ਕਾਬਲੀਅਤ ਤੇ ਯਕੀਨ

by Manpreet Singh

ਅੱਜ ਕਿਸੇ ਜਗਾ ਇੱਕ ਇਰਾਨੀ ਕਥਾ ਪੜੀ..

ਇੱਕ ਠੰਡੀ ਸ਼ੀਤ ਰਾਤ ਨੂੰ ਮਹੱਲ ਦਾ ਗੇਟ ਲੰਘਦਿਆਂ ਮਹਾਰਾਜੇ ਦਾ ਧਿਆਨ ਇੱਕ ਬੁੱਢੇ ਚੌਂਕੀਦਾਰ ਵੱਲ ਗਿਆ ਤਾਂ ਉਹ ਖਲੋ ਕੇ ਪੁੱਛਣ ਲੱਗਾ ਕੇ “ਬਾਬਾ ਠੰਡ ਤੇ ਨਹੀਂ ਲੱਗਦੀ”?
ਅੱਗੋਂ ਕਹਿੰਦਾ “ਮਹਾਰਾਜ ਲੱਗਦੀ ਤਾਂ ਹੈ ਪਰ ਕਿਸੇ ਤਰਾਂ ਗੁਜਾਰਾ ਹੋ ਹੀ ਜਾਂਦਾ ਹੈ”
ਰਾਜੇ ਨੇ ਆਖਿਆ ਕੇ ਬਜੁਰਗਾ ਫਿਕਰ ਨਾ ਕਰ…ਮੈਂ ਅੰਦਰ ਜਾ ਕੇ ਤੇਰੇ ਲਈ ਮੋਟੇ ਕੱਪੜੇ ਭੇਜਦਾ ਹਾਂ..”
ਪਰ ਅੰਦਰ ਜਾ ਕੇ ਰਾਜਾ ਕਿਸੇ ਕਾਰਨ ਮੋਟੇ ਕੱਪੜੇ ਤੇ ਕੰਬਲ ਭੇਜਣਾ ਭੁੱਲ ਗਿਆ…
ਅਗਲੀ ਸੁਵੇਰੇ ਪਤਾ ਲੱਗਾ ਕੇ ਚੌਂਕੀਦਾਰ ਰਾਤ ਦਾ ਠੰਡ ਨਾਲ ਮਰ ਗਿਆ ਹੈ ਪਰ ਮਰਦਿਆਂ-ਮਰਦਿਆਂ ਇੱਕ ਰੁੱਕਾ ਲਿਖ ਛੱਡ ਗਿਆ ਹੈ…ਵਿਚ ਲਿਖਿਆ ਸੀ ਕੇ ਮਹਾਰਾਜ ਇਹਨਾਂ ਮਾੜੇ ਮੋਟੇ ਕੱਪੜਿਆਂ ਨਾਲ ਤਾਂ ਮੈਂ ਪਿਛਲੇ ਤੀਹ ਸਾਲਾਂ ਤੋਂ ਬੜੇ ਆਰਾਮ ਨਾਲ ਤੁਹਾਡੇ ਮਹਿਲ ਦੀ ਰਾਖੀ ਕਰ ਰਿਹਾ ਸਾਂ ਪਰ ਰਾਤੀ ਤੁਹਾਡੇ ਵੱਲੋਂ ਕੀਤੇ ਮੋਟੇ ਕੱਪੜਿਆਂ ਵਾਲੇ ਵਾਅਦੇ ਨੇ ਤਾਂ ਕੁਝ ਘੰਟਿਆਂ ਵਿਚ ਹੀ ਮੇਰੀ ਜਾਨ ਕੱਢ ਲਈ…ਮੈਥੋਂ ਥੋੜੀ ਜਿਹੀ ਠੰਡ ਵੀ ਬਰਦਾਸ਼ਤ ਹੀ ਨਹੀਂ ਹੋਈ..

ਇਹ ਕਥਾ ਪੜ ਮੈਨੂੰ ਮੇਰੇ ਆਪਣੇ ਨਾਲ ਵਾਪਰੀ ਇੱਕ ਪੁਰਾਣੀ ਗੱਲ ਚੇਤੇ ਆ ਗਈ…
ਪਲੱਸ ਵੰਨ ਦੀ ਪੇਪਰਾਂ ਤੋਂ ਪਹਿਲਾਂ ਇੱਕ ਦਿਨ ਪਿਤਾ ਜੀ ਮੈਨੂੰ ਬਟਾਲੇ ਦੇ ਜਲੰਧਰ ਰੋਡ ਤੇ ਪੈਂਦੇ ਸੁੱਖਾ ਸਿੰਘ ਮਹਿਤਾਬ ਸਿੰਘ ਵਾਲੇ ਲੇਬਰ ਚੋਂਕ ਲੈ ਆਏ….ਸੁਵੇਰੇ ਸੁਵੇਰੇ ਓਥੇ ਕੰਮ ਲੱਭਦੇ ਦਿਹਾੜੀ ਦਾਰ ਮਜਦੂਰਾਂ ਦੀ ਖਾਸੀ ਭੀੜ ਲੱਗੀ ਹੋਈ ਸੀ
ਮੈਂ ਹੈਰਾਨ ਹੋ ਕੇ ਪੁੱਛਿਆ ਕੇ ਮੈਨੂੰ ਇਥੇ ਕਿਓਂ ਲਿਆਂਦਾ….?
ਆਖਣ ਲੱਗੇ ਪੁੱਤਰਾ..ਮੈਂ ਰਹਾਂ ਜਾਂ ਨਾ ਰਹਾਂ ਤਿੰਨ ਗੱਲਾਂ ਹਮੇਸ਼ਾਂ ਚੇਤੇ ਰਖੀੰ….

ਨਾ ਤੇ ਮੈਂ ਤੈਨੂੰ ਮੋਟੀ ਰਕਮ ਚਾੜ ਨਕਲ ਮਰਵਾ ਸਕਦਾ ਹਾਂ..ਨਾ ਹੀ ਮੇਰੇ ਕੋਲ ਤੇਰੇ ਲਈ ਕੋਈ ਵੱਡੀ ਸਿਫਾਰਿਸ਼ ਹੀ ਹੈ ਤੇ ਨਾ ਹੀ ਮੈਂ ਤੇਰੀ ਨੌਕਰੀ ਖਾਤਿਰ ਕਿਸੇ ਆਪਣੇ ਅਫਸਰ ਰਿਸ਼ਤੇਦਾਰ ਦੇ ਤਰਲੇ ਹਾੜੇ ਨੀ ਕੱਢਣੇ ਨੇ…

ਹਾਂ ਜੇ ਤੇਰੀ ਚਾਰੇ ਬੰਨੇ ਕੋਈ ਗੱਲ ਨਹੀਂ ਬਣਦੀ ਤਾਂ ਮੈਨੂੰ ਉੱਪਰਲੀਆਂ ਤਿੰਨ ਗੱਲਾਂ ਆਖਣ ਤੋਂ ਪਹਿਲਾਂ ਬੇਸ਼ੱਕ ਰੋਟੀ ਵਾਲਾ ਡੱਬਾ ਫੜ ਦਿਹਾੜੀ ਕਰਨ ਇਸੇ ਚੋਂਕ ਵਿਚ ਆ ਜਾਵੀਂ…ਮੈਨੂੰ ਕੋਈ ਅਫਸੋਸ ਜਾਂ ਸ਼ਰਮ ਮਹਿਸੂਸ ਨਹੀਂ ਹੋਵਗੀ…

ਪੇਪਰਾਂ ਨੂੰ ਅਜੇ ਮਹੀਨਾ ਬਾਕੀ ਸੀ…ਗੱਲ ਮੇਰੇ ਖ਼ਾਨੇ ਬੈਠ ਗਈ…ਤੇ ਮੈਂ ਦਿਨ ਰਾਤ ਇੱਕ ਕਰ ਦਿੱਤਾ..
ਇੱਕ ਸੋ ਵੀਹਾਂ ਦੀ ਨਫਰੀ ਵਾਲੀ ਕਲਾਸ ਚੋਂ ਸਿਰਫ ਪੰਦਰਾਂ ਮੁੰਡੇ ਪਾਸ ਹੋਏ ਜਿਹਨਾਂ ਵਿਚੋਂ ਮੈਂ ਵੀ ਇੱਕ ਸਾਂ..ਫੇਰ ਮੁੜ ਕੇ ਕਦੀ ਨਹੀਂ ਦੇਖਿਆ…ਕੋਈ ਸਿਫਾਰਿਸ਼ ਨਹੀਂ ਪਵਾਈ ਤੇ ਨਾ ਹੀ ਕਦੀ ਘਰਦਿਆਂ ਦੇ ਕੋਈ ਵਾਧੂ ਪੈਸੇ ਹੀ ਖਰਚਾਇ…

1994 ਵਿਚ ਟੂਰਿਜ਼ਮ ਅਡਮਿਨਿਸਟ੍ਰੇਸ਼ਨ ਵਿਚ ਮਾਸਟਰਜ਼ ਕਰ ਲਈ…
ਓਦੋਂ ਸਾਡੀ ਰਿਸ਼ਤੇਦਾਰ ਗੁਰਦਾਸਪੁਰ ਤੋਂ ਐਮ.ਪੀ ਸੁਖਬੰਸ਼ ਕੌਰ ਭਿੰਡਰ ਕੇਂਦਰ ਵਿਚ ਟੂਰਿਜ਼ਮ ਮਨਿਸਟਰ ਹੁੰਦੀ ਸੀ..ਮੈਂ ਹੌਲੀ ਜਿਹੀ ਆਖਿਆ ਕੇ ਜੇ ਉਸ ਨਾਲ ਗੱਲ ਕਰ ਲਈ ਜਾਵੇ ਤਾਂ ਹੋ ਸਕਦਾ ਚੰਗੀ ਜਗਾ ਪਲੇਸਮੇਂਟ ਹੋ ਜਾਵੇ..
ਅੱਗੋਂ ਆਖਣ ਲੱਗੇ ਕੇ ਲੇਬਰ ਚੋਂਕ ਵਿਚ ਆਖੀਆਂ ਤਿੰਨ ਗੱਲਾਂ ਅਜੇ ਵੀ ਯਾਦ ਨੇ ਕੇ ਭੁੱਲ ਗਈਆਂ?….ਮੈਂ ਚੁੱਪ ਹੋ ਗਿਆ..!

ਫੇਰ ਅੰਮ੍ਰਿਤਸਰ ਹੋਟਲ ਦੀ ਨੌਕਰੀ ਲੱਗ ਗਈ..ਪਰ ਤਨਖਾਹ ਲੱਗੀ ਨੌ-ਸੋ ਰੁਪਈਏ ਮਹੀਨਾ…
ਛੇ ਮਹੀਨੇ ਤਨਖਾਹ ਹੀ ਨਾ ਲਈ..ਜਦੋਂ ਪੂਰਾ ਚੁਰੰਜਾ ਸੌ ਬਣ ਗਿਆ ਤਾਂ ਪੰਜਾਹ ਪੰਜਾਹ ਦੇ ਇੱਕ ਸੋ ਅੱਠ ਨੋਟ ਲਫਾਫੇ ਵਿਚ ਪਾ ਕੇ ਪਿਤਾ ਜੀ ਦੇ ਹੱਥ ਜਾ ਫੜਾਏ..ਅੰਦਰੋਂ ਅੰਦਰ ਡਰ ਜਿਹਾ ਵੀ ਲੱਗਾ ਤੇ ਸ਼ਰਮ ਵੀ ਆਈ ਕੇ ਪਤਾ ਨਹੀਂ ਕੀ ਸੋਚਣਗੇ..ਪਰ ਸੱਚੀ ਪੁਛੋ ਉਸਦੀਆਂ ਅੱਖਾਂ ਵਿਚੋਂ ਡਿੱਗੇ ਖੁਸ਼ੀ ਦੇ ਹੰਜੂ ਮੈਨੂੰ ਉਸਦੇ ਜਾਣ ਮਗਰੋਂ ਅਜੇ ਤੱਕ ਵੀ ਅਥਾਹ ਸ਼ਕਤੀ ਤੇ ਹੱਲਾਸ਼ੇਰੀ ਪ੍ਰਦਾਨ ਕਰਦੇ ਨੇ..

ਸੋ ਦੋਸਤੋ ਬੇਗਾਨੇ ਸਹਾਰੇ ਅਤੇ ਆਸਾਂ ਉਮੀਦਾਂ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ..ਅਪਾਹਜ ਬਣਾ ਦਿੰਦਿਆਂ ਹਨ..ਚੰਗਾ ਭਲਾ ਕਾਬਿਲ ਇਨਸਾਨ ਬੇਗਾਨੀ ਮੱਦਦ ਉਡੀਕਦਾ ਨਿਕੰਮਾ ਬਣ ਕੇ ਰਹਿ ਜਾਂਦਾ ਏ..

ਆਪਣੀ ਤਾਕਤ ਅਤੇ ਕਾਬਲੀਅਤ ਤੇ ਯਕੀਨ ਕਰਨਾ ਸਿੱਖ ਲਿਆ ਜਾਵੇ ਤਾਂ ਜੇ ਕਦੀ ਕੋਈ ਇੱਕ ਅੱਧ ਦਰਵਾਜਾ ਬੰਦ ਵੀ ਹੋ ਜਾਵੇ ਤਾਂ ਯਕੀਨ ਰਖਿਓ ਕੋਈ ਤਾਕਤ ਸੋ ਦਰਵਾਜੇ ਖੋਹਲ ਖੜੀ ਤੁਹਾਡੇ ਆਉਣ ਦਾ ਇੰਤਜਾਰ ਕਰ ਰਹੀ ਹੋਵੇਗੀ…

ਇਹ ਮੇਰਾ ਨਿੱਜੀ ਤਜੁਰਬਾ ਏ ਕਿਸੇ ਵੇਲੇ ਫੇਰ ਸਾਂਝਾ ਕਰਾਂਗਾ…ਜਿਉਂਦੇ ਵੱਸਦੇ ਰਹੋ

You may also like