ਮੈਨੂੰ ਕਹਿੰਦਾ ਸੂਟ ਨੀ ਪਾਉਂਦੀ,
ਮੈਨੂੰ ਕਹਿੰਦਾ ਸੂਟ ਨੀ ਪਾਓਂਦੀ,
ਮੈਂ ਪਾ ਲਿਆ ਚਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
Jago Boliyan
ਕਿੱਕਰ ਵੱਢੀ ਤਾਂ ਕੁਛ ਨਾ ਬਣਾਇਆ
ਤੂਤ ਵੱਢੇ ਤੋਂ ਲਹਿੰਗਾ
ਲਾ ਕੇ ਦੋਸਤੀਆਂ
ਸੱਥ ਵਿਚਾਲੇ ਬਹਿੰਦਾ।
ਨੌਕਰ ਨੂੰ ਧੀ ਦੇਈਂ ਨਾ ਬਾਬਲਾ,
ਹਾਲੀ ਪੁੱਤ ਬਥੇਰੇ।
ਨੌਕਰ ਨੇ ਤਾਂ ਚੱਕਿਆ ਬਿਸਤਰਾ,
ਹੋ ਗਿਆ ਗੱਡੀ ਦੇ ਨੇੜੇ।
ਮੈਂ ਤੈਨੂੰ ਵਰਜ ਰਹੀ,
ਦੇਈਂ ਨਾ ਬਾਬਲਾ ਫੇਰੇ।
ਮਾਪਿਆਂ ਦੇ ਘਰ ਪਲੀ ਲਾਡਲੀ,
ਮਾਪਿਆਂ ਦੇ ਘਰ ਪਲੀ ਲਾਡਲੀ,
ਖਾਵਾਂ ਦੁੱਧ ਮਲਾਈਆਂ…
ਬਈ ਤੁਰਦੀ ਦਾ ਲੱਕ ਝੂਟੇ ਖਾਵੇ,
ਤੁਰਦੀ ਦਾ ਲੱਕ ਝੂਟੇ ਖਾਵੇ,
ਪੈਰੀਂ ਝਾਂਜਰਾਂ ਪਾਈਆਂ…
ਗਿੱਧੇ ਵਿੱਚ ਨੱਚਦੀ ਦਾ,
ਦੇਵੇ ਰੂਪ ਦੁਹਾਈਆਂ…
ਸੱਸਾਂ-ਸੱਸਾਂ ਹਰ ਕੋਈ ਕਹਿੰਦਾ
ਰੀਸ ਨਾ ਹੁੰਦੀ ਮਾਵਾਂ ਦੀ
ਮੈਂ ਮਛਲੀ
ਮੈਂ ਮਛਲੀ ਦਰਿਆਵਾਂ ਦੀ।
ਨੌਕਰ ਨੂੰ ਤਾਂ ਨਾਰ ਪਿਆਰੀ,
ਜਿਉਂ ਵਾਹਣਾਂ ਨੂੰ ਪਾਣੀ।
ਲੱਗੀ ਦੋਸਤੀ ਚੱਕੀਆਂ ਸ਼ਰਮਾਂ,
ਰੋਟੀ ਕੱਠਿਆਂ ਖਾਣੀ।
ਭਿੱਜ ਗਈ ਬਾਹਰ ਖੜ੍ਹੀ,
ਤੈਂ ਛੱਤਰੀ ਨਾ ਤਾਣੀ।
ਏਧਰ ਕਣਕਾਂ, ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਟੁੱਟੀ ਮੰਜੀ ਬਾਣ ਪੁਰਾਣਾ
ਵਿੱਚ ਦੀ ਦੀਹਦੀ ਗੁਤਣੀ
ਇੱਕ ਤੇਰੀ ਅੜ ਭੰਨਣੀ
ਲੈਣ ਦੇਣ ਨੂੰ ਕੁਛ ਨੀ।
ਚੱਕ ਲਿਆ ਟੋਕਰਾ ਚਲ ਪਈ ਖੇਤ ਨੂੰ,
ਮੈਂ ਵੀ ਮਗਰੇ ਆਇਆ।
ਵੱਟਾਂ ਡੋਲੇ ਸਾਰੇ ਫਿਰ ਗਿਆ,
ਤੇਰਾ ਮਨ੍ਹਾਂ ਨਾ ਥਿਆਇਆ।
ਪਾਣੀ ਪਿਆ ਪਤਲੋ,
ਮਰ ਗਿਆ ਯਾਰ ਤਿਹਾਇਆ।
ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਇੱਕ ਤੇਲ ਦੀ ਕੁੱਪੀ
ਇੱਕ ਘਿਓ ਦੀ ਕੁੱਪੀ
ਰਿਹਾ ਕੋਲ ਤੂੰ ਖੜ੍ਹਾ
ਵੇ ਮੈਂ ਜੇਠ ਨੇ ਕੁੱਟੀ।
ਮਲਕਾ ਜਾਂਦੀ ਨੇ ਰਾਜ ਕਰ ਲਿਆ,
ਪਹਿਨੇ ਪੱਟ ਮਰੀਨਾਂ।
ਲੋਹੇ ਦੇ ਝੋਟੇ ਤੇਲ ਮੂਤਦੇ,
ਜੋੜੇ ਸਿਊਣ ਮਸ਼ੀਨਾਂ।
ਤੂੜੀ ਖਾਂਦੇ ਬੈਲ ਹਾਰ ਗਏ,
ਗੱਭਰੂ ਗਿੱਝ ਗਏ ਫੀਮਾਂ।
ਲਹਿੰਗਾ ਹਰ ਕੁਰ ਦਾ,
ਲਿਆ ਵੇ ਯਾਰ ਸ਼ੌਕੀਨਾ।