ਉੜੀਸਾ ਦੇ ਇੱਕ ਪਿੰਡ ਦੇ ਕੱਚੇ ਰਾਹ ਤੇ ਇੱਕ ਅਮੀਰ ਬੰਦੇ ਦੀ ਮਰਸਰੀ ਚਿੱਕੜ ਨਾਲ਼ ਭਰੇ ਟੋਏ ਵਿੱਚ ਫਸ ਗਈ..! ਮਦਦ ਦੇ ਰੂਪ ਵਿੱਚ ਇੱਕ ਕਿਰਸਾਨ ਆਪਣੇ ਜੁਆਨ ਜਹਾਨ ਬੌਲ਼ਦ ਨਾਲ ਬੀਂਡੀ ਪਾਕੇ ਉਸਨੂੰ ਕੱਢਣ ਦੀ ਅਸਫਲ ਕੋਸ਼ਿਸ਼ ਵਾਰ ਵਾਰ ਕਰ ਰਿਹਾ ਸੀ..! ਬੌਲ਼ਦਾਂ ਦੀ ਜੋੜੀ ਵਿੱਚੋਂ ਇੱਕ ਟਾਈਮ ਤੇ ਇੱਕ ਬੌਲ਼ਦ ਹੀ ਜੋੜਿਆ ਜਾ ਸਕਦਾ ਸੀ..! ਪਰ ਸਭ ਵਿਅਰਥ ..! ਏਨੇ ਨੂੰ ਇੱਕ ਹੋਰ ਕਿਰਸਾਨ ਆਪਣੇ ਬੁੱਢੇ ਬੌਲ਼ਦ ਨਾਲ਼ ਉੱਥੋ ਗੁਜ਼ਰਿਆ..! ਜਦ ਉਸਨੇ ਆਪਣੇ ਬੁੱਢੇ ਬੌਲ਼ਦ ਨਾਲ ਮਦਦ ਦੀ ਪੇਸ਼ਕਸ਼ ਕੀਤੀ ਤਾਂ ਖਿਝੇ ਤੇ ਥੱਕੇ ਦੂਜੇ ਕਿਰਸਾਨ ਅਤੇ ਅਮੀਰ ਬੰਦੇ ਦਾ ਹਾਸਾ ਫੁੱਟ ਪਿਆ.! ਉਹਨਾਂ ਨੂੰ ਹੱਸਦੇ ਵੇਖ ਕਿਰਸਾਨ ਮਿੰਨਾ ਜਿਹਾ ਮੁਸਕਾਇਆ ਤੇ ਦੂਸਰੇ ਬੌਲ਼ਦ ਨੂੰ ਬੀਂਡੀ ਤੋਂ ਜੁਦਾ ਕਰ ਮਰੀਅਲ ਦਿਸ ਰਹੇ ਗੋਵਰਧਨ ਨਾਮ ਦੇ ਬੌਲ਼ਦ ਤੇ ਬੀਂਡੀ ਪਾ ਉੱਚੀ ਉੱਚੀ ਬੋਲਣ ਲੱਗਿਆ.…ਖਿੱਚ ਨਾਰੰਗ..ਖਿੱਚ ਗੋਰਖੇ ..ਖਿੱਚ ਗੋਵਰਧਨ..! ਕੁਝ ਮਿੰਟਾਂ ਦੀ ਤਾਣ ਤੇ ਜੱਦੋ ਜਹਿਦ ਬਾਅਦ ਗੱਡੀ ਟੋਏ ਚੋਂ ਬਾਹਰ ਸੀ..! ਖੁਸ਼ੀ , ਹੈਰਾਨੀ ਤੇ ਧੰਨਵਾਦ ਭਰੇ ਲਹਿਜ਼ੇ ਨਾਲ਼ ਅਮੀਰ ਆਦਮੀ ਬੋਲਿਆ ਕਿ ..ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਮਦਦ ਲਈ.. ਪਰ ਇੱਕ ਗੱਲ ਮੈਂਨੂੰ ਸਮਝ ਨਹੀਂ ਆਈ ..! ਗੋਵਰਧਨ ਕੱਲਾ ਖਿੱਚ ਰਿਹਾ ਸੀ ਤੇ ਤੁਸੀਂ ਨਾਲ਼ ਦੋ ਹੋਰ ਨਾਮ ਕਿਓਂ ਲੈ ਰਹੇ ਸੀ..!
ਕਿਰਸਾਨ ਦਾ ਉੱਤਰ ਉਹਨਾਂ ਦੋਵਾਂ ਨੂੰ ਨਿਰਉਤੱਰ ਕਰ ਲਈ ਕਾਫੀ ਸੀ…” ਨਾਰੰਗ ਤੇ ਗੋਰਖਾ ਸਮੇਂ ਸਮੇਂ ਤੇ ਗੋਵਰਧਨ ਦੇ ਜੋੜੀਦਾਰ ਰਹੇ ਤੇ ਜਹਾਨੋਂ ਰੁਖ਼ਸਤ ਹੋ ਗਏ.. ਇਹ ਵੀ ਉਹਨਾਂ ਦੇ ਵਿਛੋੜੇ ਚ ਅੰਨਾ ਹੋ ਗਿਆ.. ਅੱਜ ਜਦ ਮੈਂ ਦੋਵਾਂ ਦਾ ਨਾਮ ਲਿਆ ਤਾਂ ਇਸਨੂੰ ਲੱਗਿਆ ਕਿ ਉਹ ਵੀ ਮੇਰੇ ਨਾਲ਼ ਹੀ ਨੇਂ ਤੇ ਮੈਂ ਬੁੱਢਾ ਮਰੀਅਲ ਤੇ ਅੰਨ੍ਹਾ ..ਬੌਲ੍ਦ ..ਗੋਵਰਧਨ ਵੀ ਇੱਕ ਟੀਮ ਦਾ ਹਿੱਸਾ ਹਾਂ…!
Sarab Pannu