ਸਿਆਲ ਦਾ ਸਿਖ਼ਰ ਸੀ। ਤਾਲਿਬ ਨੇ ਮਾਂ ਕੋਲੋਂ ਸੰਦੂਕ ’ਤੇ ਪਿਆ ਨਵਾਂ ਨਕੋਰ ਖੇਸ ਮੰਗਿਆ। ਮਾਂ ਮੂਹਰਿਓਂ ਟੁੱਟ ਕੇ ਪੈ ਗਈ, “ਇਸ ਖੇਸ ਵੱਲ ਤਾਂ ਝਾਕੀ ਵੀ ਨਾ, ਇਹ ਤਾਂ ਮੈਂ ਪੀਰਾਂ ਲਈ ਰੱਖਿਆ ਹੋਇਆ; ਅਣਲੱਗ।” ਤਾਲਿਬ ਠੁਰ ਠੁਰ ਕਰਦਾ ਬਾਹਰ ਨਿਕਲ ਗਿਆ। ਸ਼ਾਮੀਂ ਵਾਪਸ ਘਰੇ ਆਉਣ ਦੀ ਬਜਾਏ ਨੇੜਲੇ ਪਿੰਡ ਮੰਡੇਰਾਂ ਨੂੰ ਚਲਾ ਗਿਆ। ਓਥੇ ਮਸ਼ਹੂਰ ਗਾਇਕ ਤੁਫ਼ੈਲ ਨਿਆਜ਼ੀ ਹੁਰਾਂ ਦੇ ਟੱਬਰ ਨਾਲ ਉਨ੍ਹਾਂ ਦੀ ਸਾਂਝ-ਸਕੀਰੀ ਸੀ ਕੋਈ।
ਅਗਲੇ ਦਿਨ ਤਾਲਿਬ ਹੁਰਾਂ ਦੇ ਘਰ ਪੀਰ ਜੀ ਵੀ ਆ ਬਹੁੜੇ। ਤਾਲਿਬ ਦੀ ਮਾਂ ਨੂੰ ਚਾਅ ਚੜ੍ਹ ਗਿਆ। ਮੰਜੇ ’ਤੇ ਨਵੇਂ ਵਿਛਾਉਣੇ ਵਿਛਾਏ ਗਏ। ਵੰਨ-ਸੁਵੰਨੇ ਪਕਵਾਨ ਤਿਆਰ ਕੀਤੇ ਗਏ। ਦਿਨ ਢਲ਼ੇ, ਜਦ ਪੀਰ ਜੀ ਤੁਰਨ ਲੱਗੇ ਤਾਂ ਉਹ ਖੇਸ ਭੇਟ ਕੀਤਾ ਗਿਆ। ਪੀਰ ਜੀ ਅਜੇ ਪਿੰਡ ਦਾ ਵਸੀਂਵਾਂ ਵੀ ਨਹੀਂ ਟੱਪੇ ਹੋਣੇ ਕਿ ਤਾਲਿਬ ਹੁਰੀਂ ਵੀ ਘਰ ਪਰਤ ਆਏ।
“ਕਿੱਥੇ ਮਰ ਗਿਆ ਸੀ ਕੱਲ੍ਹ ਦਾ? ਹੁਣੇ ਗਏ ਨੇ ਪੀਰ ਜੀ!” ਮਾਂ ਤਾਲਿਬ ਨੂੰ ਟੁੱਟ ਕੇ ਪੈ ਗਈ ਸੀ।
“ਹੈਂ ਮਾਂ…!” ਤਾਲਿਬ ਹੈਰਾਨੀ ਨਾਲ ਬੋਲਿਆ। “…ਤੂੰ ਉਹ ਖੇਸ ਤਾਂ ਪੀਰ ਨੂੰ ਭੇਟ ਕਰ ਦਿੱਤਾ ਸੀ ਨਾ?”
“ਤੇ ਹੋਰ ਕੀ…” ਗੱਲ ਅਧੂਰੀ ਸੀ ਕਿ ਮਾਂ ਦੀ ਨਿਗ੍ਹਾ ਉਸ ਖੇਸ ’ਤੇ ਪਈ ਜਿਸ ਦੀ ਤਾਲਿਬ ਨੇ ਬੁੱਕਲ ਮਾਰੀ ਹੋਈ ਸੀ।
“ਤੇਰਾ ਕੱਖ ਨਾ ਰਹੇ! ਤੂੰ ਦੋਹਰਾ ਪਾਪ ਕੀਤਾ ਵੇ ਤਾਲਿਬਾ! ਇੱਕ ਪੀਰ ਬਣਿਆ ਤੇ ਦੂਜਾ ਆਪਣੀ ਮਾਂ ਨੂੰ ਹੀ ਠੱਗ ਲਿਆ।” ਘੋਟਣਾ ਲੈ ਕੇ ਉਹ ਤਾਲਿਬ ਮਗਰ ਭੱਜ ਪਈ ਸੀ।
ਕਦੇ ਸਾਡਾ ਪਿੰਡ ਚੱਠੂ ਬਲ਼ਦਾਂ ਦੀਆਂ ਟੱਲੀਆਂ ਤੇ ਹੁੱਕਿਆਂ ਲਈ ਮਸ਼ਹੂਰ ਹੁੰਦਾ ਸੀ। ਇਨ੍ਹਾਂ ਨਾਲੋਂ ਵੀ ਮਸ਼ਹੂਰ ਸਨ ਨੱਥੂ, ਛੱਜੂ ਤੇ ਤਾਲਿਬ। ਸਾਡੇ ਪਿੰਡ ਦੇ ਮੀਰਜ਼ਾਦੇ।
ਮੈਂ ਬਜ਼ੁਰਗਾਂ ਕੋਲੋਂ ਬੜੇ ‘ਕਿੱਸੇ’ ਸੁਣੇ ਨੇ ਇਨ੍ਹਾਂ ਲੋਕ-ਕਲਾਕਾਰਾਂ ਦੇ।
ਇੱਕ ਵਾਰ ਉਹ ਕਿਸੇ ਰਿਆਸਤੀ ਰਾਜੇ ਦੇ ਮਹਿਲਾਂ ’ਚ ਨਕਲਾਂ ਕਰਨ ਗਏ। ਖ਼ੁਸ਼ ਹੋ ਕੇ ਰਾਜੇ ਨੇ ਉਨ੍ਹਾਂ ਨੂੰ ਘੋੜਾ ਭੇਟ ਕਰਨ ਦਾ ਹੁਕਮ ਦਿੱਤਾ। ਅਹਿਲਕਾਰਾਂ ਨੇ ਨਕਾਰਾ ਜਿਹਾ ਘੋੜਾ ਦੇ ਦਿੱਤਾ। ਮੀਰਜ਼ਾਦੇ ਤੁਰਨ ਲੱਗੇ ਤਾਂ ਉਨ੍ਹਾਂ ਰਾਜੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਖਿੜਕੀ ’ਚ ਬੈਠੇ ਰਾਜੇ ਨੇ ਮੀਰਜ਼ਾਦਿਆਂ ਦੀਆਂ ਦੁਆਵਾਂ ਸੁਣੀਆਂ। ਖੱਚਰਾਂ ’ਤੇ ਸਾਮਾਨ ਲੱਦੀ, ਉਹ ਜਾ ਰਹੇ ਸਨ! ਇਨਾਮ ’ਚ ਮਿਲੇ ਘੋੜੇ ਦੇ ਗਲ਼ ’ਚ ਘੜਾ ਲਮਕ ਰਿਹਾ ਸੀ। ਰਾਜਾ ਡਾਹਢਾ ਹੈਰਾਨ ਹੋਇਆ ਤੇ ਇਸ ਦੀ ਵਜ੍ਹਾ ਪੁੱਛਣ ਲੱਗਾ।
“ਕੋਈ ਖ਼ਾਸ ਗੱਲ ਨਹੀਂ, ਹਜ਼ੂਰ ਮਾਈ-ਬਾਪ। ‘ਪਿੱਛਾ’ ਬੜਾ ਭਾਰੀ ਏ ਇਸ ਘੋੜੇ ਦਾ। ਕਿਤੇ ਉੱਲਰ ਨਾ ਜਾਏ, ਸੋ ਦਾਬੂ ਕੀਤਾ ਹੋਇਆ!” ਹੱਥ ਜੋੜਦਿਆਂ ਨੱਥੂ ਬੋਲਿਆ ਸੀ। ਫਿਰ ਕੀ ਸੀ! ਅਹਿਲਕਾਰਾਂ ਦੀ ਸ਼ਾਮਤ ਆ ਗਈ ਸੀ। ਮੀਰਜ਼ਾਦਿਆਂ ਨੂੰ ਵਧੀਆ ਘੋੜਾ ਦੇ ਕੇ ਤੋਰਿਆ ਗਿਆ ਸੀ।
ਉਹ ਨਕਲਾਂ ਕਰਕੇ ਪਿੰਡ ਮੁੜਦੇ ਤਾਂ ਜੱਟੀਆਂ ਕੋਲੋਂ ਦੇਸੀ ਘਿਉ ਖਰੀਦ ਲੈਂਦੇ। ਕਈ-ਕਈ ਦਿਨ ਤੜਕਿਆਂ ਦੀ ਖ਼ੁਸ਼ਬੋ, ਪੂਰੇ ਪਿੰਡ ਦੀ ਫ਼ਿਜ਼ਾ ’ਚ ਘੁਲੀ-ਮਿਲੀ ਰਹਿੰਦੀ। ਬਿਨਾਂ ਸ਼ੱਕ! ਗ਼ਰੀਬ ਸ਼ਹਿਨਸ਼ਾਹ ਸਨ ਉਹ ਲੋਕ। ਇੱਕ ਵਾਰ ਕਿਸੇ ਨੇ ਨੱਥੂ ਕੋਲੋਂ ਪੁੱਛਿਆ, “ਏਡੀ ਕਮਾਈ ਕਰਦੇ ਓ ਤੁਸੀਂ! ਰਹਿੰਦੇ ਤੁਸੀਂ ਕੱਚੇ ਢਾਰਿਆਂ ਅੰਦਰ ਓ। ਤਾਢ੍ਹੀ ਕਮਾਈ ਕੌਣ ਖਾਈ ਜਾਂਦਾ?”
ਨੱਥੂ ਘਰੋਂ ਹਾਂਡੀ ਚੁੱਕ ਲਿਆਇਆ ਤੇ ਉਸ ਨੂੰ ਸਿਰ ਤੋਂ ਉੱਪਰ ਚੁੱਕਦਿਆਂ ਬੋਲਿਆ, “ਬੱਸ ਏਹ ਹਾਂਡੀ ਈ ਖਾਈ ਜਾਂਦੀ ਆ, ਸਰਦਾਰੋ!”
ਵਿਹਲੇ ਵਕਤ ’ਚ ਉਹ ਆਪਣੇ ਪਿੰਡ ਅੰਦਰ ਹੀ ਪਿੜ ਬੰਨ੍ਹ ਲੈਂਦੇ। ਇਕ ਵਾਰ ਅਚਾਨਕ ਇਕ ਅੱਖੜ ਜਿਹੇ ਬੰਦੇ ਦੀ ਲਲਕਾਰ ਨਾਲ ਸੁੰਨ ਪਸਰ ਗਈ। ਮੀਰਜ਼ਾਦਿਆਂ ਵੱਲ ਨੂੰ ਡਾਂਗ ਉਲਾਰਦਿਆਂ ਉਹ ਗਰਜਿਆ, “ਬੰਦ ਕਰੋ ਏਹ ਸਭ ਕੁਝ!” ਪਿੰਡ ਦੇ ਕੁਝ ਗੱਭਰੂ ਉਸ ‘ਅੜਬ’ ਨੂੰ ਕਾਬੂ ਕਰਨ ਲਈ ਗੁੱਸੇ ’ਚ ਉੱਠ ਖੜੋਏ ਤਾਂ ਪਿੜ ’ਚ ਖੜਾ ਛੱਜੂ ਹੱਥ ਜੋੜਦਿਆਂ ਉੱਚੀ ਆਵਾਜ਼ ’ਚ ਬੋਲਿਆ, “ਮਾਰਿਓ ਨਾ, ਸਰਦਾਰੋ! ਏਹ ਤੁਹਾਡਾ ਯਾਰ ਤਾਲਿਬ ਹੀ ਤਾਂ ਹੈ।”
ਨਕਲੀ ਦਾੜੀ-ਮੁੱਛਾਂ, ਸਲਵਾਰ-ਕਮੀਜ਼ ਤੇ ਕੁੱਲ੍ਹੇ ਵਾਲੀ ਪੱਗ; ਇੱਕ ਵਾਰ ਘੋੜੀ ’ਤੇ ਸਵਾਰ ਹੋ ਕੇ ਉਹ ਥਾਣੇਦਾਰ ਦੇ ਭੇਸ ’ਚ ਪਿੰਡ ਆਇਆ। ਖੈਰੂ ਚੌਂਕੀਦਾਰ ਵੀ ਉਸ ਨੂੰ ਪਛਾਣ ਨਾ ਸਕਿਆ। ਉਸ ਨੂੰ ਦੀਵਾਨਖ਼ਾਨੇ ’ਚ ਬਿਠਾ ਉਹ ਪਿੰਡ ਦੇ ਮੋਹਤਬਰਾਂ ਨੂੰ ਸੱਦ ਲਿਆਇਆ। ਉਹ ਆਏ ਤਾਂ ਹੱਥ ਜੋੜ ਕੇ ਪਹਿਲਾਂ ਸੇਵਾ-ਪਾਣੀ ਤੇ ਫਿਰ ਆਪਣਾ ਕਸੂਰ ਪੁੱਛਣ ਲੱਗੇ। ‘ਥਾਣੇਦਾਰ’ ਇੱਕ ਇੱਕ ਕਰ ਕੇ ਉਨ੍ਹਾਂ ਦੇ ਦੋਸ਼ ਗਿਣਾਉਣ ਲੱਗਾ ਤੇ ਉਹ ਅੰਦਰੋਂ-ਬਾਹਰੋਂ ਕੰਬਣ ਲੱਗ ਪਏ!
“ਜੇ ਤੁਸੀਂ ਚਾਹੁੰਦੇ ਓ ਕਿ ਗੱਲ ਸ਼ਹਿਰ ਤਕ ਨਾ ਜਾਵੇ ਤਾਂ ਪੰਜ-ਪੰਜ ਕਿੱਲੋ ਆਟਾ ਤੇ ਦੋ-ਦੋ ਕਿੱਲੋ ਘਿਉ ਅੱਜ ਸ਼ਾਮੀਂ ਨੱਥੂ ਦੇ ਘਰ ਪਹੁੰਚਾ ਦਿਓ! ਸਮਝੇ?” ਇਹ ਕਹਿੰਦਿਆਂ ਜਦ ਤਾਲਿਬ ਹੱਸਿਆ ਤਾਂ ਸ਼ਰਮਿੰਦਾ ਹੋਏ ਸਰਦਾਰ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਘਰਾਂ ਵੱਲ ਨੂੰ ਮੁੜ ਗਏ।
ਬਾਬਾ ਹੀਰਾ ਸਿੰਘ ਦੀ ਕੁਟੀਆ ਪਿੰਡ ਤੋਂ ਬਾਹਰ ਵੱਲ ਸੀ। ਉਨ੍ਹਾਂ ਦੇ ਵੈਰਾਗ ਦੀ ਕਹਾਣੀ ਵੀ ਬੜੀ ਅਨੋਖੀ ਏ। ਵਿਸਾਖ ਦੇ ਦਿਨ ਸਨ। ਉਹ ਕਣਕ ਵੱਢ ਰਹੇ ਸਨ। ਪਿੰਡੋਂ ਸੁਨੇਹਾ ਆਇਆ। ਉਨ੍ਹਾਂ ਦੇ ਦੋਵੇਂ ਪੁੱਤਰ ਛੱਪੜ ’ਚ ਡੁੱਬ ਕੇ ਮਰ ਗਏ ਸਨ। ਉਨ੍ਹਾਂ ਦਾਤੀ ਛੱਡ ਦਿੱਤੀ। ਮੁੜ ਉਹ ਕਦੇ ਘਰ ਨਹੀਂ ਗਏ। ਓਥੇ ਹੀ ਕੁਟੀਆ ਪਾ ਲਈ ਤੇ ਦਿਨ-ਰਾਤ ਬੰਦਗੀ ਕਰਨ ਲੱਗੇ। ਇਸ ਵਾਰ ਤਾਲਿਬ ਫ਼ਕੀਰ ਦੇ ਭੇਸ ’ਚ ਉਨ੍ਹਾਂ ਕੋਲ ਜਾ ਪਹੁੰਚਿਆ ਸੀ।
“ਲੰਘ ਆ ਫ਼ਕੀਰਾ।” ਅੰਦਰੋਂ ਆਵਾਜ਼ ਆਈ।
ਅੰਦਰ ਜਾ ਕੇ ਵੇਖਿਆ ਕਿ ਅੱਖਾਂ ਮੁੰਦੀ ਉਹ ਆਪਣੇ ਅੰਦਰ ਡੁੱਬੇ ਹੋਏ ਸਨ। ਠੰਢ ਨਾਲ ਠੁਰ-ਠੁਰ ਕਰਨ ਦੀ ਅਦਾਕਾਰੀ ਕਰਦਿਆਂ ਉਸ ਨੇ ਕਿਸੇ ਲੋਈ-ਕੰਬਲੀ ਲਈ ਵਾਸਤਾ ਪਾਇਆ।
“ਓਹ ਟੰਗੀ ਹੋਈ ਏ ਭਗਤਾ, ਲੈ ਜਾ।”
ਤਾਲਿਬ ਖਿੜ ਗਿਆ। ਕੰਬਲੀ ਨਾਲੋਂ ਵੱਡੀ ਖ਼ੁਸ਼ੀ ਇਸ ਗੱਲ ਦੀ ਸੀ ਕਿ ਇਸ ਵਾਰ ਉਸ ਨੇ ਉਸ ਸ਼ਖ਼ਸ ਨੂੰ ਧੋਖਾ ਦੇ ਦਿੱਤਾ ਸੀ ਜਿਸ ਨੂੰ ਸਾਰਾ ਪਿੰਡ ਰੱਬੀ ਰੂਪ ਸਮਝਦਾ ਸੀ। ਉਹ ਚਾਅ ਜਿਹੇ ’ਚ ਕੰਬਲੀ ਚੁੱਕ ਕੇ ਤੁਰਨ ਲੱਗਾ ਤਾਂ ਬਾਬਾ ਜੀ ਬੋਲ ਪਏ ਸਨ, “ਬੂਹਾ ਪਹਿਲਾਂ ਵਾਂਗ ਈ ਭੇੜਦਾ ਜਾਈਂ, ਤਾਲਿਬ ਪੁੱਤਰਾ।”
ਕੰਬਲੀ ਹੱਥੋਂ ਡਿੱਗ ਗਈ। ਸੰਤਾਂ ਦੇ ਪੈਰੀਂ ਪੈ ਕੇ ਲੱਗਾ ਮੁਆਫ਼ੀਆਂ ਮੰਗਣ।
“ਭਗਤਾ ਚੁੱਕ ਲੈ! ਇਹ ਕੰਬਲੀ ਮੈਂ ਤੇਰੇ ਲਈ ਹੀ ਰੱਖੀ ਸੀ।” ਉਵੇਂ ਅੱਖਾਂ ਮੁੰਦੀ, ਉਹ ਬਿੰਦ-ਬਿੰਦ ਮੁਸਕਰਾਉਂਦੇ ਬੋਲੇ ਸਨ।
ਤਾਲਿਬ ਉਸ ਦਿਨ ਪਿੰਡ ਦੀ ਜੂਹ ਅੰਦਰ, ਮੁੜ ਕਦੇ ਵੀ ਭੇਸ ਨਾ ਬਦਲਣ ਦੀ ਸਹੁੰ ਖਾ ਕੇ ਹੀ ਘਰ ਵੜਿਆ ਸੀ।
ਛੇਤੀਂ ਮਗਰੋਂ ਸੰਨ ਸੰਤਾਲੀ ਆ ਗਿਆ। ਮੋਹਤਬਰ ਬੰਦਿਆਂ ਨੇ ਮੀਰਜ਼ਾਦਿਆਂ ਨੂੰ ਬੜਾ ਰੋਕਿਆ। ਹੋਰਨਾਂ ਪਿੰਡਾਂ ’ਚੋਂ ਆਉਂਦੀਆਂ ਕਤਲੋਗਾਰਤ ਦੀਆਂ ਖ਼ਬਰਾਂ ਨੇ ਉਨ੍ਹਾਂ ਨੂੰ ਡਰਾ ਦਿੱਤਾ। ਆਖ਼ਰ ਉਨ੍ਹਾਂ ਵੀ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਪਿੰਡ ਦੇ ਮੋਹਤਬਰ ਬੰਦੇ ਗੱਡਿਆਂ ’ਤੇ ਸਾਮਾਨ ਲੱਦ ਉਨ੍ਹਾਂ ਨੂੰ ਕਮਾਲਪੁਰ ਦੇ ਕੈਂਪ ਤਕ ਛੱਡ ਆਏ ਤੇ ਮਹੀਨਾ ਭਰ ਰਾਸ਼ਣ ਵੀ ਪਹੁੰਚਾਉਂਦੇ ਰਹੇ।
ਕਾਫ਼ਲਾ ਅਗੜੇ ਪੜਾਅ ਵੱਲ ਤੁਰਿਆ ਤਾਂ ਉਨ੍ਹਾਂ ਨੂੰ ਫਿਰ ਆਪਣੇ ਪਿੰਡ ਵਿੱਚੋਂ ਦੀ ਲੰਘਣਾ ਪਿਆ। ਉਦਾਸ ਚਿਹਰੇ, ਵੀਰਾਨ ਅੱਖਾਂ ਤੇ ਉੱਜੜੀਆਂ ਦੇਹਾਂ! ਦੁਨੀਆਂ ਨੂੰ ਹਸਾਉਣ ਵਾਲੇ ਉਹ ਬੇਜੋੜ ਕਲਾਕਾਰ ਵੀ ਉਸ ਭੀੜ ਦਾ ਹਿੱਸਾ ਸਨ ਜੋ ਥੱਕੀਆਂ ਤੋਰਾਂ ਨਾਲ ਅਣਚਾਹੀ ਮੰਜ਼ਿਲ ਵੱਲ ਤੁਰੀ ਜਾ ਰਹੀ ਸੀ।
ਉਨ੍ਹਾਂ ਨੂੰ ਵੇਖਣ ਲਈ ਜੁੜੀ ਪਿੰਡ ਵਾਲਿਆਂ ਦੀ ਭੀੜ ’ਚ ਮੇਰੇ ਤਾਇਆ ਜੀ ਵੀ ਸਨ ਜੋ ਅੱਜ ਲਾਹੌਰ ਸ਼ਹਿਰ ਅੰਦਰ ਬੈਠੇ ਬੇਸਬਰੀ ਨਾਲ ਉਨ੍ਹਾਂ ਮੀਰਜ਼ਾਦਿਆਂ ਦੀ ਉਡੀਕ ਕਰ ਰਹੇ ਸਨ।
ਪੰਜਾਬ ਦੀ ਹਿੱਕ ’ਤੇ ਉੱਕਰੀ ਲਕੀਰ ’ਤੇ ਤਾਇਨਾਤ ਸਨ ਉਹ। ਸਰਹੱਦ ਦੇ ਨਿੱਕੇ-ਮੋਟੇ ਮਸਲਿਆਂ ਨੂੰ ਸਮਝਣ, ਸਮਝਾਉਣ ਤੇ ਸੁਲਝਾਉਣ ਲਈ ਦੋਵਾਂ ਮੁਲਕਾਂ ਦੇ ਅਫ਼ਸਰ ਕਦੇ ਅੰਮ੍ਰਿਤਸਰ ਤੇ ਕਦੇ ਲਾਹੌਰ ’ਚ ਮੁਲਾਕਾਤ ਰੱਖਦੇ। ਉਨ੍ਹਾਂ ਨੇ ਪਾਕਿਸਤਾਨੀ ਅਫ਼ਸਰਾਂ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਕਲਾਕਾਰਾਂ ਨੂੰ ਮਿਲਣਾ ਚਾਹੁੰਦੇ ਨੇ।
ਕੋਈ ਪੰਦਰਾਂ ਵਰ੍ਹਿਆ ਬਾਅਦ ਅੱਜ ਉਨ੍ਹਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ ਸੀ।
ਪਹਿਲਾਂ ਉਹ ਪੈਰਾਂ ’ਤੇ ਝੁਕੇ ਤੇ ਫਿਰ ਜੱਫ਼ੀਆਂ ਪਾ-ਪਾ ਕੇ ਮਿਲੇ। ਹੰਝੂਆਂ ਦੀਆਂ ਝੜੀਆਂ ਲਗਾ ਦਿੱਤੀਆਂ ਸੀ ਉਨ੍ਹਾਂ। ਪਿੰਡ ਦੇ ’ਕੱਲੇ-’ਕੱਲੇ ਜੀਅ ਦਾ ਹਾਲ ਪੁੱਛਿਆ। ਜਦੋਂ ਕਿਸੇ ਲਾਣੇ ਦੀ ਚੜ੍ਹਤ ਵਾਲੀ ਗੱਲ ਸੁਣਦੇ ਤਾਂ ਸੋਹਣੇ ਅੱਲ੍ਹਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ। ਜਦੋਂ ਕਿਸੇ ਦੀ ਮੌਤ ਬਾਰੇ ਸੁਣਦੇ ਤਾਂ ਉਨ੍ਹਾਂ ਦੇ ਧੁਰ ਅੰਦਰੋਂ ਹੂਕਾਂ ਨਿਕਲਦੀਆਂ। ਉਨ੍ਹਾਂ ਦੀਆਂ ਗੱਲਾਂ ਤੇ ਵਿਹਾਰ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਸਿਰਫ਼ ਕਲਬੂਤ ਹੀ ਡਿਜ਼ਕੋਟ ਵੱਸਦੇ ਸਨ, ਰੂਹਾਂ ਤਾਂ ਉਹ ਆਪਣੇ ਪਿੰਡ ਦੀਆਂ ਗਲ਼ੀਆਂ ’ਚ ਹੀ ਭੁੱਲ ਆਏ ਸਨ! ਉਨ੍ਹਾਂ ਦੇ ਖ਼ਸਤਾ ਹਾਲ ਕੱਪੜੇ ਤੇ ਉੱਜੜੀਆਂ ਸੂਰਤਾਂ ਇਸ ਗੱਲ ਦਾ ਸਬੂਤ ਸਨ ਕਿ ਲੱਖਾਂ ਹੋਰਨਾਂ ਵਾਂਗ ਉਨ੍ਹਾਂ ਨੂੰ ਵੀ ਇਹ ‘ਆਜ਼ਾਦੀ’ ਤੇ ‘ਨਵਾਂ ਦੇਸ਼’ ਬੜੇ ਮਹਿੰਗੇ ਭਾਅ ਪਏ ਸਨ।
“ਸਰਦਾਰ ਸਾਹਬ, ਬੇਬੇ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ- ਮੇਰੀਆਂ ਦੁਆਵਾਂ ਨੇ ਬਣਾਇਆ ਅੰਗਦ ਸੂੰ ਨੂੰ ਅਫਸਰ। ਕਾਫ਼ਲੇ ’ਚ ਤੁਰੀ ਆਉਂਦੀ ਨੂੰ ਤੁਸੀਂ ਮਿੱਠਾ ਪਾਣੀ ਜੁ ਪਿਲਾਇਆ ਸੀ ਤੇ ਚੁੰਨੀ ਦੇ ਲੜ ਕੁਝ ਰੁਪਏ ਵੀ ਬੰਨ੍ਹ ਦਿੱਤੇ ਸਨ।” ਨ੍ਹੋਨਾ ਬੋਲਿਆ ਸੀ।
ਦੁਆਵਾਂ ਦੇ ਕੇ ਵਿਛੜਨ ਲੱਗੇ ਤਾਂ ਲਹਿੰਦੇ ਪਾਸੇ ਵਾਲੇ ਅਫ਼ਸਰ ਕਹਿਣ ਲੱਗੇ, “ਸਰਦਾਰ ਸਾਹਿਬ, ਸਿਫ਼ਤਾਂ ਤਾਂ ਤੁਸੀਂ ਬੜੀਆਂ ਪਏ ਕਰਦੇ ਸੋ ਪਰ ਤਾਹਢੇ ਕਲਾਕਾਰਾਂ ਨੇ ਕੋਈ ਰੰਗ-ਸ਼ੰਗ ਤਾਂ ਵਿਖਾਇਆ ਈ ਨਹੀਂ।” ਤਾਇਆ ਜੀ ਚੁੱਪ ਰਹੇ। ਉਹ ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਸਨ। ਇੱਕੋ ਪਿੰਡ ਦੇ ਜਾਏ ਹਮੇਸ਼ਾ-ਹਮੇਸ਼ਾਂ ਲਈ ਵਿਛੜ ਗਏ ਸਨ। ਰੱਬ-ਸਬੱਬੀਂ ਅੱਜ ਵਰ੍ਹਿਆਂ ਬਾਅਦ ਮੇਲ ਹੋਇਆ ਸੀ ਉਨ੍ਹਾਂ ਦਾ। ਉਨ੍ਹਾਂ ਦੇ ਮਨ-ਮਸਤਕ ’ਤੇ ਸੰਘਣੀ ਉਦਾਸੀ ਛਾਈ ਹੋਈ ਸੀ।
ਤਾਇਆ ਜੀ ਤਾਂ ਚੁੱਪ ਰਹੇ, ਪਰ ਆਪਣੇ ਗਿਰਾਈਂ ਦੀ ਲਾਜ ਰੱਖਦਿਆਂ ਉਨ੍ਹਾਂ ਅੱਖੀਆਂ ਪੂੰਝ ਲਈਆਂ ਸਨ। ਉਨ੍ਹਾਂ ਕੋਲ ਕੋਈ ਸਾਜ਼ੋ-ਸਾਮਾਨ ਤਾਂ ਨਹੀਂ ਸੀ! ਉਨ੍ਹਾਂ ਫਿਰ ਵੀ ਪਿੜ ਬੰਨ ਲਿਆ ਤੇ ‘ਰੰਗ ਬੰਨ੍ਹਣ ਦੀ’ ਕੋਸ਼ਿਸ਼ ’ਚ ਲੱਗ ਗਏ।
“ਓਏ ਤਾਲਿਬਾ, ਲਾਹੌਰ ਸ਼ਹਿਰ ’ਚ ਇਹ ਨੂਰ ਕਾਦ੍ਹਾ ਬਿਖਰਿਆ ਪਿਆ ਏ, ਅੱਜ ਓਏ? ਇਹ ਚਾਨਣੇ ਦਾ ਛੱਟਾ ਕਿਉਂ ਆਇਆ ਪਿਆ ਓਏ, ਅੱਜ ਚਾਰ-ਚੁਫ਼ੇਰੇ? ਓਏ ਇਹ ਰੋਸ਼ਨੀਆਂ ਦਾ ਮੀਂਹ ਕਿਉਂ ਵਰ੍ਹਦਾ ਪਿਆ ਏ, ਅੱਜ ਦੂਰ-ਦੂਰ ਤੱਕ?” ਰੋਡੂ ਕਾਵਿਕ ਲਹਿਜੇ ’ਚ ਬੋਲੀ ਗਿਆ ਸੀ।
“ਦੇਖ ਓਏ ਤਾਲਿਬਾ, ਅੱਜ ’ਵਾ ਵੀ ਕੇਡੀ ਸੋਣ੍ਹੀ ਪਈ ਰੁਮਕਦੀ ਏ। ਕੇਡੀ ਖ਼ੁਸ਼ਬੋ ਘੁਲ਼ੀ ਪਈ ਏ ਫਿਜ਼ਾਵਾਂ ਅੰਦਰ। ਅੱਜ ਹੋ ਕੀ ਗਿਆ ਓਏ ਇਸ ਲਹੌਰ ਸ਼ਹਿਰ ਅੰਦਰ? ਸਭ ਕੁਝ ਏਡਾ ਸੋਣ੍ਹਾਂ-ਸੋਣ੍ਹਾਂ ਕਿਉਂ ਹੋਇਆ ਪਿਆ ਏ, ਅੱਜ ਓਏ?” ਡੋਡੀ ਨੇ ਉਸੇ ਅੰਦਾਜ਼ ’ਚ ਆਪਣੀ ਗੱਲ ਕਹੀ ਸੀ।
“ਓਏ ਮੂਰਖੋ, ਓਏ ਅੰਨ੍ਹੀਂ ਦਿਓ! ਤ੍ਹਾਨੂੰ ਖ਼ਬਰ ਈ ਨਈਂ ਕੋਈ, ਅੰਨਪਾੜ੍ਹੋ?” ਤਾਲਿਬ ਲਾਹਨਤ ਪਾਉਂਦਿਆਂ ਬੋਲਿਆ ਸੀ।
“ਕੇਹੜੀ ਖ਼ਬਰ?” ਤਾਲਿਬ ਦੇ ਦੁਆਲ਼ੇ ਇਕੱਠੇ ਹੁੰਦਿਆਂ ਥੋੜ੍ਹਾ ਝੁਕ ਕੇ ਹੈਰਾਨੀ ਨਾਲ ਇੱਕੋ ਅਵਾਜ਼ ’ਚ ਪੁੱਛਿਆ ਸੀ ਉਨ੍ਹਾਂ।
“ਓਏ, ਅੱਜ ਸ਼ਹਿਰ ਲਹੌਰ ’ਚ ਸਾਡੇ ਸਰਦਾਰ ਆਏ ਹੋਏ ਨੇ!” ਤਾਲਿਬ ਨੇ ਤਾੜੀ ਮਾਰ ਕੇ ਹੱਸਦਿਆਂ ਹੱਥ ਫੈਲਾ ਦਿੱਤੇ ਸਨ।
“ਬੱਲੇ ਓਏ ਬੱਲੇ! ਸਦਕੇ ਜਾਵਾਂ ਤੇਰੇ ਸਰਦਾਰਾਂ ਦੇ! ਪਰ ਇਹ ਆਏ ਕਿਹੜੇ ਪਿੰਡੋਂ ਨੇ?” ਇਹ ਸਵਾਲ ਰੋਡੂ ਨੇ ਕੀਤਾ ਸੀ।
“ਏਹ ਦੁਨੀਆਂ ਦੇ ਸਭ ਨਾਲੋਂ ਸੋਹਣੇ ਪਿੰਡੋਂ ਆਏ ਨੇ, ਰੇਤਾ ਫੱਕਣਿਓਂ!” ਤਾਲਿਬ ਨੇ ਖਿੜਦੇ ਹੋਏ ਜਵਾਬ ਦਿੱਤਾ ਸੀ।
“ਨਈਂ ਰੀਸਾਂ ਤੇਰੇ ਸਰਦਾਰਾਂ ਦੀਆਂ! ਪਰ ਇਹ ਆਏ ਕਿੱਥੋਂ ਨੇ?” ਹੁਣ ਨ੍ਹੋਨਾ ਬੋਲਿਆ ਸੀ।
“ਇਹ ਓਸ ਪੰਜਾਬੋਂ ਆਏ ਨੇ ਜਿੱਥੋਂ ਸੂਰਜ ਚੜ੍ਹਦਾ।” ਤਾਲਿਬ ਨੇ ਜਵਾਬ ਦਿੱਤਾ ਸੀ।
“ਜੁੱਗ ਜੁੱਗ ਜਿਉਣ ਤੇਰੇ ਸਰਦਾਰ! ਪਰ ਕੋਈ ਥਾਂ-ਟਿਕਾਣਾ ਤਾਂ ਹੋਊ ਇਨ੍ਹਾਂ ਦਾ?” ਡੋਡੀ ਨੇ ਸਵਾਲ ਕੀਤਾ ਸੀ।
“ਏਹ ਓਸ ਸ਼ਹਿਰੋ ਆਏ ਨੇ, ਜਿਹੜਾ ਸਾਰੇ ਜ਼ਿਲ੍ਹਿਆਂ ਨਾਲੋਂ ਹੁਸ਼ਿਆਰ ਹੈ, ਮੂਰਖੋ!” ਤਾਲਿਬ ਨੇ ਥੋੜ੍ਹਾ ਖਿੱਝਦੇ ਹੋਏ ਜਵਾਬ ਦਿੱਤਾ ਸੀ।
“ਸੋਹਣਾ ਅੱਲਾ ਇਨ੍ਹਾਂ ਨੂੰ ਹੋਰ ਤਰੱਕੀਆਂ ਬਖ਼ਸ਼ੇ! ਫਿਰ ਵੀ ਪਤਾ ਤਾਂ ਲੱਗੇ ਕਿ ਓਥੇ ਕਿਹੜਾ ਪਿੰਡ ਹੈ, ਇਨ੍ਹਾਂ ਭਾਗਾਂ ਵਾਲ਼ੇ ਸਰਦਾਰਾਂ ਦਾ?” ਇਸ ਵਾਰ ਤੋਤੀ ਨੇ ਪੁੱਛਿਆ ਸੀ।
“ਉਸ ਸੋਹਣੇ ਪਿੰਡ ਦਾ ਨਾਂ ਹੈ…” ਤਾਲਿਬ ਨੇ ਗੱਲ ਸ਼ੁਰੂ ਕੀਤੀ ਤਾਂ ਸਾਰਿਆਂ ਨੇ ਕੰਨ ਉਸ ਦੇ ਮੂੰਹ ਨਾਲ ਜੋੜ ਦਿੱਤੇ ਸਨ।
“…ਸਿੰਗੜੀਵਾਲਾ!” ਪਿੰਡ ਦਾ ਨਾਂ ਲੈਂਦਿਆਂ ਤਾਲਿਬ ਦੀ ਹੂਕ ਨਿਕਲ ਗਈ ਸੀ। ਸਾਰੀ ਟੋਲੀ ਭੁੱਬੀਂ ਰੋਣ ਲੱਗ ਸੀ। ਕਿਸੇ ਕੋਲੋਂ ਮੁੜ ਕੋਈ ਗੱਲ ਨਹੀਂ ਸੀ ਹੋਈ। ਉਹ ਰੋਂਦੇ-ਰੋਂਦੇ ਵਿਦਾ ਹੋ ਗਏ ਸਨ। ਅੱਥਰੂ ਲੁਕਾਉਣ ਲਈ ਤਾਇਆ ਜੀ ਨੇ ਵੀ ਚਿਹਰਾ ਬਾਹਵਾਂ ’ਚ ਲੁਕੋ ਲਿਆ ਸੀ। ਕੁਰਸੀਆਂ ’ਤੇ ਬੈਠੇ ਬਾਕੀ ਅਫ਼ਸਰ ਵੀ ਕੁਝ ਵਕਤ ਲਈ ਬੁੱਤ ਜਿਹੇ ਹੋ ਗਏ ਸਨ।
ਕਾਪੀ:- ਮੀਤ ਅਨਮੋਲ (ਫੇਸਬੁੱਕ – ਸਕਾਰਾਤਮਕ ਸੋਚ )
ਫੋਟੋ- ਕਾਲਪਨਾਕ