ਚੋਰ

by Jasmeet Kaur

ਇਕ ਆਦਮੀ ਦੇ ਘਰ ਭਾਂਡਿਆਂ ਦੀ ਚੋਰੀ ਹੋ ਗਈ ਪਰ ਉਸ ਨੇ ਥਾਣੇ ਰਿਪੋਰਟ ਨਾ ਲਿਖਵਾਈ। ਉਸ ਆਦਮੀ ਦੇ ਗੁਆਂਢੀ ਨੇ ਉਹਦੀ ਚੋਰੀ ਦੀ ਰਿਪੋਰਟ ਥਾਣੇ ਲਿਖਾ ਦਿੱਤੀ।

ਚੋਰੀ ਦੀ ਪੜਤਾਲ ਲਈ ਦੋ ਸਿਪਾਹੀ ਤੇ ਇਕ ਥਾਣੇਦਾਰ ਮੌਕੇ ਤੇ ਆਏ। ਥਾਣੇਦਾਰ ਨੇ ਘਰ ਵਾਲੇ ਨੂੰ ਪੁੱਛਿਆ, “ਤੇਰਾ ਕੀ ਕੀ ਨੁਕਸਾਨ ਹੈ ਬਈ?”

ਆਦਮੀ ਨੇ ਉੱਤਰ ਦਿੱਤਾ, “ਜੀ, ਮੇਰੇ ਭਾਂਡੇ ਚੋਰੀ ਹੋ ਗਏ ਹਨ। 

‘‘ਤੇਰੇ ਕਿੰਨੇ ਭਾਂਡੇ ਚੋਰੀ ਹੋਏ ਨੇ। ਥਾਣੇਦਾਰ ਨੇ ਪੁੱਛਿਆ।

 ‘ਜੀ ਮੇਰੇ 16 ਗਿਲਾਸ, 16 ਥਾਲ ਤੇ 16 ਕੌਲੀਆਂ ਚੋਰੀ ਹੋ ਗਈਆਂ ਹਨ।

“ਅੱਛਾ, ਏਨੇ ਭਾਂਡੇ ਚੋਰੀ ਹੋ ਗਏ ਹਨ। ਹੌਲਦਾਰ ਜੋ ਭਾਂਡੇ ਬਾਕੀ ਬਚੇ ਹਨ ਉਹ ਕੋਲ ਲੈ ਲਵੋ ਜੇ ਇਹਦੇ ਗੁਆਚੇ ਭਾਂਡੇ ਮਿਲ ਗਏ ਤਾਂ ਮੇਲ ਕੇ ਦੇਖ ਲਵਾਂਗੇ ਕਿ ਠੀਕ ਹੀ ਇਹਦੇ ਭਾਂਡੇ ਨੇ।’’ ਥਾਣੇਦਾਰ ਨੇ ਇਕ ਸਿਪਾਹੀ ਨੂੰ ਸੈਨਤ ਨਾਲ ਕਿਹਾ।

ਥਾਣੇਦਾਰ ਨੇ ਫਿਰ ਕਿਹਾ, “ਉਏ ਤੂੰ ਝੂਠ ਮਾਰਦਾ ਏ। ਤੇਰੇ 8 ਥਾਲ, 8 ਗਿਲਾਸ ਤੇ 8 ਕੌਲੀਆਂ ਤੇ ਐਹ ਪਈਆਂ ਨੇ। ਤੂੰ ਕਹਿੰਦਾ ਏਂ ਕਿ ਮੇਰੇ 16 ਥਾਲ, 16 ਗਿਲਾਸ ਤੇ 16 ਕੌਲੀਆਂ ਚੋਰੀ ਹੋ ਗਈਆਂ ਨੇ ਤੂੰ ਝੂਠ ਮਾਰਦਾ ਏ। ਤੇਰੀਆਂ ਅੱਠ ਅੱਠ ਚੀਜ਼ਾਂ ਚੋਰੀ ਹੋਈਆਂ ਨੇ।

“ਜਨਾਬ ਇਹ ਠੀਕ ਹੈ ਕਿ ਮੇਰੀਆਂ ਅੱਠ ਅੱਠ ਚੀਜ਼ਾਂ ਚੋਰੀ ਹੋਈਆਂ ਪਰ ਜੋ ਅੱਜ ਅੱਠ ਭਾਂਡੇ ਤੁਸੀਂ ਲੈ ਚਲੇ ਹੋ, ਇਹ ਵੀ ਕਿਹੜੇ ਮੈਨੂੰ ਮਿਲਣੇ ਹਨ। ਇਸ ਲਈ ਮੈਂ ਸੋਲਾਂ ਸੋਲਾਂ ਭਾਂਡੇ ਲਿਖਵਾ ਰਿਹਾ ਹਾਂ। ਉਸ ਆਦਮੀ ਨੇ ਖੇਸੀ ਦੀ ਬੁੱਕਲ ਠੀਕ ਕਰਦਿਆਂ ਕਿਹਾ।

ਸਰਵਣ ‘ਅਲਬੇਲਾ’ 

You may also like