ਬੱਸ ਖਚਾ ਖਚ ਭਰੀ ਹੋਈ ਸੀ। ਕੰਡਕਟਰ ਪੈਸੇ ਲੈ ਲੈ ਹੋਰ ਸਵਾਰੀਆਂ ਅੰਦਰ ਧੱਕੀ ਜਾ ਰਿਹਾ ਸੀ ਤੇ ਕਹੀ ਜਾ ਰਹਾ ਸੀ, “ਉਏ ਅਗੇ ਹੋ ਜੋ ਨੇੜੇ-2 ਬਥੇਰਾ ਵਿਹੜਾ ਪਿਆ ਹੈ। ਅਗਲੇ ਅੱਡੇ ਤੱਕ ਹੀ ਕਿਸੇ ਸਵਾਰੀ ਨੂੰ ਟਿਕਟ ਨਹੀਂ ਸੀ ਦੇ ਰਿਹਾ ਤੇ ਜਿਆਦਾ ਸਵਾਰੀਆਂ ਅਗਲੇ ਅੱਗੇ ਦੀਆਂ ਹੀ ਸਨ।
ਕਈ ਸਵਾਰੀਆਂ ਘੁਸਰ ਮੁਸਰ ਕਰ ਰਹੀਆਂ ਸਨ ਕਿ ਨਵੀਂ ਲੱਗੀ ਐਮਰਜੈਂਸੀ ਦਾ ਇਸਤੇ ਤਾਂ ਕੋਈ ਅਸਰ ਨਹੀਂ ਕੋਈ ਦੂਜਾ ਕਹਿ ਦੇਂਦਾ ਏਥੇ ਕੇੜਾ ਕੋਈ ਚੈਕਰ ਆਉਂਦਾ ਹੈ, ਪੰਦਰਾਂ ਮਿੰਟ ਦਾ ਤੇ ਰਸਤਾ ਹੈ। ਬਸ ਟੁਰ ਪਈ। ਅਜੇ ਕੁਛ ਹੀ ਦੂਰ ਗਈ ਸੀ ਕਿ ਬਸ ਨੂੰ ਚੈਕਰ ਨੇ ਖੜਾ ਕਰ ਲਿਆ ਅਤੇ ਵਿਚ ਆ ਗਿਆ। ਕੰਡਕਟਰ ਨੇ ਹੱਥ ਮਿਲਾਉਂਦਿਆਂ ਹੀ ਕਾਪੀ ’ਚ ਦਸ ਦਾ ਨੋਟ ਲਾ ਦਿੱਤਾ। ਚੈਕਰ ਨੇ ਖਾਲੀ ਕਾਪੀ ਮੋੜਦਿਆਂ ਕਿਹਾ, “ਸ਼ਾਮ ਨੂੰ ਦਫਤਰ ਮਿਲੀ ਅਤੇ ਹੇਠ ਉੱਤਰ ਗਿਆ ਜਿਨ੍ਹਾਂ ਸਵਾਰੀਆਂ ਨੇ ਨੋਟ ਦੇਖਿਆ ਸੀ, ਉਨ੍ਹਾਂ ਦੀਆਂ ਚੁਪ ਨਜ਼ਰਾਂ ਇਕ ਦੂਜੇ ਨੂੰ ਬੜਾ ਕੁਝ ਕਹਿ ਸੁਣ ਰਹੀਆਂ ਸਨ
best punjabi novels
ਵੇਖਦਿਆਂ ਵੇਖਦਿਆਂ ਹੀ ਦੁਰਘਟਨਾ ਹੋ ਗਈ ਸੀ।
ਜਖਮੀ ਭਈਏ ਨੂੰ ਲੋਕਾਂ ਨੇ ਹੱਥੋ ਹੱਥੀਂ ਸਾਂਭ ਲਿਆ ਸੀ।
ਅੱਧ ਨੰਗਾ ਭਈਆ ਖੜਾ ਹੋ ਕੇ ਆਪਣੇ ਪਿੰਡੇ ਖੁੰਡੇ ਰਿਕਸ਼ੇ ਵੱਲ ਵੇਖ ਰਿਹਾ ਸੀ। ਭੀੜ ਵਿੱਚੋਂ ਕਿਸੇ ਨੇ ਦਿਲਾਸਾ ਦਿੱਤਾ- ਰਿਕਸ਼ੇ ਦਾ ਕੋਈ ਨੀ ਤੇਰੀ ਜਾਨ ਬਚ ਗਈ।
ਹਾਂ; ਭਈਏ ਨੇ ਹੌਸਲੇ ਨਾਲ ਕਿਹਾ ਸੀ।
ਜਿਉਂ ਹੀ ਭਈਏ ਦੀ ਨਜ਼ਰ ਆਪਣੇ ਪਾਟੇ ਕੱਪੜਿਆਂ ਤੇ ਪਈ ਤਾਂ ਉਸਦੀ ਧਾਅ ਨਿਕਲ ਗਈ। “ਹਾਏ ਭਈਆ! ਮੇਰੇ ਤੋਂ ਸਾਰੇ ਕਪੜੇ ਫਟ ਗਏ ਹੈਂ, ਅਬ ਮੈਂ ਕਿਆ ਗਊਂਗਾ?”
ਲੋਕ ਜਿਹੜੇ ਹੁਣ ਤੀਕ ਬੜੇ ਗੰਭੀਰ ਸਨ, ਭਈਏ ਦੀ ਗੱਲ ਸੁਣ ਕੇ ਹਿੜ ਹਿੜ ਕਰ ਉੱਠੇ। ਪਰ ਭੀੜ ‘ਚੋਂ ਕੋਈ ਬੜਬੜਾਇਆ ਸੀ- ਗਰੀਬ ਦੀ ਸਭ ਤੋਂ ਪਿਆਰੀ ਚੀਜ਼ ਲੀੜੇ ਹੀ ਤਾਂ ਹੁੰਦੇ ਨੇ।
| ਭੀੜ ਤੁਰ ਗਈ ਸੀ। ਭਈਆ ਅਜੇ ਵੀ ਆਪਣੇ ਕੱਪੜਿਆਂ ਵੱਲ ਵੇਖ ਕੇ ਡੁਸਕੀ ਜਾ ਰਿਹਾ ਸੀ।
ਜਦ ਦਾ ਉਸਨੂੰ ਰਸਾਲਾ ਮਿਲਿਆ ਸੀ, ਉਦੋਂ ਤੋਂ ਹੀ ਉਹ ਉਸਦੇ ਮੁਖ ਚਿੱਤਰ ਨੂੰ ਦੇ ਖਦਾ ਰਿਹਾ ਸੀ। ਕਿੰਨਾ ਸੋਹਣਾ ਚਿਤਰ ਹੈ, ਉਸ ਸੋਚਿਆ ਤੇ ਉਹਦੀ ਨਿਗਾਹ ਆਪਣੇ ਕਮਰੇ ਦੀ ਖਾਲੀ ਦੀਵਾਰ ਤੇ ਚਲੀ ਗਈ। ਉਸਨੂੰ ਇਕ ਸੋਹਣੇ ਜਿਹੇ ਫਰੇਮ ਵਿਚ ਜੜਿਆ ਚਿੱਤਰ ਦੀਵਾਰ ਤੇ ਲਟਕਦਾ ਪ੍ਰਤੀਤ ਹੋਇਆ। ਤੇ ਕਮਰਾ ਸੋਹਣਾ-2 ਲੱਗਣ ਲੱਗ ਪਿਆ। ਫੇਰ ਉਸਦਾ ਹੱਥ ਆਪਣੀ ਜੇਬ ਵਿਚ ਚਲਿਆ ਗਿਆ। ਸਿਰਫ ਢਾਈ ਰੁਪਏ ਸਨ ਉਸਦੀ ਜੇਬ ਵਿੱਚ। ਉਹਦੀ ਚੇਤਨਾ ਪਰਤੀ। ਨਿਗਾਹ ਕੈਲੰਡਰ ਤੇ ਚਲੀ ਗਈ। ਮਹੀਨੇ ਦੀ 27 ਤਰੀਖ ਹੋ ਗਈ ਸੀ। ਤਨਖਾਹ ਮਿਲਣ ਵਿਚ ਅਜੇ 4 ਦਿਨ ਬਾਕੀ ਸਨ।
ਜੇ ਕਿਸੇ ਚੀਜ਼ ਦੀ ਲੋੜ ਪੈ ਗਈ? ਉਸਦੇ ਦਿਮਾਗ ਵਿਚ ਸਵਾਲ ਉਕਰ ਆਇਆ। ਚਲੋ ਦੇਖੀ ਜਾਏ ਗੀ ਦਿਲ ਨੇ ਉੱਤਰ ਦਿੱਤਾ।
ਫੇਰ ਉਹ ਰਸਾਲੇ ਤੋਂ ਚਿੱਤਰ ਪਾੜਕੇ ਬਜ਼ਾਰ ਜਾਣ ਲਈ ਤਿਆਰ ਹੋ ਗਿਆ। ਉਸਦੀ ਤਿਆਰੀ ਦੇਖ ਕੇ ਸ੍ਰੀਮਤੀ ਨੇ ਪੁੱਛਿਆ, ਬਜਾਰ ਚਲੇਓ?
ਆਹੋ| ਕੀ ਗੱਲ
ਗੱਲ ਕੀ, ਲੱਕੜਾਂ ਤੇ ਗੁੜ ਮੁੱਕ ਗਿਐ, ਆਉਂਦੇ ਹੋਏ ਲੈਂਦੇ ਹੀ ਆਉਣਾ। | ਪਤਨੀ ਦੀ ਗੱਲ ਸੁਣਕੇ ਉਹਨੇ ਅਗਲੇ ਮਹੀਨੇ ਚਿੱਤਰ ਫਰੇਮ ਕਰਾਉਣ ਦੀ ਸੋਚੀ ਪਰ ਇਕ ਮਿੰਟ ਵਿਚ ਹੀ ਉਹਦੇ ਕਲੱਰਕ ਦਿਮਾਗ ਨੇ ਅਗਲੇ ਸਾਰੇ ਮਹੀਨੇ ਦਾ ਹਿਸਾਬ ਕਰ ਦਿੱਤਾ ਤੇ ਉਸ ਨੇ ਆਟਾ ਭਿਉਂ ਕੇ ਚਿੱਤਰ ਕਮਰੇ ਦੀ ਦੀਵਾਰ ਨਾਲ ਆਉਣ ਵਾਲੇ ਚੰਗੇ ਸਮੇਂ ਵਿਚ ਫਰੇਮ ਕਰਾਉਣ ਦੀ ਆਸ ਤੇ ਛੱਡਕੇ, ਚਿਪਕਾ ਦਿੱਤਾ।
26 ਜਨਵਰੀ ਦੀ ਸੁਹਾਣੀ ਸਵੇਰ ਸੀ। ਕਾਲਜੋਂ ਛੁੱਟੀ ਹੋਣ ਕਾਰਨ ਮੈਂ ਕਾਫੀ ਦਿਨ ਚੜ੍ਹੇ ਤੱਕ ਵੀ ਰਜਾਈ ਦਾ ਨਿੱਘ ਮਾਣ ਰਹੀ ਸੀ। ਕੋਲ ਪਏ ਰੇਡੀਓ ਤੇ ਦੇਸ਼ ਪਿਆਰ ਦੇ ਗੀਤ ਚੱਲ ਰਹੇ ਸਨ। ਮੈਂ ਵੀ ਇਸੇ ਖੁਮਾਰ ਵਿਚ ਹੁਣੇ ਆ ਚੁੱਕੇ ਇਕ ਨੇਤਾ ਦੇ ਭਾਸ਼ਣ ਬਾਰੇ ਸੋਚ ਰਹੀ ਸੀ। ਸੱਚ ਮੁੱਚ ਹੀ ਕਿੰਨੀ ਤਰੱਕੀ ਕੀਤੀ ਹੈ ਮੇਰੇ ਦੇਸ਼ ਨੇ, ਅੱਜ ਦਾ ਦਿਨ ਹਰ ਭਾਰਤਵਾਸੀ ਲਈ ਮਾਣ ਦਾ ਦਿਨ ਹੈ, ਨੇਤਾ ਜੀ ਦੇ ਸ਼ਬਦ ਮੇਰੇ ਕੰਨਾ ਚ ਗੂੰਜ ਰਹੇ ਸਨ।
ਸਾਗ ਲੈ ਲੋ ਸਾਗ, ਅਚਾਨਕ ਬਾਹਰੋਂ ਸਾਗ ਵਾਲੀ ਦੀ ਅਵਾਜ਼ ਆਈ ਅਤੇ ਨਾਲ ਹੀ ਰਸੋਈ ਵੱਲੋਂ ਬੀਜੀ ਨੇ ਮੈਨੂੰ ਸਾਗ ਲਿਆਉਣ ਲਈ ਆਖਿਆ।
ਹੂੰ, ਅੱਜ ਤਾਂ 26 ਜਨਵਰੀ ਹੈ ਅਤੇ ਇਹ ਸਵੇਰੇ ਸਾਗ ਵੀ ਲੈ ਕੇ ਆ ਗਈ। ਬੁੜਬੜਾਂਦੀ ਮੈਂ ਬਾਹਰ ਨੂੰ ਤੁਰ ਪਈ।
ਸਾਗ ਵਾਲੀ ਨੂੰ ਮੈਂ ਅਵਾਜ ਮਾਰ ਕੇ ਸਾਗ ਤੋਲਣ ਲਈ ਆਖਿਆ। ਸਾਗ ਤੋਲਦਿਆਂ ਤੋਲਦਿਆਂ ਹੀ ਉਸਨੇ ਮੈਨੂੰ ਪੁੱਛਿਆ, “ਕਿਉਂ ਬੀਬੀ ਅੱਜ ਸਕੂਲੇ ਨਹੀਂ ਗਈ’’
ਨਹੀਂ ਅੱਜ ਤਾਂ ਸਾਨੂੰ ਛੁੱਟੀ ਹੈ। ਅੱਜ 26 ਜਨਵਰੀ ਹੈ। ਮੈਂ ਜਵਾਬ ਦਿੱਤਾ। ‘ਬੀਬੀ ਇਹ ਕਿਹੜਾ ਗੁਰਪੂਰਬ ਹੈ?
ਨੇਤਾ ਜੀ ਦੇ ਬੋਲ ਅਤੇ ਸਾਗ ਵਾਲੀ ਦਾ ਸਵਾਲ ਮੇਰੇ ਦਿਮਾਗ ਵਿਚ ਚੱਕਰ ਲਾ ਰਹੇ ਸਨ।
ਪੋਹ ਦੀ ਠੰਡੀ ਸੀਤ ਰਾਤ, ਬੈਠੇ 2 ਜਿਸਮ ਨੂੰ ਸੁੰਨ ਚੜ੍ਹ ਰਿਹਾ ਹੈ। ਅੱਜ ਇਹ ਨਿਸਚਾ ਕਰ ਕੇ ਬੈਠੀ ਹਾਂ ਕਿ ਕਈਆਂ ਦਿਨਾਂ ਤੋਂ ਚਲੀ ਆ ਰਹੀ ਅਧੂਰੀ ਕਹਾਣੀ ਪੂਰੀ ਕਰਨੀ ਹੈ। ਪਰ ਬੈਠਿਆਂ ਚਾਰ ਘੰਟੇ ਤੋਂ ਵੀ ਵੱਧ ਸਮਾਂ ਬੀਤ ਚੱਲਿਆ ਹੈ। ਅਜੇ ਤੱਕ ਇਕ ਹਰਫ ਵੀ ਅੱਗੇ ਨਹੀਂ ਲਿਖਿਆ ਗਿਆ, ਨਜ਼ਰ ਸਾਹਮਣੇ ਪਏ ਕੋਰੇ ਕਾਗਜ਼ਾਂ ਤੇ ਗੱਡੀ ਪਈ ਹੈ। ਮੇਰੀ ਕਹਾਣੀ ਦੀ ਨਾਇਕਾ ਇਕ ਅਜੀਬ ਹਾਲਤ ਵਿਚ ਫਸੀ ਫਟਕ ਰਹੀ ਹੈ, ਜਿੰਦਗੀ ਤੋਂ ਤੰਗ ਆ ਬਾਰ ਬਾਰ ਉਸਦੀ ਸੋਚ ਆਤਮਘਾਤ ਤੇ ਆਣ ਮੁਕਦੀ ਹੈ, ਮੇਰੇ ਦਿਲ ਨੂੰ ਡੋਬੂ ਪੈ ਰਹੇ ਹਨ।
ਠੱਕ-ਠੱਕ ਠੱਕ ਦਰਵਾਜੇ ਤੋਂ ਦਸਤਕ ਸੁਣ ਮੈਂ ਝਬਕ ਪੈਂਦੀ ਹਾਂ, ਵਿਚਾਰ ਲੜੀ ਟੁੱਟਦੀ ਹੈ। ਇਸ ਕਾਲੀ ਬੋਲੀ ਕਕਰੀਲੀ ਰਾਤ `ਚ ਕੌਣ? ਦਰਵਾਜ਼ਾ ਖੋਹਲਦੀ ਹਾਂ, “ਪੰ….ਮੀ…ਤੂੰ। “ਹਾਂ ਮੈਂ..ਕੁਝ ਦਿਨ ਹੋਏ ਵਿਦੇਸ਼ ਤੋਂ ਵਾਪਸ ਆਈ ਹਾਂ। ਗੱਲਾਂ ਦਾ ਸਿਲਸਿਲਾ ਚੱਲਦਾ ਹੈ। ਮੈਂ ਸੁਣਿਆਂ ਕਿ ਤੇਰੇ ਖਾਵੰਦ ਨੇ…. ਉਹ ਮੇਰੀ ਗੱਲ ਵਿੱਚੋਂ ਹੀ ਟੋਕ ਕੇ ਬੋਲ ਪੈਂਦੀ ਹੈ, ਹਾਂ! ਤੂੰ ਠੀਕ ਸੁਣਿਐ…ਮੈਂ ਹੁਣ ਆਪਣੇ ਖਾਵੰਦ ਦੇ ਘਰ ਨਹੀਂ ਰਹਿੰਦੀ….ਉਸ ਦੁਸਰੀ ਸ਼ਾਦੀ ….ਸ਼ਾਇਦ ਮੈਂ ਕਦੋਂ ਦੀ ਮਰ…।” ਉਹਦਾ ਗਲ ਭਰ ਆਇਆ ਹੈ। ਸ਼ਾਇਦ ਅਤੀਤ ਦੀ ਯਾਦ ਤਾਜ਼ਾ ਹੋ ਜਾਣ ਤੇ। …ਪਰ….ਪ…ਰ…ਮੈਂ ਮਰੀ ਨਹੀਂ ….ਪੜ੍ਹਾਈ ਕੀਤੀ….ਦਿਨੇ ਫੈਕਟਰੀ ‘ਚ ਕੰਮ ਕਰਦੀ, ਨਾਈਟ ਕਲਾਸਾਂ ਅਟੈਂਡ ਕਰਦੀ। ਅੱਜ ਮੈਂ ਲੰਡਨ ਦੇ ਇਕ ਹਸਪਤਾਲ ਵਿਚ ਡਾਕਟਰ ਹਾਂ…!” ਉਸਦਾ ਚਿਹਰਾ ਸੁਹੇ ਫੁੱਲ ਵਾਂਗ ਟਹਿਕ ਪਿਆ।
ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਹੈ। ਪੰਮੀ ਕਦੋਂ ਦੀ ਜਾ ਚੁਕੀ ਹੈ। ਮੇਰੀ ਕਲਮ ਤੇਜੀ ਨਾਲ ਚਲ ਰਹੀ ਹੈ। ਕੋਰੇ ਸਫੇ ਭਰਦੇ ਜਾ ਰਹੇ ਹਨ।
ਨਿੱਤ ਦੀ ਵਧਦੀ ਮਹਿੰਗਾਈ ਨੇ ਕਾਮਿਆਂ ਦਾ ਲੱਕ ਤੋੜ ਦਿੱਤਾ। ਦੋ ਵੇਲੇ ਦੀ ਰੋਟੀ ਵੀ . ਕਈ ਵਾਰੀ ਨਾ ਜੁੜਦੀ। ਪਾਣੀ ਗਲ ਤਕ ਆ ਗਿਆ ਪਰ ਉਨਾਂ ਦੀ ਸੁਣਵਾਈ ਕੋਈ ਨਾ ਹੋਈ।ਇਸ ਵਾਰੀ ਯੂਨੀਅਨ ਨੇ ਤਕੜੇ ਹੋ ਕੇ ਇਸ ਮਸਲੇ ਨੂੰ ਹੱਥ ਪਾਇਆ ਤੇ ਕਈ ਵਾਰੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਪਰ ਪ੍ਰਬੰਧਕਾਂ ਵੱਲੋਂ ਫੋਕੀ ਹਮਦਰਦੀ ਤੋਂ ਬਿਨਾਂ ਕੁਝ ਨਾ ਮਿਲਿਆ ਤੇ ਆਖਿਰ ਹੜਤਾਲ ਹੋ ਗਈ।
ਇਹ ਹੜਤਾਲ ਪਹਿਲੀ ਹੜਤਾਲ ਨਾਲੋਂ ਵੱਖਰੀ ਸੀ। ਪਿਛਲੇ ਦੋ ਵਾਰੀ ਇਕ ਰਾਜਨੀਤਿਕ ਪਾਰਟੀ ਦੇ ਝੰਡੇ ਥੱਲੇ ਹੜਤਾਲ ਫੇਲ੍ਹ ਹੋ ਚੁੱਕੀ ਸੀ ਕਿਉਂਕਿ ਦੋਵੇਂ ਵਾਰੀ ਰਾਜਨੀਤਿਕ ਪਾਰਟੀ ਯੂਨੀਅਨ ਦੇ ਲੀਡਰਾਂ ਨੇ ਪ੍ਰਬੰਧਕਾਂ ਨਾਲ ਕੁਝ ਅਜਿਹੇ ਫੈਸਲੇ ਕੀਤੇ ਸਨ ਜਿਨ੍ਹਾਂ ਨਾਲ ਕਾਮਿਆਂ ਨੂੰ ਲਾਭ ਦੀ ਥਾਂ ਹਾਨੀ ਹੋਈ ਸੀ। ਪਿਛਲੀ ਹੜਤਾਲ ਨਾਲ ਭਾਵੇਂ ਬੋਨਸ ਸੌ ਰੁਪਏ ਮਜਦੂਰ ਵਧ ਗਿਆ ਸੀ ਪਰ ਇਸਦੇ ਨਾਲ ਇਕ ਹੋਰ ਸ਼ਰਤ ਲੱਗ ਗਈ ਸੀ ਕਿ ਪ੍ਰਬੰਧਕ ਕਿਸੇ ਵੀ ਕਾਮੇ ਨੂੰ ਪੰਦਰਾਂ ਦਿਨਾਂ ਦਾ ਨੋਟਿਸ ਜਾ ਤੀਹ ਦਿਨਾਂ ਦੀ ਤਨਖਾਹ ਦੇ ਕੇ । ਕੱਢ ਸਕਦੇ ਹਨ। ਇਸ ਸ਼ਰਤ ਅਧੀਨ ਉਹ ਕਿਸੇ ਵੀ ਅਜਿਹੇ ਕਾਮੇ ਨੂੰ ਨੌਕਰੀ ਤੋਂ ਹਟਾ ਸਕਦੇ ਹਨ ਜਿਸਦਾ ਕੰਮ ਪ੍ਰਬੰਧਕਾਂ ਨੂੰ ਤਸੱਲੀਬਖਸ਼ ਨਾ ਲੱਗੇ। ਰਾਜਨੀਤਿਕ ਪਾਰਟੀ ਦੀ ਮਜ਼ਦੂਰ ਯੂਨੀਅਨ ਦੇ ਇਸ ਫੈਸਲੇ ਨਾਲ ਕਈ ਕਾਮੇ ਕੰਮੋਂ ਹਟਾਏ ਗਏ ਜਿਸ ਨਾਲ ਮਜ਼ਦੂਰਾਂ `ਚ ਚਿੰਤਾ ਦੀ ਲਹਿਰ ਦੌੜ ਗਈ। |
ਜਬਰੀ ਨੌਕਰੀ ਤੋਂ ਹਟਾਏ ਜਾਣ ਤੋਂ ਰੋਕਣ ਲਈ ਇਸ ਵਾਰੀ ਕਾਮਿਆਂ ਨੇ ਆਪਣੀ ਅੱਡਰੀ ਯੂਨੀਅਨ ਬਣਾ ਲਈ, ਜਿਸਦਾ ਸਿਹਰਾ ਹਰੀਪਾਲ ਦੇ ਸਿਰ ਹੈ ਤੇ ਉਸ ਦੀ ਪ੍ਰਧਾਨਗੀ ਹੇਠ ਇਹ ਹੜਤਾਲ ਹੋਈ ਹੈ। ਪੂਰਾ ਮਹੀਨਾ ਲੰਘ ਗਿਆ ਹੈ ਕਿ ਪ੍ਰਬੰਧਕ ਅੜੇ ਹੋਏ ਹਨ। ਪਹਿਲੀ ਰਾਜਨੀਤਕ ਪਾਰਟੀ ਦੀ ਮਜ਼ਦੂਰ ਯੂਨੀਅਨ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਹੜਤਾਲ ਨੂੰ ਆਪਣੇ ਹੱਥ ਵਿਚ ਲੈਣ ਦੀ ਤੇ ਕਈ ਹੱਥ ਕੰਡੇ ਵਰਤੇ ਹਨ ਮਜਦੂਰ ’ਚ ਫੁੱਟ ਪਾਉਣ ਦੇ ਪਰ ਕਾਮੇ ਕਿਸੇ ਦੇ ਹੱਥ ਦੀ ਕਠਪੁਤਲੀ ਨਹੀਂ ਬਣੇ ਤੇ ਹਰੀਪਾਲ ਦੀ ਅਗਵਾਈ ਵਿਚ ਜਿੱਤ ਯਕੀਨੀ ਜਾਪਦੀ ਹੈ।
ਦੁਪਹਿਰੇ ਮਿੱਲ ਦਾ ਮੈਨੇਜਰ ਆਉਂਦਾ ਹੈ। ਉਹ ਸਿੱਧਾ ਕਿਸੇ ਵੱਡੇ ਅਫਸਰ ਨੂੰ ਮਿਲਕੇ ਆ ਰਿਹਾ ਹੁੰਦਾ ਹੈ ਤਾਂ ਜੋ ਮਿੱਲ ’ਚ ਭੜਕਾਊ ਹਾਲਤ ਕਾਬੂ ਵਿਚ ਰੱਖੇ ਜਾ ਸਕਣ। ਮੈਨੇਜਰ ਨੂੰ ਦੇਖਦਿਆਂ ਹੀ ਚੌਗਿਰਦਾ ਨਾਹਰਿਆਂ ਨਾਲ ਗੂੰਜ ਉਠਦਾ ਹੈ
ਤਨਖਾਹ ਵਧਾਓ, ਬੋਨਸ ਵਧਾਓ:
ਮਜ਼ਦੂਰ ਦੇਸ਼ ਦੀ ਜਾਨ ਹੁੰਦੇ ਹਨ।
ਰੋਟੀ ਲਈ ਘੋਲ, ਹੱਕੀ ਹੈ।
ਮਜ਼ਦੂਰ ਏਕਤਾ, ਜ਼ਿੰਦਾਬਾਦ। ਹਰੀਪਾਲ, ਜ਼ਿੰਦਾਬਾਦ।
ਹਰੀਪਾਲ ਦਾ ਚਿਹਰਾ ਪੂਰੇ ਜੋਸ਼ ’ਚ ਹੈ ਤੇ ਉਸਨੂੰ ਜਿੱਤ ਦਾ ਪੂਰਾ ਵਿਸ਼ਵਾਸ਼। ਕਾਮੇ ਦਰਵਾਜੇ ਚ ਖੜਕੇ ਰਸਤਾ ਬੰਦ ਕਰ ਦਿੰਦੇ ਹਨ ਤੇ ਕਾਰ ਦਾ ਘੇਰਾਓ ਕਰ ਲੈਂਦੇ ਹਨ। ਪੁਲੀਸ ਘੇਰਾਓ ਤੋੜ ਕੇ ਮੈਨੇਜਰ ਦੀ ਕਾਰ ਅੰਦਰ ਲੰਘਾ ਦਿੰਦੀ ਹੈ ਤੇ ਲਾਠੀ ਚਾਰਜ਼ ਸ਼ੁਰੂ ਹੋ ਜਾਂਦਾ ਹੈ। ਅੰਦਰੋਂ ਗੋਲੀ ਚੱਲਦੀ ਹੈ, ਪੁਲੀਸ ਹਵਾਈ ਫਾਇਰ ਕਰਦੀ ਹੈ। ਭਗਦੜ ਮਚ ਜਾਂਦੀ ਹੈ। ਬਹੁਤੇ ਜ਼ਖ਼ਮੀ ਹੁੰਦੇ ਹਨ, ਕਈ ਮਰਦੇ ਹਨ। ਮਰਨ ਵਾਲਿਆਂ ‘ਚ ਹਰੀਪਾਲ ਵੀ ਹੈ।
ਉਸੇ ਦਿਨ ਦੀ ਰਾਤ ਨੂੰ ਮਿੱਲ ਦਾ ਮੈਨੇਜਰਉਸੇ ਵੱਡੇ ਪੁਲੀਸ ਅਫਸਰ ਨਾਲ ਵਿਸਕੀ ਪੀ ਰਿਹਾ ਹੁੰਦਾ ਹੈ।
‘‘ਠੀਕ ਹੋ ਗਿਆ ਨਾ ਸਭ ਕੁਝ? ਨਾ ਰਹੂ ਬਾਂਸ ਤੇ ਨਾ ਬਜੂ ਬੰਸਰੀ।’’
“ਹਾਂ ਹਾਂ ਬਿਲਕੁਲ। ਮੈਨੇਜਰ ਮੁਸਕਾਉਂਦਾ ਹੈ।
ਅਗਲੇ ਦਿਨ ਅਖਬਾਰ ਵਿਚ ਖਬਰ ਛਪਦੀ ਹੈ
ਭੜਕੇ ਹੜਤਾਲੀ ਕਾਮਿਆਂ ਨੇ ਮਿੱਲ ਨੂੰ ਅੱਗ ਲਾਉਣੀ ਚਾਹੀ, ਇਸ ਤੇ ਪੁਲੀਸ ਨੂੰ ਲਾਠੀ ਚਾਰਜ ਤੇ ਗੋਲੀ ਚਲਾਉਣੀ ਪਈ। ਇਕ ਕਾਮਾ ਮਾਰਿਆ ਗਿਆ ਤੇ ਕਈ ਜ਼ਖ਼ਮੀ ਹੋਏ। ਜ਼ਖਮੀਆਂ ਵਿਚ ਕਈ ਪੁਲਸੀਏ ਵੀ ਸਨ।
ਅੱਜ ਉਸਨੇ ਨਾਨਕ ਸਿੰਘ ਦਾ ਨਾਵਲ ‘ਇਕ ਮਿਆਨ ਦੋ ਤਲਵਾਰਾਂ” ਇੱਕੋ ਬੈਠਕ ਵਿਚ ਪੜ ਲਿਆ ਸੀ। ਸ਼ਾਮੀਂ ਚਾਹ ਪੀਂਦਿਆਂ ਉਸ ਨੇ ਕਿਹਾ, “ਮੈਂ ਵੀ ਇਨਕਲਾਬੀ ਬਣ ਜਾਣਾ ਹੈ।
ਉਸਦੇ ਲੋਕ ਪੱਖੀ ਪਤੀ ਨੇ ਮੁਸਕਾਂਦਿਆਂ ਉਹਦੇ ਵੱਲ ਦੇਖਿਆ- ਅੱਜ ਉਹ ਵਧੇਰੇ ਦਿੜ ਤੇ ਸਾਹਸੀ ਜਾਪਦੀ ਸੀ।
ਰਾਤੀਂ ਦੋਹਾਂ ਖਾਣਾ ਖਾਧਾ ਤੇ ਸੌਂ ਗਏ। ਕੁਝ ਚਿਰ ਬਾਅਦ ਉਨ੍ਹਾਂ ਦਾ ਛੋਟਾ ਬੱਚਾ ਰੋਣ ਲੱਗ ਗਿਆ। ਉਹ ਉਠੀ ਤੇ ਫਰਿਜ਼ ‘ਚੋਂ ਦੁੱਧ ਵਾਲੀ ਗੜਵੀ ਕੱਢ ਕੇ ਆਪਣੇ ਪਤੀ ਨੂੰ ਬੋਲੀ, “ਜੀ! ਉਠੋ! ਮੁੰਨਾ ਭੁੱਖਾ ਹੈ ਮੇਰੇ ਨਾਲ ਰਸੋਈ ਤਕ ਚਲੋ, ਦੁੱਧ ਗਰਮ ਕਰਨਾ ਹੈ।
‘ਤੂੰ ਗਰਮ ਕਰ ਲਿਆ! ਪਤੀ ਨੇ ਅੱਖਾਂ ਮਲਦਿਆਂ ਕਿਹਾ।
‘ਡਰ ਲਗਦੈ“
ਪਰ ਤੂੰ ਤਾਂ ਇਨਕਲਾਬੀ ਬਨਣਾ ਹੈ।
ਪਤਨੀ ਦਾ ਚਿਹਰ ਉੱਤਰ ਗਿਆ, “ਉਹ ਤਾਂ ਦਿਨ ਦੀ ਗੱਲ ਸੀ।
ਪੁਲਸੀਏ ਦਸਤੇ ਨੇ ਮਾਸਟਰ ਗੁਰਦਿਆਲ ਸਿੰਘ ਨੂੰ ਵੱਡੇ ਥਾਣੇਦਾਰ ਦੇ ਪੇਸ਼ ਕੀਤਾ ਕਿਉਂਕਿ ਉਸ ਨੇ ਰਾਤ ਕੰਮੀਆਂ ਦੀ ਬੰਤੋ ਨਾਲ ਜ਼ਬਰਦਸਤੀ ਕਰਨ ਲੱਗੇ ਸ਼ਰਾਬੀ ਸਿਪਾਹੀ ਦੇ ਹੱਡ ਭੰਨ ਦਿੱਤੇ ਸਨ।
“ਸਾਲਿਆ, ਹਰਾਮੀਆ! ਤੈਨੂੰ ਪਤਾ ਸਿਪਾਹੀਆਂ ਤੇ ਹੱਥ ਚੱਕਣ ਵਾਲੇ ਦੀ ਅਸੀਂ ਮਾਂ ਦੀ’…ਥਾਣੇਦਾਰ ਦੀ ਗਰਜ਼ ਵਿਚ ਹੀ ਰਹਿ ਗਈ, ਜਿਉਂ ਹੀ ਉਸ ਨੇ ਮਾਸਟਰ ਦੀਆਂ ਅੱਗ ਵਰਸਾ ਰਹੀਆਂ ਅੱਖਾਂ ਵਲ ਦੇਖਿਆ ਤੇ ਬਾਹਰ ਆ ਕੇ ਸਿਪਾਹੀਆਂ ਨੂੰ ਹੁਕਮ ਦਿੱਤਾ।
ਡਰਾ ਧਮਕਾ ਕੇ ਛੱਡ ਦਿਉ, ਸਾਲਾ ਨਕਸਲਵਾੜੀਆ ਲਗਦੈ।
ਮਾਲ ਤੇ ਘੁੰਮ ਰਿਹਾ ਸਾਂ, ਅਚਾਨਕ ਹੀ ਨਜ਼ਰ ਬੂਟਾਂ ਤੇ ਪਈ। ਸੱਜੇ ਪੈਰ ਵਾਲਾ ਤੱਸਮਾ ਦਮ ਤੋੜ ਰਿਹਾ ਸੀ। ਉਥੇ ਹੀ ਇਕ ਮੋਚੀ ਦਿਸ ਪਿਆ।
ਪੰਝੀ ਪੈਸੇ ਦੇ ਕੇ ਨਵੇਂ ਤਸਮੇ ਲਏ, ਪੁਰਾਣੇ ਤਸਮੇ ਉਥੇ ਹੀ ਸੁੱਟ ਦਿੱਤੇ।
ਸੜਕ ਦੇ ਕਿਨਾਰੇ ਇਕ ਮੜੀਅਲ ਜਿਹਾ ਆਦਮੀ ਬੈਠਾ ਸੀ। ਮੇਰੇ ਵੱਲੋਂ ਸੁੱਟੇ ਗਏ ਤਸਮੇ ਉਸ ਨੇ ਚੁਕ ਕੇ ਆਪਣੇ ਬਿਨ-ਤਸਮਿਆਂ ਦੇ ਬੂਟਾਂ ਵਿਚ ਪਾ ਲਏ। ਮੈਨੂੰ ਬਹੁਤ ਬੁਰਾ ਲੱਗਾ। ਮੈਂ ਤਸਮਿਆਂ ਦਾ ਇਕ ਨਵਾਂ ਜੋੜਾ ਖਰੀਦ ਕੇ ਉਸ ਨੂੰ ਦੇ ਦਿੱਤਾ ਤੇ ਬੜੀ ਤਸੱਲੀ ਭਰੀ ਖੁਸ਼ੀ ਨਾਲ ਅਗਾਂਹ ਨੂੰ ਹੋ ਗਿਆ। ਮੈਂ ਆਪਣੇ ਆਪ ਵਿਚ ਬੜਾ ਹਲਕਾ ਮਹਿਸੂਸ ਕਰ ਰਿਹਾ ਸਾਂ ਕਿ ਮੈਂ ਕਿਸੇ ਦੀ ਮਦਦ ਕੀਤੀ ਹੈ।
ਵਾਪਸੀ ਸਮੇਂ ਮੇਰੀ ਨਜ਼ਰ ਫਿਰ ਉਸੇ ਆਦਮੀ ਉਤੇ ਪਈ। ਜਦੋਂ ਮੈਂ ਉਸ ਦੇ ਬੂਟਾਂ ਵੱਲ ਦੇਖਿਆ ਤਾਂ ਚੌਕ ਗਿਆ, ਉਹਨੇ ਉਹੀ ਪੁਰਾਣੇ ਤਸਮੇ ਹੀ ਪਾਏ ਹੋਏ ਸਨ। ਉਹਨੇ ਮੇਰੀ ਨਜ਼ਰ ਤਾੜ ਲਈ ਅਤੇ ਬੜੀ ਖੁਸ਼ਾਮਦ ਭਰੀ ਅਵਾਜ਼ ਵਿਚ ਕਹਿਣ ਲੱਗਾ, “ ਜ਼ੀ ਉਹ ਵੀਹ ਪੈਸੇ ਵਿਚ ਉਸੇ ਮੋਚੀ ਨੂੰ ਦੇ ਦਿੱਤੇ ਜ਼ਰੂਰਤ ਸੀ ਮੈਨੂੰ।”
ਚੋਰ
ਇਕ ਆਦਮੀ ਦੇ ਘਰ ਭਾਂਡਿਆਂ ਦੀ ਚੋਰੀ ਹੋ ਗਈ ਪਰ ਉਸ ਨੇ ਥਾਣੇ ਰਿਪੋਰਟ ਨਾ ਲਿਖਵਾਈ। ਉਸ ਆਦਮੀ ਦੇ ਗੁਆਂਢੀ ਨੇ ਉਹਦੀ ਚੋਰੀ ਦੀ ਰਿਪੋਰਟ ਥਾਣੇ ਲਿਖਾ ਦਿੱਤੀ।
ਚੋਰੀ ਦੀ ਪੜਤਾਲ ਲਈ ਦੋ ਸਿਪਾਹੀ ਤੇ ਇਕ ਥਾਣੇਦਾਰ ਮੌਕੇ ਤੇ ਆਏ। ਥਾਣੇਦਾਰ ਨੇ ਘਰ ਵਾਲੇ ਨੂੰ ਪੁੱਛਿਆ, “ਤੇਰਾ ਕੀ ਕੀ ਨੁਕਸਾਨ ਹੈ ਬਈ?”
ਆਦਮੀ ਨੇ ਉੱਤਰ ਦਿੱਤਾ, “ਜੀ, ਮੇਰੇ ਭਾਂਡੇ ਚੋਰੀ ਹੋ ਗਏ ਹਨ।
‘‘ਤੇਰੇ ਕਿੰਨੇ ਭਾਂਡੇ ਚੋਰੀ ਹੋਏ ਨੇ। ਥਾਣੇਦਾਰ ਨੇ ਪੁੱਛਿਆ।
‘ਜੀ ਮੇਰੇ 16 ਗਿਲਾਸ, 16 ਥਾਲ ਤੇ 16 ਕੌਲੀਆਂ ਚੋਰੀ ਹੋ ਗਈਆਂ ਹਨ।
“ਅੱਛਾ, ਏਨੇ ਭਾਂਡੇ ਚੋਰੀ ਹੋ ਗਏ ਹਨ। ਹੌਲਦਾਰ ਜੋ ਭਾਂਡੇ ਬਾਕੀ ਬਚੇ ਹਨ ਉਹ ਕੋਲ ਲੈ ਲਵੋ ਜੇ ਇਹਦੇ ਗੁਆਚੇ ਭਾਂਡੇ ਮਿਲ ਗਏ ਤਾਂ ਮੇਲ ਕੇ ਦੇਖ ਲਵਾਂਗੇ ਕਿ ਠੀਕ ਹੀ ਇਹਦੇ ਭਾਂਡੇ ਨੇ।’’ ਥਾਣੇਦਾਰ ਨੇ ਇਕ ਸਿਪਾਹੀ ਨੂੰ ਸੈਨਤ ਨਾਲ ਕਿਹਾ।
ਥਾਣੇਦਾਰ ਨੇ ਫਿਰ ਕਿਹਾ, “ਉਏ ਤੂੰ ਝੂਠ ਮਾਰਦਾ ਏ। ਤੇਰੇ 8 ਥਾਲ, 8 ਗਿਲਾਸ ਤੇ 8 ਕੌਲੀਆਂ ਤੇ ਐਹ ਪਈਆਂ ਨੇ। ਤੂੰ ਕਹਿੰਦਾ ਏਂ ਕਿ ਮੇਰੇ 16 ਥਾਲ, 16 ਗਿਲਾਸ ਤੇ 16 ਕੌਲੀਆਂ ਚੋਰੀ ਹੋ ਗਈਆਂ ਨੇ ਤੂੰ ਝੂਠ ਮਾਰਦਾ ਏ। ਤੇਰੀਆਂ ਅੱਠ ਅੱਠ ਚੀਜ਼ਾਂ ਚੋਰੀ ਹੋਈਆਂ ਨੇ।
“ਜਨਾਬ ਇਹ ਠੀਕ ਹੈ ਕਿ ਮੇਰੀਆਂ ਅੱਠ ਅੱਠ ਚੀਜ਼ਾਂ ਚੋਰੀ ਹੋਈਆਂ ਪਰ ਜੋ ਅੱਜ ਅੱਠ ਭਾਂਡੇ ਤੁਸੀਂ ਲੈ ਚਲੇ ਹੋ, ਇਹ ਵੀ ਕਿਹੜੇ ਮੈਨੂੰ ਮਿਲਣੇ ਹਨ। ਇਸ ਲਈ ਮੈਂ ਸੋਲਾਂ ਸੋਲਾਂ ਭਾਂਡੇ ਲਿਖਵਾ ਰਿਹਾ ਹਾਂ। ਉਸ ਆਦਮੀ ਨੇ ਖੇਸੀ ਦੀ ਬੁੱਕਲ ਠੀਕ ਕਰਦਿਆਂ ਕਿਹਾ।
ਇਕ ਪੁਲੀਸ ਵਾਲਾ ਜਦੋਂ ਕਈ ਮੁੱਕੇ ਥੱਪੜ ਮਾਰ ਹਟਿਆ ਤਾਂ ਦੂਜਾ ਕੁਕਿਆ‘‘ਸੱਚ ਸੱਚ ਦੱਸ ਓਇ ਅੱਜ ਤੱਕ ਕਿੰਨਿਆਂ ਦੀਆਂ ਜੇਬਾਂ ਕੱਟੀਆਂ ਨੇ….?
ਭੈਣ…ਦਿਆ ਤੈਨੂੰ ਪਤਾ ਨੀ ਸੀ ਅੱਗੇ ਭਨੋਈਏ ਵੀ ਬੈਠੇ ਨੇ…” ਗਾਲਾਂ ਕੱਢਦੇ ਪੁਲੀਸ ਵਾਲੇ ਨੇ ਉਸ ਦੀਆਂ ਸਾਰੀਆਂ ਜੇਬਾਂ ਫਰੋਲ ਸੁੱਟੀਆਂ।
ਪਹਿਲਾ ਪੁਲੀਸ ਵਾਲਾ ਫੇਰ ਕੁੱਟਣ ਲੱਗ ਪਿਆ।
ਉਸ ਦੀਆਂ ਜੇਬਾਂ ਵਿੱਚੋਂ ਨਿਕਲਿਆ ਮਾਲ ਆਪਣੀ ਜੇਬ ਵਿਚ ਤੁਰਦਾ ਦੂਜਾ ਪੁਲੀਸ ਵਾਲਾ ਬੋਲਿਆ
“ਚੱਲ ਛੱਡ ਪਰ੍ਹਾਂ ਭੈਣ…ਨੂੰ। ਐਵੇਂ ਨਾ ਮਰਜੇ ਕਿਤੇ ਮੇਰਾ ਸੌਹਰਾ।” “ਕਿਉਂ??? ਪਹਿਲੇ ਨੇ ਦੂਜੇ ਵੱਲ ਤੱਕਿਆ। ਦੁਜੇ ਨੇ ਅੱਖ ਦਾ ਇਸ਼ਾਰਾ ਕੀਤਾ। ਪਹਿਲਾ ਪੁਲੀਸ ਵਾਲਾ ਝੱਟ ਸਮਝ ਗਿਆ। ਇੱਕ-ਦੋ-ਤਿੰਨ| ਕਈ ਹੋਰ ਥੱਪੜ ਧਰ ਦੇਣ ਤੋਂ ਬਾਅਦ ਫੇਰ ਪਹਿਲਾ ਆਕੜਿਆ
‘‘ਜਾਹ ਉੱਡ ਜਾ। …ਜੇ ਕਿਤੇ ਮੁੜਕੇ ਫੜ ਲਿਆ ਨਾ ਜੇਬ ਕੱਟਦਾ ਤਾਂ ਮਾਂ ਦਿਆਂਗੇ । ਭੈਣ ਦੇਣੇ ਦੀ…।
ਪੁਲੀਸ ਵਾਲੇ ਚਲੇ ਗਏ। | ਉਹ ਜੇਬ ਕਤਰਾ ਆਪਣੀ ਜੇਬ ਵਿੱਚੋਂ ਪੁਲੀਸ ਵਾਲਿਆਂ ਦੀਆਂ ਜੇਬਾਂ ਵਿਚ ਗਏ ਮਾਲ ਬਾਰੇ ਸੋਚਦਾ ਰਿਹਾ
ਕਾਸ਼ ਮੈਂ ਵੀ ਪੁਲੀਸ ਵਾਲਾ ਹੁੰਦਾ।
‘ਕਿਉਂ ਉਇ ਤੁਸੀਂ ਹੜਤਾਲ ਕੀਤੀ ਐ ? ਥਾਣੇਦਾਰ ਨੇ ਇੱਕ ਵਿਦਿਆਰਥੀ ਨੂੰ ਗਲਮੇ ਤੋਂ ਫੜ ਲਿਆ।
‘ਜੀ.ਜੀ ਆਪਣੇ ਹੱਕਾਂ ਖਾਤਰ ਲੜਨਾ ਤਾਂ ਸਾਡੇ ਸੰਵਿਧਾਨ ਵਿਚ ਸਾਨੂੰ ਜਨਮ-ਸਿੱਧ ਅਧਿਕਾਰ ਐ? ਉਹ ਵਿਦਿਆਰਥੀ ਬੋਲਿਆ।
ਅਸੀਂ ਸੰਵਿਧਾਨ ਸੰਵਧੂਨ ਨੀ ਜਾਣਦੇ, ਅਸੀਂ ਤਾਂ ਫੜ ਕੇ ਮੂਧੇ ਈ ਪਾ ਲੈਨੇ ਆਂ। ਸਮਝ ਗਿਆ? ਸਿਪਾਹੀ ਖਾਕੀ ਵਰਦੀ ਦੇ ਰੋਅਬ ਵਿਚ ਆਕੜਿਆ।
ਫੇਰ ਸੰਵਿਧਾਨ ਬਣਾਇਆ ਈ ਕਾਨੂੰ ਐ ? ਵਿਦਿਆਰਥੀ ਬਿਨਾਂ ਝਿਜਕ ਬੋਲਿਆ।
ਉਲਟਾ ਤੂੰ ਸਾਨੂੰ ਪੜ੍ਹਾਉਣੈ.ਇਕ ਤਾਂ ਹੜਤਾਲਾਂ ਕਰਦੇ ਓ ਤੇ। ਥਾਣੇਦਾਰ ਨੇ ਉਸਦੇ ਮੂੰਹ ਉੱਤੇ ਥੱਪੜ ਮਾਰ ਦਿੱਤਾ।
ਖਾਕੀ ਵਰਦੀ ਨੇ ਉਸਨੂੰ ਗਲਮੇ ਤੋਂ ਫੜ ਜ਼ਮੀਨ ਉੱਤੇ ਸੁੱਟ ਲਿਆ। ਸੰਵਿਧਾਨ ਲੀਰੋ ਲੀਰ ਹੋ ਗਿਆ ਸੀ।
“ਹਾਏ ਹਾਏ ਮਰ ਗਿਆ ਬਚਾਓ। ਕਿੰਨੀਆਂ ਹੀ ਦਰਦਨਾਕ ਚੀਖਾਂ ਉਭਰੀਆਂ। ਮੁੰਡਾ ਨਹੀਂ ਜਿਵੇਂ ਸੰਵਿਧਾਨ ਚੀਖ ਰਿਹਾ ਸੀ।