ਉਸ ਦੀ ਉਮਰ ਵੀ ਕੀ ਏ, ਹਾਲੀ ਪੂਰੇ ਵੀਹ ਸਾਲ ਦੀ ਵੀ ਨਹੀਂ ਹੋਈ। “ਇਕ ਸਾਲ ਦਾ ਮੁੰਡਾ, ਉਸ ਦਾ ਕਦ ਸਹਾਰਾ ਬਣੇਗਾ, ਬਣੇਗਾ ਵੀ ਜਾਂ ਉਸ ਨੂੰ ਮੰਝਧਾਰ ਵਿੱਚ ਹੀ ਛੱਡ ਜਾਵੇਗਾ।
ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ। ਨਿਰਭੈ ਕੌਰ ਦਾ ਪਤੀ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਸੀ। ਫੁੱਲ ਚੁਕਣ ਪਿੱਛੋਂ ਕੁੜੀ ਵਰਗੇ ਨੌਜਵਾਨ ਦੀ ਹਿਰਦੇ-ਵੇਧਕ ਮੌਤ ਉੱਤੇ ਕੋਈ ਚਰਚਾ ਨਹੀਂ ਸੀ। ਉਸ ਦੇ ਬੁੱਢੇ ਮਾਪਿਆਂ ਨਾਲ ਕੋਈ ਹਮਦਰਦੀ ਦੇ ਦੋ ਬੋਲ ਸਾਂਝੇ ਨਹੀਂ ਕੀਤੇ ਜਾ ਰਹੇ ਸਨ। ਸਭ ਦੀਆਂ ਗੱਲਾਂ ਦੀ ਕੇਂਦਰਬਿੰਦੂ ਉਸ ਦੀ ਸੁੰਦਰ ਪਤਨੀ ਬਣੀ ਹੋਈ ਸੀ। ਉਸ ਦੇ ਮੁੰਡੇ ਨੂੰ ਕੋਈ ਵਰਦਾਨ ਦੀ ਸੰਗਿਆ ਦਿੰਦਾ ਅਤੇ ਕੋਈ ਉਸ ਦੀ ਬਾਕੀ ਰਹਿੰਦੀ ਲੰਮੀ ਜਿੰਦਗੀ ਦੇ ਰਾਹ ਦਾ ਵੱਡਾ ਰੋੜਾ ਦਸਦਾ ਸੀ। ਸੋਗ ਦੇ ਭੋਗ ਉੱਤੇ ਕਈ ਰਿਸਤੇਦਾਰਾਂ ਨੇ ਯੋਗ ਮੁੰਡਿਆਂ ਦੀਆਂ ਦੱਸਾਂ ਪਾਉਣੀਆਂ ਵੀ ਅਰੰਭ ਕਰ ਦਿੱਤੀਆਂ ਸਨ।
ਨੌਜਵਾਨ ਪਤਨੀ ਦੇ ਸਦਮੇ ਵੱਲ ਕਿਸੇ ਦਾ ਧਿਆਨ ਨਹੀਂ ਸੀ। ਉਸ ਦੇ ਦੁਖੀ ਦਿਲ ਵਿੱਚ ਝਾਤ ਮਾਰਨ ਦੀ ਕਿਸੇ ਕੋਲ ਵੀ ਵਿਹਲ ਨਹੀਂ ਸੀ। ਹਰ ਰਿਸਤੇਦਾਰ ਆਪਣੀ ਸੋਚ ਨੂੰ ਸਰਵ-ਸਰੇਸ਼ਟ ਸਮਝ ਰਿਹਾ ਸੀ। ਪਿਤਾ ਨੂੰ ਆਪਣੀ ਧੀ ਦੀਆਂ ਅੰਤਰੀਵ-ਪੀੜਾਂ ਨੂੰ ਅਨੁਭਵ ਕਰਨ ਦਾ ਅਹਿਸਾਸ ਨਹੀਂ ਸੀ। ਉਹ ਤਾਂ ਰੂੜੀ ਦਾ ਕੂੜਾ ਰੂੜੀ ਉੱਤੇ ਹੀ ਸੁੱਟਣ ਦੀ ਕਾਹਲ ਵਿੱਚ ਸੀ।
‘‘ਮੈਂ ਰੂੜੀ ਦਾ ਕੂੜਾ ਨਹੀਂ, ਕਿਸੇ ਦੇ ਘਰ ਦੀ ਇੱਜਤ ਹਾਂ, ਆਪਣੇ ਬੱਚੇ ਦਾ ਉੱਜਲਾ-ਭਵਿੱਖ। ਇਹ ਦੰਦ ਕਥਾ ਬੰਦ ਕਰੋ, ਮੈਂ ਆਪਣੇ ਫੈਸਲੇ ਆਪ ਕਰਾਂਗੀ। ਨੌਜਵਾਨ ਵਿਧਵਾ ਦਾ ਸਵੈਮਾਣ ਦਹਾੜਿਆ।
Kahanian
ਇਹ ਕੋਈ ਧੋਖਾ ਨਹੀਂ ਸੀ, ਬਸ ਇੱਕ ਸੌਦਾ ਸੀ ਜਿਹੜਾ ਦੋਵਾਂ ਪਰਵਾਰਾਂ ਵਿੱਚ ਤਹਿ ਹੋ ਗਿਆ ਸੀ। ਇਸ ਨਾਲ ਦੋਵਾਂ ਪਰਵਾਰਾਂ ਦੀਆਂ ਲੋੜਾਂ ਸਹਿਜੇ ਹੀ ਪੂਰੀਆਂ । ਹੋ ਜਾਣ ਦੀ ਆਸ ਸੀ। ਲੋੜਾਂ ਦੀ ਪੂਰਤੀ ਹੀ ਅਜਿਹੀਆਂ ਕਾਢਾਂ ਨੂੰ ਜਨਮ ਦਿਆ ਕਰਦੀ ਏ।
ਕਨੇਡਾ ਦੇ ਸ਼ਹਿਰ ਟਰਾਂਟੋ ਵਸਦੇ ਕਨੇਡੀਅਨ ਜੋੜੇ ਦੇ ਸੱਤ ਸਾਲ ਵਿੱਚ ਵੀ ਕੋਈ ਬੱਚਾ ਨਹੀਂ ਹੋਇਆ ਸੀ। ਬੱਚੇ ਦੀ ਖਾਹਿਸ਼ ਉਹਨਾਂ ਨੂੰ ਕੁਝ ਕਰਨ ਲਈ ਮਜ਼ਬੂਰ ਕਰ ਰਹੀ ਸੀ। ਉਨ੍ਹਾਂ ਫੈਸਲਾ ਕਰ ਲਿਆ ਕਿ ਉਹ ਇਕ ਦੂਜੇ ਨੂੰ ਤਲਾਕ ਦੇਕੇ, ਕਿਸੇ ਹੋਰ ਨਾਲ ਸ਼ਾਦੀ ਕਰ ਲੈਣ। ਆਪਣੀ ਬੱਚੇ ਪ੍ਰਤੀ ਰੀਝ ਪੂਰੀ ਕਰਕੇ ਜੇ ਹੋ ਸਕੇ ਤਾਂ ਫਿਰ ਪਤੀ ਪਤਨੀ ਬਣ ਜਾਣ।
ਜਿਸ ਕੰਮਪਾਰਟਮੈਂਟ ਵਿੱਚ ਉਹ ਕਰਾਏ ਉੱਤੇ ਰਹਿੰਦੇ ਸਨ, ਉਸ ਦੇ ਹੇਠਲੇ ਹਿੱਸੇ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਰਹਿੰਦਾ ਸੀ। ਦੋਵਾਂ ਪਰਿਵਾਰਾਂ ਵਿੱਚ ਮੇਲ ਜੋਲ ਦੀ ਗੂੜੀ ਸਾਂਝ ਸੀ। ਉਨ੍ਹਾਂ ਦੀ ਸਾਂਝ ਵਿੱਚੋਂ ਇੱਕ ਨਵੀਂ ਕਾਢ ਨੇ ਜਨਮ ਲੈ ਲਿਆ ਸੀ।
ਜੋੜੇ ਨੇ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ। ਆਦਮੀ ਨੇ ਭਾਰਤੀ ਮੂਲ ਦੀ ਇੱਕ ਲੜਕੀ ਨਾਲ ਸ਼ਾਦੀ ਕਰ ਲਈ ਜੋ ਸੈਰ ਕਰਨ ਦੇ ਬਹਾਨੇ ਭਾਰਤ ਤੋਂ ਆਈ ਸੀ ਅਤੇ ਇੱਥੇ ਰਹਿਣ ਦਾ ਕੋਈ ਢੰਗ ਸੋਚ ਰਹੀ ਸੀ। ਜਨਾਨੀ ਨੇ ਉਸ ਕੁੜੀ ਦੇ ਮੰਗੇਤਰ ਨੂੰ ਭਾਰਤ ਤੋਂ ਮੰਗਵਾ ਕੇ ਉਸ ਨਾਲ ਸ਼ਾਦੀ ਕਰ ਲਈ ਸੀ।
ਭਾਰਤੀ ਕੁੜੀ ਨੇ ਮੁੰਡੇ ਨੂੰ ਜਨਮ ਦਿੱਤਾ ਅਤੇ ਕਨੇਡੀਅਨ ਜਨਾਨੀ ਦੇ ਲੜਕੀ ਪੈਦਾ ਹੋਈ ਸੀ। ਦੋਵਾਂ ਪਰਿਵਾਰਾਂ ਦੀ ਲੋੜ ਪੂਰਤੀ ਪਿੱਛੋਂ ਜਿੱਥੇ ਦੋ ਤਲਾਕ ਹੋਏ, ਉਥੇ ਇੱਕ ਦੂਜੇ ਦੇ ਸਹਿਯੋਗ ਨਾਲ ਤਿੰਨ ਸ਼ਾਦੀਆਂ ਵੀ ਉਸੇ ਕੰਮਪਾਰਟ ਵਿੱਚ ਸੰਪੂਰਨ ਹੋਈਆਂ ਸਨ।
ਅਮਰ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੇ ਝੋਨੇ ਦੀ ਰਾਖੀ ਕਰ ਰਿਹਾ ਸੀ। ਦਿਨੇ ਉਹ ਲਾਗੇ ਦੀ ਨਿੰਮ ਹੇਠ ਪਰਨਾ ਸੁੱਟਕੇ ਪਿਆ ਰਹਿੰਦਾ ਅਤੇ ਰਾਤ ਨੂੰ ਢੇਰੀ ਉੱਤੇ ਹੀ ਬਾਂਹ ਦਾ ਸਰਾਹਣਾ ਲਾਕੇ ਟੇਢਾ ਹੋ ਲੈਂਦਾ ਸੀ। ਕਦੇ ਕੋਈ ਪਿੰਡ ਤੋਂ ਆਕੇ ਦੋ ਡੰਗ ਦੀ ਰੋਟੀ ਫੜਾ ਜਾਂਦਾ ਅਤੇ ਕਦੇ ਉਹ ਲਾਗੇ ਦੇ ਢਾਬੇ ਤੋਂ ਦੋ ਰੋਟੀਆਂ ਖਾਕੇ ਗੁਜਾਰਾ ਕਰ ਲੈਂਦਾ ਸੀ। ਜਿਸ ਦਿਨ ਦਿਲ ਬਹੁਤ ਹੀ ਉਦਾਸ ਹੁੰਦਾ ਤਾਂ ਮਸਤ ਲੰਗਰ ਵੀ ਲੰਘ ਜਾਂਦਾ ਸੀ। ਉਹ ਆੜਤੀਏ ਤੋਂ ਕਈ ਵਾਰ ਪੈਸੇ ਫੜ ਚੁੱਕਿਆ ਸੀ। ਉਹ ਹਰ ਵਾਰੀ ਭੈੜਾ ਜਿਹਾ ਮੂੰਹ ਬਣਾਕੇ ਹੀ ਵੀਹ, ਪੰਜਾਹ ਰੁਪਏ ਹਥੇਲੀ ਧਰਦਾ ਸੀ। ਉਸ ਦੀ ਆਪਣੀ ਕਿਰਤ, ਉਸ ਦੇ ਅੱਗੇ ਰੁਲ ਰਹੀ ਸੀ। ਕੋਈ ਖਰੀਦਦਾਰ ਅੱਵਲ ਤਾਂ ਆਉਂਦਾ ਹੀ ਨਹੀਂ ਸੀ, ਜੇਕਰ ਬੱਧਾ ਰੁੱਧ ਕੋਈ ਆ ਵੀ ਜਾਂਦਾ ਤਾ ‘ਠੀਕ ਨਹੀਂ ਕਹਿਕੇ ਮੂੰਹ ਦੂਜੇ ਪਾਸੇ ਕਰਕੇ ਅੱਗੇ ਟੁਰ ਜਾਂਦਾ ਸੀ। ਉਹ ਕਚੀਚੀਆਂ ਵੱਟਦਾ, ਮੁੱਠੀਆਂ ਮੀਚਦਾ, ਭਵਾਂ ਚੜਾਉਂਦਾ ਪਰ ਸਿਰ ਵਾਲੀਆਂ ਗੁਰਜਾਂ ਅਤੇ ਫਰਜਾਂ ਦੀ ਪੰਡ ਉਸ ਨੂੰ ਧਰਤੀ ਵਿੱਚ ਧਸਾ ਦਿੰਦੀ ਸੀ।
ਅਮਰ ਸਿੰਘ ਅੱਧਾ ਤਾਂ ਮੰਡੀ ਵਿੱਚ ਹੀ ਮਰ ਗਿਆ ਸੀ। ਉਹ ਖੇਤ ਗੇੜਾ ਮਾਰਨ ਗਿਆ, ਬਾਕੀ ਫਸਲ ਹਾਲੀ ਖੇਤ ਵਿੱਚ ਹੀ ਰੁਲ ਰਹੀ ਵੇਖਕੇ ਉਸ ਨੂੰ ਚੱਕਰ ਜਿਹਾ ਆਇਆ ਅਤੇ ਉਹ ਉਥੇ ਹੀ ਡਿੱਗ ਪਿਆ।
ਅਮਰ ਦੀ ਅਣਆਈ ਮੌਤ ਲੋਕਾਂ ਦੀ ਸੁੱਤੀ ਸੋਚ ਜਗਾ ਰਹੀ ਸੀ।
ਹਰਦਮ ਸਿੰਘ ਮੰਡੀ ਵਿੱਚ ਝੋਨਾ ਸੁੱਟ ਤਾਂ ਬੈਠਾ ਸੀ, ਪਰ ਉਸ ਦੇ ਵਿਕਣ ਦੀ ਹਾਲੀ ਕੋਈ ਆਸ ਨਹੀਂ ਸੀ। ਉਹ ਝੋਨੇ ਦੇ ਢੇਰ ਉੱਤੇ ਪਿਆ ਮੁਸੀਬਤਾਂ ਦੀਆਂ ਗਿਣਤੀਆਂ ਕਰ ਰਿਹਾ ਸੀ। ਉਹ ਭੁੱਖੇ ਪੇਟ ਆਪਣੀ ਤੁੱਛ ਬੁੱਧੀ ਨਾਲ ਉਨ੍ਹਾਂ ਦੇ ਹੱਲ ਢੂੰਡਣ ਦੇ ਚੱਕਰਾਂ ਵਿੱਚ ਘੁੰਮ ਰਿਹਾ ਸੀ। ਅੱਧੀ ਰਾਤ ਤੱਕ ਨਾਂ ਉਸ ਦੇ ਹੱਥਾਂ ਤੋਂ ਕਿਸੇ ਹੱਲ ਦਾ ਪੱਲਾ ਹੀ ਫੜ ਹੋਇਆ ਸੀ ਅਤੇ ਨਾ ਹੀ ਉਸ ਦੀ ਅੱਖ ਲੱਗੀ ਸੀ।
ਟਰੈਕਟਰ ਦੀ ਕਿਸਤ ਦੇਣ ਦਾ ਮਸਲਾ ਸਭ ਤੋਂ ਉਪਰ ਸੀ, ਜੋ ਹਨੂੰਮਾਨ ਦੀ ਪੂਛ ਵਾਂਗ ਪ੍ਰਤੀ ਦਿਨ ਵਧੀ ਜਾ ਰਿਹਾ ਸੀ। ਦੂਜੀ ਵੱਡੀ ਮੁਸੀਬਤ ਸੁਸਾਇਟੀ ਦਾ ਕਰਜਾ ਸੀ, ਜਿਸ ਦਾ ਵਿਆਜ ਵੀ ਪੂਰਾ ਨਹੀਂ ਮੁੜਦਾ ਸੀ। ਉਸ ਦੀ ਸੋਚ ਦੇ ਹਰ ਕਦਮ ਨਾਲ ਕਈ ਨਵੀਆਂ ਪੀੜਾਂ ਦੇ ਜਨਮ ਵੀ ਹੋ ਰਹੇ ਸਨ। ਮਾਤਾ ਜੀ ਦੀ ਬਿਮਾਰੀ ਵਧਦੀ ਜਾ ਰਹੀ ਸੀ, ਘਰ ਵਾਲੀ ਦਾ ਜਨੇਪਾ ਸਿਰ ਉੱਤੇ ਪੁੱਜ ਗਿਆ ਸੀ ਅਤੇ ਸੇਠ ਤੋਂ ਵਿਆਜੂ ਫੜਿਆ ਕਰਜਾ ਵੀ ਸੰਘੀ ਘੁੱਟ ਰਿਹਾ ਸੀ।
ਉਸ ਨੂੰ ਜਾਪ ਰਿਹਾ ਸੀ ਕਿ ਉਸ ਦਾ ਵਾਲ ਵਾਲ ਕਰ ਜਾਈਏ ਅਤੇ ਉਸ ਨੂੰ ਹਰ ਪਾਸੇ ਪੈਸੇ ਹੀ ਪੈਸੇ ਦੀ ਲੋੜ ਸੀ। ਉਸ ਨੇ ਅਸਮਾਨ ਵੱਲ ਵੇਖਿਆ, ਦਿਨ ਚੜ੍ਹਨ ਵਾਲਾ ਸੀ। ਉਸ ਦੇ ਭੁੱਖੇ ਪੇਟ ਨੇ ਹੁੱਭਕੀ ਜਿਹੀ ਭਰੀ। ਉਸ ਨੇ ਦੇਰ ਤੋਂ ਉਠਕੇ ਲਾਗੇ ਦੇ ਨਲਕੇ ਤੋਂ ਰਜਕੇ ਪਾਣੀ ਪੀਤਾ ਅਤੇ ਭੁੱਖ ਦਾ ਡਕਾਰ ਮਾਰ ਕੇ ਮੂੰਹੋਂ ਵਾਹਿਗੁਰੂ ਉਚਾਰਿਆ।
ਗੁਜਨ ਸਿੰਘ ਕਦੇ ਪਿੰਡ ਦਾ ਸਰਦਾਰ ਹੁੰਦਾ ਸੀ। ਉਸ ਦੀ ਸੌ ਕਿੱਲੇ ਜ਼ਮੀਨ ਪਿੰਡ ਦੇ ਦੋਵਾਂ ਮੋਘਿਆਂ ਉੱਤੇ ਅੱਧੀ ਅੱਧੀ ਪੈਂਦੀ ਸੀ। ਚਾਰੇ ਪੁੱਤਰਾਂ ਵਿੱਚ ਵੰਡ ਸਮੇਂ ਜਮੀਨ ਟੁੱਕੜੇ ਹੋਕੇ ਰਹਿ ਗਈ ਸੀ। ਚਾਰ ਟਿਊਬਵੈੱਲ ਲਗਦਿਆਂ ਨਵੇਂ ਚਾਰ ਟਰੈਕਟਰ ਵੀ ਆ ਗਏ ਸਨ। ਨੌਜਵਾਨ ਪੀੜ੍ਹੀ ਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ ਸੀ ਅਤੇ ਸਰਦਾਰੀ ਹੈਂਕੜ ਵਿੱਚ ਕੋਈ ਛੋਟੀ ਨੌਕਰੀ ਵੀ ਨੱਕ ਹੇਠ ਨਹੀਂ ਆਈ ਸੀ। ਟਰੈਕਟਰਾਂ ਦੀਆਂ ਕਿਸ਼ਤਾਂ, ਡੀਜਲ ਦੇ ਖਰਚੇ ਅਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਨੇ ਚਾਰੇ ਪਰਿਵਾਰਾਂ ਨੂੰ ਭੁੰਝੇ ਲਾਹ ਦਿੱਤਾ ਸੀ।
ਖੇਤੀ ਖਸਮਾ ਸੇਤੀ ਅਨੁਸਾਰ ਜਦ ਮਾਲਕ ਨੇ ਖੇਤ ਗੇੜਾ ਹੀ ਨਹੀਂ ਮਾਰਨਾ ਤਾਂ ਅਨਾਜ ਦੇ ਵੋਹਲ ਉਸਰਣ ਦੀ ਗੱਲ ਸੁਪਨਾ ਹੋਕੇ ਰਹਿ ਗਈ ਸੀ। ਕਰਜੇ ਦੀਆਂ ਕਿਸ਼ਤਾਂ ਹੀ ਨਹੀਂ ਟੁੱਟਦੀਆਂ ਸਨ ਸਗੋਂ ਵਿਆਜ ਵੀ ਅਸਲ ਵਿੱਚ ਹੀ ਜੁੜਦਾ ਰਹਿੰਦਾ ਸੀ। ਆਮਦਨ ਵਿਚੋਂ ਅੱਧ ਖਾਣ ਪੀਣ ਵੱਡ ਕੇ ਲੈ ਜਾਂਦਾ ਸੀ ਅਤੇ ਬਾਕੀ ਅੱਧ ਨੂੰ ਵਿਆਹ, ਸ਼ਾਦੀਆਂ, ਨਾਨਕ ਛੱਕਾਂ, ਮਰਨੇ ਆਦਿ ਨਿਘਾਰ ਜਾਂਦੇ ਸਨ। ਛੋਟੇ ਸਰਦਾਰ ਕਰਮਜੀਤ ਸਿੰਘ ਦਾ ਝੋਨਾ ਮੰਡੀ ਰੁਲ ਰਿਹਾ ਸੀ, ਬੱਚੇ ਘਰ ਵਿਲਕ ਰਹੇ ਸਨ ਅਤੇ ਉਹ ਆੜਤੀਆਂ ਦੀ ਚਾਹ ਪੀ ਕੇ ਰਾਤ ਦਿਨ ਝੋਨੇ ਦੀਆਂ ਢੇ ਰੀਆਂ ਉੱਤੇ ਪਾਸੇ ਰਗੜ ਰਿਹਾ ਸੀ। ਸਦੀਆਂ ਤੋਂ ਦਾਤਾ ਕਹਾਉਣ ਵਾਲਾ ਮੰਗਣ ਦੀ ਸੀਮਾ ਤੱਕ ਪੁੱਜ ਗਿਆ ਸੀ। ਮਾਲਕ ਖਰੀਦਦਾਰ ਦਾ ਮੂੰਹ ਤੱਕ ਰਿਹਾ ਸੀ। ਮੁਲਕ ਕਦੇ ਭੁੱਖਾ ਮਰਦਾ ਸੀ ਪਰ ਅੱਜ ਉਪਜ ਨੂੰ ਚੁੱਕਣ ਲਈ ਨਖਰੇ ਹੋ ਰਹੇ ਹਨ।
ਗਰੀਬ ਦੀਆਂ ਭੁੱਖਾਂ ਤਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਸਨ, ਪਰ ਦਾਤੇ ਨੂੰ ਭੁੱਖ ਦਾ ਸੰਤਾਪ ਵੀ ਸਹਿਣਾ ਪੈ ਸਕਦਾ ਏ ਇਹ ਅੱਜ ਤਕ ਅਣ-ਸੋਚਿਆ ਹੀ ਸੀ।
ਮੰਡੀ ਵਿੱਚ ਪਿਆ ਝੋਨਾ ਭਾਵੇਂ ਹਾਲੀ ਵਿਕਿਆ ਨਹੀਂ ਸੀ ਪਰ ਬੱਚਿਆਂ ਲਈ ਦੀਵਾਲੀ ਉੱਤੇ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਆੜਤੀਏ ਅੱਗੇ ਫਿਰ ਹੱਥ ਅੱਡਣ ਤੋਂ ਸਿਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਸੀ। ਪਹਿਲੀ ਫੜੀ ਰਕਮ ਤਾਂ ਕਬੀਲਦਾਰੀ ਦੀਆਂ ਲੋੜਾਂ ਨੇ ਕਦ ਦੀ ਨਿਗਲ ਲਈ ਸੀ।
ਨਿਧਾਨ ਸਿੰਘ ਨੇ ਦਬਮੀ ਜਿਹੀ ਜੀਭ ਨਾਲ ਆੜਤੀਏ ਅੱਗੇ ਫਿਰ ਆਪਣੀ ਮਜਬੂਰੀ ਰੱਖ ਦਿੱਤੀ ਸੀ। “ਕਰਾਂਗੇ ਕੋਈ ਬੰਨ ਸੁੱਬ, ਜੇ ਹੋ ਸਕਿਆ।’’ ਕਹਿਕੇ ਉਹ ਆਪਣੀ ਬਹੀ ਵਿੱਚ ਖੁੱਭ ਗਿਆ ਸੀ।
ਸ਼ਾਮ ਦੇ ਚਾਰ ਵੱਜ ਚੁੱਕੇ ਸਨ। ਪਿੰਡ ਵਾਲੀ ਆਖਰੀ ਬੱਸ ਵੀ ਪੰਜ ਵਜੇ ਨਿਕਲ ਜਾਂਦੀ ਸੀ। ਉਸ ਨੇ ਹੱਥ ਅੱਗੇ ਕੱਢਕੇ ਇਸ਼ਾਰੇ ਨਾਲ ਸੇਠ ਤੋਂ ਅੰਤਮ ਵਾਰ ਫਿਰ ਮੰਗ ਕੀਤੀ। ਬੁਝੇ ਜਿਹੇ ਮਨ ਨਾਲ ਉਸਨੇ ਸੌ ਸੌ ਦੇ ਦੋ ਨੋਟ ਉਸ ਦੀ ਵਧੀ ਹਥੇਲੀ ਉੱਤੀ ਧਰਕੇ ਨਾਲ ਹੀ ਬਹੀ ਵਿੱਚ ਝਰੀਟ ਮਾਰ ਦਿੱਤੀ।
ਨਿਧਾਨ ਸਿੰਘ ਨੇ ਬਜਾਰ ਵਿੱਚੋਂ ਦੀ ਲੰਘਦਿਆਂ ਕਾਹਲੀ ਨਾਲ ਪਟਾਕੇ, ਫੁਲਝੜੀਆਂ, ਆਤਸਵਾਜੀਆਂ ਨਾਲ ਮਠਿਆਈ ਖਰੀਦ ਕੇ ਪਰਨੇ ਦੇ ਲੜ ਬੰਨ ਲਈਆਂ ਸਨ। ਸਰੋਂ ਦੇ ਤੇਲ ਦੀ ਬੋਤਲ ਹੱਥ ਵਿੱਚ ਫੜ ਕੇ ਉਹ ਚੱਕਵੇਂ ਪੈਰੀਂ ਬੱਸਾਂ ਦੇ ਅੱਡੇ ਵੱਲ ਚਲ ਪਿਆ ਸੀ।
ਉਸ ਦੇ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ, ਅੱਡੇ ਤੋਂ ਬਾਹਰ ਨਿਕਲਦੀ ਹੀ ਮਿਲ ਗਈ ਸੀ। ਬੱਸ ਸਵਾਰੀਆਂ ਚੜਾਉਂਦੀ, ਲਾਹੁੰਦੀ ਕੱਚੇ ਰਾਹ ਉੱਤੇ ਕੀੜੀ ਦੀ ਚਾਲ ਚੱਲ ਰਹੀ ਸੀ। ਸੂਰਜ ਛੁਪ ਰਿਹਾ ਸੀ, ਉਸਦਾ ਪਿੰਡ ਹਾਲੀ ਵੀ ਪੰਜ ਮੀਲ ਦੂਰ ਸੀ ਅਤੇ ਬੱਸ ਖਰਾਬ ਹੋ ਕੇ ਖੜ੍ਹ ਗਈ ਸੀ। ਜਦ ਉਹ ਟੁਰਕੇ ਪਿੰਡ ਪੁੱਜਿਆ, ਦੀਵਾਲੀ ਦੇ ਦੀਵੇ ਬੁੱਝ ਚੁੱਕੇ ਸਨ, ਗਲੀਆਂ ਵਿੱਚ ਮੌਤ ਵਰਗੀ ਚੁੱਪ ਸੀ। ਉਸ ਦੇ ਘਰ ਪੁੱਜਦੇ ਨੂੰ ਸਾਰੇ ਬੱਚੇ ਸੌਂ ਚੁੱਕੇ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਘਰਾਲਾਂ ਜੰਮੀਆਂ ਹੋਈਆਂ ਸਨ।
ਗੁਰਦੀਪ ਸਿੰਘ ਬਹੁਤ ਹੀ ਭੈੜੀ ਅਤੇ ਚਿੰਤਾ ਜਨਕ ਹਾਲਤ ਵਿੱਚ ਕਿਸੇ ਦੀ ਮਦਦ ਨਾਲ ਹਸਪਤਾਲ ਪਹੁੰਚ ਗਿਆ ਸੀ। ਹਸਪਤਾਲ ਪਹੁੰਚ ਕੇ ਚਿੰਤਾ ਹੋਰ ਵੀ ਵਧ ਗਈ। ਉਸ ਨੂੰ ਤੁਰੰਤ ਖੂਨ ਦੀ ਲੋੜ ਸੀ ਪਰ ਉਸ ਦੇ ਗਰੁੱਪ ਓ ਨੈਗਟਿਵ ਦਾ ਖੂਨ ਹਸਪਤਾਲ ਵਿੱਚ ਕੁੱਲ ਖਤਮ ਹੋ ਗਿਆ ਸੀ। ਅੰਤਮ ਸਾਹਾਂ ਉੱਤੇ ਇੱਕ ਸਿਆਸੀ ਲੀਡਰ ਨੂੰ ਕਾਹਲੀ ਵਿੱਚ ਬਾਹਰ ਨਾਹਰੇ ਸੁਣਕੇ- ਸਾਰਾ ਖੂਨ ਹੀ ਚੜ੍ਹਾ ਦਿੱਤਾ ਸੀ। ਉਸ ਦਾ ਅੰਤ ਫਿਰ ਵੀ ਟਾਲਿਆ ਨਹੀਂ ਸੀ ਜਾ ਸਕਿਆ।
ਗੁਰਦੀਪ ਤਾਂ ਇੱਕ ਅੱਤ ਗਰੀਬ ਮਜ਼ਦੂਰ ਸੀ ਜੋ ਹਰ ਰੋਜ਼ ਸਾਈਕਲ ਉੱਤੇ ਦਿਹਾੜੀ ਕਰਨ ਸ਼ਹਿਰ ਜਾਇਆ ਕਰਦਾ ਸੀ। ਅੱਜ ਮੂੰਹ ਹਨੇਰੇ ਸੜਕ ਉੱਤੇ ਜਾਂਦਿਆਂ ਕੋਈ ਟਰੱਕ ਵਾਲਾ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਮਰਨ ਲਈ ਉੱਥੇ ਛੱਡ ਕੇ ਆਪ ਰਫੂ ਚੱਕਰ ਹੋ ਗਿਆ ਸੀ।
ਸਰਕਾਰੀ ਹਸਪਤਾਲ ਦੇ ਡਾਕਟਰ ਨੇ ਸ਼ਹਿਰ ਦੀ ਖੂਨਦਾਨ ਭਲਾਈ ਸਭਾ ਅਤੇ ਬਹੁਤ ਸਾਰੇ ਸਬੰਧਤ ਗਰੁੱਪ ਦੇ ਖੁਨ ਦਾਨੀਆਂ ਨੂੰ ਤੁਰੰਤ ਖੁਨ ਦੇਣ ਲਈ ਟੈਲੀਫੋਨ ਤਾਂ ਕੀਤੇ ਸਨ ਪਰ ਸਮੇਂ ਸਿਰ ਖੂਨ ਦੇਣ ਤਾਂ ਕੋਈ ਕੀ ਪੁੱਜਣਾ ਸੀ ਸਮੇਂ ਤੋਂ ਪਿੱਛੋਂ ਵੀ ਕੋਈ ਸਭਾ ਦਾ ਮੈਂਬਰ ਜਾਂ ਖੂਨਦਾਨੀ ਉਸ ਗਰੀਬ ਦੀ ਮੌਤ ਉੱਤੇ ‘ਹਾਅ ਦਾ ਨਾਹਰਾ ਮਾਰਨ ਲਈ ਵੀ ਨਹੀਂ ਸੀ ਪੁੱਜਿਆ।
ਸ਼ਹਿਰ ਵਿਚੋਂ ਲੰਘਦੀ ਸੜਕ ਉੱਤੇ ਅਤੇ ਵੱਡੇ ਟੋਭੇ ਦੇ ਆਸੇ ਪਾਸੇ ਝੌਪੜੀਆਂ ਦੇ ਦੋ ਹੀ ਵੱਡੇ ਗੜ੍ਹ ਸਨ। ਕਮੇਟੀ ਦੀਆਂ ਵੋਟਾਂ ਪੈਣ ਦੀ ਪੂਰਬ ਸੰਧਿਆ ਦੇ ਘੁੱਪ ਹਨੇ ਰੇ ਵਿੱਚ ਜੀਪਾਂ ਦੇ ਨਾਲ ਇੱਕ ਟਰੱਕ ਸੜਕ ਕੰਢੇ ਆਕੇ ਰੁਕ ਗਿਆ ਸੀ। ਕੁਝ ਅਣਪਛਾਤੇ ਵਿਅਕਤੀਆਂ ਨੇ ਬੈਟਰੀਆਂ ਦੀ ਸਹਾਇਤਾ ਨਾਲ ਹਰ ਭੁੱਗੀ ਦੀ ਪੜਤਾਲ ਕਰਨੀ ਆਰੰਭ ਦਿੱਤੀ ਸੀ। ਉਹ ਖਾਣ-ਪੀਣ ਦਾ ਸਾਮਾਨ ਦੇ ਕੇ, ਭੁੱਗੀ ਦੇ ਮੁਖੀ ਨਾਲ ਦੋ ਗੱਲਾਂ ਕਰਦੇ ਅਤੇ ਇੱਕ ਲਫਾਫਾ ਫੜਾਕੇ ਦੂਜੀ ਝੌਪੜੀ ਅੱਗੇ ਜਾ ਰੁਕਦੇ ਸਨ। ਇੱਕ ਘੰਟੇ ਵਿੱਚ ਝੁੱਗੀਆਂ ਵਾਲਿਆਂ ਦੇ ਦਿਲ ਧੜਕਣ, ਹੱਥ ਚੱਲਣ ਅਤੇ ਮੂੰਹ ਬੋਲਣ ਲੱਗ ਗਏ ਸਨ।
ਟੋਭੇ ਵਾਲੀਆਂ ਝੌਪੜੀਆਂ ਵਿੱਚ ਵੀ ਕੁਝ ਅਜਿਹਾ ਹੀ ਪ੍ਰਬੰਧ ਕਰਨ ਵਿੱਚ ਦੂਜੀ ਪਾਰਟੀ ਰੁੱਝੀ ਹੋਈ ਸੀ।
ਅੱਧੀ ਰਾਤ ਨੂੰ ਝੌਪੜੀਆਂ ਵਿਚੋਂ ਫਟੜਾਂ ਦੇ ਮੰਜੇ ਹਸਪਤਾਲ ਪੁੱਜਣੇ ਅਰੰਭ ਹੋ ਗਏ ਸਨ। ਦਿਨ ਚੜ੍ਹਦੇ ਨੂੰ ਮਰਦ ਵੋਟਰ ਪੱਟੀਆਂ ਵਿੱਚ ਜਕੜੇ ਫੱਟਾਂ ਦੇ ਦਰਦਾਂ ਨਾਲ ਕੁਰਾਹ ਰਹੇ ਸਨ ਅਤੇ ਇਸਤਰੀ ਵੋਟਰ ਉਨ੍ਹਾਂ ਦੇ ਮੂੰਹਾਂ ਵਿੱਚ ਪਾਣੀ ਪਾ ਰਹੀਆਂ ਸਨ। ਅੱਧ-ਨੰਗੇ ਬੱਚੇ ਰਾਤ ਦੀ ਲੜਾਈ ਤੋਂ ਡਰੇ ਆਪਣੀਆਂ ਮਾਵਾਂ ਦੇ ਗੋਡਿਆਂ ਨਾਲ ਸਹਿਮੇ . ਬੈਠੇ ਸਨ। ਵੋਟਾਂ ਦੇ ਏਜੰਟ ਮੁਖੀਆਂ ਦੇ ਚਿਹਰਿਆਂ ਦੀ ਪਹਿਚਾਣ ਵਿੱਚ ਰੁੱਝੇ ਹੋਏ ਸਨ।
ਧਰਮਜੀਤ ਕੌਰ ਆਪਣੇ ਸੌਹਰੇ ਪਿੰਡ ਤੋਂ ਕਦੇ ਸ਼ਹਿਰ ਇਕੱਲੀ ਨਹੀਂ ਗਈ ਸੀ। ਆਪਦੀਆਂ ਨਿੱਜੀ ਲੋੜਾਂ ਦੀਆਂ ਚੀਜਾਂ ਖਰੀਣ ਲਈ ਉਸ ਨੂੰ ਸ਼ਹਿਰ ਜਾਣਾ ਜਰੂਰ ਪੈਂਦਾ ਸੀ। ਅੱਜ ਵੀ ਉਹ ਇੱਕ ਜਨਾਨੀ ਅਤੇ ਆਪਣੀ ਨਨਦ ਨਾਲ ਜਦ ਸ਼ਹਿਰ ਦੀ ਇੱਕ ਮੁਨਿਆਰੀ ਦੀ ਦੁਕਾਨ ਵਿੱਚ ਖੜ੍ਹੀ ਕੁਝ ਖਰੀਦ ਰਹੀ ਸੀ ਤਾਂ ਇੱਕ ਨੌਜਵਾਨ ਨੇ ਬੜੇ ਤਪਾਕ ਨਾਲ ਉਸ ਨੂੰ ਫਤਹਿ ਬੁਲਾਈ।
ਉਹ ਆਪਣੀਆਂ ਸਾਥਣਾਂ ਨੂੰ ਸੌਦਾ ਖਰੀਦਣ ਲਈ ਕਹਿਕੇ, ਦੋ ਗੱਲਾਂ ਕਰਨ ਲਈ ਉਸ ਨੌਜਵਾਨ ਦੇ ਨਾਲ ਹੀ ਦੁਕਾਨ ਤੋਂ ਬਾਹਰ ਆ ਗਈ ਸੀ। ਉਹ ਗੱਲਾਂ ਕਰਦੇ ਟੁਰਦੇ ਗਏ ਅਤੇ ਚਾਹ ਪੀਣ ਲਈ ਇੱਕ ਦੁਕਾਨ ਉੱਤੇ ਬੈਠ ਗਏ ਸਨ।
ਨੌਜਵਾਨ ਨੇ ਉਨ੍ਹਾਂ ਦੇ ਸਾਂਝੇ ਪਿੰਡ ਦੀਆਂ ਗੱਲਾਂ ਕੀਤੀਆਂ, ਕਾਲਜ ਦੇ ਦਿਨਾਂ ਦੀਆਂ ਯਾਦਾਂ ਵਿੱਚ ਮੁੜ ਰੰਗ ਭਰੇ ਅਤੇ ਇੱਕ ਦੂਜੇ ਦੇ ਬੱਚਿਆਂ ਦੀ ਸੁੱਖ ਸਾਂਦ ਪੁੱਛੀ। ਮੁੰਡੇ ਨੇ ਭੈਣ ਉੱਤੇ ਗਿਲਾ ਕੀਤਾ ਕਿ ਉਸ ਨੇ ਸੋਹਰੀ ਆਕੇ ਕਦੇ ਵੀ ਰੱਖੜੀ ਨਹੀਂ ਭੇਜੀ, ਪਿੰਡ ਵਿੱਚ ਰਹਿੰਦੀ ਤਾਂ ਉਹ ਹਰ ਸਾਲ ਉਸ ਨੂੰ ਰੱਖੜੀ ਬਣਿਆ ਕਰਦੀ ਸੀ। ਨੌਜਵਾਨ ਨੇ ਮਠਿਆਈ ਦੇ ਡੱਬੇ ਨਾਲ ਸੌ ਰੁਪਏ ਦਾ ਨੋਟ ਦੇ ਕੇ ਭੈਣ ਨੂੰ ਵਿਦਾ ਕਰ ਦਿੱਤਾ।
ਉਸ ਦੀਆਂ ਸਾਥਨਾਂ ਦੁਕਾਨ ਉੱਤੋਂ ਜਾ ਚੁੱਕੀਆਂ ਸਨ। ਉਸ ਨੇ ਸ਼ਹਿਰ ਵਿੱਚ ਉਨ੍ਹਾਂ ਨੂੰ ਦੂਡਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਵੀ ਲੱਭ ਨਾ ਸਕੀਆਂ। ਉਹ ਆਖਰੀ ਬਸ ਫੜ ਕੇ ਪਿੰਡ ਪਹੁੰਚ ਗਈ ਸੀ। ਉਸ ਦੇ ਪਿੰਡ ਵੜਣ ਤੋਂ ਪਹਿਲਾਂ ਹੀ ਖੰਭਾਂ ਦੀਆਂ ਡਾਰਾਂ ਬਣ ਗਈਆਂ ਸਨ। ਪਿੰਡ ਦੀ ਹਰ ਅੱਖ ਉਸ ਦੇ ਮੂੰਹ ਨੂੰ ਨਿਹਾਰ ਕੇ ਉਸ ਦੇ ਤਨ ਨੂੰ ਟੋਹ ਰਹੀ ਸੀ।
‘ਮੈਂ ਕਿਹਾ ਜੀ ਅੱਜ ਦਫਤਰ ਵਿੱਚੋਂ ਸਮਾ ਕੱਢਕੇ ਘਰ ਬੱਚਿਆਂ ਕੋਲ ਗੇੜਾ ਮਾਰ ਜਾਣਾ, ਮੈਂ ਤਾਂ ਸ਼ਾਮ ਨੂੰ ਹੀ ਮੁੜ ਸਕਾਂਗੀ। ਪਤਨੀ ਨੇ ਤਿਆਰ ਹੁੰਦਿਆਂ ਪਤੀ ਨੂੰ ਕਿਹਾ।
“ਕੀ ਗੱਲ ਅੱਜ ਕੋਈ ਕਿੱਟੀ ਪਾਰਟੀ ਏ? “ਨਹੀ, ਕੋਈ ਕਿੱਟੀ ਪਾਰਟੀ ਨਹੀਂ।” “ਕਿਸੇ ਸਹੇਲੀ ਦਾ ਜਨਮ ਦਿਨ ਹੋਣੈ?” “ਨਹੀਂ, ਉਹ ਵੀ ਨਹੀਂ।” ‘ਤਾਂ ਫਿਰ ਕਿਸੇ ਦੇ ਬੱਚੇ ਦਾ ਹੈਪੀ ਬਰਥ ਡੇ ਹੋਵੇਗਾ? “ਅਜਿਹਾ ਵੀ ਕੁਝ ਨਹੀਂ। “ਕਿਤੇ ਅੱਜ ਤੁਹਾਡਾ ਲਾਟਰੀ ਦਿਨ ਤਾਂ ਨੀ?? “ਅੱਠ ਤਾਰੀਖ ਨੂੰ ਲਾਟਰੀ ਦਿਨ ਕਿੱਥੋਂ ਆ ਗਿਆ। “ਅੱਛਾ, ਅੱਛਾ ਅੱਜ ਕੌਮਾਂਤਰੀ ਇਸਤਰੀ ਦਿਵਸ ਏ।”
“ਹਾਂ ਇਹੀ ਦਿਨ ਏ ਅੱਜ ਮਰਦ ਪ੍ਰਧਾਨ ਸਮਾਜ ਵਿੱਚ ਅੱਜ ਅਸੀਂ ਮਰਦਾਂ ਨੂੰ ਲਲਕਾਰਾਂਗੀਆਂ। ਉਨ੍ਹਾਂ ਦੀਆਂ ਵਧੀਕੀਆਂ ਦੱਸਾਂਗੀਆਂ ਅਤੇ ਔਰਤ ਜਾਤੀ ਨੂੰ ਹਲੂਣਕੇ । ਜਗਾਵਾਂਗੀਆਂ। ਆਪਣੇ ਹੱਕ ਮੰਗਾਂਗੀਆਂ, ਨਹੀਂ ਸੱਚ ਖੋਹਾਂਗੀਆਂ। ਸਵਾਲ ਸੁਣਾਗੀਆਂ ਨਹੀਂ, ਸਵਾਲ ਕਰਾਂਗੀਆਂ। ਸਾਡੇ ਹੱਕ ਤਲੀ ਤੇ ਰੱਖ।
ਮਰਦ ਨੇ ਤਾੜੀ ਮਾਰੀ ‘ਵਾਹ ਬਹੁਤ ਖੂਬ! ਅਜਿਹੇ ਕਈ ਦਿਨ ਆਕੇ ਲੰਘ ਗਏ ਹਨ ਅੱਜ ਕਲ ਤਾਂ ਰੂੜੀ ਦੀ ਵੀ ਬਾਰਾਂ ਸਾਲ ਪਿਛੋਂ ਨਹੀਂ ਸੁਣੀ ਜਾਂਦੀ।’ ਘਰ ਵਾਲੀ ਨੂੰ ਅੰਦਰ ਡੱਕਕੇ, ਮਰਦ ਜਾਂਦਾ ਹੋਇਆ ਬਾਹਰੋਂ ਬੂਹਾ ਬੰਦ ਕਰਕੇ ਜਿੰਦਰਾ ਮਾਰ ਗਿਆ
ਸੀ।
ਗੁਰਦਸ਼ਨ ਸਿੰਘ ਦੀ ਸ਼ਹਿਰ ਵਿੱਚ ਪਿਆਰ, ਸਤਿਕਾਰ ਅਤੇ ਨਫ਼ਰਤ ਰਲੀ ਮਿਲੀ ਸੀ। ਉਹ ਕੰਮ ਕਰਦਾ ਤਾਂ ਕਦੇ ਵੇਖਿਆ ਨਹੀਂ ਸੀ ਪਰ ਚੰਗੇ ਖਾਣ-ਪੀਣ ਅਤੇ ਪਹਿਨਣ ਦਾ ਉਸ ਨੂੰ ਠਰਕ ਜਿਹਾ ਸੀ। ਜੇ ਉਸ ਦੀ ਵਡਿਆਈ ਕਰਨ ਵਾਲੇ ਬਹੁਤ ਲੋਕ ਸਨ ਤਾਂ ਉਸ ਦੀਆਂ ਕਰਤੂਤਾਂ ਫਰੋਲਣ ਵਾਲਿਆਂ ਦਾ ਵੀ ਘਾਟਾ ਨਹੀਂ ਸੀ।
ਜਦ ਕਦੇ ਵੀ ਉਸ ਦੇ ਹੱਥ ਕਿਤੋਂ ਕੋਈ ਪੈਸਾ ਲਗਦਾ ਤਾਂ ਅਪਾਹਜਾਂ ਨੂੰ ਭੰਡਾਰਾ ਅਤੇ ਕੱਪੜੇ ਵੰਡਣਾ ਉਹ ਕਦੇ ਨਹੀਂ ਭੁਲਦਾ ਸੀ। ਇਹ ਦਾਨ ਹੀ ਉਸ ਦੀ ਚੜੀ ਗੁੱਡੀ ਦੀ ਡੋਰ ਸੀ ਜਾਂ ਉਸਦੀ ਆਪਣੀ ਤੀਖਣ ਸੋਚ ਇਸ ਦਾ ਸਹਾਰਾ ਬਣਦੀ ਸੀ, ਕੁਝ ਨਹੀਂ ਕਿਹਾ ਜਾ ਸਕਦਾ ਪਰ ਉਸ ਦੀ ਗੁੱਡੀ ਸਦਾ ਅਕਾਸ਼ੀ ਚੜੀ ਰਹਿੰਦੀ ਸੀ।
ਅਪਾਹਜ ਅੱਜ ਭੰਡਾਰਾ ਤਾਂ ਖਾ ਚੁੱਕੇ ਸਨ ਪਰ ਕੱਪੜੇ ਵੰਡਣ ਲਈ ਸਰਦਾਰ ਹਾਲੀ ਪੁੱਜਿਆ ਨਹੀਂ ਸੀ। ਉਸ ਦੇ ਕਰਿੰਦੇ ਉਦਾਸ ਅਤੇ ਚੁੱਪ ਚਾਪ ਕੰਮੀ ਰੁੱਝੇ ਹੋਏ ਸਨ। ਉਹ ਵੀ ਕੁਝ ਨਹੀਂ ਦਸ ਰਹੇ ਸਨ।
ਲਾਊਡ-ਸਪੀਕਰ ਉਤੇ ਸੂਚਨਾ ਦਿੱਤੀ ਗਈ ਕਿ ਇੱਕ ਹਾਦਸੇ ਵਿੱਚ ਸਰਦਾਰ ਸਾਹਿਬ ਦੀ ਸੱਜੀ ਬਾਂਹ ਅਤੇ ਖੱਬੀ ਲੱਤ ਕੱਟੀਆਂ ਗਈਆਂ ਸਨ। ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਪੀ.ਜੀ.ਆਈ. ਪਹੁੰਚਾ ਦਿੱਤਾ ਗਿਆ ਸੀ।
ਅਪਾਹਜਾਂ ਨੂੰ ਆਪਣੇ ਮਸੀਹੇ ਦੀ ਅਪਾਹਜਤਾ ਉੱਤੇ ਦੁੱਖ ਨਾਲੋਂ ਹੈਰਾਣੀ ਵਧੇ ਰੇ ਸੀ।
‘‘ਬੰਤਿਆ, ਕੇਨੀ ਕੁ ਤੇਲ ਤਾਂ ਦਈਂ ਕਈ ਦਿਨ ਤੋਂ ਪੰਪ ਤੇ ਤੇਲ ਨਹੀਂ ਆ ਰਿਹਾ ਤੇ ਵੱਤਰ ਮੁੱਕਦਾ ਜਾਂਦੈ।”
“ਸਰਦਾਰ ਜੀ, ਤੁਹਾਨੂੰ ਇੰਨਕਾਰੀ ਥੋੜੇ ਆਂ ਪਰ ਤੇਲ ਤਾਂ ਮੇਰੇ ਕੋਲੋਂ ਵੀ ਮੁੱਕਾਅ। ਦੋ ਦਿਨਾਂ ਤੋਂ ਚੱਕੀ ਵੀ ਬੰਦ ਪਈ ਆ। ਦਾਣੇ ਪੀਹਣ ਵਾਲੀਆਂ ਪੰਡਾਂ ਕੱਠੀਆਂ ਹੋਈਆਂ ਨੇ ਸਗੋਂ।”
‘‘ਤੇ ਜਿਹੜਾ ਓਦਨ ਕਾਟ ਤੇ ਲਿਆਂਦਾ ਸੀ।”
“ਉਹ ਤਾਂ ਮੁੰਡਾ ਰਾਹ `ਚ ਹੀ ਸਾਰਾ ਡੋਲ ਆਇਆ ਸੱਟਾਂ ਵੱਖਰੀਆਂ ਲੁਆਈ ਬੈਠੇ।”
ਤੇਲ ਵਾਲੇ ਡਰੰਮ ਨੂੰ ਉਹਨੇ ਅੰਦਾਜ਼ਾ ਲਗਾਇਆ ਕਿ ਡਰੰਮ ਅਧਿਓਂ ਜ਼ਿਆਦਾ ਭਰ ਗਿਐ। ਜਿਉਂ ਜਿਉਂ ਡਰੰਮ ਦਾ ਖਲਾਅ ਭਰਦਾ ਜਾਂਦਾ ਓਸ ਦੀਆਂ ਗੱਲਾਂ ਦਾ ਰੰਗ ਉਘੜਦਾ ਆਉਂਦਾ। ਘੜੀ ਮੁੜੀ ਉਹਦੇ ਕੰਨਾਂ ਵਿਚ ਬਾਪੂ ਦੇ ਕਹੇ ਬੋਲ ਗੂੰਜਣ ਲਗ ਪੈਂਦੇ।
“ਬਸ ਐਤਕੀ ਹਾੜੀ ਪਿੱਛੋਂ ਆਪਾਂ ਕੁੜੀ ਦੇ ਹੱਥ ਪੀਲੇ ਕਰ ਦੇਣੇ ਆ। ਪਿਛਲੀ ਵੇਰ ਡੀਜ਼ਲ ਨੇ ਧੋਖਾ ਦਿੱਤਾ ਸੀ। ਇਸੇ ਕਰਕੇ ਹੁਣ ਤੋਂ ਹੀ ਥੋੜਾ ਥੋੜਾ ਕਰਕੇ `ਕੱਠਾ ਕਰਦਾ ਪਿਆ ਹਾਂ। ਦਿਨ ਰਾਤ ਡਰੰਮੀ ਤੇ ਕਣਕ ਗਾਹ ਕੁੜੀ ਦੇ ਫੇਰਿਆਂ ਜੋਗੇ ਦਾਣੇ ਬਣਾ ਲੈਣੇ ਆ।
ਤੇ ਫਿਰ ਉਸਦਾ ਧਿਆਨ ਨੰਬਰਦਾਰ ਤੇ ਬਾਪੂ ਨਾਲ ਹੋਈ ਗੱਲਬਾਤ ਵਲ ਚਲਾ ਗਿਆ ਤੇ ਇਕ ਮੁਸਕਾਨ ਉਸਦੇ ਬੁੱਲਾਂ ਤੇ ਫੈਲ ਗਈ।
ਪੁਲੀਸ ਦੀ ਜੀਪ ਆਪਣੇ ਬੂਹੇ ਤੇ ਖਲੋਂਦੀ ਵੇਖ ਇਕ ਚੀਕ ਉਹਦੇ ਮੂੰਹ ਤੀਕ ਆਈ।
“ਓਏ ਬੰਤਿਆ, ਬਾਹਰ ਆ ਚੌਧਰੀ ਸਾਬ ਆਏ ਨੇ।’’ ਢਿਲਕੀ ਪੱਗ ਦਾ ਪੱਲਾ ਸੂਤ ਕਰਦਿਆਂ ਉਹ ਥਾਣੇਦਾਰ ਅੱਗੇ ਝੁਕ ਗਿਆ। ਉਸ ਦੀਆਂ ਅੱਖਾਂ ਅੱਗੇ ਸੁਆਲੀਏ ਨਿਸ਼ਾਨ ਘੁੰਮਣ ਲੱਗੇ।
“ਸੁਣਿਐ ਬਈ ਤੂੰ ਤੇਲ ਦਾ ਸਟਾਕ ਕੀਤੇ।” ਪੜਤਾਲਵੀ ਨਜ਼ਰ ਨਾਲ ਥਾਣੇਦਾਰ ਨੇ ਆਲੇ ਦੁਆਲੇ ਵੇਖਦਿਆਂ ਕਿਹਾ ਤੇ ਇਸ਼ਾਰਾ ਮਿਲਦਿਆਂ ਹੀ ਕੋਲ ਖੜੇ ਸਿਪਾਹੀਆਂ ਨੇ ਘਰ ਫੋਲਣਾ ਸ਼ੁਰੂ ਕਰ ਦਿੱਤਾ।
“ਓਏ ਐਹ ਕੀ ਏ ਡਰੰਮ ਵਿਚ!” ਪਾਟੀਆਂ ਬੋਰੀਆਂ ਦੇ ਢੇਰ ਹੇਠਾਂ ਡਰੰਮ ਨੰਗਾ ਹੁੰਦਾ ਵੇਖ ਥਾਣੇਦਾਰ ਕੁਕਿਆ।
“ਜਨਾਬ ਦਾਣੇ ਕੱਢਣ ਆਸਤੇ ਰਖਿਐ। ਬੱਚਿਆਂ ਆਲਿਆ ਇਸੇ ਸਿਰੋਂ ਸਾਲ ਭਰ ਦੇ ਦਾਣੇ ਕੱਢਣੇ ਆਂ।’
ਸਾਡੇ ਦਾਣਿਆਂ ਦਾ ਵੀ ਚੇਤਾ ਰੱਖਣਾ ਸੀ। ਕਹਿੰਦਿਆਂ ਡਰੰਮ ਨੰਬਰਦਾਰ ਦੇ ਟਰੈਕਟਰ ਤੇ ਰਖਵਾ ਥਾਣੇਦਾਰ ਨੇ ਬੰਤੇ ਨੂੰ ਉਸ ਦੀਆਂ ਬਾਹਵਾਂ ਉਸੇ ਦੀ ਪੱਗ ਨਾਲ ਜੁੜ ਅਗੇ ਲਾ ਲਿਆ।