ਗਰਮ ਲੈਚੀਆਂ ਗਰਮ ਮਸਾਲਾ,
ਗਰਮ ਸੁਣੀਂਦੀ ਹਲਦੀ।
ਪੰਜ ਦਿਨ ਤੇਰੇ ਵਿਆਹ ਵਿਚ ਰਹਿਗੇ,
ਤੂੰ ਫਿਰਦੀ ਐਂ ਟਲਦੀ।
ਬਹਿ ਕੇ ਬਨੇਰੇ ਤੇ,
ਸਿਫਤਾਂ ਯਾਰ ਦੀਆਂ ਕਰਦੀ।
Munde vallo
ਤੇਰਾ ਮਾਰਿਆ ਮੈਂ ਖੜ੍ਹਿਆ ਮੋੜ ਤੇ,
ਲੱਤ ਸਾਇਕਲ ਤੋਂ ਲਾਹ ਕੇ।
ਨੀ ਪਾਸਾ ਮਾਰ ਕੇ ਲੰਘਦੀ ਕੋਲ ਦੀ,
ਝਾਂਜਰ ਨੂੰ ਛਣਕਾ ਕੇ।
ਨੀ ਮਨ ਪ੍ਰਦੇਸੀ ਦਾ,
ਲੈ ਗਈ ਅੱਖਾਂ ਵਿਚ ਪਾ ਕੇ।
ਨੀ ਕੁੜੀਏ ਬਹਿ ਜਾ ਮੇਜ਼ ਤੇ,
ਪੀ ਲੈ ਠੰਡਾ ਪਾਣੀ।
ਬੁੱਲ੍ਹ ਤੇਰੇ ਨੇ ਸ਼ੀਲੋ ਪਤਲੇ,
ਅੱਖ ਤੇਰੀ ਸੁਰਮੇਦਾਨੀ।
ਨੀ ਮੈਂ ਤਾਂ ਤੇਰਾ ਆਸ਼ਕ ਹਾਂ,
ਪਿੰਡ ਦਾ ਮੁੰਡਾ ਨਾ ਜਾਣੀ।
ਤੇਰੀ ਖਾਤਰ ਰਿਹਾ ਕੁਮਾਰਾ,
ਜੱਗ ਤੋਂ ਛੜਾ ਅਖਵਾਇਆ।
ਨੱਤੀਆਂ ਵੇਚ ਕੇ ਖੋਪਾ ਲਿਆਂਦਾ,
ਤੇਰੀ ਝੋਲੀ ਪਾਇਆ।
ਜੇ ਡਰ ਮਾਪਿਆਂ ਦਾ,
ਪਿਆਰ ਕਾਸ ਤੋਂ ਪਾਇਆ।
ਵਿਚ ਬਾਗਾਂ ਦੇ ਸੋਹੇ ਕੇਲਾ,
ਖੇਤਾਂ ਵਿੱਚ ਰਹੂੜਾ।
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ,
ਖਾ ਕੇ ਮਰਾਂ ਧਤੂਰਾ।
ਕਾਹਨੂੰ ਪਾਇਆ ਸੀ,
ਪਿਆਰ ਵੈਰਨੇ ਗੂੜ੍ਹਾ।
ਚਿੱਟਾ ਸਰਾਹਣਾ ਲਾਲ ਬਿਸਤਰਾ
ਆਪਾਂ ਪੈ ਜੀਏ ਰਲ ਕੇ
ਤੇਰੇ ਕਾਂਟਿਆਂ ਦੇ
ਗਿਣਦਾ ਰਾਤ ਨੂੰ ਮਣਕੇ।
ਕੱਠੀਆਂ ਹੋ ਕੁੜੀਆਂ ਆਈਆਂ ਗਿੱਧੇ ਵਿਚ,
ਗਿਣਤੀ ‘ਚ ਪੂਰੀਆਂ ਚਾਲੀ।
ਚੰਦਕੁਰ, ਸਦਕੁਰ, ਸ਼ਾਮੋ, ਬਿਸ਼ਨੀ,
ਸਭ ਦੇ ਵਰਦੀ ਕਾਲੀ।
ਸਭ ਤੋਂ ਸੋਹਣਾ ਨੱਚੇ ਰਾਣੀ,
ਮੁੱਖ ਤੇ ਗਿੱਠ-ਗਿੱਠ ਲਾਲੀ
ਗਿੱਧਾ ਪਾਓ ਕੁੜੀਓ, ਹੀਰ ਆ ਗਈ ਸਿਆਲਾਂ ਵਾਲੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੋਰੀ।
ਉਥੋਂ ਦੀ ਇਕ ਨਾਰ ਸੁਣੀਂਦੀ,
ਦੁੱਧ ਦੀ ਧਾਰ ਤੋਂ ਗੋਰੀ।
ਚੋਰੀ ਚੋਰੀ ਨੈਣ ਲੜਾਏ,
ਗੱਲਬਾਤ ਵਿੱਚ ਕੋਰੀ।
ਇਸ਼ਕ ਮੁਸ਼ਕ ਕਦੇ ਨਾ ਛੁਪਦੇ,
ਨਿਹੁੰ ਨਾ ਲੱਗਦੇ ਜ਼ੋਰੀ।
ਹੌਲੀ ਹੌਲੀ ਨੱਚ ਬਲੀਏ,
ਨੀ ਤੂੰ ਪਤਲੀ ਬਾਂਸ ਦੀ ਪੋਰੀ।
ਹਰੀਆਂ ਮਿਰਚਾਂ ਸੁਨਹਿਰੀ ਗੁੱਛੇ
ਤੋੜ ਲਿਆ ਮੁਟਿਆਰੇ
ਕੀ ਤਾਂ ਤੇਰੇ ਦਿਲ ਦੀ ਘੁੰਡੀ
ਕੀ ਆ ਗਏ ਦਿਨ ਮਾੜੇ
ਭਿੱਜ ਗਏ ਬਾਹਰ ਖੜ੍ਹੇ
ਗੁੱਝੀਆਂ ਯਾਰੀਆਂ ਵਾਲੇ।
ਜੰਡੀਆਂ ਦੀ ਜੰਨ ਢੁੱਕੀ ਰਕਾਨੇ
ਢੁੱਕੀ ਲੜ ਵਣਜਾਰੇ
ਲੜ ਵਣਜਾਰੇ ਪਾਉਣ ਬੋਲੀਆਂ
ਗੱਭਰੂ ਹੋ ਗਏ ਸਾਰੇ
ਘੁੰਡ ਵਾਲੀ ਦੇ ਨੇਤਰ ਸੋਹਣੇ
ਜਿਉਂ ਬੱਦਲਾਂ ਵਿੱਚ ਤਾਰੇ
ਹੇਠਲੀ ਬਰੇਤੀ ਦਾ
ਮੁੱਲ ਦੱਸ ਦੇ ਮੁਟਿਆਰੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰਿਆਲਾ।
ਇਸ਼ਕੇ ਦਾ ਰੋਗ ਚੰਦਰਾ,
ਵੈਦ ਕੋਈ ਨੀ ਹਟਾਵਣ ਵਾਲਾ।
ਝਗੜੇ ਇਸ਼ਕਾਂ ਦੇ,
ਕੌਣ ਜੰਮਿਐਂ,ਮਿਟਾਵਣ ਵਾਲਾ।
ਮਾਰਾਂ ਇਸ਼ਕ ਦੀਆਂ ……….,
ਰੱਬ ਨੀ ਮਿਟਾਵਣ ਵਾਲਾ।
ਕਾਲਿਆਂ ਹਰਨਾ ਬਾਗੀ ਚਰਨਾਂ
ਬਾਗਾਂ ਵਿੱਚ ਬਹਾਰਾਂ
ਰੁੱਤ ਮਸਤਾਨੀ ਰਾਤ ਚਾਨਣੀ
ਖਿੜੀਆਂ ਨੇ ਗੁਲਜ਼ਾਰਾਂ
ਬੇਰ ਪੱਕ ਗੇ ਸਰਮਾਂ ਫਲੀਆਂ
ਲੱਗੇ ਫੁੱਲ ਅਨਾਰਾਂ
ਪਰ ਤੂੰ ਚੰਨਾਂ ਨਾ ਮੁਸਕਾਵੇਂ
ਪੈ ਗਿਉਂ ਵਿੱਚ ਬਾਜ਼ਾਰਾਂ
ਤੇਰੇ ਹਾਸੇ ਤੋਂ
ਲੱਖ ਜਿੰਦੜੀਆਂ ਵਾਰਾਂ।
ਸੁਣ ਲੈ ਸੋਹਣੀਏ ਯਾਰ ਤੇਰਾ
ਅੱਜ ਦਿਲ ਦੀ ਘੁੰਡੀ ਖੋਹਲੇ
ਲੁੱਟੀਆਂ ਰੀਝਾਂ ਸੁਫਨੇ ਸਾਡੇ
ਪਿਆਰ ਅਸਾਂ ਦੇ ਰੌਲੇ
ਇਹ ਸਿਰ ਫਿਰੇ ਪੁਰਾਣੇ ਬੁੱਢੇ
ਨੇ ਗੋਲਿਆਂ ਦੇ ਗੋਲੇ
ਇਹ ਸਾਰ ਇਸ਼ਕ ਦੀ ਕੀ ਜਾਣਨ
ਮੁੰਹ ਭੈੜੇ ਬੜਬੋਲੇ
ਪਿਆਰ ਦੀ ਇਹ ਕਰਨ ਨਿਖੇਧੀ
ਕੁਫ਼ਰ ਬੜੇ ਨੇ ਤੋਲੇ
ਸਮਝਾ ਇਸ਼ਾਰੇ ਨੂੰ
ਯਾਰ ਤੇਰਾ ਕੀ ਬੋਲੇ।