ਮੈਂ ਅੱਜ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਚਾਚਾ ਜੀ ਦੇ ਘਰ ਦੇ ਬਾਹਰ ਫੁਲਵਾੜੀ ਨੇੜਿਓਂ ਲੰਘਣ ਲੱਗਾ ਤਾਂ ਅਚਾਨਕ ਗੇਂਦੇ ਦੇ ਬੂਟੇ ਜੋਰ ਨਾਲ ਹਿੱਲੇ ਤੇ ਮੈਂ ਤ੍ਰਭਕ ਗਿਆ । ਇਸਤੋਂ ਪਹਿਲਾਂ ਕਿ ਮੈਂ ਕੋਈ ਅੰਦਾਜਾ ਲਗਾਉਂਦਾ ਇੱਕ ਚਿੱਟੇ ਭੂਰੇ ਰੰਗ ਦਾ ਕਤੂਰਾ ਮੂੰਹ ਬਾਹਰ ਕੱਢ ਕੇ ਦੇਖਣ ਲੱਗਾ ਤੇ ਮੈਨੂੰ ਦੇਖਦੇ ਹੀ ਫਿਰ ਲੁੱਕ ਗਿਆ । ਉਹ ਬਹੁਤ ਸੋਹਣਾ ਸੀ , ਚਿੱਟੇ ਭੂਰੇ ਡੱਬ ਸਨ , ਅੱਖਾਂ ਵਿੱਚ ਚਮਕ ਸੀ , ਮਾਸੂਮੀਅਤ ਜੇਹੀ ਉਸਦੇ ਚੇਹਰੇ ਤੇ ਸੀ । ਮੈਂ ਉਸਨੂੰ ਪੁਚਕਾਰਿਆ ਪਰ ਉਹ ਬਾਹਰ ਨਾ ਆਇਆ । ਇੰਨੇ ਨੂੰ ਚਾਚੀ ਜੀ ਬਾਹਰ ਆਏ ਤੇ ਬੋਲੇ “ਅੱਛਾ ਤੂੰ ਇਥੇ ਵੜਿਆ ਏ , ਜਿੰਮੀ ਚੱਲ ਅੰਦਰ”। ਜਿੰਮੀ ਨੇ ਫੁੱਲਾਂ ਚੋਂ ਨਿਕਲ ਕੇ ਸ਼ੂਟ ਵੱਟੀ ਤੇ ਅੰਦਰ ਚਲਾ ਗਿਆ। “ਚਾਚੀ ਜੀ ਤੁਸੀਂ ਵੀ ਕੁੱਤਾ ਰੱਖ ਲਿਆ” ਮੈਂ ਪੁੱਛਿਆ । “ਹਾਂ ਪੁੱਤ ਤੈਨੂੰ ਤਾਂ ਪਤਾ ਕੁੱਤੇ ਦੀ ਬਿੜਕ ਬੜੀ ਹੁੰਦੀ । ਰਾਤ ਬਰਾਤੇ ਨਾ ਕਰੇ ਕੋਈ ਡੰਗਰ ਵੱਛਾ ਖੁਲ ਜੇ ਭੌਂਕ ਤਾਂ ਪੈਂਦਾ, ਨਾਲੇ ਅੱਜਕਲ ਚੋਰੀਆਂ ਚਕਾਰੀਆਂ ਵੀ ਬੜੀਆਂ ਹੋ ਰਹੀਆਂ । ਤੇਰੇ ਚਾਚਾ ਜੀ ਦੇ ਕੰਮ ਦਾ ਤੈਨੂੰ ਪਤਾ ਹੀ ਹੈ ਕਈ ਵਾਰ 3-3 ਦਿਨ ਘਰ ਨਹੀਂ ਆ ਹੁੰਦਾ, ਮੈਂ ਕਿਹਾ ਕਿ ਕੁੱਤਾ ਜਰੂਰ ਰੱਖੋ ਤੇ ਉਹ ਲੈ ਆਏ ਜਿੰਮੀ” ਉਹਨਾਂ ਨੇ ਜਵਾਬ ਦਿੱਤਾ। ਮੈਂ ਕਿਹਾ ਵਧੀਆ ਗੱਲ ਏ ਬਹੁਤ ਸੋਹਣਾ ਏ ਤੁਹਾਡਾ ਜਿੰਮੀ ਤੇ ਮੈਂ ਆਪਣੇ ਘਰ ਆ ਗਿਆ। ਹੁਣ ਜਦੋਂ ਵੀ ਮੈਂ ਸਕੂਲ ਜਾਂਦਾ ਜਾਂ ਵਾਪਿਸ ਆਉਂਦਾ ਮੇਰਾ ਖਿਆਲ ਜਿੰਮੀ ਵੱਲ ਹੀ ਹੁੰਦਾ । ਉਹ ਆਉਂਦੇ ਜਾਂਦੇ ਅਕਸਰ ਮੇਰੀ ਨਜ਼ਰੇ ਪੈ ਜਾਂਦਾ । ਮੈਂ ਉਸ ਨੂੰ ਰੋਜ ਪੁਚਕਾਰ ਕੇ ਲੰਘਦਾ, ਹੌਲ਼ੀ ਹੌਲੀ ਉਹ ਵੀ ਮੇਰਾ ਭੇਤੀ ਹੋ ਗਿਆ ਤੇ ਸਾਡੀ ਜਿਵੇਂ ਦੋਸਤੀ ਹੋ ਗਈ । ਜਦੋਂ ਵੀ ਸ਼ਾਮ ਨੂੰ ਮੈਂ ਆਉਂਦਾ ਤਾਂ ਉਹ ਮੇਰੇ ਪੈਰਾਂ ਚ ਆ ਕੇ ਲੇਟਣ ਲੱਗ ਪੈਂਦਾ ਜਿਵੇ ਕਹਿ ਰਿਹਾ ਹੋਵੇ ਚੱਲ ਖੇਡੀਏ । ਮੈਂ ਪੈਰ ਦਾ ਛੜੱਪਾ ਮਾਰ ਕੇ ਹੁਛ ਕਹਿੰਦਾ ਉਹ ਅਗਲੇ ਪੰਜੇ ਨਿਵੇ ਕਰ ਕੇ ਰੁਕ ਰੁਕ ਕੇ ਦੌੜਦਾ ਜਿਵੇ ਕਹਿ ਰਿਹਾ ਹੋਵੇ ਚੱਲ ਛੂਹ ਮੈਨੂੰ । ਉਹ ਅਕਸਰ ਸਾਡੇ ਘਰ ਵੀ ਆ ਜਾਂਦਾ । ਮੰਮੀ ਜੀ ਨੇ ਚਾਹ ਨਾਲ ਬਿਸਕੁਟ ਦੇਣੇ ਤੇ ਮੈਂ ਚੋਰੀ ਚੋਰੀ ਉਸਨੂੰ ਖਿਲਾ ਦੇਣੇ । 2 ਕੁ ਮਹੀਨੇ ਲੰਘੇ ਹੀ ਸੀ ਕਿ ਜਿੰਮੀ ਦੇ ਗਲ ਸੰਗਲੀ ਪੈ ਗਈ । ਸਾਰਾ ਦਿਨ ਬੱਝਾ ਰਹਿੰਦਾ । ਸਾਰੇ ਦਿਨ ਦੀ ਗੁਲਾਮੀ ਰਾਤ ਨੂੰ ਖਤਮ ਹੁੰਦੀ । ਮੈਂ ਹੁਣ ਉਸਨੂੰ ਰੋਜ ਨਹੀਂ ਸੀ ਦੇਖਦਾ , ਬਸ ਸਵੇਰੇ ਜਦ ਚਾਚੀ ਜੀ ਉਸਨੂੰ ਬਾਹਰ ਘੁਮਾਉਂਦੇ ਤਾਂ ਨਜ਼ਰੀਂ ਪੈ ਜਾਂਦਾ। ਉਸਦੇ ਗਲ ਦੀ ਸੰਗਲੀ ਉਸਨੂੰ ਇਜਾਜਤ ਨਹੀਂ ਸੀ ਦੇਂਦੀ ਕਿ ਉਹ ਗੇਂਦੇ ਦੇ ਫੁੱਲਾਂ ਵਿਚੋਂ ਭੱਜਦਾ ਹੋਇਆ ਫੁੱਲਾਂ ਦੀ ਮਹਿਕ ਨੂੰ ਹਵਾ ਚ ਖਿਲਾਰਦਾ ਹੋਇਆ , ਭੱਜਦਾ ਨੱਸਦਾ ਜਿੰਦਗੀ ਦੀ ਮੌਜ ਮਾਣ ਸਕੇ । ਵੱਡਾ ਹੋ ਗਿਆ ਸੀ ਸ਼ਾਇਦ ਜਿੰਮੇਵਾਰੀ ਆ ਪਈ ਸੀ ਉਸ ਸਿਰ ਜਿਸ ਲਈ ਉਸਨੂੰ ਲਿਆਂਦਾ ਗਿਆ ਸੀ । ਜਦੋਂ ਵੀ ਚਾਚੀ ਜੀ ਘਰ ਆਉਂਦੇ ਜਿੰਮੀ ਦੀਆਂ ਸਿਫ਼ਤਾਂ ਕਰਦੇ ਨਾ ਥੱਕਦੇ “ਸਾਡਾ ਜਿੰਮੀ ਤਾਂ ਬਿੱਲੀ ਨੂੰ ਵੀ ਕੰਧ ਟੱਪ ਕੇ ਅੰਦਰ ਨਹੀਂ ਆਉਣ ਦਿੰਦਾ । ਜੇ ਕਿਤੇ ਰਾਤ ਨੂੰ ਮੱਝ ਖੁਲਜੇ ਉਸੇ ਵੇਲੇ ਭੌਂਕਣ ਲੱਗ ਪੈਂਦਾ । ਰਾਤ ਨੂੰ ਜਦੋਂ ਖੋਲੀਦਾ ਬੇਸ਼ਕ ਜੂਠੇ ਭਾਂਡੇ ਵੀ ਪਏ ਹੋਣ ਮੂੰਹ ਨਹੀਂ ਮਾਰਿਆ ਕਦੇ। ਬਸ ਇੱਕ ਵਾਰ ਕਹੋ ਜਿੰਮੀ ਚੱਲ ਡਿਊੜੀ ਬੈਠ ਜਾ ਕੇ , ਚੁਪ ਕਰਕੇ ਬੈਠ ਜਾਂਦਾ, ਗੱਲ ਨੂੰ ਸਮਝ ਲੈਂਦਾ , ਬੜਾ ਸਿਆਣਾ ਕੁੱਤਾ ਏ” । ਜਿੰਮੀ ਨੂੰ ਆਪਣੀ ਵਫ਼ਾਦਾਰੀ ਨਿਭਾਉਂਦਿਆਂ ਸਾਲ ਹੋ ਗਿਆ ਸੀ । 2 ਵੇਲੇ ਦੀ ਰੋਟੀ ਖਾ ਕੇ ਉਹ ਵੀ ਮਾਲਕ ਦੇ ਪਸੰਦ ਦੀ , ਉਸ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਸੀ। ਅੱਜ ਥੋੜੀ ਥੋੜੀ ਠੰਡ ਸੀ ਤੇ ਗੇਂਦੇ ਦੇ ਫੁੱਲ ਪੂਰੀ ਮਸਤੀ ਵਿਚ ਸਨ । ਚਾਚੀ ਦੇ ਘਰ ਮਿਸਤਰੀ ਲੱਗੇ ਹੋਏ ਸਨ । ਇੱਕ ਮਜਦੂਰ ਗੇਂਦੇ ਦੇ ਫੁੱਲਾਂ ਨੂੰ ਦਾਤਰੀ ਫੇਰੀ ਜਾਵੇ ਲਾਗੇ ਚਾਚਾ ਜੀ ਵੀ ਖੜੋਤੇ ਸਨ । ਮੈਂ ਸਕੂਲ ਜਾਂਦੇ ਜਾਂਦੇ ਨੇ ਪੁੱਛਿਆ ਚਾਚਾ ਜੀ ਕੀ ਗੱਲ ਇੰਨੇ ਸੋਹਣੇ ਫੁੱਲ ਖਿੜੇ ਸਨ ਤੁਸੀਂ ਵਢਾ ਕਿਉਂ ਰਹੇ ਹੋ । “ਪੁੱਤ ਡੰਗਰਾਂ ਦਾ ਸ਼ੈੱਡ ਬਣਾਉਣਾ ਤੇ ਇਹ ਜਗ੍ਹਾ ਵਿਚ ਆਉਂਦੀ ਏ ਤਾਂ ਕਰਕੇ ਵੱਢਣੇ ਪੈਣੇ” ਉਹਨਾਂ ਜਵਾਬ ਦਿੱਤਾ । ਤਿੰਨ ਚਾਰ ਦਿਨ ਬਾਅਦ ਐਤਵਾਰ ਸ਼ਾਮ ਨੂੰ ਮੈਂ ਦੇਖਿਆ ਜਿੰਮੀ ਗੇਂਦੇ ਦੇ ਸੁੱਕੇ ਫੁੱਲਾਂ ਦੇ ਢੇਰ ਉਪਰ ਲੇਟਿਆ ਪਿਆ ਸੀ ਤੇ ਹੌਲ਼ੀ ਹੌਲੀ ਘੁਰਾ ਰਿਹਾ ਸੀ ਜਿਵੇ ਉਸਨੂੰ ਕੋਈ ਤਕਲੀਫ ਹੋਵੇ । ਮੈਂ ਅਵਾਜ ਮਾਰੀ ਜਿੰਮੀ ਜਿੰਮੀ ਉਸਨੇ ਕੋਈ ਜਵਾਬ ਨਾ ਦਿੱਤਾ । ਮੈਂ ਚਾਚੀ ਜੀ ਨੂੰ ਆਵਾਜ਼ ਮਾਰੀ “ ਚਾਚੀ ਜੀ ਆਹ ਵੇਖੋ ਤੁਹਾਡੇ ਜਿੰਮੀ ਨੂੰ ਕੀ ਹੋਇਆ”। ਚਾਚੀ ਜੀ ਕਹਿੰਦੇ ਆਹੋ ਇਹ ਕਿੰਨੇ ਦਿਨਾਂ ਤੋਂ ਬਿਮਾਰ ਆ ਇੰਞ ਹੀ ਠੰਡ ਲਵਾ ਲਈ ਲੱਗਦਾ। ਅੰਦਰ ਡਿਊੜੀ ਚ ਗੰਦ ਪਾਈ ਜਾਂਦਾ ਸੀ ਬਾਹਰ ਕੱਢਿਆ ਹੁਣ ਨਾਖੱਟੇ ਨੂੰ । ਮੈਂ ਕਿਹਾ ਚਾਚੀ ਜੀ ਠੰਡ ਲੱਗ ਗਈ ਸੀ ਤਾਂ ਡਾਕਟਰ ਤੋਂ ਦਵਾਈ ਲੈ ਦਿੰਦੇ ਇਲਾਜ ਤਾਂ ਕਰਵਾਉਂਦੇ ਇਸਦਾ। ਚਾਚੀ ਜੀ ਕਹਿੰਦੇ “ ਆਹੋ ਇਲਾਜ ਕਰਵਾਉਣਾ ਇੰਨੇ ਵੀ ਨਹੀਂ ਨੋਟ ਧਰੇ ਕੁੱਤਿਆਂ ਦੀ ਦਵਾਈ ਕਰਾਉਂਦੇ ਰਹੀਏ ਆਪਣੀਆਂ ਦਵਾਈਆਂ ਆ ਜਾਣ ਥੋੜੀਆਂ” । ਮੈਂ ਸੋਚ ਰਿਹਾ ਸੀ ਕਿ ਜਿੰਮੀ ਅੱਜ ਕੁੱਤਾ ਕਿਵ਼ੇਂ ਹੋ ਗਿਆ। ਮੈਂ ਕਿਹਾ ਚਾਚੀ ਜੀ ਇੰਨੇ ਮਰ ਜਾਣਾ ਲੱਗਦਾ। “ਮਰ ਜਾਏ ! ਗਲੋਂ ਲੱਥੇ ਅਸੀਂ ਕੀ ਕਰਨ ਇਸਨੂੰ, ਚਾਚੇ ਤੇਰੇ ਨੇ ਲੋਹੇ ਦੀਆਂ ਗ੍ਰਿਲਾਂ ਲਵਾ ਦਿੱਤੀਆਂ ਨੇ ਹੁਣ ਅਸੀਂ ਕੁੱਤਾ ਵੈਸੇ ਵੀ ਨਹੀਂ ਰੱਖਣਾ। ਰਾਤ ਦੇ ਕੋਈ 8 ਵਜੇ ਸਨ ਠੰਡ ਵੀ ਕਾਫੀ ਸੀ ਮੈਂ ਦਹੀਂ ਜਮਾਉਣ ਵਾਲੀ ਭੜੋਲੀ ਚੋਂ ਚੁਪ ਕਰਕੇ ਬੋਰੀ ਕੱਢੀ ਤੇ ਜਿੰਮੀ ਦੇ ਉੱਤੇ ਪਾ ਕੇ ਉਸਨੂੰ ਢੱਕ ਦਿੱਤਾ । ਮੈਂ ਅਗਲੇ ਦਿਨ ਸਵੇਰੇ ਜਲਦੀ ਉਠਿਆ ਮੈਂ ਸੋਚਿਆ ਮੰਮੀ ਨੇ ਜੇ ਸਵੇਰੇ ਵੇਖਿਆ ਕਿ ਭੜੋਲੀ ਚ ਬੋਰੀ ਨਹੀਂ ਏ ਤਾਂ ਗੁੱਸੇ ਹੋਣਗੇ। ਮੈਂ ਜਾ ਕੇ ਜਿੰਮੀ ਕੋਲ ਖਲੋਤਾ, ਕੋਈ ਹਿਲਜੁਲ ਨਹੀਂ ਸੀ , ਮੈਂ ਬੋਰੀ ਲਾਹੀ, ਉਹ ਮਰ ਚੁਕਿਆ ਸੀ । ਉਸਦਾ ਸਰੀਰ ਆਕੜ ਚੁਕਿਆ ਸੀ ਅਗਲੇ ਦੋਵੇਂ ਪੰਜੇ ਇੰਜ ਜੋੜੇ ਹੋਏ ਸਨ ਜਿਵੇਂ ਰੱਬ ਤੋਂ ਪੁੱਛ ਰਿਹਾ ਹੋਵੇ ਦੱਸ ਮੇਰੀ ਵਫ਼ਾਦਾਰੀ ਚ ਕੋਈ ਕਮੀ ਤਾਂ ਨਹੀਂ ਸੀ ਰਹਿ ਗਈ । ਮੈਂ ਕਦੇ ਉਸ ਵੱਲ ਵੇਖਦਾ ਕਦੇ ਸੁੱਕੇ ਫ਼ੁੱਲਾਂ ਵੱਲ ਤੇ ਕਦੇ ਲੋਹੇ ਦੀਆਂ ਗ੍ਰਿਲਾਂ ਵੱਲ ਤੇ ਮੇਰੀ ਅੱਖ ਵਿਚੋਂ ਹੰਝੂ ਵਹਿ ਤੁਰੇ ।
ਮਹਿਤਾਬ ਸਿੰਘ