ਬਹੁਤ ਪੁਰਾਣੇ ਸਮਿਆਂ ਦੀ ਗੱਲ ਏ । ਇੱਕ ਨੇਕ ਦਿਲ ਜ਼ਿਮੀਂਦਾਰ ਸੀ , ਓਹਦਾ ਘਰ ਵੀ ਖੇਤਾਂ ਵਿੱਚ ਈ ਸੀ , ਜਿਸਦੇ ਨਾਲ ਇੱਕ ਸੰਘਣਾ ਜੰਗਲ ਲੱਗਦਾ ਸੀ , ਜਿਸ ਵਿੱਚ ਬੜੇ ਖ਼ਤਰਨਾਕ ਜਾਨਵਰ ਰਹਿੰਦੇ ਸਨ ।
ਓਸ ਜ਼ਿਮੀਂਦਾਰ ਦਾ ਵਿਆਹ ਇੱਕ ਖ਼ੂਬਸੂਰਤ ਔਰਤ ਨਾਲ ਹੋ ਗਿਆ , ਜੋ ਬੜੀ ਨੇਕ ਦਿਲ ਤੇ ਰੱਬੀ ਰੂਹ ਸੀ । ਪਰ ਕਰਨੀ ਰੱਬ ਦੀ , ਕਈ ਵਰ੍ਹੇ ਬੀਤ ਗਏ ਪਰ ਓਹਦੀ ਕੁੱਖ ਨੂੰ ਭਾਗ ਨਾ ਲੱਗੇ , ਸੰਤਾਨ ਸੁਖ ਹਾਸਿਲ ਨਾ ਹੋਇਆ । ਜ਼ਿਮੀਂਦਾਰ ਨੂੰ ਏਸ ਗੱਲ ਦਾ ਝੋਰਾ ਵੱਢ ਵੱਢ ਖਾਣ ਲੱਗਾ । ਓਹਦਾ ਹਾਲ ਜਾਣਕੇ ਓਹਦੀ ਨੇਕ ਦਿਲ ਪਤਨੀ ਨੇ ਓਹਨੂੰ ਦੂਜੀ ਸ਼ਾਦੀ ਕਰਵਾਉਣ ਲਈ ਕਹਿ ਦਿੱਤਾ , ਤਾਂ ਜੋ ਸੰਤਾਨ ਦਾ ਮੂੰਹ ਵੇਖ ਸਕੇ ,ਓਹਨੂੰ ਓਹਦੀ ਜਾਇਦਾਦ ਦਾ ਵਾਰਿਸ ਮਿਲ ਸਕੇ । ਕੁਝ ਸਮੇਂ ਦੀ ਕਸ਼ਮਕਸ਼ ਤੋਂ ਬਾਅਦ , ਅਖੀਰ ਨੂੰ ਇੱਕ ਗਰੀਬ ਘਰ ਦਾ ਰਿਸ਼ਤਾ ਮਿਲ ਗਿਆ , ਇੱਕ ਨੌਜਵਾਨ ਔਰਤ ਵਿਆਹ ਲਿਆਂਦੀ ਓਸ ਜ਼ਿਮੀਂਦਾਰ ਨੇ , ਜੋ ਸੁਭਾਅ ਤੋ ਬੜੀ ਅੜਭ ਤੇ ਈਰਖਾਲੂ ਸੀ । ਓਹਦੀ ਕੁੱਖੋਂ ਉੱਤੋੜਿੱਤੀ ਦੋ ਬੇਟੀਆਂ ਨੇ ਜਨਮ ਲਿਆ ,ਪਤੀ ਦੀ ਜਾਇਦਾਦ ਦੇ ਗੁਮਾਨ ਅਤੇ ਅਚਨਚੇਤੀ ਜੀਵਨ ਪੱਧਰ ਵਿੱਚ ਉਚਾਈ ਨਾਲ ਓਸ ਔਰਤ ਦੀ ਆਕੜ ਸਤਵੇਂ ਅਸਮਾਨ ਤੇ ਪਹੁੰਚ ਗਈ , ਓਹਨੇ ਜ਼ਿਮੀਂਦਾਰ ਦੀ ਪਹਿਲੀ ਪਤਨੀ ਦਾ ਜੀਣਾ ਹਰਾਮ ਕਰ ਦਿੱਤਾ , ਓਹਨੂੰ ਬਾਂਝ ਕਹਿਕੇ ਬੇਟੀਆਂ ਦੇ ਮੱਥੇ ਲੱਗਣ ਤੋਂ ਵੀ ਮਨ੍ਹਾਂ ਕਰ ਦਿੱਤਾ । ਏਸ ਗੱਲ ਨੇ ਜ਼ਿਮੀਂਦਾਰ ਨੂੰ ਬੜਾ ਹਤਾਸ਼ ਕਰ ਦਿੱਤਾ , ਪਰ ਓਹਦੀ ਪਹਿਲੀ ਪਤਨੀ ਨੇ ਕੋਈ ਉਜਰ ਨਾ ਕੀਤਾ , ਹਾਂ , ਜਦੋਂ ਕਦੀ ਤਾਅਨਿਆਂ ਦੀ ਇੰਤਹਾ ਹੋ ਜਾਂਦੀ ਤਾਂ ਅੱਖਾਂ ਭਰ ਕੇ ਫ਼ਰਿਆਦ ਜ਼ਰੂਰ ਕਰਦੀ ,” ਹੇ ਪ੍ਰਭੂ, ਮੇਰੇ ਗ਼ਰੀਬਣੀ ਤੇ ਰਹਿਮ ਕਰ, ਮੇਰੇ ਦੁੱਖਾਂ ਦਾ ਦਾਰੂ ਤੂੰ ਈ ਬਣ ਸਕਦਾ ਏਂ, ਮੇਰੀ ਵੇਦਨਾ , ਤੇਰੇ ਬਿਨਾ ਹੋਰ ਕੌਣ ਜਾਣ ਸਕਦਾ ਏ ? “
ਖੁਦਾ ਮਨਜ਼ੂਰ ਕਰਤਾ ਹੈ
ਦੁਆ ਜਬ ਦਿਲ ਸੇ ਹੋਤੀ ਹੈ ,
ਲੇਕਿਨ ਮੁਸ਼ਕਿਲ ਹੈ ਯੇਹ,
ਬੜੀ ਮੁਸ਼ਕਿਲ ਸੇ ਹੋਤੀ ਹੈ।
ਅਖੀਰ ਅਰਜੋਈਆਂ ਮਨਜ਼ੂਰ ਹੋ ਗਈਆਂ , ਆਸਾਂ, ਉਮੀਦਾਂ ਨੂੰ ਬੂਰ ਪੈ ਗਿਆ , ਪਹਿਲੀ ਪਤਨੀ ਨੇ ਬੜੇ ਸੋਹਣੇ ਸੁਨੱਖੇ ਬਾਲ ਨੂੰ ਜਨਮ ਦਿੱਤਾ , ਵੇਖਕੇ ਜ਼ਿਮੀਂਦਾਰ ਖ਼ੁਸ਼ੀ ਵਿੱਚ ਖੀਵਾ ਹੋ ਗਿਆ । ਬੇਸ਼ੱਕ ਬੇਟੀਆਂ ਨੂੰ ਵੀ ਬਹੁਤ ਪਿਆਰ ਕਰਦਾ ਸੀ ਓਹ, ਪਰ ਜਲਦੀ ਹੀ ਪੁੱਤਰ ਓਹਦੀਆਂ ਅੱਖਾਂ ਦਾ ਤਾਰਾ ਬਣ ਗਿਆ । ਜ਼ਿਮੀਂਦਾਰ ਦੀ ਦੂਜੀ ਪਤਨੀ ਈਰਖਾ ਵਿੱਚ ਮੱਚ ਉੱਠੀ ,ਕਈ ਖੁਰਾਫਾਤੀ ਵਿਚਾਰ ਓਹਦੇ ਜ਼ਿਹਨ ਚ ਆਉਣ ਲੱਗੇ , ਹਾਲਾਂਕਿ ਪਹਿਲੀ ਪਤਨੀ ਨੇ ਕਦੀ ਕੋਈ ਅਜਿਹੀ ਹਰਕਤ ਨਹੀ ਸੀ ਕੀਤੀ ਜੋ ਇਨਸਾਨੀਅਤ ਦੀ ਕਸਵੱਟੀ ਤੇ ਖਰੀ ਨਾ ਉੱਤਰੇ ਤੇ ਨਾ ਹੀ ਕਦੀ ਗੁਮਾਨ ਕੀਤਾ ਸੀ, ਓਹ ਆਪਣੀ ਸੌਂਕਣ ਦੀਆਂ ਬੇਟੀਆਂ ਨੂੰ ਵੀ ਸਕੀਆਂ ਬੇਟੀਆਂ ਵਾਂਗ ਈ ਪਿਆਰ ਕਰਦੀ ।
ਬੇਟਾ ਲਗਭਗ ਸਾਲ ਕੁ ਦਾ ਹੋ ਗਿਆ ਸੀ ,ਇੱਕ ਦਿਨ ਜਿਮੀਦਾਰ ਤੇ ਓਹਦੀ ਵੱਡੀ ਪਤਨੀ ਨੂੰ ਕਿੱਧਰੇ ਜਾਣਾ ਪਿਆ ਇਕੱਠਿਆਂ , ਬੇਟੇ ਨੂੰ ਦੂਜੀ ਔਰਤ ਕੋਲ ਛੱਡ ਗਏ ਕਿ ਇਹਦਾ ਖਿਆਲ ਰੱਖੀਂ , ਅਸੀਂ ਹੁਣੇ ਆਏ । ਮਗਰੋਂ ਦੂਜੀ ਔਰਤ ਦੇ ਮਨ ਤੇ ਸ਼ੈਤਾਨ ਹਾਵੀ ਹੋ ਗਿਆ , ਓਹਨੇ ਬੱਚੇ ਨੂੰ ਗੋਦ ਚ ਉਠਾਇਆ ਤੇ ਵਾਹੋ-ਦਾਹੀ ਦੌੜਦੀ ਹੋਈ ਜੰਗਲ ਚ ਸੁੱਟ ਆਈ , ਤਾਂ ਜੋ ਓਹ ਕਿਸੇ ਜਾਨਵਰ ਦੀ ਖੁਰਾਕ ਬਣ ਜਾਵੇ । ਓਹ ਫਟਾਫਟ ਘਰ ਆ ਗਈ ਏਹ ਕੰਮ ਕਰਕੇ , ਜਦੋਂ ਜ਼ਿਮੀਂਦਾਰ ਤੇ ਓਹਦੀ ਪਹਿਲੀ ਪਤਨੀ ਵਾਪਸ ਆਉਂਦੇ ਦਿਸੇ , ਤਾਂ ਓਹਨੇ ਝੂਠ ਮੂਠ ਦਾ ਚੀਖ ਚਿਹਾੜਾ ਪਾ ਦਿੱਤਾ ,” ਮੈ ਲੁੱਟੀ ਗਈ, ਬਰਬਾਦ ਹੋ ਗਈ, ਪਤਾ ਨਹੀ ਸਾਡਾ ਪੁੱਤਰ ਕਿੱਧਰ ਚਲਾ ਗਿਆ ਏ , ਕੋਈ ਸ਼ੈਅ ਓਹਨੂੰ ਉਠਾ ਕੇ ਲੈ ਗਈ ਏ । ਹਾਲੇ ਹੁਣੇ ਈ ਤਾਂ ਐਥੇ ਸੀ ਪੰਘੂੜੇ ਚ ਪਿਆ”
ਦੁਹਾਈ ਮੱਚ ਗਈ , ਘਰ ਦਾ ਚੱਪਾ ਚੱਪਾ ਛਾਣ ਮਾਰਿਆ ਸਭ ਨੌਕਰਾਂ ਚਾਕਰਾਂ ਨੇ , ਲੱਭਦਿਆਂ ਸ਼ਾਮ ਪੈ ਗਈ । ਅਖੀਰ ਜੰਗਲ ਵੱਲ ਲੱਭਣ ਤੁਰ ਗਏ ਸਭ । ਬੱਚੇ ਦੀ ਮਾਂ , ਖੁਦਾ ਅੱਗੇ ਫ਼ਰਿਆਦ ਕਰਨ ਬੈਠ ਗਈ ਕਿ ਜੇਕਰ ਦਿੱਤਾ ਏ ਤਾਂ ਹਿਫ਼ਾਜ਼ਤ ਵੀ ਕਰੀਂ ,ਜਦ ਕਿ ਦੂਜੀ ਔਰਤ ਆਪਣੇ ਝੂਠੇ ਨਾਟਕ ਵਿੱਚ ਰੁੱਝੀ ਰਹੀ ।
ਹਾਲੇ ਥੋੜੀ ਦੂਰ ਈ ਗਏ ਸਨ ਕਿ ਬੱਚੇ ਦੇ ਰੋਣ ਦੀ ਆਵਾਜ਼ ਆਈ , ਕਿਸੇ ਸੰਭਾਵੀ ਅਨਹੋਣੀ ਤੋ ਡਰਦਿਆਂ ਜ਼ਿਮੀਂਦਾਰ ਤੇ ਓਹਦੇ ਬੰਦੇ ਬੜੇ ਚੌਕਸ ਹੋ ਕੇ ਓਸ ਦਿਸ਼ਾ ਵੱਲ ਗਏ , ਜਿੱਧਰੋਂ ਆਵਾਜ ਆਈ ਸੀ। ਓਹਨਾ ਵੇਖਿਆ , ਕਿ ਇੱਕ ਸੱਪ ਬੱਚੇ ਨੂੰ ਵਲ਼ ਪਾਈ ਬੈਠਾ ਏ , ਪਰ ਨੁਕਸਾਨ ਕੋਈ ਨਹੀ ਸੀ ਪਹੁੰਚਾਇਆ , ਇਨਸਾਨਾਂ ਦੀ ਆਮਦ ਵੇਖਕੇ ਸੱਪ ਆਹਿਸਤਾ ਜਿਹੇ ਬੱਚੇ ਨੂੰ ਛੱਡ ਕੇ ਜੰਗਲ ਚ ਅਲੋਪ ਹੋ ਗਿਆ , ਜਿਵੇਂ ਹਿਫਾਜਤ ਕਰਨ ਹੀ ਆਇਆ ਹੋਵੇ ਓਸ ਮਾਸੂਮ ਦੀ ।
ਜ਼ਿਮੀਂਦਾਰ ਨੇ ਬੱਚੇ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ , ਖੁਦਾ ਦਾ ਧੰਨਵਾਦ ਕੀਤਾ ਤੇ ਕਾਹਲੇ ਕਦਮੀ ਘਰ ਨੂੰ ਆ ਗਿਆ ਬਿਨਾ ਕਿਸੇ ਦੇਰੀ ਤੋਂ ।
ਜਦੋਂ ਘਰ ਪਰਤਿਆ ਤਾਂ ਓਹਦੀ ਦੂਸਰੀ ਪਤਨੀ ਦਰਦ ਨਾਲ ਕੁਰਲਾ ਰਹੀ ਸੀ , ਤੜਫ ਰਹੀ ਸੀ, ਓਹਨੂੰ ਘਰ ਵਿੱਚ ਕਿਸੇ ਵੀਰਾਨ ਪਏ ਕਮਰੇ ਚੋ ਬੱਚੇ ਨੂੰ ਲੱਭਣ ਦਾ ਢੌਂਗ ਕਰਦੀ ਨੂੰ ਕੋਈ ਸੱਪ ਡੰਗ ਮਾਰ ਗਿਆ ਸੀ , ਓਹ ਬੜੀ ਮੁਸ਼ਕਲ ਨਾਲ ਆਪਣਾ ਗੁਨਾਹ ਈ ਸਵੀਕਾਰ ਕਰ ਸਕੀ ਸੀ ਕਿ ਪ੍ਰਾਣ ਨਿੱਕਲ ਗਏ ਓਹਦੇ ।
ਦਦੈ ਦੋਸੁ ਨਾ ਦੇਊ ਕਿਸੈ
ਦੋਸੁ ਕਰੰਮਾ ਆਪਣਿਆ ।।
ਜੋ ਮੈਂ ਕੀਆ ਸੋ ਮੈ ਪਾਇਆ
ਦੋਸੁ ਨਾ ਦੀਜੈ ਅਵਰੁ ਜਨਾ ।।
ਸਾਡੇ ਦੁੱਖ ਜਾਂ ਸੁੱਖ , ਸਾਡੇ ਈ ਕਰਮਾਂ ਦੀ , ਸਾਡੀ ਸੋਚ ਦੀ ਨੁਮਾਇੰਦਗੀ ਕਰਦੇ ਨੇ । ਓਹੀ ਵੇਖਣਾ ਪੈਂਦਾ ਏ ਜੋ ਰਿਕਾਰਡ ਕੀਤਾ ਹੁੰਦਾ ਏ । ਲੋਕਾਂ ਦੇ ਪਾਣੀ ਪੀਣ ਲਈ ਪੁੱਟਿਆ ਖੂਹ ਕਦੀ ਸਾਡੀ ਵੀ ਪਿਆਸ ਬੁਝਾਵੇਗਾ , ਪਰ ਕਿਸੇ ਨੂੰ ਦੱਬਣ ਲਈ ਪੁੱਟਿਆ ਟੋਆ ਸਾਡੇ ਲਈ ਵੀ ਕਬਰ ਬਣ ਜਾਵੇਗਾ । ਤੇ ਓਹ ਖੂਹ ਜਾਂ ਟੋਆ ਸੱਚਮੁੱਚ ਦਾ ਹੋਵੇ , ਜ਼ਰੂਰੀ ਨਹੀਂ ਏ, ਇਹ ਸਾਡੀ ਸੋਚ ਵਿੱਚ ਹੋਣਾ ਈ ਕਾਫੀ ਏ ।
ਕਰ ਭਲਾ , ਹੋ ਭਲਾ ,
ਅੰਤ ਭਲੇ ਦਾ ਭਲਾ ।
ਦਵਿੰਦਰ ਸਿੰਘ