Harpreet Singh Jawanda punjabi stories
ਅਜੇ ਵੀ ਯਾਦ ਏ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ…
“ਵੇ ਗੁਰਮੁਖ ਸਿਆਂ ਅਜੇ ਵੀ ਸੋਚ ਵਿਚਾਰ ਕਰ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਏ..ਕੋਈ ਉਚੀ ਨਵੀਂ ਹੋ ਗਈ ਤਾਂ…ਕਿਥੇ ਕਿਥੇ ਸਫਾਈਆਂ ਦਿੰਦਾ ਫਿਰੇਂਗਾ”
ਉਸਦੀ ਗੱਲ ਸੁਣ ਡੈਡ ਨੇ ਭੂਆ ਵਾਲਾ ਸੁਆਲ ਮੇਰੇ ਤੁਰੀ ਜਾਂਦੀ ਵੱਲ ਨੂੰ ਤੋਰ ਦਿੱਤਾ ਸੀ
ਮੈਂ ਅੱਗੋਂ ਅੱਖਾਂ ਮੀਚ ਇੱਕ ਆਖਰੀ ਤਸੱਲੀ ਜਿਹੀ ਦਿੱਤੀ ਤਾਂ ਉਹ ਬੇਫਿਕਰ ਜਿਹਾ ਹੋ ਗਿਆ ਪਰ ਉਸਦੀਆਂ ਅੱਖਾਂ ਅਜੇ ਵੀ ਗਿੱਲੀਆਂ ਸਨ!
ਫੇਰ ਕਨੇਡਾ ਦੀ ਧਰਤੀ ਤੇ ਉੱਤਰਦਿਆਂ ਹੀ ਕਿਰਾਏ ਵਾਲੀ ਡੂੰਘੀ ਜਿਹੀ ਬੇਸਮੇਂਟ…ਪਹਿਲਾਂ-ਪਹਿਲ ਇੰਝ ਲਗਿਆ ਕਰੇ ਕੇ ਸਾਹ ਘੁੱਟ ਕੇ ਮਰ ਜਾਵਾਂਗੀ..
ਫੇਰ ਗੱਲ ਗੱਲ ਤੇ ਨੁਕਸ ਕੱਢਦੀ ਮਾਲਕਣ ਆਂਟੀ…ਫੋਨ ਤੇ ਗੱਲ ਕਰਦੀ ਦੀਆਂ ਬਿੜਕਾਂ ਰੱਖਦੀ ਓਹਨਾ ਦੀ ਬੇਬੇ…ਅੱਤ ਦੀ ਠੰਡ ਵਿਚ ਕਈ ਵਾਰ ਮਿੱਸ ਹੋ ਜਾਂਦੀ ਬੱਸ….ਤੇ ਫੇਰ ਸ਼ੀਸ਼ਾ ਬਣੀ ਬਰਫ ਤੇ ਤਿਲਕ ਕੇ ਡਿੱਗਦੀ ਹੋਈ ਦੀ ਅਕਸਰ ਹੀ ਨਿੱਕਲ ਜਾਂਦੀ ਚੀਕ…ਠੰਡ ਨਾਲ ਸੁੰਨ ਹੋ ਜਾਂਦੇ ਹੱਥ ਪੈਰ..ਤੇ ਹੋਰ ਵੀ ਬਹੁਤ ਕੁਝ!
ਫੇਰ ਇੱਕ ਦਿਨ ਤਾਂ ਦਿਮਾਗ ਵੀ ਸੁੰਨ ਜਿਹਾ ਹੋ ਗਿਆ ਜਦੋਂ ਬੱਸ ਵਿਚ ਨਾਲਦੀ ਸੀਟ ਤੇ ਬੈਠੇ ਡੈਡ ਦੀ ਉਮਰ ਦੇ ਪੱਗ ਵਾਲੇ ਅੰਕਲ ਨੇ ਸੁਆਲ ਪੁੱਛਣੇ ਸ਼ੁਰੂ ਕਰ ਦਿਤੇ.
“ਵਿਆਹ ਹੋ ਗਿਆ ਤੇਰਾ?..ਬਵਾਏ ਫ੍ਰੇਂਡ ਤੋਂ ਬਗੈਰ ਤੇਰਾ ਗੁਜਾਰਾ ਕਿੱਦਾਂ ਹੁੰਦਾ?
ਫੇਰ ਉਸ ਦਿਨ ਆਪਣੇ ਸਟੋਪ ਤੋਂ ਪਹਿਲਾਂ ਹੀ ਉੱਤਰ ਗਈ…ਫੇਰ ਸ਼ੁਦੈਣਾਂ ਵਾਂਙ ਕਿੰਨਾ ਚਿਰ ਹੀ ਬਿਨਾ ਮੰਜਿਲ ਦੇ ਤੁਰਦੀ ਗਈ..ਕੰਮ ਤੇ ਚੇਂਜਿੰਗ ਰੂਮ ਵਿਚ ਪੁੱਜ ਨਾਲਦੀ ਦੇ ਮੋਢੇ ਤੇ ਸਿਰ ਰੱਖ ਮਨ ਦਾ ਬੋਝ ਹਲਕਾ ਕੀਤਾ!
ਉਸ ਦਿਨ ਮਗਰੋਂ ਹਰੇਕ ਅਗਿਓਂ ਤੁਰੇ ਆਉਂਦੇ ਕਿਸੇ ਆਪਣੇ ਨੂੰ ਦੇਖ ਰਾਹ ਬਦਲ ਲਿਆ ਕਰਦੀ “..
ਕਦੇ ਕਦੇ ਮਾਂ ਬੜੀ ਹੀ ਚੇਤੇ ਆਇਆ ਕਰਦੀ..ਲੱਖ ਕੋਸ਼ਿਸ਼ ਕਰਨ ਤੇ ਵੀ ਡੈਡ ਨਾਲ ਤੇ ਇਹ ਗੱਲਾਂ ਸ਼ੇਅਰ ਨਹੀਂ ਸੀ ਕਰ ਹੁੰਦੀਆਂ..!
ਪਤਾ ਨੀ ਅੱਜ ਪੀ.ਆਰ ਹੋਣ ਮਗਰੋਂ ਪੰਜਾਬ ਵਾਪਿਸ ਮੁੜਦੀ ਨੂੰ ਜਹਾਜੇ ਬੈਠਿਆਂ ਇਹ ਗੱਲਾਂ ਕਿਓਂ ਚੇਤੇ ਆ ਰਹੀਆਂ ਸਨ?
ਘਰੇ ਪਹੁੰਚੀ ਤਾਂ ਅਗਿਓਂ ਸਾਰੀ ਰਿਸ਼ਤੇਦਾਰੀ ਕੱਠੀ ਹੋਈ ਸੀ..ਭੂਆ ਦੀਆਂ ਨਜਰਾਂ ਮੇਰੇ ਵਜੂਦ ਅੰਦਰੋਂ ਕੁਝ ਹੋਰ ਹੀ ਚੀਜ ਟਟੋਲ ਰਹੀਆਂ ਸਨ…ਲਾਂਭੇ ਜਿਹੇ ਕਰ ਕੇ ਉੱਪਰੋਂ ਥੱਲੇ ਤੱਕ ਮੈਨੂੰ ਨਿਹਾਰਦੀ ਹੋਈ ਪੁੱਛਣ ਲੱਗੀ ਕੇ ਕੋਈ ਬਵਾਏ ਫ੍ਰੇਂਡ ਤੇ ਨਹੀਂ ਬਣਾਇਆ…ਮੈਂ ਅੱਗੋਂ ਕੁਝ ਨਾ ਬੋਲੀ ਪਰ ਮੈਨੂੰ ਕਨੇਡਾ ਵਾਲੀ ਬੱਸ ਵਾਲਾ ਓਹੋ ਭਾਈ ਚੇਤੇ ਆ ਗਿਆ!
ਅਗਲੇ ਦਿਨ ਜਿਸਦੇ ਵਾਸਤੇ ਜੋ ਜੋ ਤੋਹਫੇ ਲੈ ਕੇ ਆਈ ਸਾਂ..ਹਵਾਲੇ ਕਰ ਦਿੱਤੇ..!
ਫੇਰ ਜਦੋਂ ਖਾਲੀ ਬੈਗ ਕਿੱਲੀ ਟੰਗਣ ਲੱਗੀ ਤਾਂ ਡੈਡ ਨੂੰ ਆਖ ਦਿੱਤਾ ਕੇ ਹੁਣ ਇਸਨੂੰ ਭਰਨਾ ਵੀ ਹੋਵੇਗਾ..ਨਹੀਂ ਤਾਂ ਵਾਪਿਸ ਗਈ ਨੂੰ ਕਈਆਂ ਨੇ ਪੁੱਛਣਾ ਕੇ ਸਾਡੇ ਵਾਸਤੇ ਓਧਰੋਂ ਕੀ ਲੈ ਕੇ ਆਈਂ ਹੈਂ..!
ਇਸ ਦੁਨੀਆਂ ਵਿਚ ਹਰੇਕ ਨੂੰ ਹਰ ਲਈ ਹੋਈ ਚੀਜ ਬਦਲੇ ਕੁਝ ਨਾ ਕੁਝ ਦੇਣਾ ਪੈਂਦਾ..ਸਿਵਾਏ ਮਾਂ ਤੋਂ..ਫੇਰ ਉਸ ਰਾਤ ਕੰਧ ਤੇ ਟੰਗੀ ਮਾਂ ਦੀ ਫੋਟੋ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ…ਬਹੁਤ ਸਾਰੇ ਦੁੱਖ ਫਰੋਲੇ..ਬੇਸ਼ੁਮਾਰ ਉਲਾਹਮੇਂ ਵੀ ਦਿੱਤੇ..ਤੇ ਫੇਰ ਸੁਫ਼ਨੇ ਵਿਚ ਨਾਲ ਸੁੱਤੀ ਹੋਈ ਕੋਲੋਂ ਇੱਕ ਇਜਾਜਤ ਵੀ ਲੈ ਲਈ..!
ਅਗਲੇ ਦਿਨ ਆਪਣੇ ਦਿਉਰ ਦੇ ਮੁੰਡੇ ਦਾ ਰਿਸ਼ਤਾ ਲੈ ਕੇ ਆਈ ਭੂਆ ਨੂੰ ਸਪਸ਼ਟ ਆਖ ਦਿੱਤਾ ਕੇ ਮੈਂ ਆਪਣੇ ਰੂਹਾਂ ਦਾ ਹਾਣ ਲੱਭ ਲਿਆ ਏ…ਅੱਗੋਂ ਬਾਪ ਨੂੰ ਸੰਬੋਦਨ ਹੁੰਦੀ ਆਖਣ ਲੱਗੀ…”ਦੇਖ ਲੈ ਗੁਰਮੁਖ ਸਿਹਾਂ..ਓਹੋ ਗੱਲ ਹੋਈ ਜਿਸਦਾ ਡਰ ਸੀ..”
ਪਿਓ ਚੁੱਪ ਸੀ ਪਰ ਮਾਂ ਦੀ ਤਸਵੀਰ ਨਿੰਮਾ-ਨਿੰਮਾ ਮੁਸਕੁਰਾ ਰਹੀ ਸੀ..ਸ਼ਾਇਦ ਜਿਸਨੂੰ ਇੱਕ ਦਿਨ ਦੁੱਧ ਪੀਂਦੀ ਨੂੰ ਚੁੱਪ ਚੁਪੀਤੇ ਮਗਰ ਛੱਡ ਆਈ ਸੀ..ਉਹ ਅੱਜ ਜਿੰਦਗੀ ਦੇ ਵੱਡੇ ਫੈਸਲੇ ਲੈਣ ਦੇ ਕਾਬਲ ਜੂ ਹੋ ਗਈ ਸੀ!
(ਸੱਚੇ ਬਿਰਤਾਂਤ ਤੇ ਅਧਾਰਿਤ)
ਹਰਪ੍ਰੀਤ ਸਿੰਘ ਜਵੰਦਾ
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ..
ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ..
ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ ਦੇ..!
ਡੀਲ ਡੌਲ ਵੇਖ ਅਗਿਓਂ ਪੁੱਛਣ ਲੱਗਾ ਕੇ ਤੂੰ ਪਾਕਿਸਤਾਨੀ ਟੀਮ ਲਈ ਖੇਡਦਾ ਏਂ?
ਜੁਆਬ ਦਿੱਤਾ ਕੇ ਖੇਡਦਾ ਤੇ ਨਹੀਂ ਪਰ ਇਨਸ਼ਾ-ਅੱਲਾ ਇੱਕ ਦਿਨ ਜਰੂਰ ਖੇਡੂੰ..
ਅੱਗਿਓਂ ਮੇਰੀਆਂ ਅੱਖਾਂ ਵਿਚ ਸੱਚਾਈ ਦਾ ਝਲਕਾਰਾ ਵੇਖ ਆਖਣ ਲੱਗਾ ਕੇ ਜਦੋਂ ਕਦੀ ਵੀ ਕੌਮੀ ਟੀਮ ਲਈ ਖੇਡੇਗਾ ਤਾਂ ਮਨੋਂ ਨਾ ਵਿਸਾਰ ਦੇਵੀਂ..ਇਸ ਗਰੀਬ “ਅਜੀਜ ਖ਼ਾਨ” ਨੂੰ ਚੇਤੇ ਜਰੂਰ ਰਖੀਂ..!
ਦਿਲ ਵਿਚ ਆਖਿਆ ਕੇ ਦੋਸਤਾਂ ਤੈਨੂੰ ਕੀ ਪਤਾ ਤੂੰ ਆਪਣੇ ਦਿੱਲ ਵਿਚ ਕਿੰਨੀ ਅਮੀਰੀ ਸਾਂਭੀ ਬੈਠਾ..
ਮਗਰੋਂ ਤਾਕੀਦ ਕੀਤੀ ਕੇ ਭਵਿੱਖ ਵਿਚ ਜਦੋਂ ਕਦੀ ਵੀ ਕੌਮੀ ਪੱਧਰ ਦਾ ਕੋਈ ਖਿਡਾਰੀ ਤੇਰੇ ਬਾਰੇ ਪੁੱਛਦਾ-ਪੁਛਾਉਂਦਾ ਏਧਰ ਨੂੰ ਆ ਜਾਵੇ ਤਾਂ ਸਮਝ ਲਵੀਂ ਕੇ ਉਹ ਮੈਂ ਹੀ ਹੋਵਾਂਗਾ..
ਮਗਰੋਂ ਉਸਨੇ ਪੱਲਿਓਂ ਪੈਸੇ ਖਰਚ ਮੇਰੀ ਰੋਟੀ-ਪਾਣੀ ਦਾ ਬੰਦੋਬਸਤ ਕੀਤਾ..
ਸਾਉਣ ਲਈ ਫੁੱਟਪਾਥ ਤੇ ਆਪਣੀ ਮੱਲੀ ਹੋਈ ਜਗਾ ਦਿੱਤੀ ਤੇ ਅਗਲੀ ਸੁਵੇਰ ਆਪਣੇ ਟਾਂਗੇ ਤੇ ਬਿਠਾ ਟਰਾਇਲ ਵਾਲੀ ਥਾਂ ਤੇ ਖੁਦ ਛੱਡਣ ਆਇਆ..!
ਕੁਝ ਸਾਲਾਂ ਬਾਅਦ ਜਦੋਂ ਮੇਰੀ ਗੁੱਡੀ ਆਸਮਾਨ ਤੇ ਪੂਰੀ ਤਰਾਂ ਚੜ ਚੁਕੀ ਸੀ ਤਾਂ ਲਾਹੌਰ ਆਏ ਨੂੰ ਇੱਕ ਦਿਨ ਓਸੇ ਅਜੀਜ ਖ਼ਾਨ ਚੇਤੇ ਆ ਗਿਆ..
ਸਿਰ ਤੇ ਵਿਗ ਪਾਈ..ਐਨਕਾਂ ਲਾਈਆਂ ਤੇ ਭੇਸ ਬਦਲ ਕੇ ਅਜੀਜ ਖ਼ਾਨ ਨੂੰ ਲੱਭਣ ਤੁਰ ਪਿਆ..
ਉਹ ਠੀਕ ਓਸੇ ਥਾਂ ਆਪਣਾ ਟਾਂਗਾ ਖਲਿਆਰ ਸੁੱਤਾ ਪਿਆ ਸੀ..
ਹੁੱਝ ਮਾਰ ਜਗਾਇਆ..
ਅੱਗਿਓਂ ਅੱਖਾਂ ਮਲਦਾ ਹੋਇਆ ਉੱਠ ਖਲੋਤਾ ਤੇ ਅਣਜਾਣ ਸ਼ਹਿਰੀ ਵੇਖ ਡਰ ਜਿਹਾ ਗਿਆ..!
ਆਪਣੀ ਪਛਾਣ ਦੱਸੀ ਤਾਂ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਨੇ ਜੱਫੀ ਪਾ ਲਈ ਤੇ ਅੱਖੀਆਂ ਵਿਚ ਖੁਸ਼ੀ ਦੇ ਹੰਜੂ ਆ ਗਏ..
ਏਨੇ ਚਿਰ ਨੂੰ ਆਪਣੇ ਕੌਮੀ ਹੀਰੋ ਨੂੰ ਪਛਾਣ ਕਿੰਨੇ ਸਾਰੇ ਲੋਕ ਆਲੇ ਦਵਾਲੇ ਇੱਕਠੇ ਹੋਣੇ ਸ਼ੁਰੂ ਹੋ ਗਏ..
ਪਰ ਮੈਂ ਉਸਨੂੰ ਪਾਈ ਹੋਈ ਗੱਲਵੱਕੜੀ ਢਿਲੀ ਨਾ ਹੋਣ ਦਿੱਤੀ ਤੇ ਆਖਿਆ ਕੇ ਇਹ ਓਹੀ ਅਜੀਜ ਖ਼ਾਨ ਏ ਜਿਸਨੇ ਮੈਨੂੰ ਓਦੋਂ ਪਛਾਣਿਆਂ ਸੀ ਜਦੋਂ ਮੈਨੂੰ ਹੋਰਨਾਂ ਨੇ ਪਛਾਨਣ ਤੋਂ ਨਾਂਹ ਕਰ ਦਿੱਤੀ ਸੀ..!
ਫੇਰ ਅਜੀਜ ਖਾਣ ਨੇ ਮੈਨੂੰ ਇੱਕ ਵਾਰ ਫੇਰ ਪੱਲਿਓਂ ਖਰਚ ਰੋਟੀ ਖੁਵਾਈ ਤੇ ਅਸੀਂ ਦੋਵੇਂ ਕਿੰਨੀ ਦੇਰ ਤੱਕ ਓਸੇ ਟਾਂਗੇ ਤੇ ਲਾਹੌਰ ਦੀਆਂ ਸੜਕਾਂ ਤੇ ਘੁੰਮਦੇ ਫਿਰਦੇ ਰਹੇ..!
ਤੁਰਨ ਲਗਿਆਂ ਕੁਝ ਪੈਸੇ ਦੇਣ ਲਗਿਆਂ ਤਾਂ ਏਨੀ ਗੱਲ ਆਖ ਨਾਂਹ ਕਰ ਦਿੱਤੀ ਕੇ ਯਾਰ ਆਪਣੀ ਏਡੀ ਪੂਰਾਣੀ ਦੋਸਤੀ ਨੂੰ ਪੈਸੇ ਵਾਲੀ ਤੱਕੜੀ ਵਿਚ ਤੋਲ ਏਨਾ ਹੌਲਿਆਂ ਨਾ ਕਰ..!
ਮੈਂ ਅਜੀਜ ਖ਼ਾਨ ਨੂੰ ਚਾਰ ਸਾਲ ਪਹਿਲਾਂ ਓਦੋਂ ਤੱਕ ਮਿਲਦਾ ਰਿਹਾ ਜਦੋਂ ਤੱਕ ਉਹ ਫੌਤ ਨਹੀਂ ਹੋ ਗਿਆ..ਕਿਓੰਕੇ ਮੇਰੀ ਸਫਲਤਾ ਵਾਲੀ ਉਚੀ ਇਮਾਰਤ ਦੀ ਨੀਂਹ ਨੂੰ ਲੱਗਣ ਵਾਲੀ ਪਹਿਲੀ ਇੱਟ ਨੂੰ ਲੱਗਣ ਵਾਲਾ ਗਾਰਾ ਓਸੇ ਅਜੀਜ ਖ਼ਾਨ ਦੇ ਬੋਝੇ ਵਿਚੋਂ ਨਿਕਲੇ ਪੈਸਿਆਂ ਨਾਲ ਹੀ ਖਰੀਦਿਆ ਗਿਆ ਸੀ..!
ਸੋ ਦੋਸਤੋ ਪਦਾਰਥਵਾਦ ਦੀ ਵਗਦੀ ਇਸ ਹਨੇਰੀ ਵਿਚ ਅੰਬਰੀ ਉੱਡਦੇ ਕਿੰਨੇ ਸਾਰੇ ਸ਼ੋਏਬ ਐਸੇ ਵੀ ਨਜ਼ਰੀਂ ਪਏ ਹੋਣੇ ਜਿਹਨਾਂ ਸਿਖਰ ਵਾਲੀ ਉਤਲੀ ਹਵਾਏ ਪੈ ਕੇ ਆਪਣੇ ਓਹਨਾ ਅਨੇਕਾਂ ਅਜੀਜਾਂ ਦੀ ਕੋਈ ਖੈਰ ਸਾਰ ਨਹੀਂ ਲਈ ਜਿਹਨਾਂ ਔਕੜ ਵੇਲੇ ਓਹਨਾ ਨੂੰ ਆਪਣੀ ਤਲੀ ਤੇ ਬਿਠਾ ਕੇ ਖੁਦ ਆਪਣੇ ਦਿਲ ਦਾ ਮਾਸ ਖਵਾਇਆ ਹੋਵੇਗਾ!
ਪਰ ਕੁਦਰਤ ਦਾ ਇੱਕ ਅਸੂਲ ਐਸਾ ਵੀ ਹੈ ਜਿਹੜਾ ਹਰੇਕ ਤੇ ਲਾਗੂ ਹੁੰਦਾ ਏ ਕੇ ਇਨਸਾਨ ਅਤੇ ਪੰਖੇਰੂ ਜਿੰਨੀ ਜਿਆਦਾ ਉਚਾਈ ਤੋਂ ਹੇਠਾਂ ਡਿੱਗਦਾ ਏ ਓਨੀ ਹੀ ਉਸਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਏ..!
ਹਰਪ੍ਰੀਤ ਸਿੰਘ ਜਵੰਦਾ
ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ.. ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..! ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ.. ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ ਨੂੰ ਵੀ ਕੁੱਛੜ ਚੁੱਕ ਲਿਆ!
ਉਸ ਵੇਲੇ ਮੈਨੂੰ ਤੁਰੀ ਜਾਂਦੀ ਨੂੰ ਇਹ ਇਹਸਾਸ ਨਹੀਂ ਸੀ ਕੇ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ ਵੀ ਨਿਭਾਉਣੇ ਪੈਣੇ..! ਇੰਝਣ ਤੇ ਪੁੱਜ ਓਹਨਾ ਅੰਦਰੋਂ ਗਰਾਰੀ ਚੁੱਕ ਲਿਆਂਧੀ.. ਫੇਰ ਧੁਰੇ ਨਾਲ ਟਿਕਾਈ..ਸਾਡੇ ਦੋਹਾਂ ਵੱਲ ਵੇਖਿਆ ਤੇ ਫੇਰ ਜ਼ੋਰ ਨਾਲ ਘੁਮਾਂ ਦਿੱਤੀ..ਇੰਝਣ ਸਟਾਰਟ ਹੋ ਗਿਆ ਤੇ ਪਾਣੀ ਦੀ ਧਾਰ ਚੁੱਬਚੇ ਵਿਚ ਜਾ ਪਈ..! ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾਂ ਖੇਤਾਂ ਵਿਚ ਮਿੱਟੀਓਂ ਮਿੱਟੀ ਹੁੰਦਾ ਦਿਸਿਆ..! ਫੇਰ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼.. ਪੱਬ ਧਰਤੀ ਤੇ ਨਾ ਲੱਗਣ..ਇੰਝ ਲੱਗਿਆ ਜਿੱਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ..! ਅਸੀਂ ਅਗਲਿਆਂ ਤੋਂ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅਗੇ ਪਈ ਜਾਂਦੀ..ਮੇਰਾ ਵੀਰ ਅਕਸਰ ਕਿਸੇ ਗੱਲੋਂ ਪ੍ਰੇਸ਼ਾਨ ਜਿਹਾ ਦਿਸਦਾ..ਪਰ ਦੱਸਦਾ ਕੁਝ ਨਾ..! ਫੇਰ ਜ਼ੋਰ ਪਾ ਕੇ ਵਿਆਹ ਕਰ ਦਿੱਤਾ..ਕਿੰਨੇ ਸਾਰੇ ਚਾਅ ਮਲਾਰ.. ਮਾਂ ਨੂੰ ਆਪਣੇ ਜਵਾਨੀ ਵਿਚ ਚਲੇ ਗਏ ਸਿਰ ਦੇ ਸਾਈਂ ਦਾ ਦੁੱਖ ਭੁੱਲ ਜਿਹਾ ਗਿਆ.. ਪਰ ਪਾਣੀ ਵਾਰ ਵੇਹੜੇ ਅੰਦਰ ਲਿਆਂਧੀ ਗਈ ਦੇ ਚੇਹਰੇ ਤੇ ਅਜੀਬ ਜਿਹੇ ਹਾਵ ਭਾਵ..ਹਰ ਵੇਲੇ ਬੱਸ ਗਵਾਚੀ ਗਵਾਚੀ ਜਿਹੀ..! ਮੇਰੀ ਮਾਂ ਦਖਲ ਨਾ ਦਿੰਦੀ..ਸੋਚਦੀ ਆਪਸੀ ਮਾਮਲਾ ਏ.. ਉਸਦੀਆਂ ਸਾਰੀਆਂ ਕਾਲਾਂ ਵੀਰ ਦੇ ਸੈੱਲ ਤੇ ਆਉਂਦੀਆਂ..ਫੇਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਜਵਾਲਾ ਮੁਖੀ ਦੇ ਲਾਵੇ ਵਾਂਙ ਫੁੱਟ ਬਾਹਰ ਆਣ ਪਏ..! ਹੁਣ ਉਸ ਕੋਲ ਮੇਰੇ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ.. ਅਖੀਰ ਤਿੰਨ ਦਿਨਾਂ ਮਗਰੋਂ ਵਾਪਿਸ ਪੇਕੇ ਚਲੀ ਗਈ..ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਬੁਝ ਜਿਹਾ ਗਿਆ..! ਫੇਰ ਇੱਕ ਦਿਨ ਖਬਰ ਮਿਲ਼ੀ.. ਮੈਂ ਸਿੱਧੀ ਹਸਪਤਾਲ ਪਹੁੰਚ ਗਈ..ਉਹ ਅਜੇ ਪੂਰੀ ਹੋਸ਼ ਵਿਚ ਸੀ..ਪਰ ਡਾਕਟਰ ਅੰਦਰ ਗਈ ਸਲਫਾਸ ਬਾਹਰ ਕੱਢਣ ਦੀ ਜੱਦੋਜਹਿਦ ਵਿਚ ਲੱਗੇ ਸਨ..ਮੈਂ ਇਹੋ ਗੱਲ ਪੁੱਛਦੀ ਰਹੀ ਕੇ ਤੂੰ ਇੰਝ ਕਿਓਂ ਕੀਤਾ..ਜੇ ਕੋਈ ਦਗਾ ਦੇ ਜਾਵੇ ਤਾਂ ਜਿੰਦਗੀ ਮੁੱਕ ਥੋੜੀ ਜਾਂਦੀ ਏ..” ਪਰ ਅਗਲੇ ਦਿਨ ਸਾਨੂੰ ਧੋਖਾ ਦੇ ਗਿਆ..ਵੇਹੜੇ ਲੱਗਾ ਰੁੱਖ ਇੱਕ ਵਾਰ ਫੇਰ ਸੁੱਕ ਗਿਆ..! ਮਾਂ ਬਹੁਤ ਜਿਆਦਾ ਰੋਈ ਨਹੀਂ ਬੱਸ ਚੁੱਪ ਜਿਹੀ ਕਰ ਗਈ..ਸ਼ਾਇਦ ਇਸ ਸਭ ਕੁਝ ਦੀ ਆਦੀ ਹੋ ਗਈ ਸੀ.. ਪਰ ਮੇਰੇ ਦਾਦੇ ਕੋਲ ਹੁਣ ਆਪਣੇ ਇੰਜਣ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ..ਬੁੱਢਾ ਹੋ ਗਿਆ ਸੀ ਸ਼ਾਇਦ ਉਹ.. ਮੰਜੇ ਤੇ ਬੇਬਸ ਹੋਇਆ ਬੈਠਾ ਬੱਸ ਅਸਮਾਨ ਤੇ ਫੈਲੇ ਤਾਰਾ ਮੰਡਲ ਵੱਲ ਨੂੰ ਹੀ ਵੇਖੀ ਜਾਂਦਾ.. ਸ਼ਾਇਦ ਸੋਚਦਾ ਸੀ “ਜੋਬਨ ਰੁੱਤੇ ਜੋ ਕੋਈ ਮਰਦਾ ਫੁਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ”.. ਪਰ ਮੇਰਾ ਵੀਰ ਆਸ਼ਕ ਜਰੂਰ ਸੀ ਪਰ ਕਰਮਾ ਵਾਲਾ ਬਿਲਕੁਲ ਵੀ ਨਹੀਂ ਜੇ ਹੁੰਦਾ ਤਾਂ ਇੰਝ ਨਾ ਮੁੱਕਦਾ..!
ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ..
ਇੱਕ ਦਿਨ ਅੰਦਰੋਂ ਕਾਹਲੀ ਜਿਹੀ ਪਈ ਤੇ ਉਸਦੇ ਲਾਏ ਕਿੰਨੇ ਸਾਰੇ ਰੁੱਖ ਬੂਟੇ ਸਾਫ ਕਰ ਦਿੱਤੇ..
ਮਗਰੋਂ ਡੂੰਗਾ ਟੋਇਆ ਪੱਟ ਉਸਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ..ਨਾਮ ਰੱਖ ਦਿੱਤਾ ਜੱਸੀ..!
ਅੱਜ ਖੁਸ਼ ਹਾਂ ਕਿਓੰਕੇ ਜੱਸੀ ਦੀਆਂ ਕਰੂੰਬਲਾਂ ਫੁੱਟੀਆਂ ਨੇ..
ਜੱਸੀ ਦਾ ਇਹ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀ ਹਾਂ..”ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ ਫੇਰ ਟੋਲਦਾ ਰਵੀਂ..”
ਅਜੇ ਵੀ ਮਨ ਹੀ ਮਨ ਆਖੀ ਜਾ ਰਹੀ ਹਾਂ ਕੇ ਕਮਲਿਆ ਕਾਹਲੀ ਕਰ ਗਿਆਂ..
ਇੱਕ ਵਾਰ ਦਿਲ ਫਰੋਲ ਲੈਂਦਾ ਤਾਂ ਤੈਨੂੰ ਇੰਝ ਕਦੇ ਵੀ ਨਾ ਜਾਣ ਦਿੰਦੀ..ਜੇ ਕੋਈ ਧੋਖਾ ਦੇ ਜਾਵੇ ਤਾਂ ਭਲਾ ਜਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ
ਹਰਪ੍ਰੀਤ ਸਿੰਘ ਜਵੰਦਾ
ਸਟਾਫ ਦੇ ਜਾਂਦਿਆਂ ਹੀ ਮੈਂ ਕੰਬਦੇ ਹੱਥਾਂ ਨਾਲ ਦਰਾਜ ਖੋਲਿਆ..
ਨਿੱਕੇ ਲਫਾਫੇ ਵਿਚ ਬੰਦ ਸਲਫਾਸ ਦੀਆਂ ਕਿੰਨੀਆਂ ਸਾਰੀਆਂ ਗੋਲੀਆਂ ਦੇਖ ਮੇਰੀਆਂ ਅੱਖਾਂ ਮੀਚੀਆਂ ਗਈਆਂ ਤੇ ਸੁਵੇਰੇ-ਸੁਵੇਰੇ ਘਰੇ ਪਏ ਕਲੇਸ਼ ਵਾਲਾ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮ ਗਿਆ.. ਅਚਾਨਕ ਦਰਵਾਜੇ ਤੇ ਦਸਤਕ ਹੋਈ…ਚਪੜਾਸੀ ਸੀ..ਆਖਣ ਲੱਗਾ ਦੋ ਦਿਨ ਦੀ ਛੁੱਟੀ ਚਾਹੀਦੀ ਏ?..ਪੁੱਛਿਆ ਕਾਹਦੇ ਲਈ?
ਧੀ ਦੀ ਫੋਟੋ ਦਿਖਾਉਂਦਾ ਹੋਇਆ ਆਖਣ ਲੱਗਾ “ਜਨਮ ਦਿਨ ਏ ਜੀ ਇਸਦਾ..ਅਠਾਰਵਾਂ ਸਾਲ ਚੜ ਪਿਆ..” ਮੈਂ ਬਿਨਾ ਕਿਸੇ ਪ੍ਰਤੀਕਿਰਿਆ ਦੇ ਪੰਜ ਸੌ ਦਾ ਨੋਟ ਕੱਢਿਆ ਤੇ ਆਖਿਆ “ਇਹ ਲੈ ਫੜ ਮੇਰਾ ਸ਼ਗਨ ਵੀ ਰੱਖ ਲੈ..”
ਹੱਥ ਜੋੜਦੇ ਹੋਏ ਨੇ ਪਹਿਲਾਂ ਨਾਂਹ ਨੁੱਕਰ ਕੀਤੀ..ਫੇਰ ਮੇਰੇ ਜ਼ੋਰ ਦੇਣ ਤੇ ਗੋਡਿਆਂ ਨੂੰ ਹੱਥ ਲਾਇਆ ਤੇ ਫੇਰ ਧੀ ਦੀ ਫੋਟੋ ਨੂੰ ਚੁੰਮ ਲਿਆ..
ਇਹ ਦੇਖ ਮੇਰੀ ਖੁਦ ਦੀ ਕਾਲਜ ਗਈ ਧੀ ਦੀ ਸ਼ਕਲ ਦਿਮਾਗ ਵਿਚ ਘੁੰਮ ਗਈ…!
ਪੁੱਛਿਆ “ਘਰ ਕੌਣ ਕੌਣ ਏ ਹੋਰ”?
ਆਖਣ ਲੱਗਾ “ਮੁੰਡਾ..ਦੋ ਧੀਆਂ,ਨਾਲਦੀ..ਅਤੇ ਇੱਕ ਬੁੱਢੀ ਮਾਂ..”
ਫੇਰ ਘੜੀ ਕੂ ਮਗਰੋਂ ਪੁੱਛ ਲਿਆ “ਨਾਲਦੀ ਨਾਲ ਕਦੀ ਲੜਾਈ ਨਹੀਂ ਹੋਈ ਤੇਰੀ..”?
ਆਖਣ ਲੱਗਾ “ਸਾਬ ਜੀ ਜਿਥੇ ਦੋ ਭਾਂਡੇ ਹੁੰਦੇ ਖੜਕ ਹੀ ਜਾਂਦੇ..ਪਰ ਕਿਸੇ ਨਾ ਕਿਸੇ ਨੂੰ ਤੇ ਸਮਝੌਤਾ ਕਰਨਾ ਈ ਪੈਂਦਾ..ਸੋ ਇੱਕਂ ਚੁੱਪ ਕਰ ਜਾਂਦਾ ਹਾਂ ਤੇ ਗੱਲ ਠੰਡੀ ਪੈ ਜਾਂਦੀ..” ਏਨੇ ਨੂੰ ਬਾਹਰ ਰੌਲਾ ਜਿਹਾ ਪੈਣ ਲੱਗਾ..
ਇੱਕ ਔਰਤ ਅਤੇ ਦੋ ਛੋਟੇ ਬਚੇ ਸਨ..ਦੱਸਣ ਲੱਗਾ ਸਾਬ ਜੀ ਥੋਨੂੰ ਪਤਾ ਇਹ ਓਹੀ ਆਪਣੇ ਦਫਤਰ ਕੰਮ ਕਰਦੇ ਅਮਰੀਕ ਸਿੰਘ ਦੀ ਘਰਵਾਲੀ ਤੇ ਦੋ ਬੱਚੇ ਨੇ..ਜਿਸਨੇ ਮਹੀਨਾ ਪਹਿਲਾਂ ਗੱਡੀ ਹੇਠ ਸਿਰ ਦੇ ਦਿੱਤਾ ਸੀ..
ਇਹ ਅੱਜਕੱਲ ਅਕਸਰ ਹੀ ਗੇਟ ਤੇ ਆ ਜਾਂਦੀ ਤੇ ਉਸ ਬਾਰੇ ਪੁੱਛਦੀ ਰਹਿੰਦੀ ਏ ਕੇ ਉਹ ਘਰੇ ਨਹੀਂ ਆਇਆ..ਕਦੋਂ ਛੁੱਟੀ ਹੋਣੀ..”ਨੀਮ ਪਾਗਲ” ਜਿਹੀ ਹੋ ਗਈ ਏ..
ਤੇ ਨਿੱਕੇ ਨਿਆਣੇ ਵਿਚਾਰੇ ਮਾਂ ਦੀ ਉਂਗਲ ਫੜ ਸਾਰੀ ਦਿਹਾੜੀ ਨਾਲ ਨਾਲ ਤੁਰੇ ਫਿਰਦੇ” ਇਸੇ ਦੌਰਾਨ ਲੱਗਿਆ ਜਿੱਦਾਂ ਲਫਾਫੇ ਵਿਚ ਬੰਦ ਸਲਫਾਸ ਦੀਆਂ ਗੋਲੀਆਂ ਮੈਨੂੰ ਆਪਣੇ ਵੱਲ ਖਿੱਚ ਰਹੀਆਂ ਸਨ..ਤੇ ਸ਼ਾਇਦ ਪੱਕੀ ਵੀ ਕਰ ਰਹੀਆਂ ਸਨ ਕੇ ਵੇਖੀਂ ਕਿਤੇ ਹੁਣ ਆਪਣਾ ਮਨ ਨਾ ਬਦਲ ਲਵੀਂ..! ਫੇਰ ਪਤਾ ਨਹੀਂ ਕੀ ਹੋਇਆ..ਸਾਰੇ ਟੱਬਰ ਦੀਆਂ ਸ਼ਕਲਾਂ ਅੱਖਾਂ ਅੱਗੇ ਘੁੰਮਣ ਲੱਗੀਆਂ..ਇੱਕਦਮ ਉੱਠ ਖਲੋਤਾ..ਸਲਫਾਸ ਵਾਲਾ ਪੈਕਟ ਚੁੱਕ ਵਾਸ਼ਰੂਮ ਵੱਲ ਨੂੰ ਹੋ ਤੁਰਿਆ ਤੇ ਪੂਰੇ ਦਾ ਪੂਰਾ ਪੈਕਟ ਫਲਸ਼ ਕਰ ਦਿੱਤਾ..”
ਪਸੀਨੇ ਨਾਲ ਤਰ ਹੋਇਆ ਜਦੋਂ ਬਾਹਰ ਆਇਆ ਤਾਂ ਉਹ ਅਜੇ ਵੀ ਓਥੇ ਹੀ ਖਲੋਤਾ ਸੀ..ਆਖਣ ਲੱਗਾ “ਤੁਸੀਂ ਠੀਕ ਤੇ ਹੋ ਸਾਬ ਜੀ”?..ਚਲੋ ਬੈਠੋ ਕਾਰ ਵਿਚ..ਮੈਂ ਦਫਤਰ ਲਾਕ ਕਰ ਦਿੰਨਾ ਹਾਂ..” ਘਰੇ ਪਹੁੰਚਿਆਂ ਤਾਂ ਉਹ ਏਧਰ ਓਧਰ ਵੇਖ ਬਿੜਕਾਂ ਲੈਂਦੀ ਹੋਈ ਮੇਰਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਸੀ..
ਮੈਨੂੰ ਵੇਖ ਉਸਦੇ ਸਾਹ ਵਿਚ ਸਾਹ ਆ ਗਿਆ ਜਾਪਿਆ..ਮੈਂ ਵੀ ਵਾਹਿਗੁਰੂ ਦਾ ਸ਼ੁਕਰ ਕੀਤਾ ਅਤੇ ਫੇਰ ਬਰੂਹਾਂ ਟੱਪ ਉਸ ਵੱਲ ਨੂੰ ਹੋ ਤੁਰਿਆ..ਉਹ ਅੱਥਰੂ ਪੂੰਝਦੀ ਹੋਈ ਮੇਰੇ ਵੱਲ ਨੂੰ ਨੱਸੀ ਆਈ ਤੇ ਮੈਂ ਵੀ ਉਸਨੂੰ ਝੱਟਪੱਟ ਕਲਾਵੇ ਵਿਚ ਲੈ ਲਿਆ.. ਫੇਰ ਬਿਨਾ ਗੱਲ ਕੀਤਿਆਂ ਅਸੀਂ ਦੋਵੇਂ ਓਨੀ ਦੇਰ ਤੱਕ ਬਾਹਰ ਡੱਠੇ ਮੰਜੇ ਤੇ ਬੈਠੇ ਰਹੇ ਜਿੰਨੀ ਦੇਰ ਮੈਨੂੰ ਲੱਭਣ ਗਈ ਧੀ ਵਾਪਿਸ ਨਾ ਮੁੜ ਆਈ..ਮੈਨੂੰ ਵੇਖ ਸ਼ਾਇਦ ਉਹ ਵੀ ਸ਼ੁਕਰ ਮਨਾ ਰਹੀ ਸੀ ਕਿਓੰਕੇ ਉਸਦੇ ਦਿਲ ਦੇ ਬਹੁਤ ਨੇੜੇ ਅਖਵਾਉਂਦਾ ਇੱਕ “ਰਿਸ਼ਤਾ” ਜਿਸਨੂੰ ਦੁਨੀਆ “ਮਾਂ” ਦਾ ਨਾਮ ਦਿੰਦੀ ਏ ਕਿਸੇ ਆਪਣੇ ਦੇ ਵਿਛੋੜੇ ਵਿਚ “ਨੀਮ ਪਾਗਲ” ਹੋਣ ਤੋਂ ਜੂ ਬਚ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ