾ ਚਿਰ ਦੇਣਗੇ ਦੇਣ ਨਹੀਂ ਗੁਰਦੁਆਰੇ ਜਾ ਬੈਠੂੰ। ਮੈਂ ਤਾਂ ਕਹਿੰਨੀ ਐਂ ਬੱਚਾ ਬਈ ਜਿਹੜੇ ਚੰਦਰੇ ਮਾਪੇ ਸਹੁਰੇ ਧੀਆਂ ਪੁੱਤਾਂ ਤੋਂ ਲਕੋ ਲਕੋ ਰੱਖਦੇ ਐ, ਅਗਲੀ ਦਰਗਾਹ ਉਹਨਾਂ ਨੂੰ ਮੈਲ਼ੇ ਦੀਆਂ ਰੋੜੀਆਂ ਚੁਗ-ਚੁਗ ਖਾਣੀਆਂ ਪੈਣ! ……ਹੇ……ਰਾਮ! ਆਵਦਿਆਂ ਨਾਲ ਵੀ ਦਰੈਤ! ਦੁਨੀਆਂ ਦਾ ਹਾਲ ਕੀ ਹੋਊ! ………ਅੱਛਾ ਜੋ ਉਹਨੂੰ ਭਾਵੇ।”

ਦੋਵੇਂ ਹੱਥ ਜੋੜ ਕੇ ਨੰਤੀ ਬੋਬੀ ਨੇ ਮੱਥੇ ਨੂੰ ਲਾਏ ਤੇ ਇੱਕ ਲੰਮਾ ਹਉਕਾ ਭਰ ਕੇ ਉੱਠ ਖੜੋਤੀ। ਸਵਿਤਰੀ ਨੂੰ ਕੋਈ ਪਤਾ ਨਹੀਂ ਸੀ ਕਿ ਬੋਬੀ ਨੇ ਖ਼ਚਰੀ ਅੱਖ ਨਾਲ, ਇਸ ਵਾਰ ਹੋਰ ਆਪਣੀ ਕੱਥ-ਕਲਾ ਦਾ ਅਸਰ ਉਹਦੇ ਮੂੰਹੋਂ ਪੜ੍ਹ ਲਿਆ ਸੀ ਤੇ ਪਹਿਲਾਂ ਵਰਗੀ ਗੁੱਝੀ ਮੁਸਕਰਾਹਟ ਨਾਲ ਉਹਦੀਆਂ ਡੂੰਘੀਆਂ ਝੁਰੜੀਆਂ ਕੰਬ ਰਹੀਆਂ ਸਨ।

“ਬੋਬੀ ਬੈਠ ਕੁਸ਼ ਚਿਰ ਤਾਂ, ਰੋਟੀ ਖਾ ਕੇ ਜਾਈਂ।”

“ਬਸ! ਜਿਊਂਦੀ ਰਹਿ! ਤੇਰੇ ਵੀਰ ਜਿਊਣ! ਮਾਪਿਆਂ ਵੰਨੀਓਂ ਠੰਢੀ ਵਾ ਆਵੇ! ਤੇਰਾ ਈ ਖਾਈਦੈ ਬੱਚਾ। ਜਾਨੀ ਐਂ ਨਿਆਣੀਆਂ ਔਖੀਆਂ ਹੁੰਦੀਆਂ ਹੋਣਗੀਆਂ- ਨਿਆਣੇ ਸਾਰਾ ਦਿਨ ਵਿਚਾਰੀਆਂ ਨੂੰ ਸਾਹ ਕਿਹੜਾ ਲੈਣ ਦਿੰਦੇ ਐ। ਜਾ ਕੇ ਖੇਡ ਲਾਊਂ ਤਾਂ ਰੋਟੀ-ਟੁੱਕ ਦਾ ਕੰਮ ਨਿਬੇੜਣਗੀਆਂ। ਤੇ ਨਾਲ਼ੇ ਮੈਂ ਆਹਰ ਲੱਗੀ ਰਹਿਨੀਂ ਐਂ। ਵਿਹਲਾ ਬੰਦਾ ਤਾਂ ਊਂ-ਈਂ ਕੋੜ੍ਹੀ ਹੋ ਜਾਂਦੈ।”

ਤੇ ਚੜ੍ਹੇ ਸਾਹ, ਉਂਜ ਈ ਬੋਲਦੀ, ਨੰਤੀ ਚਲੀ ਗਈ। ਸਵਿਤਰੀ ਉਹਦੀ ਕਾਲੀ ਲੌਣ ਵਾਲੀ ਖੱਟੇ ਰੰਗ ਦੀ ਘੱਗਰੀ ਵੱਲ ਤੇ ਉਹਦੀ ਖੁੱਸੀ, ਪੁਰਾਣੀ ਚੁੰਨੀ ਵੱਲ ਵਿੰਹਦੀ ਰਹੀ। ਸਵਿਤਰੀ ਨੂੰ ਬੋਬੀ ਸੱਚੀਂ ‘ਦਿਉਤਾ ਰੂਪ’ ਲਗਦੀ ਸੀ। ਜਿਵੇਂ ਲੋਕ ਬੋਬੀ ਦੀ ਨਿੰਦਿਆ ਕਰਦੇ ਸਨ, ਉਹਨੂੰ ਫਫਾ-ਕੁੱਟਣੀ, ਕਲ਼-ਮੂੰਹੀਂ ਤੇ ਕਲ਼-ਜੋਗਣ ਆਖਦੇ ਸਨ, ਅਜੇਹੀ ਕੋਈ ਗੱਲ ਉਸਨੂੰ ਨਹੀਂ ਸੀ ਲਗਦੀ। ਅੱਜ ਕੱਲ੍ਹ ਕਿਹੜੀ ਸੱਸ ਆਪਣੀਆਂ ਨੂੰਹਾਂ ਦਾ ਇੰਜ ਖਿ਼ਆਲ ਰੱਖਦੀ ਸੀ? ……ਸਵਿਤਰੀ ਦੀ ਆਪਣੀ ਵੀ ਤਾਂ ਸੱਸ ਈ ਸੀ ਨਾ! ਤੁਰਦੇ ਨੈਣ-ਪਰਾਣੀ ਉਹ ਕਦੇ ਮੰਜਿਓਂ ਪੈਰ ਨਹੀਂ ਸੀ ਲਾਹੁੰਦੀ, ਸਾਰਾ ਦਿਨ ਬੈਠੀ-ਬਿਠਾਈ ਹੁਕਮ ਚਲਾਉਂਦੀ ਰਹਿੰਦੀ। ਉਹ ਇੰਜ ਹੁਕਮ ਦਿੰਦੀ ਜਿਵੇਂ ਸਵਿਤਰੀ ਏਸ ਘਰ ਦੀ ਨੂੰਹ ਨਹੀਂ ਗੋਲੀ ਹੋਵੇ। ਸਭ ਕੁਝ ਹੁੰਦਿਆਂ-ਸੁੰਦਿਆਂ ਉਹਨੇ ਕਿੰਨੀ ਵੇਰੀ ਸਵਿਤਰੀ ਤੋਂ ਚੱਕੀ ਉੱਤੇ ਪਸੇਰੀ-ਪਸੇਰੀ ਪਿਹਾਇਆ ਸੀ। ਸਾਰਾ ਦਿਨ ਉਹਨੂੰ ਘਰ ਦੀ ਚੱਕ-ਧਰ ਵਿਚ ਇੰਜ ਲਾਈ ਰੱਖਦੀ ਕਿ ਸਵਿੱਤਰੀ ਨੂੰ ਬਿੰਦ ਪਿੱਠ ਸਿੱਧੀ ਕਰਨ ਦੀ ਵਿਹਲ ਨਹੀਂ ਸੀ ਮਿਲਦੀ। ਪਹਿਲੇ ਪਹਿਰ ਉਹ ਉੱਠ ਕੇ ਸਭ ਤੋਂ ਮਗਰੋਂ ਸੌਂਦੀ ਪਰ ਕੰਮ ਅਜੇ ਵੀ ਨਹੀਂ ਸੀ ਮੁੱਕਦਾ। ਜੇ ਕਿਤੇ ਬਿੰਦ-ਝੱਟ ਉਹ ਪੀੜ੍ਹੀ ਡਾਹ ਕੇ ਬਹਿ ਜਾਂਦੀ ਤਾਂ ਉਹਦੀ ਸੱਸ ਰਾਣੀ ਵਿੰਗੇ-ਟੇਢੇ ਢੰਗ ਨਾਲ ਕੁਝ ਕਹਿ-ਕੁਹਾ ਕੇ ਕਿਸੇ ਨਾ ਕਿਸੇ ਕੰਮ ਲਾ ਦਿੰਦੀ।

 

“………ਘਰਾਂ ਦੇ ਕੰਮ ਕਦੇ ਮੁਕਦੇ ਐ। ਤੀਵੀਂ ਦੇ ਐਨੇ ਕੰਮ ਐਂ ਜਿੰਨੇ ਉਹਦੇ ਸਿਰ ਦੇ ਵਾਲ। ਇੱਕ ਇੱਕ ਕਰਕੇ ਚੁਗਣ ਲੱਗੇ ਤਾਂ ਵੀ ਮੁੱਕਦੇ ਈ ਮੁੱਕਣਗੇ ਨਾ।”

 

ਜਦੋਂ ਦੀ ਸਵਿਤਰੀ ਏਸ ਘਰ ਆਈ ਸੀ ਉਹਨੇ ਕਦੇ ਚੰਗੀ ਤਰ੍ਹਾਂ ਨਹਾ ਕੇ ਨਹੀਂ ਸੀ ਵੇਖਿਆ। ਆਪਣੀਆਂ ਤਿੱਖੇ ਕੋਇਆਂ ਵਾਲੀਆਂ, ਨੀਲੀਆਂ ਅੱਖਾਂ ਵਿੱਚ ਸੁਰਮਾ ਪਾ ਕੇ ਨਹੀਂ ਸੀ ਵੇਖਿਆ। ਲੰਮੇ ਕੂਲ਼ੇ ਵਾਲ ਰੀਝ ਨਾਲ ਵਾਹ ਕੇ ਨਹੀਂ ਸਨ ਵੇਖੇ।

‘ਕੋਈ ਵਾਹੇ ਵੀ ਕੀਹਦੀ ਖਾਤਰ!’ ਕਦੇ ਕਦੇ ਸਵਿਤਰੀ ਸੋਚਦੀ, ‘ ਉਹ ਵੀ ਤਾਂ ਇਹਨਾਂ ਮਾਪਿਆਂ ਦਾ ਪੁੱਤ ਐ-ਏਸੇ ਘਰ ਦਾ ਜੰਮ-ਪਲ’। ਤੇ ਇਹ ‘ਘਰ’ ਖ਼ਬਰੇ ਕਿਹੋ ਜਿਹਾ ਸੀ ਜਿੱਥੇ ਕੰਮ ਤੋਂ ਬਿਨਾਂ ਕੋਈ ਗੱਲ ਕਿਸੇ ਨੂੰ ਅਹੁੜਦੀ ਈ ਨਹੀਂ ਸੀ। ਸਾਰੇ ਨਿਰੀਆਂ ‘ਕੰਮ ਦੀਆਂ’ ਗੱਲਾਂ ਈ ਕਰਦੇ। ਸਵਿਤਰੀ ਨੂੰ ਇਹ ਵੀ ਸਮਝ ਅੱਜ ਤਾਈਂ ਨਹੀਂ ਸੀ ਪਈ ਕਿ ਇਹ ਘਰ ਸੀ ਕਿ ਹੱਟੀ ਜਿੱਥੇ ਅੱਧ ਅੱਧੀ ਰਾਤ ਤਾਈਂ ਉਹਦਾ ਸਹੁਰਾ ਤੇ ਉਹਦਾ ਪਤੀ ਮੂਲ ਚੰਦ (ਉਹਨੂੰ ਇਹ ਨਾਂ ਈ ‘ਮੂਲ-ਵਿਆਜ’ ਸ਼ਬਦ ਵਰਗਾ ਲਗਦਾ- ਹੱਟੀ ਦੀ ਬੋਲੀ ਦਾ ਇੱਕ ਸ਼ਬਦ) ਦੀਵਾ ਬਾਲ ਕੇ ਵਹੀਆਂ ਦੇ ਘਸਮੈਲੇ ਵਰਕਿਆਂ ਉੱਤੇ ਅੱਖਰ ਲਿਖਦੇ ਰਹਿੰਦੇ। ਉਹ ਮੈਲੀਆਂ ਤਪੜੀਆਂ ਉੱਤੇ ਚੁੱਪ-ਚਾਪ, ਵਹੀਆਂ ਦੇ ਢੇਰ ਵਿਚਕਾਰ ਬੈਠੇ ਇੰਜ ਲਗਦੇ ਜਿਵੇਂ ਧਰਮਰਾਜ ਦੇ ਖੱਬੇ ਪਾਸੇ (ਜਿੱਧਰ ਕਹਿੰਦੇ ਸਨ ਨਰਕਾਂ ਦਾ ਬੂਹਾ ਹੈ) ਲੇਖਾ ਕਰਨ ਵਾਲੇ ਜਮ ਬੈਠੇ ਹੋਣ। ਕਈ ਵਾਰ ਇੰਜ ਕੌਡੇ ਹੋ ਕੇ ਕੀੜੀਆਂ ਵਰਗੇ ਅੱਖਰਾਂ ਨਾਲ ਅੱਖਾਂ ਜੋੜੀ ਬੈਠੇ ਦੋਵੇਂ ਪਿਉ-ਪੁੱਤਾਂ ਦੀਆਂ ਸ਼ਕਲਾਂ ਉਹਨੂੰ ਬੜੀਆਂ ਡਰਾਉਣੀਆਂ ਲਗਦੀਆਂ, ਤੇ ਸੱਚੀਂ ਈ ਉਹ ਡਰ ਜਾਂਦੀ (ਇੰਜ ਰਾਤਾਂ ਨੂੰ ਉਹਨੂੰ ਬੜੇ ਡਰਾਉਣੇ ਸੁਪਨੇ ਵੀ ਆਏ ਸਨ)।

 

‘ਘਰ ਵੀ ਏਹੋ ਜਿਹੇ ਹੁੰਦੇ ਐ’ ਸਵਿਤਰੀ ਸੋਚਦੀ। ਉਹਨਾਂ ਦਾ- ਉਹਦੇ ਮਾਪਿਆਂ ਦਾ ਵੀ ਤਾਂ ਘਰ ਸੀ। ਖੁੱਲ੍ਹਾ ਵਿਹੜਾ, ਪਿੱਛੇ ਦੋ ਖੁਲ੍ਹੇ ਕੋਠੇ ਜਿਨ੍ਹਾਂ ਵਿਚ ਕੱਪੜੇ-ਲੀੜੇ, ਸੰਦੂਕ, ਟਰੰਕ ਤੇ ਭਾਂਡੇ ਪਏ ਹੁੰਦੇ ਸਨ। ਪਰ ਏਥੇ ਚਹੁੰ ਮੰਜੀਆਂ ਦਾ ਵਿਹੜਾ ਤੇ ਪਿਛਲੇ ਪਾਸੇ ਚਾਰ, ‘ਵਹੀਣਾ ਵਰਗੇ’ ਭੀੜੇ ਬੂਹਿਆਂ ਵਾਲੀਆਂ ਘਚੋਰ-ਕੋਠੜੀਆਂ ਸਨ ਜਿਹੜੀਆਂ ਬੋਰੀਆਂ, ਪੀਪਿਆਂ, ਖ਼ਾਲੀ ਡੱਬਿਆਂ ਤੇ ਚਾਹ ਵਾਲੀਆਂ ਪੇਟੀਆਂ ਨਾਲ ਤੂੜੀਆਂ ਹੋਈਆਂ ਸਨ। ਛੱਤਾਂ ਵਿੱਚ ਚਾਮ-ਚੜਿੱਕਾਂ ਦੀਆਂ ਤੇ ਹੇਠਾਂ ਚੂਹਿਆਂ ਦੀਆਂ ਖੁੱਡਾਂ ਸਨ। ਕੋਠੜੀਆਂ ਦੇ ਚਾਰੇ ਬੂਹੇ ਖੁੱਲ੍ਹੇ ਹੁੰਦੇ ਤਾਂ ਸਵਿਤਰੀ ਨੂੰ ਹੱਟੀ ਦੇ ਥੜ੍ਹੇ ਉੱਤੇ ਬੈਠੇ ਬੰਦੇ ਉਹਨਾਂ ਇੱਲ੍ਹਾਂ, ਕਾਂਵਾਂ ਵਰਗੇ ਦਿਸਦੇ ਜਿਹੜੇ ਉਹ ਨਿੱਕੀ ਹੁੰਦੀ, ਪਿੱਤਲ ਦੀ ਫੂਕਣੀ ਵਿੱਚੋਂ ਇੱਕ ਅੱਖ ਨਾਲ, ਗਲੀ ਦੇ ਸਿਰੇ ਉੱਤੇ, ਸ਼ਾਹਾਂ ਦੀ ਤਿਮੰਜ਼ਲੀ ਹਵੇਲੀ ਦੀਆਂ ਮਮਟੀਆਂ ਉੱਤੇ ਬੈਠੇ ਵੇਖਦੀ ਹੁੰਦੀ। ਵਿਹੜੇ ਦੇ ਦੂਜੇ ਪਾਸੇ ਇਹਨਾਂ ਈ ਕੋਠੜੀਆਂ ਵਰਗੀ ਇੱਕ ਚਹੁੰ ਕੁ ਮੰਜਿਆਂ ਦੀ ਦਰਵਾਜੜੀ ਸੀ- ਡਿਉਢੀ, ਜੀਹਦਾ ਇੱਕ ਬੂਹਾ ਗਲ੍ਹੀ ਉੱਤੇ ਖੁਲ੍ਹਦਾ ਸੀ ਤੇ ਦੂਜਾ ਵਿਹੜੇ ਦੀ ਖੱਬੀ ਕੰਧ ਨਾਲ। ਵਿਹੜੇ ਵਿਚ ਫਿ਼ਰਦਿਆਂ ਉਹਨੂੰ ਗਲੀ ਵਿਚ ਆਉਂਦਾ ਜਾਂਦਾ ਕੋਈ ਬੰਦਾ ਨਹੀਂ ਸੀ ਦਿੱਸ ਸਕਦਾ। ਦਰਵਾਜੜੀ ਵਿਚ ਸਾਰਾ ਦਿਨ ਉਹਦੀ ਸੱਸ ਮੰਜਾ ਡਾਹ ਕੇ ਪਈ ਰਹਿੰਦੀ, ਜਿਵੇਂ ਉਹਦੀ ਰਾਖੀ ਬਹਿੰਦੀ ਹੋਵੇ। ਜਦੋਂ ਕਿਤੇ ਦੂਜੇ ਪਾਸੇ ਦੀਆਂ ਘਚੋਰ ਕੋਠੜੀਆਂ ਦੇ ਬੂਹੇ ਬੰਦ ਹੁੰਦੇ ਤਾਂ ਇਹ ਹਨੇਰਾ-ਭੀੜਾ ਵਿਹੜਾ ਉਹਨੂੰ ਸੱਚੀਂ ਇੱਕ ਜੇਲ੍ਹ ਵਰਗਾ ਲੱਗਦਾ। ਕਦੇ ਕਦੇ ਉਹ ਡਰ ਕੇ ਕੋਠੇ ਉੱਤੇ, ਇਹਨਾਂ ਈ ਕੋਠੜੀਆਂ ਵਰਗੇ ਕੱਚੇ, ਭੀੜੇ ਚੁਬਾਰੇ ਵਿਚ ਜਾ ਵੜਦੀ। ਏਸ ਚੁਬਾਰੇ ਵਿੱਚੋਂ ਸਾਹਮਣੇ ਘਰ ਦੀਆਂ ਛੱਤਾਂ ਤੇ ਉੱਚੀਆਂ ਹਵੇਲੀਆਂ ਦਿੱਸ ਪੈਂਦੀਆਂ। ਇੱਕ ਸਾਹਮਣੇ ਚੁਬਾਰੇ ਦੀ ਖਿੜਕੀ ਵਿਚ ਕਿਤਾਬ ਪੜ੍ਹੀ ਜਾਂਦਾ ਉਹ ਮੁੰਡਾ……(ਪਤਾ ਨਹੀਂ ਜਦੋਂ ਉਹ ਉੱਤੇ ਚੜ੍ਹਦੀ ਸੀ ਓਦੋਂ ਜਾਂ ਹਰ ਵੇਲੇ ਈ, ਕਿਤਾਬ ਉਹਦੇ ਹੱਥ ਵਿੱਚ ਹੁੰਦੀ, ਪਰ ਝਾਕਦਾ ਉਹ ਏਧਰ ਰਹਿੰਦਾ) ਕੁਝ ਚਿਰ ਉਹਦੇ ਵੱਲ ਝਾਕਦੀ ਰਹਿੰਦੀ। ਅੱਗੋਂ ਉਹ ਕਿਤਾਬ ਨੂੰ ਉਂਜ ਈ ਪੁੱਠੀ ਸਿੱਧੀ ਕਰੀ ਜਾਂਦਾ; ਪੱਤਰੇ ਪੁੱਠੇ-ਸਿੱਧੇ ਈ ਉਲੱਦੀ ਜਾਂਦਾ। ਇੰਜ ਕਰਦਾ ਉਹ ਉਹਨੂੰ ਚੰਗਾ ਲਗਦਾ। ਪਰ ਬਿੰਦ ਕੁ ਮਗਰੋਂ ਜਾਪਦਾ ਉਹ ਜਿਵੇਂ ਫੇਰ ਫੂਕਣੀ ਵਿੱਚੋਂ ਇੱਲ੍ਹ-ਕਾਂ ਵੇਖਣ ਲੱਗ ਪਈ ਹੋਵੇ। ਉਹਨੂੰ ਆਪਣੀਆਂ ਅੱਖਾਂ ਥੱਕੀਆਂ ਜਾਪਦੀਆਂ ਤੇ ਕਾਹਲੀ ਕਾਹਲੀ ਦੂਰ ਤੱਕ ਖਿੱਲਰੇ, ਢੱਠੇ-ਪੁਰਾਣੇ ਖੋਲ੍ਹਿਆਂ ਤੇ ਚੁਬਾਰਿਆਂ ਵੱਲ ਇੰਜ ਨਿਗ੍ਹਾ ਮਾਰਨ ਲੱਗ ਪੈਂਦੀ ਜਿਵੇਂ ਉਹ ਨਵੀਂ ਨਵੀਂ ਪਿੰਜਰੇ ਪਾਈ ਘੁੱਗੀ ਹੋਵੇ ਤੇ ਮਾਲਕ ਨੇ ਲੱਤ ਨੂੰ ਡੋਰ ਬੰਨ੍ਹ ਛੱਡੀ ਹੋਵੇ; ਇਹ ਡੋਰ ਪਤਾ ਨਹੀਂ ਉਹ ਕਦੋਂ ਖਿੱਚ ਲਏ।

“ਕੁੜੇ ਬਹੂ!……ਕੀ ਕਰਦੀ ਐਂ ਭਾਈ?”

ਸਵਿਤਰੀ ਦਾ ਡਰ ਉਹਦੇ ਅੱਗੇ ਆ ਜਾਂਦਾ; ਡੋਰ ਖਿੱਚੀ ਜਾਂਦੀ। ਉਹ ਸੱਸ ਨੂੰ ਬਿਨਾਂ ਪਤਾ ਲੱਗਣ ਦਿੱਤਿਆਂ, ਤੀਜੀ ਆਵਾਜ਼ ਤੋਂ ਪਹਿਲਾਂ, ਪੋਲੇ-ਪੈਰੀਂ ਹੇਠ ਉੱਤਰ ਆਉਂਦੀ। ਪਰ ਵਿਹੜੇ ਵਿੱਚ ਆਉਣ ਤਾਈਂ ਉਹਦਾ ਸਾਹ ਚੜ੍ਹ ਜਾਂਦਾ। ਦਮ ਘੁਟਣ ਲੱਗ ਪੈਂਦਾ ਤੇ ਅੱਖਾਂ ਅੱਗੇ ਧੂੰਏਂ ਵਾਂਗ ਕੁਝ ਪਸਰ ਜਾਂਦਾ।

 

‘ਏਹੋ ਜਿਹੇ ਘਰ ਵਿੱਚ ਕੋਈ ਕਦੋਂ ਤਾਈਂ ਰਹਿ ਸਕਦੈ’।

ਸਵਿਤਰੀ ਸੋਚਦੀ ਤੇ ਉਹਨੂੰ ਜਾਪਦਾ ਉਹ ਏਸ ਘਰ ਵਿੱਚ ਬਹੁਤਾ ਚਿਰ ਨਹੀਂ ਰਹਿ ਸਕੇਗੀ।

ਪਰ ਅੱਜ……? ਅੱਜ ਦੀ ਗੱਲ ਹੋਰ ਸੀ। ਉਹਦੀ ਸੱਸ ਤੇ ਸਹੁਰਾ ਹਰਦੁਆਰ ਨਹਾਉਣ ਗਏ ਸਨ। ਉਹਤੋਂ ਤੇ ਉਹਦੇ ਪਤੀ ਤੋਂ ਬਿਨਾਂ ਤੀਜਾ ਹੋਰ ਕੋਈ ਘਰ ਨਹੀਂ ਸੀ। ਏਹੋ ਘਰ ਅੱਜ ਜਿਵੇਂ ਉਸਨੂੰ ਖੁੱਲ੍ਹਾ ਖੁੱਲ੍ਹਾ ਲਗਣ ਲੱਗ ਪਿਆ ਸੀ। ਬੋਬੀ ਨੰਤੀ ਵੀ ਅੱਜ ਉਸ ਕੋਲ ਆਪੇ ਆ ਗਈ ਸੀ (ਸਵਿਤਰੀ ਦੀ ਸੱਸ ਦੇ ਹੁੰਦਿਆਂ, ਉਹਦੇ ਖਰ੍ਹਵੇ ਬੋਲ ਤੇ ਖਰਵ੍ਹੇ ਸੁਭਾ ਕਰਕੇ, ਕੋਈ ਤੀਵੀਂ ਘੱਟ-ਵੱਧ ਈ ੳਹਨਾਂ ਦੇ ਘਰ ਆਉਂਦੀ ਸੀ; ਤੇ ਜੇ ਆਉਂਦੀ ਵੀ ਤਾਂ ਉਹਦੀ ਸੱਸ ਨਾਲ ਈ ਗੱਲਾਂ ਕਰ ਕੇ ਮੁੜ ਜਾਂਦੀ।

ਤੇ ਅੱਜ ਤਾਂ ਸਵਿਤਰੀ ਜਿਵੇਂ ‘ਘਰ-ਬਾਰਨ’ ਸੀ।

ਕੁਝ ਤਸੱਲੀ ਨਾਲ ਉਹਨੇ ਸਿਰ ਉੱਤੇ ਚੁੰਨੀ ਸੂਤ ਕੀਤੀ ਤੇ ਡਿਉਢੀ ਦਾ ਬੂਹਾ ਭੀੜ ਕੇ ਵਿਹੜੇ ਵਿੱਚ ਆ ਗਈ। ਉਹਨੂੰ ਆਪਣੀ ਤੋਰ ਵੀ ਕੁਝ ਓਪਰੀ, ਪਰ ਚੰਗੀ ਚੰਗੀ ਲਗਦੀ ਸੀ।

ਵਿਹੜੇ ਵਿਚ ਆ ਕੇ ਉਹ ਮੂਹੜੇ ‘ਤੇ ਬਹਿ ਗਈ। ਘਚੋਰ-ਕੋਠੜੀਆਂ ਦੇ ਸਾਰੇ ਬੂਹੇ ਖੁਲ੍ਹੇ ਸਨ। ਉਹਦਾ ‘ਮੂਲ-ਵਿਆਜ’ (ਤੇ ਇਹ ਨਾਂ ਸੋਚ ਕੇ ਉਹਨੂੰ ਮੱਲੋਮੱਲੀ ਹਾਸੀ ਆ ਗਈ) ਵਹੀਆਂ ਦੇ ਢੇਰ ਵਿੱਚ ਧਰਮਰਾਜ ਦੇ ਮੁਨਸ਼ੀ ਵਾਂਗ ਗੱਦੀ ਉੱਤੇ ਬੈਠਾ ਨਾਵੇਂ ਖਤਾਈ ਜਾਂਦਾ ਸੀ। ਉਹ ਕਦੇ ਸਿੱਧਾ ਹੋ ਜਾਂਦਾ, ਕਦੇ ਫੇਰ ਕੁੱਬ ਕੱਢ ਕੇ ਵਹੀ ਦੇ ਪੰਨੇ ਨਾਲ ਅੱਖਾਂ ਜੋੜ ਕੇ ਲਿਖਣ ਲੱਗ ਪੈਂਦਾ- ਇੰਜ ਈ ਜਿਵੇਂ, ਸ਼ਾਹਾਂ ਦੀ ਹਵੇਲੀ ਦੀ ਮਮਟੀ ਉੱਤੇ ਬੈਠੀ ਇੱਲ੍ਹ ਆਪਣੇ ਪੌਂਚਿਆਂ ਵਿਚ ਫੜੀ ਰੋਟੀ ਨੂੰ ਤੋੜ-ਤੋੜ ਖਾਂਦੀ ਹੋਵੇ। ਸਵਿਤਰੀ ਗੋਡਿਆਂ ਉੱਤੇ ਠੋਡੀ ਰੱਖੀ ਕਿੰਨਾ ਚਿਰ ਬੈਠੀ ਉਹਦੇ ਵੱਲ ਵਿੰਹਦੀ ਰਹੀ। (ਤੇ ਉਹਨੂੰ ਨਹੀਂ ਪਤਾ ਕਿ ਉਹਦੇ ਹੋਠਾਂ ਉੱਤੇ ਓਨਾ ਚਿਰ ਮੁਸਕਰਾਹਟ ਖਿੱਲਰੀ ਰਹੀ ਜਿਸਨੂੰ ਵੇਖ ਕੇ ਉਹਦੀ ਚਾਚੀ ਆਖਦੀ ਹੁੰਦੀ, ‘ਨੀਂ ਇਉਂ ਨਾ ਮੂੰਹ ਕਰਿਆ ਕਰ ਭੱਜੜਾਂ-ਪਿੱਟੀਏ, ਨਜ਼ਰ ਲੱਗ ਜਾਂਦੀ ਹੁੰਦੀ ਐ’।)

ਬੈਠਿਆਂ ਬੈਠਿਆਂ ਸਵਿਤਰੀ ਨੇ ਉਂਗਲ ਨਾਲ ਆਪਣੀਆਂ ਦੋਵੇਂ ਗੱਲ੍ਹਾਂ ਟੋਹ ਕੇ ਵੇਖੀਆਂ, ਨਿੱਕੇ ਨਿੱਕੇ ਟੋਏ ਪਏ ਹੋਏ ਸਨ। ਦੋਵਾਂ ਹੱਥਾਂ ਦੀਆਂ ਚੀਚ੍ਹੀਆਂ ਉਹਨੇ ਡੂੰਘਾਂ ਵਿੱਚ ਪਾ ਲਈਆਂ ਤੇ ਮੱਲੋਮੱਲੀ ਹੱਸਦਿਆਂ ਉੱਠ ਕੇ ਵਿਹੜੇ ਨਾਲ ਲੱਗਵੀਂ, ਪਹਿਲੀ ਕੋਠੜੀ ਅੰਦਰ ਚਲੀ ਗਈ (ਚੀਚ੍ਹੀਆਂ ਉਹਨੇ ਉਂਝ ਦੀ ਉਂਝ ਦੱਬੀ ਰੱਖੀਆਂ ਸਨ ਜਿਵੇਂ ਉਹਨਾਂ ਦੇ ਚੁੱਿਕਆਂ ਇਹ ਡੂੰਘ ਕਾਸੇ ਨਾਲ ਭਰ ਜਾਣਗੇ)। ਥਿੰਦੀ ਚੁਗਾਠ ਵਾਲੇ ਘਸਮੈਲੇ ਸ਼ੀਸ਼ੇ ਅੱਗੇ ਖੜੋ ਕੇ ਡਰਦਿਆਂ ਡਰਦਿਆਂ ਉਹਨੇ ਚੀਚ੍ਹੀਆਂ ਪਰੇ ਹਟਾਈਆਂ, ਪਰ ਡੂੰਘ ਅਜੇ ਓਵੇਂ ਪਏ ਹੋਏ ਸਨ।

ਉਹ ਖਿੜ-ਖਿੜਾ ਕੇ ਹੱਸ ਪਈ।

‘ਨਹੀਂ ਮੇਰੀਏ ਬੱਗੀਏ ਕਬੂਤਰੀਏ! ਏਨੀਆਂ ਖਿੱਲਾਂ ਨਾ ਡੋਹਲਿਆ ਕਰ, ਅਗਲੀ ਦਰਗਾਹ ਅੱਖਾਂ ਨਾਲ ਚੁਗਣੀਆਂ ਪੈਣਗੀਆਂ।’ ਸਵਿਤਰੀ ਨੂੰ ਆਪਣੀ ਚਾਚੀ ਦੀ ਉਹ ਆਵਾਜ਼ ਪ੍ਰਤੱਖ ਸੁਣੀ ਜਿਹੜੀ ਉਹਨੇ, ਆਪਣੇ ‘ਪੇਕੇ ਘਰ’ ਇੰਜ ਹੱਸਦਿਆਂ ਕਿੰਨੇ ਵਾਰੀਂ ਸੁਣੀਂ ਸੀ। (ਨਾਲ ਈ ਚਾਚੀ ਦੀ ਗਲਵਕੜੀ ਦੇ ਨਿੱਘ ਨਾਲ ਉਹ ਨਿਢਾਲ ਜਿਹੀ ਹੋ ਗਈ।)

ਬਿੰਦ ਕੁ ਮਗਰੋਂ ਇੰਜ ਜਾਪਿਆ ਜਿਵੇਂ ਉਹਦੇ ਸਹੁਰੇ ਨੇ ਉਹਨੂੰ ਇੰਜ ਹੱਸਦਿਆਂ ਵੇਖ ਲਿਆ ਸੀ। ਸਿਰੋਂ ਲੱਥੀਂ ਚੁੰਨੀ ਸੂਤ ਕੀਤੀ ਤੇ ਪਿਛਾਂਹ ਹੋ ਕੇ ਘਚੋਰ-ਕੋਠੜੀਆਂ ਦੇ ਬੂਹਿਆਂ ਵਿੱਚੋਂ ਦੀ ਤੱਕਿਆ; ਅਜੇ ਮੂਲ-ਚੰਦ ਉਂਜ ਈ ਬੈਠਾ ਬਹੀਆਂ ਖਤਾਈ ਜਾਂਦਾ ਸੀ। ਪਰ ਸਵਿਤਰੀ ਦਾ ਚਿੱਤ ਜਿਵੇਂ ਟਿਕਾਣੇ ਨਾ ਰਿਹਾ ਹੋਵੇ। ਬੇਹਿਸ ਜਿਹੀ ਹੋ ਕੇ ਮੰਜੀ ਉੱਤੇ ਲੰਮੀ ਪੈ ਗਈ ਤੇ ਸਿਰ ਮੂੰਹ ਚੁੰਨੀ ਨਾਲ ਵਲ਼ੇਟ ਲਿਆ। ਉਹਦੇ ਸਿਰ ਨੂੰ ਘੂਕੀ ਚੜ੍ਹਣ ਲੱਗ ਪਈ ਸੀ। ਮੰਜੀ ਉੱਤੇ ਮੂੰਹ ਉਤਾਣੇ ਪਈ ਉਹ ਛੱਤ ਦੀਆਂ ਸਿਰਕੀਆਂ ਵੱਲ ਝਾਕਣ ਲੱਗ ਪਈ। ਬਰੀਕ ਚੁੰਨੀ ਵਿੱਚੋਂ ਚਾਮਚੜਿੱਕਾਂ ਦੀਆਂ ਖੁੱਡਾਂ ਵਿੱਚੋਂ ਕਿਰਦੀ ਮਿੱਟੀ ਆਪਣੀਆਂ ਅੱਖਾਂ ਵਿੱਚ ਪੈਂਦੀ ਜਾਪੀ। ਸਰ੍ਹੋਂ ਦੇ ਤੇਲ ਦੇ ਦੀਵਿਆਂ ਨਾਲ ਥਿੰਦੇ ਆਲਿਆਂ ਦੇ ਗਲ-ਘੋਟੂ ਮੁਸ਼ਕ ਨਾਲ ਉਹਦਾ ਸਾਹ ਔਖਾ-ਔਖਾ ਆਉਣ ਲੱਗ ਪਿਆ ਤੇ ਉਹਦਾ ਜੀਅ ਕੀਤਾ ਉਹ ਬਾਹਰ ਨੱਸ ਜਾਏ।

‘ਪਰ ਦੁਨੀਆਂ ਵਿੱਚ ਹੋਰ ਬਾਣੀਆਂ ਦੇ ਸਭ ਘਰ ਉੱਜੜ ਗਏ ਸੀ? ……ਤੂੰ ਉਹ ਘਰ ਤਾਂ ਜਾ ਕੇ ਇੱਕ ਵਾਰ ਅੱਖੀਂ ਦੇਖ ਆਉਂਦੀ……’

‘ਨਾ ਮੇਰੀ ਰਾਣੀ ਧੀ’, ਮਾਂ ਨੇ ਉਹਦੇ ਮੱਥੇ ਉੱਤੇ ਹੱਥ ਫੇਰਦਿਆਂ ਆਖਿਆ, ‘ਮਾਪੇ ਕੋਈ ਧੀਆਂ ਦੇ ਵੈਰੀ ਤਾਂ ਨਹੀਂ ਹੁੰਦੇ- ਤੇਰੇ ਜੋਰਾਵਰ ਸੰਜੋਗਾਂ ਮੂਹਰੇ ਕਿਸੇ ਦਾ ਕਾਹਦਾ ਜੋਰ ਸੀ! ਅਸੀਂ ਤਾਂ ਮਰਨ ਵਾਲੀ ਦੇ ਮਰਨ ਤੋਂ ਦੋ ਵਰ੍ਹੇ ਪਹਿਲਾਂ ਦੇ ਭੱਜੇ ਫਿਰਦੇ ਸੀ, ਤੇਰੀ ਖ਼ਾਤਰ। ਤੈਨੂੰ ਕੀ ਪਤੈ ਤੇਰੇ ਪਿਉ ਨੇ ਤੇਰੀ ਖ਼ਾਤਰ ਕਿਹੜਾ ਦਿੱਲੀ ਦੱਖਣ ਗਾਹਿਐ ਧੀਏ! ਪਰ ਕਰਮ ਬਲੀ ਕੀਹਦੀ ਪੇਸ਼ ਜਾਣ ਦਿੰਦੇ ਐ। ਅਖੇ ‘ਮੈਂ ਆਵਦੀ ਏਸ ਧੀ ਨੂੰ ਕੋਈ ਚੰਦ ਵਰਗਾ ਮੁੰਡਾ ਭਾਲ ਕੇ ਦਿਊਂ ਜੀਹਨੂੰ ਦੁਨੀਆਂ ਦੋ ਘੜੀ ਖੜੋ ਖੜੋ ਵੇਖੇ।’ ਪਰ ਬਿਧ-ਮਾਤਾ ਦੀ ਲਿਖੀ ਕੌਣ ਟਾਲੇ? ਨਾ ਉਹ ਮਰਦੀ, ਨਾ ਤੈਨੂੰ……’

ਤੇ ਸਵਿਤਰੀ ਦੀ ਮਾਂ ਤੋਂ ਅੱਗੋਂ ਬੋਲਿਆ ਨਹੀਂ ਸੀ ਗਿਆ।

ਜਦੋਂ ਸਵਿਤਰੀ ਇਹਨਾਂ ਤੀਆਂ ਨੂੰ ਆਪਣੇ ਪੇਕੀਂ ਗਈ ਸੀ ਓਦੋਂ ਉਹਨੇ ਆਪਣੀ ਮਾਂ ਅੱਗੇ ਇਹ ਰੋਣੇ ਰੋਏ ਸਨ ਪਰ ਬੇਵੱਸ ਮਾਂ ਕਰਦੀ ਵੀ ਕੀ। ਜਦੋਂ ਉਹਨੇ ਸਵਿਤਰੀ ਨੂੰ ਤੋਰਿਆ ਸੀ ਓਦੋਂ ਈ ਉਹ ਮਣ-ਮਣ ਰੋਈ ਸੀ, ਤੇ ਉਸ ਪਿੱਛੋਂ ਅੱਜ ਤਾਈਂ ਉਹ ਆਪਣੀ ਏਸ ਧੀ ਦੇ ਦੁੱਖ ਨਾਲ ਈ ਅੱਧੀ ਰਹਿ ਗਈ ਸੀ। ਭਾਵੇਂ ਸਵਿਤਰੀ ਦੇ ਪਿਉ ਤੋਂ ਡਰਦੀ ਉਹ ਕਦੀ ਉਭਾਸਰਦੀ ਨਹੀਂ ਸੀ ਪਰ ਫੇਰ ਵੀ ਜਦੋਂ ਕਿਤੇ ਉਹਦਾ ਮਨ ਉਛਲਦਾ ਉਹ ਖਹਿਬੜ ਪੈਂਦੀ।

‘ਜਾਏ ਨੂੰ ਖਾਂਦੇ ਇਹ ਨੱਕ-ਨਮੂਜ! ਮੇਰੀ ਸਿਉਨੇ ਵਰਗੀ ਧੀ ਤੂੰ ਖੂਹ ਵਿੱਚ ਸਿੱਟ ‘ਤੀ। ਅਗਲੀ ਤਾਂ ਵਚਾਰੀ ਵੱਜੋ-ਵੱਤੀ ਸੀ ਉਹਨੂੰ ਤਾਂ ਕੋਈ ਝੱਲਦਾ ਨਹੀਂ ਸੀ; ਇਹਨੂੰ ਖੂਹ ਵਿੱਚ ਧੱਕਾ ਕਿਉਂ ਦਿੱਤਾ?’

ਧੰਨਾ ਮੱਲ ਆਪ ਇੰਜ ਮਹਿਸੂਸ ਕਰਦਾ ਸੀ ਜਿਵੇਂ ਉਹ ਕੋਈ ਵੱਡਾ ਪਾਪ ਕਰ ਬੈਠਾ ਹੋਵੇ। ਪਰ ਉਹਦੀ ਬੇਵੱਸੀ ਅੱਖੋਂ ਓਹਲੇ ਕਰਕੇ ਏਹੋ ਜਿਹੀਆਂ ਸਲਾਵਤਾਂ ਸੁਣਾਉਂਦੀ ਸਵਿਤਰੀ ਦੀ ਮਾਂ ਉਹਤੋਂ ਜਰੀ ਨਹੀਂ ਸੀ ਜਾਂਦੀ। ਹਿਰਖ ਵਿਚ ਆਇਆ ਉਹ ਵੀ ਅੱਗੋਂ ਤੱਤਾ ਹੋ ਪੈਂਦਾ।

‘ਤੇਰੇ ਧਗੜੇ ਮਹਾਜਨਾਂ ਦੇ ਮਗਰ-ਮੱਛਾਂ ਜਿੱਡੇ-ਜਿੱਡੇ ਮੂੰਹ ਐਂ! ਜੀਹਦਾ ਕੋਈ ਨਲ਼ੀਮਾਰ ਜਿਆ ਚਾਰ ਅੱਖਰ ਪੜ੍ਹ ਜਾਂਦੈ ਉਹ ਵੀਹ ਤੀਹ ਹਜ਼ਾਰ ਨਕਦ ਮੰਗ ਲੈਂਦੈ। ਨੂਣ-ਤੇਲ ‘ਚੋਂ ਦਮੜੀ-ਦਮੜੀ ਬਚਾ ਕੇ ਮੈਂ ਕਿਹੜੇ- ਕਿਹੜੇ ਕੰਜਰ ਦੀਆਂ ਪੇਟੀਆਂ ਭਰੀ ਜਾਵਾਂ। ਅਜੇ ਅਹੁ ਜਿਹੜੀਆਂ ਤਿੰਨਾਂ ਛੋਟੀਆਂ ਨੂੰ ਆਏ ਦਿਨ ਨਵਾਂ ਵਾਰ ਆਉਂਦੈ ਉਹਨਾਂ ਨੂੰ ਵੀ ਤੋਰਨੈਂ ਕਿ ਨਹੀਂ? ਸਾਰਾ ਝੁੱਗਾ ਜੇ ਇੱਕੋ ਤੇ ਲੁਟਾ ਬਹਿੰਦਾ ਤਾਂ ਉਹਨਾਂ ਨੂੰ ਦੱਸ ਕਿਹੜੇ ਖੂਹ ‘ਚ ਸਿੱਟਦਾਂ? ਨਾਲੇ ਜੇ ਘਰ ਆਇਆਂ ਨੂੰ ਜੁਆਬ ਦੇ ਦਿੰਦੇ ਸਾਰੇ ਸਰੀਕੇ-ਕਬੀਲੇ ਨੇ ਮੂੰਹ ਵਿੱਚ ਉਂਗਲਾਂ ਦੇਣੀਆਂ ਸੀ। ਫੇਰ ਤੂੰਹੀਂ ਏਸੇ ਮੂੰਹ ਨਾਲ ਆਖਣਾ ਸੀ, “ਮੈਥੋਂ ਨਹੀਂ ਨਮੋਸ਼ੀ ਝੱਲੀ ਜਾਂਦੀ।’

ਉਂਜ ਭਾਵੇਂ ਦੋਵੇਂ ਜਾਣਦੇ ਸਨ ਕਿ ਦੋਸ਼ ਕਿਸੇ ਦਾ ਨਹੀਂ ਸੀ। ਉਹਨਾਂ ਦੇ ਸ਼ਰੀਕੇ-ਕਬੀਲੇ ਦੇ ਰਿਵਾਜਾਂ ਦੇ ਅਧੀਨ ਉਹ ਸਵਿਤਰੀ ਦਾ ਸਾਕ ਦੇ ਬੈਠੇ ਸਨ।

ਉਹਨਾਂ ਦੀ ਵੱਡੀ ਧੀ ਕਲ੍ਹੋ, ਜਿਹਦੀ ਨਿੱਕੀ ਜਿਹੀ ਉਮਰ ਵਿੱਚ ਮਾਤਾ ਦੇ ਨਾਲ ਇੱਕ ਅੱਖ ਜਾਂਦੀ ਰਹੀ, ਤੀਹ ਤੋਲੇ ਸਿਉਨਾ ਤੇ ਚਾਰ ਹਜ਼ਾਰ ਨਕਦ ਦੇਣਾ ਕਰ ਕੇ ਉਹਨਾਂ ਨੇ ਏਸੇ ਘਰ ਤੋਰੀ ਸੀ। ਪਰ ਅਜੇ ਦੋ ਵਰ੍ਹੇ ਉਹਨੂੰ ਵਿਅਹੀ ਨੂੰ ਪੂਰੇ ਨਹੀਂ ਸਨ ਹੋਏ, ਕਿਸੇ ਕਸਰ ਨਾਲ ਮਰ ਗਈ। ਉਹਦੇ ਸੱਥਰ ਉੱਤੇ ਸ਼ਰੀਕੇ ਦੇ ਸਾਰੇ ਸਿਆਣਿਆਂ ਨੇ ਆਖ ਵੇਖ ਕੇ, ਧੰਨੇ ਨੂੰ ਸਵਿਤਰੀ ਦਾ ਸਾਕ ਕਰਨ ਲਈ ਮਨਾ ਲਿਆ- ਨਾਲ਼ੇ ਪਹਿਲੇ ਦਿਨੋਂ ਇਹ ਰੀਤ ਤੁਰੀ ਆਉਂਦੀ ਸੀ, ਕੋਈ ਨਵੀਂ ਗੱਲ ਥੋੜ੍ਹਾ ਉਹ ਕਰਨ ਲੱਗੇ ਸਨ। ਜੇ ਉਹ ਨਾ ਕਰਦੇ ਤਾਂ ਸਾਰੇ ਅੰਗਾਂ-ਸਾਕਾਂ ਵਿੱਚ ਚਰਚਾ ਹੋਣੀ ਸੀ ਤੇ ਜਿਹੜੀ ‘ਤੋਏ-ਤੋਏ’ ਆਸਿਆਂ-ਪਾਸਿਆਂ ਵਾਲੇ ਕਰਦੇ ਉਹ ਵਾਧੇ ਦੀ। ਏਹੋ ਸਾਰਾ ਕੁਝ ਸੋਚ ਕੇ ਧੰਨੇ ਮੱਲ ਨੇ ਮੂਲ ਚੰਦ ਨੂੰ ਸ਼ਗਨ ਦਿੱਤਾ ਸੀ।

‘ਖੂਹ ਵਿੱਚ ਡਿੱਗਦਾ ਥੋਡਾ ਸ਼ਰੀਕਾ ਕਬੀਲਾ, ਪਰ ਮੈਂ ਥੋਡਾ ਕੀ ਵਗਾੜਿਆ ਸੀ!…’

ਤੇ ਸਵਿਤਰੀ ਦੀ ਏਸ ਗੱਲ ਦਾ ਉਹਦੀ ਮਾਂ ਕੋਲ ਪਛਤਾਵੇ ਤੋਂ ਬਿਨਾਂ ਕੋਈ ਜੁਆਬ ਨਹੀਂ ਸੀ ਹੁੰਦਾ।

‘……ਪਛਤਾਵੇ ਦੇ ਹੰਝੂਆਂ ਤੋਂ ਵੱਧ ਬੇ-ਅਰਥ ਸ਼ੈਅ ਸ਼ਾਇਦ ਦੁਨੀਆਂ ਵਿੱਚ ਹੋਰ ਕੋਈ ਨਹੀਂ!’ ਸਵਿਤਰੀ ਸੋਚਦੀ ਤੇ ਅੱਖਾਂ ਪੂੰਝ ਕੇ ਉੱਠ ਖਲੋਂਦੀ (ਅੱਜ ਤਾਈਂ ਉਹ ਆਪਣੀ ਮਾਂ ਤੋਂ ਬਿਨਾਂ ਕਿਸੇ ਦੇ ਸਾਹਮਣੇ, ਆਪਣੇ ਦੁੱਖ ਫੋਲ ਕੇ ਰੋਈ ਵੀ ਨਹੀਂ ਸੀ)।

ਹੁਣ ਵੀ ਜਦੋਂ ਉਹਨੂੰ ਆਪਣੀਆਂ ਅੱਖਾਂ ਸਿੱਲ੍ਹੀਆਂ ਹੁੰਦੀਆਂ ਜਾਪੀਆਂ ਤਾਂ ਉਹ ਉੱਠ ਕੇ ਬਹਿ ਗਈ। ਬੈਠਿਆਂ ਬੈਠਿਆਂ ਉਹਨੇ ਜ਼ੋਰ ਲਾ ਕੇ ਮੁਸਕਰਾਉਣ ਦਾ ਯਤਨ ਕੀਤਾ ਤੇ ਪਹਿਲਾਂ ਵਾਂਗ ਦੋਏ ਚੀਚ੍ਹੀਆਂ, ਦੋਹਾਂ ਗੱਲ੍ਹਾਂ ਦੇ ਵਿਚਕਾਰ ਖੋਭ ਲਈਆਂ। ਸਾਹਮਣੇ ਟੰਗੇ ਪੁਰਾਣੇ ਛੱਜ ਵੱਲ ਵਿੰਹਦਿਆਂ ਉਹਨੂੰ ਇੰਜ ਜਾਪਿਆ ਜਿਵੇਂ ਉਹ ਵੱਡੇ ਸਾਰੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਰਹੀ ਹੋਵੇ। ਤੇ ਆਪਣੀ ਮੁਸਕਰਾਹਟ ਉਹਨੂੰ ਏਡੀ ਓਪਰੀ ਲੱਗੀ ਕਿ ਉਹਨੂੰ ਸੱਚੀਂ ਹਾਸੀ ਆ ਗਈ। ਛੱਜ ਵੱਲ ਵਿੰਹਦਿਆਂ ਉਹ ਏਨੀ ਉੱਚੀ ਹੱਸੀ ਜਿੰਨੀ ਉੱਚੀ ਉਹ ਏਸ ਘਰ ਆ ਕੇ ਕਦੇ ਨਹੀਂ ਸੀ ਹੱਸੀ।

“ਹਿੰਹ……! ਮੰੈਂ ਆਖਿਆ ਕੀ ਹੋ ਗਿਆ!” ਭੀੜੇ ਬੂਹੇ ‘ਚੋਂ ਆਪਣੀ ਘਸੀ ਐਨਕ ਬੋਚਦਾ ਮੂਲ-ਚੰਦ ਜਦੋਂ ਅਗਾਂਹ ਹੋਇਆ ਤਾਂ ਸਵਿਤਰੀ ਸਹਿਮ ਕੇ ਚੁੱਪ ਹੋ ਗਈ।

ਦੂਜੇ ਪਲ ਸਵਿਤਰੀ ਨੂੰ ਮੂਲ ਚੰਦ ਇੰਜ ਲੱਗਾ ਜਿਵੇਂ ਉਹ ਉਹਦਾ ਪਤੀ ਨਹੀਂ ‘ਕੁਝ ਹੋਰ’ ਹੋਵੇ। ‘ਪਰ ਕੁਝ ਹੋਰ ਕੀ?’ ਬਿੰਦ ਦਾ ਬਿੰਦ ਉਹਨੇ ਸੋਚਿਆ ਤੇ ਫੇਰ ਪਹਿਲਾਂ ਨਾਲੋਂ ਵੀ ਉੱਚੀ ਉੱਚੀ ਹੱਸਣ ਲੱਗ ਪਈ। ਮੂਲ ਚੰਦ ਉਸ ਮਿੱਟੀ ਦੇ ਬੁੱਢੇ ਬਾਵੇ ਵਰਗਾ ਲੱਗਿਆ ਸੀ ਜਿਹੜਾ ਉਸਨੇ ਇੱਕ ਵਾਰੀ ਕਿਸੇ ਵੱਡੇ ਸ਼ਹਿਰ, ਵੱਡੀ ਸਾਰੀ ਸ਼ੀਸ਼ੇ ਦੀ ਅਲਮਾਰੀ ਵਿੱਚ ਪਿਆ ਵੇਖਿਆ ਸੀ। ਉਹਦੇ ਨਿੱਕੀ ਜਿਹੀ ਧੋਤੀ ਬੰਨ੍ਹੀ ਹੋਈ ਸੀ ਤੇ ਹੱਥ ਵਿੱਚ ਸੋਟੀ ਫੜੀ ਉਹ ਕੁੱਬਾ ਹੋਇਆ ਜਿਵੇਂ, ਬੋੜੇ ਮੂੰਹ ਨਾਲ ਮੁਸਕਰਾ ਰਿਹਾ ਸੀ; ਆਪੇ ਈ ਕਿਵੇਂ ਹਿੱਲੀ ਜਾਂਦਾ ਸੀ; ਇੱਕ ਬਿੰਦ ਵੀ ਨਹੀਂ ਸੀ ਟਿਕਦਾ।

“ਹਿੰਹ……! ਅੱਜ ਕਿਤੇ ਕਮਲੀ ਤਾਂ ਨਹੀਂ ਹੋਗੀ!” ਮੂਲ ਚੰਦ ਨੇ ਆਪਣੇ ਅਗਲੇ ਵਿਰਲੇ ਦੰਦ ਕੱਢ ਕੇ ਓਪਰੀ ਹਾਸੀ ਹੱਸਦਿਆਂ ਆਖਿਆ। ਪਰ ਸਵਿਤਰੀ ਨੇ ਜਦੋਂ ਉਹਦੀਆਂ ਕੱਚੀਆਂ ਗੰਨੀਆਂ ਵਾਲੀਆਂ ਅੱਖਾਂ ਵੱਲ ਤੱਕਿਆ ਤਾਂ ਉਹਨੂੰ ਕਚਿਆਣ ਜਿਹੀ ਆਉਣ ਲੱਗ ਪਈ।

ਪਰ ਸੱਚੀਂ ਅੱਜ ਉਹਨੂੰ ਕੁਝ ਹੋ ਜ਼ਰੂਰ ਗਿਆ ਸੀ। ਉਹ ਮੂਲ ਚੰਦ ਦੇ ਮੂੰਹ ਵੱਲ ਝਾਕ ਝਾਕ ਕੇ ਝੱਲਿਆਂ ਵਾਂਗ ਈ ਹੱਸੀ ਜਾਂਦੀ ਸੀ।

“ਸੱਚੀਂ…ਹਿੰਹ…ਅੱਜ ਤੈਨੂੰ ਕੀ ਹੋਈ ਜਾਂਦੈ?” ਮੂਲ ਚੰਦ ਨੇ ਤੀਜੀ ਵਾਰ ਕੁਝ ਡਰੀ ਆਵਾਜ਼ ਵਿੱਚ ਪੁੱਛਿਆ।“ਕੁਸ਼ ਨਹੀਂ,” ਸਵਿਤਰੀ ਨੇ ਹਾਸੀ ਰੋਕ ਕੇ ਮੁਸਕਰਾਉਂਦਿਆਂ ਬੜੀ ਬੇਝਿਜਕ ਹੋ ਕੇ ਮੂਲ-ਚੰਦ ਦੀ ਬਾਂਹ ਫੜ੍ਹ ਲਈ। “ਤੂੰ ਮੇਰੇ ਕੋਲ ਬਹਿ ਜਾ।”

ਮੂਲ ਚੰਦ ਦੀਆਂ ਅੱਖਾਂ ਜਿਵੇਂ ਤਾੜੇ ਲੱਗ ਗਈਆਂ ਹੋਣ। ਉਹ ਸਵਿਤਰੀ ਦੇ ਮੂੰਹ ਵੱਲ, ਉਹਦੀਆਂ ਦੋਹਾਂ ਗੱਲਾਂ ਦੇ ਡੂੰਘਾਂ ਵੱਲ, ਬਿਤਰ ਬਿਤਰ ਝਾਕਦਾ ਹੌਲੀ ਦੇਣੇ ਮੰਜੇ ਦੀ ਬਾਹੀ ਉੱਤੇ ਬਹਿ ਗਿਆ। ਪਰ ਉਹਨੂੰ ਜਾਪਿਆ ਉਹਦੀਆਂ ਐਨਕਾਂ ਬੜੀਆਂ ਮੈਲੀਆਂ ਹੋ ਗਈਆਂ ਸਨ ਕਿ ਉਹਨੂੰ ਐਵੇਂ ਧੁੱਪ ਛਾਂ ਈ ਦਿਸਦੀ ਸੀ।“ਵੇਖੀਂ ਮੇਰੀਆਂ ਗੱਲ੍ਹਾਂ ਵਿੱਚ ਟੋਏ ਪੈਂਦੇ ਐ?” ਸਵਿਤਰੀ ਨੇ ਉਂਜ ਈ ਮੁਸਕਰਾਉਂਦਿਆਂ, ਮੂਲ ਚੰਦ ਦੀਆਂ ਐਨਕਾਂ ਵਿੱਚੋਂ ਈ ਸਿੱਧਾ ਉਹਦੀਆਂ ਅੱਖਾਂ ਵਿੱਚ ਤੱਕਦਿਆਂ, ਆਪਣੀ ਸੱਜੀ ਗੱਲ੍ਹ ਨੂੰ ਚੀਚ੍ਹੀ ਲਾ ਕੇ ਏਡੇ ਸਿੱਧੇ ਸ਼ਬਦਾਂ ਵਿੱਚ ਪੁੱਛਿਆ ਕਿ ਮੂਲ ਚੰਦ ਨੇ ਸੰਗ ਨਾਲ ਅੱਖਾਂ ਨੀਵੀਆਂ ਪਾ ਲਈਆਂ; ਤੇ ਖ਼ਾਸਾ ਚਿਰ ਉਹਤੋਂ ਬੋਲਿਆ ਨਾ ਗਿਆ।

“ਦੱਸ ਵੀ?……ਤੂੰ ਤਾਂ ਕੁੜੀਆਂ ਆਂਗੂੰ ਸੰਗਦੈਂ!” ਸਵਿਤਰੀ ਠਹਾਕਾ ਮਾਰ ਕੇ ਹੱਸ ਪਈ।

“ਪੈਂਦੇ ਐ…ਹਿੰਹ……ਹਾਂ!” ਮੂਲ ਚੰਦ ਨੇ ਓਵੇਂ ਅੱਖਾਂ ਨੀਵੀਆਂ ਪਾਈਂ ਆਖਿਆ।

“ਸੁਹਣੇ ਲਗਦੇ ਐ?”

ਮੂਲ ਚੰਦ ਦਾ ਦਿਲ ਬੜੀ ਕਾਹਲੀ ਕਾਹਲੀ ਧੜਕਣ ਲੱਗ ਪਿਆ ਸੀ। ਉਹਨੇ ਸਵਿਤਰੀ ਤੋਂ ਛੇਤੀ ਦੇਣੇ ਆਪਣੀ ਬਾਂਹ ਛੁਡਾ ਲਈ ਤੇ ਉੱਠ ਕੇ ਭਵੰਤਰੀਆਂ ਅੱਖਾਂ ਨਾਲ ਘਚੋਰ-ਕੋਠੜੀਆਂ ਦੇ ਬੂਹਿਆਂ ਵਿੱਚੋਂ ਦੀ ਹੱਟੀ ਵੱਲ ਵੇਖਣ ਲੱਗ ਪਿਆ। ਤੇ ਫੇਰ ਕੁੜੀਆਂ ਵਾਂਗ ਸੰਗਦਿਆਂ, ਇੱਕ ਚੋਰ-ਨਜ਼ਰ ਸਵਿਤਰੀ ਵੱਲ ਝੁਕਿਆ ਤੇ ਨੀਵੀਂ ਪਾ ਕੇ ਬੋਲਿਆ-

“ਹੱਟੀ ਸੁੰਨੀ ਐ; ਕੋਈ ਆ ਜਾਂਦੈ।”

“ਕੋਈ ਨਹੀਂ ਆਉਂਦਾ, ਤੂੰ ਬਿੰਦ ਬਹਿ ਤਾਂ ਜਾ।” ਸਵਿਤਰੀ ਨੇ ਫੇਰ ਉਹਦੀ ਬਾਂਹ ਫੜ ਕੇ ਖਿੱਚ ਲਈ।

“ਠਹਿਰ, ਠਹਿਰ……ਹਿੰਹ……! ਅੱਜ ਤੈਨੂੰ ਹੋਇਆ ਕੀ ਐ? ਕਮਲੀ ਨਾ ਸਿਆਣੀ!” ਗੁੱਝੇ ਹਿਰਖ਼ ਵਾਲੀ ਮੁਸਕਰਾਹਟ ਉਹਨੇ ਆਪਣੇ ਅਧਖੜ ਚਿਹਰੇ ਉੱਤੇ ਲਿਆ ਕੇ ਆਪਣੀ ਬਾਂਹ ਛੁਡਾਉਂਦਿਆਂ ਆਖਿਆ, “ਮੈਂ ਡਿਉਢੀ ਦਾ ਬਾਰ ਵੇਖ ਆਵਾਂ।”

ਆਪਣਾ ਅੱਧ-ਗੰਜਾ ਸਿਰ ਖੁਰਕਦਿਆਂ ਉਹ ਕਾਹਲੀ ਕਾਹਲੀ ਗਲੀ ਵਾਲੇ ਪਾਸੇ ਦਰਵਾਜੜੀ ਵੱਲ ਚਲਾ ਗਿਆ। ਜਦੋਂ ਬੂਹਾ ਅੜਾ ਕੇ ਵਾਪਸ ਮੁੜਿਆ ਤਾਂ ਉਹਦਾ ਚਿਹਰਾ ਡਰ ਅਤੇ ਗੁੱਸੇ ਨਾਲ ਅਜਿਹਾ ਘਿਨਾਉਣਾ ਹੋ ਗਿਆ ਲਗਦਾ ਸੀ ਕਿ ਸਵਿਤਰੀ ਦਾ ਉਹਨੂੰ ਵੇਖਣ ਨੂੰ ਜੀਅ ਨਾ ਕੀਤਾ।

“ਕਮਲੀ ਨਾ ਸਿਆਣੀ!” ਉਹਦੇ ਕੋਲ ਆ ਕੇ ਮੂਲ-ਚੰਦ ਨੇ ਆਖਿਆ, “ਅੱਜੇ ਘਰ ਸਾਂਭਣਾ ਪਿਆ ਸੀ, ਅੱਜ ਸਾਰੇ ਬਾਰ ਚੌੜ-ਚਪੱਟ ਕਰ ਛੱਡੇ ਐ। ਜੇ ਭਲਾ ਕੋਈ ਬੰਦਾ ਅੰਦਰ ਵੜ ਕੇ ਬਹਿ ਜੇ ਫੇਰ?”

ਸਵਿਤਰੀ ਦੀਆਂ ਗੱਲ੍ਹਾਂ ਦੇ ਡੂੰਘ ਪੋਚੇ ਗਏ। ਉਹਦੀਆਂ ਤਿੱਖੇ ਕੋਇਆਂ ਵਾਲੀਆਂ ਮੋਟੀਆਂ ਕਾਲੀਆਂ ਅੱਖਾਂ ਦੇ ਦੋਏ ਪਾਸੀਂ ਰਤਾ ਲਾਲੀ ਆ ਗਈ। ਬਿੰਦ ਦਾ ਬਿੰਦ ਮੂਲ ਚੰਦ ਦੇ ਕਰੇੜੇ ਖਾਧੇ ਦੰਦਾਂ ਵੱਲ ਉਹ ਵਿੰਹਦੀ ਰਹੀ ਤੇ ਫੇਰ ਬੜੀ ਓਪਰੀ ਤਰ੍ਹਾਂ ਮੁਸਕਰਾਉਂਦਿਆਂ (ਜਿਸ ਨਾਲ ਉਹਦੀਆਂ ਗੱਲ੍ਹਾਂ ਵਿੱਚ ਉਹ ਡੂੰਘ ਨਹੀਂ ਸਨ ਪਏ) ਬੋਲੀ, “ਬੰਦਾ ਏਥੋਂ ਜੂੰਆਂ ਲੈ ਕੇ ਜਾਊ!……”

ਮੂਲ ਚੰਦ ਨੂੰ ਜਾਪਿਆ ਜਿਵੇਂ ਸਵਿਤਰੀ ਨੇ ਉਹਦੇ ਸਾਹਮਣੇ ਬੋਲ ਕੇ ਬੜੀ ਗੁਸਤਾਖੀ ਕੀਤੀ ਸੀ। ਗੁੱਸੇ ਨਾਲ ਉਹਦੀਆਂ ਕੱਚੀਆਂ ਅੱਖਾਂ ਦੀਆਂ ਗੰਨੀਆਂ ਸਖ਼ਤ ਹੋ ਗਈਆਂ।

“ਕੀ ਆਖਿਐ?” ਉਹਨੇ ਰੋਹਬ-ਭਰੇ ਲਹਿਜੇ ਵਿੱਚ ਆਖਿਆ।

ਪਰ ਸਵਿਤਰੀ ਦਾ ਚਿਹਰਾ ਓਸ ਓਪਰੀ ਮੁਸਕਰਾਹਟ ਨਾਲ ਬੇ-ਸਿਆਣ ਹੋ ਗਿਆ ਲਗਦਾ ਸੀ।

“ਤੂੰ ਅੱਜ ਭੰਗ ਪੀਤੀ ਐ?” ਮੂਲ ਚੰਦ ਹੋਰ ਉੱਚੀ ਬੋਲਿਆ।

“ਏਸ ਘਰ ‘ਚ ਤਾਂ ਚੂਹੇ ਕੁਚਲਿਆਂ ਨੂੰ ਤਰਸਦੇ ਐ, ਮੈਨੂੰ ਭੰਗ ਕਿੱਥੇ!”

“ਹਿੰਹ!…ਇਹ ਘਰ ਲੱਖਪਤੀਆਂ ਦੈ, ਤੇਰੇ ਪੇਕਿਆਂ ਆਂਗੂੰ ਧੇਲੇ ਧੇਲੇ ਦਾ ਤੇਲ ਵੇਚਣ ਵਾਲਿਆਂ ਦਾ ਨਹੀਂ……ਹਾਂ!”

“ਥੋਡੇ ਲੱਖਾਂ ਨੂੰ ਨਾਲੇ ਲੱਖਾਂ ਦੇ ‘ਪਤੀਆਂ’ ਨੂੰ ਕਿਸੇ ਨੇ ਥੇਲ਼ੀ ‘ਤੇ ਰੱਖ ਕੇ ਚੱਟਣੈਂ?”

“ਤੇਰੀ ਜਬਾਨ ਨੂੰ ਅੱਜ ਕੀ ਹੋਇਐ?”

“ਮੇਰੀ ਜਬਾਨ ਨੂੰ ਤਾਂ ਕੁਸ਼ ਨਹੀਂ ਹੋਇਆ……ਚੰਗੀ ਭਲੀ ਐ।” ਸਵਿਤਰੀ ਅਜੇ ਵੀ ਓਵੇਂ ਮੁਸਕਰਾਉਂਦੀ ਦਿੱਸ ਰਹੀ ਸੀ।

“ਥੋਡਾ ਕੋੜਮਾ ਕਬੀਲਾ ਈ ਸਾਰਾ ਕੰਜਰਾਂ ਦੈ……ਏਵੇਂ ਓਹੋ……ਬਸ……”

ਗੁੱਸੇ ਵਿਚ ਮੂਲ ਚੰਦ ਤੋਂ ਓਥੇ ਖੜੋਤਾ ਨਾ ਗਿਆ। ਉਹ ਸਵਿਤਰੀ ਦੀ ਹੋਰ ਕੋਈ ਗੱਲ ਸੁਣੇ ਬਿਨਾਂ, ਘਚੋਰ-ਕੋਠੜੀਆਂ ਦੇ ਨੀਵੇਂ ਬੂਹਿਆਂ ਵਿੱਚੋਂ ਦੀ ਕੋਡਾ ਕੋਡਾ ਹੋ ਕੇ ਹੱਟੀ ਅੰਦਰ ਜਾ ਵੜਿਆ (ਤੇ ਹੱਟੀ ਵੜਨ ਲੱਗਿਆਂ ਉਹਨੇ ਅਖ਼ੀਰਲੀ ਘਚੋਰ-ਕੋਠੜੀ ਦਾ ਬੂਹਾ ਵੀ ਅੜਾ ਲਿਆ)।

ਸਵਿਤਰੀ ਨੇ ਉਹਨੂੰ ਇੰਜ ਜਾਂਦਿਆਂ ਵੇਖ ਕੇ ਇੱਕ ਹੋਰ ਠਹਾਕਾ ਮਾਰਿਆ ਤੇ ਫੇਰ ਚੁੰਨੀ ਨਾਲ ਮੂੰਹ-ਸਿਰ ਵਲੇਟ ਕੇ ਪੈ ਗਈ।

ਆਥਣ ਤਾਈਂ ਨਾ ਮੂਲ-ਚੰਦ ਘਰ ਆਇਆ, ਨਾ ਉਹ ਮੰਜੀਓਂ ਉੱਠੀ। ਉਹਦੇ ਸਿਰ ਨੂੰ ਨੀਂਦ ਵਰਗੀ ਘੂਕੀ ਚੜ੍ਹਣ ਲੱਗ ਪਈ ਸੀ। ਨਿਢਾਲ ਹੋਈ ਉਹ ਅੱਧ-ਸੁਰਤੀ ਵਿੱਚ ਪਈ ਰਹੀ।

ਆਥਣੇ ਜਦੋਂ ਉਹ ਮੰਜੀਓਂ ਉੱਠੀ ਤਾਂ ਉਹਨੂੰ ਇੰਜ ਲੱਗਿਆ ਜਿਵੇਂ ਉਹ ਓਪਰੇ ਘਰ ਫਿਰਦੀ ਹੋਵੇ। ਰੋਟੀ ਦਾ ਵੇਲਾ ਸੀ। ਨਾ ਉਹਨੂੰ ਭਾਂਡਿਆਂ ਵਾਲੀ ਟੋਕਰੀ ਲੱਭਦੀ ਸੀ, ਨਾ ਦਾਲ ਵਾਲਾ ਕੁੱਜਾ। ਚੁੱਲ੍ਹਾ, ਹਾਰਾ, ਮੂੜ੍ਹੇ ਸਭ ਇੰਜ ਲਗਦੇ ਸਨ ਜਿਵੇਂ ਉਹਨੇ ਇਹ ਅੱਗੇ ਕਦੇ ਨਹੀਂ ਸਨ ਵੇਖੇ। ਇੰਜ ਈ ਘਾਂਊਂ ਮਾਊਂ ਹੋਈ ਉਹ ਤੁਰੀ ਫਿ਼ਰੀ ਤੇ ਪਤਾ ਨਹੀਂ ਕਦੋਂ ਰੋਟੀ-ਟੁੱਕ ਦਾ ਕੰਮ ਨਿਬੇੜ ਲਿਆ, ਤੇ ਰੋਟੀਆਂ ਵਾਲਾ ਛਾਬਾ ਅੱਗੇ ਰੱਖ ਕੇ ਕੰਧ ਨਾਲ ਢੋ ਲਾ ਕੇ, ਚੁੱਪ-ਚੁਪੀਤੀ ਬੈਠੀ, ਡਿਉਢੀ ਦੇ ਬੂਹੇ ਵੱਲ ਝਾਕਣ ਲੱਗ ਪਈ। ਬਾਹਰੋਂ ਉਹਨੂੰ, ਇੱਕ ਵਾਰ ਇੰਜ ਭੁਲੇਖਾ ਪਿਆ ਜਿਵੇਂ ਡਿਉਢੀ ਦਾ ਬੂਹਾ ਬੋਬੀ ਨੰਤੀ ਨੇ ਖੜਕਾਇਆ ਹੋਵੇ। ਉੱਠਣ ਦੀ ਹਿੰਮਤ ਈ ਨਾ ਪਈ।

“ਲਿਆ ਰੋਟੀ ਪਾ।”

ਕੁਝ ਰੁੱਖੀ ਆਵਾਜ਼ ਸਵਿਤਰੀ ਨੇ ਸੁਣੀ ਤੇ ਜਦੋਂ ਉਤਾਂਹ ਝਾਕੀ ਤਾਂ ਆਥਣ ਦੇ ਘਸਮੈਲੇ ਚਾਨਣ ਵਿੱਚ, ਮੂਲ ਚੰਦ ਦੀ ਸ਼ਕਲ ਉਹਨੂੰ ਓਪਰੀ, ਡਰਾਉਣੀ ਜਿਹੀ ਲੱਗੀ। ਸਵਿਤਰੀ ਨੇ ਚੁੱਪ-ਚੁਪੀਤਿਆਂ ਰੋਟੀ ਪਾ ਕੇ ਉਹਦੇ ਅੱਗੇ ਧਰ ਦਿੱਤੀ। ਓਵੇਂ ਚੁੱਪ-ਚੁਪੀਤਿਆਂ ਮੂਲ-ਚੰਦ ਨੇ ਖਾ ਲਈ।

“ਅੱਜ ਵੀ ਹੱਟੀ ਸਾਉਣੈ?” ਰੋਟੀ ਖਾ ਕੇ ਹੱਥ ਧੋਂਦੇ ਮੂਲ-ਚੰਦ ਤੋਂ ਸਵਿਤਰੀ ਨੇ ਜਿਵੇਂ ਸੁਤੇ ਈ ਪੁੱਛ ਲਿਆ।

“ਹੁੰ!……ਹੱਟੀ ਸੁੰਨੀ ਐਂ।”

ਮੂਲ ਚੰਦ ਜਿਵੇਂ ਆਇਆ ਸੀ ਓਵੇਂ ਹੱਟੀ ਨੂੰ ਮੁੜ ਗਿਆ।

ਸਵਿਤਰੀ ਸਾਰੇ ਭਾਂਡੇ ਥਾਂਓਂ-ਥਾਈਂ ਖਿੱਲਰੇ ਛੱਡ ਕੇ ਮੰਜੀ ਉੱਤੇ ਪੈ ਗਈ। ਕੱਤੇ ਦੀ ਮੱਠੀ ਠੰਢ, ਸੰਘਣੇ ਖਿੜੇ ਤਾਰਿਆਂ ਭਰੀ ਰਾਤ ਵਿੱਚ ਉਹ ਮੂੰਹ-ਉਤਾਣੇ, ਅਲਾਣੀ ਮੰਜੀ ਉੱਤੇ, ਏਸ ਕਾਲ-ਕੋਠੜੀ ਵਰਗੇ ਵਿਹੜੇ ਵਿੱਚ, ਕੱਲ-ਮੁਕੱਲੀ ਪਈ ਸੀ। ਉਹਨੂੰ ਸੰਘਣੇ ਨੀਲੇ ਅਸਮਾਨ ਵਿਚ ਜੜੇ ਤਾਰੇ, ਭੀੜੇ ਵਿਹੜੇ ਦੀਆਂ ਕੰਧਾਂ ਦੇ ਬਨੇਰਿਆਂ ਦੇ ਨਾਲ ਇੰਜ ਲਗਦੇ ਸਨ ਜਿਵੇਂ ਕਿਸੇ ਨੇ ਕੱਚ ਭੰਨ ਕੇ ਖਿੰਡਾਇਆ ਹੋਵੇ।

ਫੇਰ ਉਹਨੂੰ ਬੋਬੀ ਨੰਤੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ‘ਜਿਹੜਾ ਧੀ-ਪੁੱਤ, ਜੁਆਨ-ਜਹਾਨ ਖਾਣ-ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਐ ਪੁੱਤ!’…

ਸਵਿਤਰੀ ਨੂੰ ਡਰ ਲੱਗਣ ਲੱਗ ਪਿਆ ਸੀ। ਮਾਤਾ ਨਾਲ ਦਾਗਿ਼ਆ, ਇੱਕ ਅੱਖੋਂ ਸੱਖਣਾ ਆਪਣੀ ਭੈਣ ਕਲ੍ਹੋ ਦਾ ਚਿਹਰਾ ਉਹਨੂੰ ਦਿੱਸਿਆ ਤੇ ਢੇਰ ਸਾਰੇ ਤਾਰੇ ਮਾਤਾ ਦੇ ਦਾਗਾਂ ਵਾਂਗ ਦਿੱਸਣ ਲੱਗੇ।

ਅਗਲੀ ਸਵੇਰ ਸਵਿਤਰੀ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਗੁੰਮ-ਸੁੰਮ ਹੋ ਕੇ ਪੈ ਗਈ। ਨਾ ਬੋਲਦੀ ਸੀ, ਨਾ ਹਿਲਦੀ ਸੀ; ਨਾ ਕੁਝ ਖਾਂਦੀ ਸੀ, ਨਾ ਪੀਂਦੀ ਸੀ। ਪਥਰਾਈਆਂ ਅੱਖਾਂ ਨਾਲ ਬਿਟ ਬਿਟ ਛੱਤ ਵੱਲ ਤੱਕੀ ਜਾਂਦੀ ਸੀ।

ਫੇਰ ਚਾਰ ਦਿਨ ਉਹ ਇੰਜ ਈ ਪਈ ਰਹੀ। ਉਹਦੀ ਸੱਸ ਤੇ ਸਹੁਰਾ ਹਰਦੁਆਰੋਂ ਮੁੜ ਆਏ ਸਨ। ਸਹੁਰੇ ਨੇ ਉਹਦੀ ਹਾਲਤ ਵੇਖ ਕੇ ਚੇਲੇ ਤੋਂ ਪੁੱਛ ਲਿਆਂਦੀ। ਚੇਲੇ ਨੇ ਦੱਸਿਆ ਉਹਨੂੰ ਉਹਦੀ ਵੱਡੀ ਭੈਣ ਦੀ ਰੁਨ੍ਹਣ ਹੋ ਗਈ ਸੀ। ਚੇਲੇ ਨੇ ਉਪਾਅ ਵੀ ਕੀਤਾ, ਪਰ ‘ਸ਼ੈ’ ਦੀ ਪਕੜ ਕਰੜੀ ਸੀ, ਚੇਲੇ ਦੀ ਪੇਸ਼ ਨਾ ਗਈ।

 

ਪੰਜਵੇਂ ਦਿਨ ਸਵਿਤਰੀ ਦੀ ਮਾਂ ਆ ਗਈ। ਉਹਨੇ ਹਲੂਣ-ਹਲੂਣ ਕੇ ਸਵਿਤਰੀ ਨੂੰ ਬੁਲਾਇਆ। ਉਹਨੇ ਮਾਂ ਦੇ ਮੂੰਹ ਨੂੰ ਦੋਹਾਂ ਹੱਥਾਂ ਨਾਲ ਟੋਹਿਆ ਤੇ ਅੱਖਾਂ ਝਮਕਣ ਲੱਗ ਪਈ।

“ਮਾਂ!……” ਜਦੋਂ ਉਹਦੇ ਮੂੰਹੋਂ ਆਵਾਜ਼ ਨਿਕਲੀ ਤਾਂ ਮਾਂ ਧਾਹ ਮਾਰ ਕੇ ਉਹਦੇ ਗਲ ਨੂੰ ਚੰਬੜ ਗਈ।

ਪਰ ਸਵਿਤਰੀ ਦੀਆਂ ਅੱਖਾਂ ਫੇਰ ਉਂਜ ਦੀਆਂ ਉਂਜ ਖੜੋ ਗਈਆਂ। ਅਚਾਨਕ ਉਹ ਇੰਜ ਬੋਲਣ ਲੱਗ ਪਈ ਜਿਵੇਂ ਕਾਠ ਦੀ ਗੁੱਡੀ ਦਾ ਮੂੰਹ ਹਿੱਲਦਾ ਹੋਵੇ; ਅੱਖਾਂ ਉਹਦੀਆਂ ਓਵੇਂ ਅਹਿੱਲ ਰਹੀਆਂ।

“ਮੈਂ ਤੇਰੀ ਕਲੋ……ਪਰ ਤੂੰ ,ਮਾਏ ਮੇਰੀ ਏਸ ਭੈਣ ਨੂੰ ਕਿਉਂ ਕਸਾਈਆਂ ਦੇ ਦਿੱਤਾ? ਮੈਂ ਅੱਗੇ ਏਸ ਘਰੇ ਕਿਹੜਾ ਸੁਰਗ ਭੋਗ ਕੇ ਮਰੀ ਸੀ!…ਇਹਨਾਂ ਤੇਰੇ ਵੱਡੇ ਸਹੇੜਾਂ ਨੇ ਨਾ ਮੈਨੂੰ ਜਿਊਂਦੀ ਨੂੰ ਰੱਜਵੀਂ ਰੋਟੀ ਦਿੱਤੀ, ਨਾ ਮੰਜੇ ‘ਚ ਪਈ ਨੂੰ ਦੋ ਪੈਸਿਆਂ ਦੀ ਦਵਾਈ ਲਿਆ ਕੇ ਦਿੱਤੀ……ਤੇ ਤੂੰ ਮਾਂ ਕੀ ਵੇਖਿਆ ਸੀ? ਅੱਗ ਲੌਣੈ ਕਿਸੇ ਨੇ ਇਹਨਾਂ ਦੇ ਲੱਖਾਂ ਨੂੰ! ਹੈਂ- ਤੂੰ ਮੈਨੂੰ ਇਹ ਦੱਸ!”

ਇੱਕ ਬਿੰਦ ਹੋਰ ਤੇ ਸਵਿਤਰੀ ਦੀ ਜੀਭ ਫਿਰ ਠਾਕੀ ਗਈ। ਅੱਖਾਂ ਸੁੱਕਣ ਸੁੱਕੀਆਂ, ਉਂਜ ਈ ਪੱਥਰ ਦੇ ਵੱਟਿਆਂ ਵਾਂਗ ਟਿਕੀਆਂ, ਛੱਤ ਵੱਲ ਵਿੰਹਦੀਆਂ ਰਹੀਆਂ।

ਤੇ ਅਗਲੇ ਦਿਨ ਸਵਿਤਰੀ ਪੂਰੀ ਹੋ ਗਈ। ਜਦੋਂ ਨੁਹਾ-ਧੁਆ ਕੇ, ਰੇਸ਼ਮੀ ਸੂਟ ਪੁਆ ਕੇ ਉਹਨੂੰ ਸਿੜ੍ਹੀ ਉੱਤੇ ਪਾਇਆ ਤਾਂ ਉਸਦਾ ਸਹੁਰਾ ਅੰਦਰੋਂ ਹੱਥ ਵਿੱਚ ਕੌਲੀ ਫੜ੍ਹੀ ਵਿਹੜੇ ਵਿਚ ਆ ਕੇ ਉਹਦੀ ਸਿੜ੍ਹੀ ਕੋਲ ਖੜ੍ਹਾ ਹੋ ਗਿਆ। ਕੌਲੀ ਵਿੱਚ ਰਗੜੇ ਹੋਏ ਨੀਲੇ-ਥੋਥੇ ਦੀਆਂ ਦੋ ਚੂੰਢੀਆਂ ਭਰ ਕੇ ਉਹਨੇ ਸਵਿਤਰੀ ਦੀਆਂ, ਤਿੱਖੇ ਕੋਇਆਂ ਵਾਲੀਆਂ ਰਤਾ ਕੁ ਖੁਲ੍ਹੀਆਂ ਰਹਿ ਗਈਆਂ ਅੱਖਾਂ ਵਿੱਚ ਪਾ ਦਿੱਤੀਆਂ।

“ਹੁਣ ਆਵਦੀ ਭੈਣ ਵਾਂਗੂੰ, ਮਗਰ ਨਿਗ੍ਹਾ ਨਾ ਰੱਖੀਂ- ਸਾਡੀ ਜੜ੍ਹ ਵੀ ਲੱਗ ਲੈਣ ਦਿਉ, ਕਿਉਂ ਸਾਡੇ ਮਗਰ ਪਈਓਂ!”

ਤੇ ਉਸੇ ਵੇਲੇ ਸਵਿਤਰੀ ਦੀਆਂ ਪੰਜਾਂ ਦਿਨਾਂ ਦੀਆਂ ਸੁੱਕਣ-ਸੁੱਕੀਆਂ ਅੱਖਾਂ ਦੇ ਬਾਹਰਲੇ , ਤਿੱਖੇ ਕੋਇਆਂ ਵਿੱਚੋਂ ਪਤਾ ਨਹੀਂ ਪਾਣੀ ਕਿਵੇਂ ਸਿੰਮ ਪਿਆ।

 

ਗੁਰਦਿਆਲ ਸਿੰਘ

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close