ਜਦ ਕੋਈ ਮੈਨੂੰ ਇਹ ਕਹੇ ਨਾ ਕਿ ਫ਼ਲਾਣਾ ਬੰਦਾ ਬੜਾ ਤਿਆਗੀ ਹੈ, ਤੇ ਮੈਂ ਕਹਿੰਨਾ ਹੁੰਨਾ ਕਿ ਉਸ ਨੂੰ ਹੱਥ ਮਾਰਨ ਦਾ ਮੋਕਾ ਨਹੀਂ ਮਿਲਿਆ ਹੋਣਾ,ਅਾਪੇ ਤਿਆਗੀ ਹੈ। ਜਦ ਕੋਈ ਮੈਨੂੰ ਇਹ ਕਹੇ ਕਿ ਫ਼ਲਾਣਾ ਬੰਦਾ ਬੜਾ ਸ਼ਾਂਤ-ਮਈ ਸੁਭਾਅ ਦਾ ਹੈ, ਤੇ ਮੈਂ ਜਵਾਬ ਦਿੰਦਾ ਹੁੰਦਾ ਹਾਂ ਕਿ ਮਾਚਿਸ ਵਾਲੀ ਡੱਬੀ ਬੜੀ ਠੰਡੀ ਹੁੰਦੀ ਹੈ, ਥੋੜੀ ਜਿਹੀ ਹੀ ਤੀਲੀ ਘਸਾ ਕੇ ਵੇਖੋ,ਅੱਗ ਹੈ ਜਾਂ ਨਹੀਂ?ਇਹ ਜਿਹੜੇ ਠੰਡੇ ਬੰਦੇ ਦਿਸਦੇ ਹਨ ਨਾ ਕਈ, ਬਸ ਮਾਚਿਸ ਦੀ ਡੱਬੀ ਦੀ ਤਰਾੑਂ ਹੀ ਹੁੰਦੇ ਹਨ। ਅੰਦਰ ਬੜੀਆਂ ਤੀਲੀਆਂ ਹੁੰਦੀਆਂ ਹਨ,ਥੋੜੀੑ ਜਿਹੀ ਰਗੜ ਲੱਗੀ ਨਹੀਂ ਕਿ ਭਾਂਬੜ ਮੱਚੇ ਨਹੀਂ। ਅਗਰ ਕੋਈ ਬੰਦਾ ਠੰਡਾ ਹੈ ਤਾਂ ਬਸ ਇਸ ਵਾਸਤੇ ਕਿ ਤੀਲੀ ਨੂੰ ਰਗੜ ਨਹੀਂ ਲੱਗੀ।
ਪਾਕਿਸਤਾਨ ਵਿਚ ਇਕ ਬਹੁਤ ਵੱਡਾ ਪਹਿਲਵਾਨ ਸੀ ਸਿਘੋੜੀ ਕਰਕੇ।ਇਹਨੇ ਤਮਾਮ ਪਾਕਿਸਤਾਨ ਦੇ ਪਹਿਲਵਾਨਾ ਨੂੰ ਹਰਾਇਆ ਤੇ ਅੱਜ ਇਸ ਨੂੰ ਇਕ ਹਲਵਾਈ ਨੇ ਚੈਲਿੰਜ ਕਰ ਦਿੱਤਾ। ਅਖਾੜਾ ਬੱਝ ਗਿਆ,ਰੱਬ ਦਾ ਭਾਣਾ ਉਸ ਹਲਵਾਈ ਨੇ ਇਸ ਪਹਿਲਵਾਨ ਨੂੰ ਡੇਗ ਲਿਆ ਤੇ ਤਾੜੀਆਂ ਵੱਜ ਪਈਆਂ। ਕੋਲ ਖੜੑੇ ਇਕ ਬੱਚੇ ਨੇ ਇਸ ਪਹਿਲਵਾਨ ਨੂੰ ਗਾਲੑ ਕੱਢ ਦਿੱਤੀ। ਹੁਣ ਗੁੱਸੇ ਵਿਚ ਤੇ ਇਹ ਪਹਿਲੇ ਹੀ ਸੀ, ਭੱਜਿਆ ਉਸ ਬੱਚੇ ਨੂੰ ਮਾਰਨ, ਬੱਚਾ ਵੀ ਭੱਜ ਪਿਆ। ਇਸ ਪਹਿਲਵਾਨ ਦੀਆਂ ਅੱਖਾਂ ਲਾਲ, ਮੂੰਹ ‘ਚੋਂ ਝੱਗ ਨਿਕਲ ਰਹੀ ਸੀ ,ਕਹਿੰਦਾ ਸੀ ਛੱਡਣਾ ਨਹੀਂ ਤੇ ਇਹਦਾ ਜੋਸ਼ ਵੇਖ ਕੇ ਇਕ ਸਾਈਂ ਫ਼ਕੀਰ ਆ ਰਿਹਾ ਸੀ,ਰੁਕ ਗਿਆ।
ਪੁੱਛਿਆ,
“ਕੀ ਗੱਲ ਹੈ,ਪਹਿਲਵਾਨ!ਬੜਾ ਕੋ੍ਧ ਵਿਚ ਹੈਂ?”
ਕਹਿੰਦਾ,
“ਉਸ ਬੱਚੇ ਨੇ ਗਾਲੑ ਕੱਢੀ ਹੈ,ਛੱਡਣਾ ਨਹੀਂ,ਮਾਰ ਦੇਣਾ ਹੈ।”
ਉਹ ਫ਼ਕੀਰ ਬੋਲਿਆ,
“ਜਾਹ ਓਏ ਦੁਸ਼ਟਾ,ਤੂੰ ਦਸ ਪੱਥਰਾਂ ਦਾ ਭਾਰ ਤੇ ਚੁੱਕ ਸਕਦਾ ਹੈਂ ਤੇ ਇਕ ਮਾਮੂਲੀ ਜਿਹੀ ਗਾਲੑ ਨਹੀਂ ਸਹਿਨ ਕਰ ਸਕਿਆ?ਤੂੰ ਸਰੀਰ ਦਾ ਪਹਿਲਵਾਨ ਤੇ ਜ਼ਰੂਰ ਹੈਂ ਪਰ ਮਨ ਦਾ ਨਹੀਂ। ਤਨ ਦੇ ਪਹਿਲਵਾਨ ਇਸ ਦੁਨੀਆਂ ‘ਚ ਮਾਣ ਪਾਉਂਦੇ ਨੇ ਤੇ ਮਨ ਦੇ ਦਰਗਾਹ ਵਿਚ।
ਜੇ ਤੂੰ ਤਨ ਕਰਕੇ ਪਹਿਲਵਾਨ ਬਣਿਆਂ ਹੈਂ,ਤਾਂ ਮਨ ਕਰਕੇ ਵੀ ਬਣ।ਅੰਦਰੋਂ ਵੀ ਪਹਿਲਵਾਨ ਬਣਨ ਦੀ ਕੋਸ਼ਿਸ਼ ਕਰ।
ਗਿਅਾਨੀ ਸੰਤ ਸਿੰਘ ਜੀ ਮਸਕੀਨSant Singh Ji Maskeen
ਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ ੮੦-੮੫ ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ,
ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ-
“ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?”
ਉਹ ਬਾਬਾ ਕਹਿੰਦਾ ਹੈ-
“ਮੱਥਾ ਭਾਰਾ ਰਹਿੰਦਾ ਹੈ,ਪੀੜ ਰਹਿੰਦੀ ਹੈ,ਹਰ ਵਕਤ ਰਹਿੰਦੀ ਹੈ।”
ਤਾਂ ਲੁਕਮਾਨ ਕਹਿੰਦਾ ਹੈ-
“ਪਹਿਲੇ ਮੈਂ ਬਿਮਾਰੀ ਦਾ ਕਾਰਨ ਵੇਖਦਾ ਹਾਂ ਤੇ ਫਿਰ ਮੈਂ ਉਸ ਦਾ ਇਲਾਜ ਕਰਦਾ ਹਾਂ। ਹਰ ਵਕਤ ਸਿਰ ਬੋਝਲ ਰਹਿਣਾ,ਹਰ ਵਕਤ ਪੀੜ ਰਹਿਣੀ,ਹਰ ਵਕਤ ਭਾਰੀ ਰਹਿਣਾ ਇਸਦਾ ਕਾਰਣ ਮੈਨੂੰ ਬੁਢੇਪਾ ਲਗਦਾ ਹੈ ਤੇ ਮੇਰੇ ਕੋਲ ਬੁਢੇਪੇ ਦਾ ਇਲਾਜ ਨਹੀਂ ਹੈ। ਕਿਸੇ ਹੋਰ ਪਾਸੇ ਜਾ,ਇਸ ਦਾ ਇਲਾਜ ਮੇਰੇ ਕੋਲ ਨਹੀਂ।”
ਉਸ ਬਿਰਧ ਬਾਬੇ ਨੇ ਫਿਰ ਕਹਿ ਦਿੱਤਾ-
“ਅੱਖਾਂ ‘ਚੋਂ ਪਾਣੀ ਵੱਗਦਾ ਰਹਿੰਦਾ ਹੈ ਤੇ ਜੋਤ ਘੱਟ ਗਈ ਹੈ।”
ਲੁਕਮਾਨ ਫਿਰ ਬੋਲ ਪਿਆ-
“ਜਿੱਥੌ ਤੱਕ ਮੈਂ ਦੇਖਦਾ ਹਾਂ,ਇਸ ਦਾ ਕਾਰਨ ਵੀ ਬੁਢੇਪਾ ਹੈ। ਇਸਦਾ ਮੇਰੇ ਕੋਲ ਇਲਾਜ ਨਹੀਂ,ਤੂੰ ਜਾ।”
“ਹਕੀਮ ਸਾਹਿਬ! ਮੇਰੇ ਗੋਡੇ ਵੀ ਦੁਖਦੇ ਹਨ। ਚੱਲਣਾ ਬੜਾ ਔਖਾ ਹੋ ਗਿਆ ਹੈ।”
ਲੁਕਮਾਨ ਕਹਿਣ ਲੱਗਾ-
“ਇਸ ਦਾ ਕਾਰਨ ਵੀ ਬੁਢੇਪਾ ਹੈ ਤੇ ਬੁਢੇਪੇ ਦਾ ਮੇੇਰੇ ਕੋਲ ਇਲਾਜ ਨਹੀਂ।”
“ਹਕੀਮ ਸਾਹਿਬ! ਪਾਚਨ ਸ਼ਕਤੀ ਕਮਜ਼ੋਰ ਹੋ ਗਈ ਹੈ। ਖਾਧਾ ਹੋਇਆ ਹਜ਼ਮ ਨਹੀਂ ਹੁੰਦਾ। ਭੁੱਖ ਨਹੀਂ ਲੱਗਦੀ।”
“ਇਸ ਦਾ ਕਾਰਨ ਵੀ ਬੁਢੇਪਾ ਹੀ ਹੈ ਤੇ ਇਸਦਾ ਮੇਰੇ ਪਾਸ ਇਲਾਜ ਨਹੀਂ।”
ਉਹ ਬਾਬਾ ਖਿਝ ਗਿਆ ਤੇ ਉਸਨੇ ਪੰਜ ਸੱਤ ਗਾਲਾੑਂ ਕੱਢ ਦਿੱਤੀਆਂ।ਹਕੀਮ ਨੂੰ ਆਖਿਆ-
“ਤੈਨੂੰ ਹਕੀਮ ਬਣਾਇਆ ਕਿਸ ਨੇ ਹੈ?ਲੁਕਮਾਨ ਹਕੀਮ ਬਣਿਆ ਫਿਰਦਾ ਹੈਂ,ਦੁਨੀਆਂ ਵਿਚ ਇਤਨਾ ਮਸ਼ਹੂਰ ਹੋਇਆ ਫਿਰਦਾ ਹੈਂ,ਤੈਨੂੰ ਹਕੀਮ ਬਣਾਇਆ ਕਿਸ ਨੇ ਹੈ?”
ਪੰਜ ਸੱਤ ਗਾਲਾੑਂ ਕੱਢ ਦਿੱਤੀਆਂ ਤੇ ਲੁਕਮਾਨ ਹੱਸਕੇ ਕਹਿਣ ਲੱਗਾ-
“ਬਾਬਾ,ਇਸਦਾ ਕਾਰਨ ਵੀ ਬੁਢੇਪਾ ਹੀ ਹੈ।
ਇਹ ਜਿਹੜਾ ਤੂੰ ਖਿੱਝਿਆ ਹੈਂ,ਔਖਾ ਹੋਇਆ ਹੈਂ,ਗਾਲਾੑਂ ਕੱਢਣ ‘ਤੇ ਆ ਗਿਆ ਹੈਂ। ਹੋਰ ਕੀ ਕਰ ਸਕਦਾ ਹੈਂ,ਜ਼ਬਾਨ ਚਲਾਉਣ ਤੋਂ ਇਲਾਵਾ? ਕੁਝ ਨਹੀਂ ਕਰ ਸਕਦਾ।”
ਗੁਰੂ ਗ੍ੰਥ ਸਾਹਿਬ ਜੀ ਨੇ ਵੀ ਬੁਢੇਪੇ ਨੂੰ ਰੋਗ ਮੰਨਿਆ ਹੈ-
‘ਜਬ ਲਗੁ ਜਰਾ ਰੋਗੁ ਨਹੀਂ ਆਇਆ॥ ਜਬ ਲਗੁ ਕਾਲਿ
ਗ੍ਸੀ ਨਹੀ ਕਾਇਆ॥
ਜਬ ਲਗੁ ਬਿਕਲ ਭਈ ਨਹੀ ਬਾਨੀ॥ ਭਜਿ ਲੇਹਿ ਰੇ
ਮਨ ਸਾਰਿਗਪਾਨੀ॥
{ਅੰਗ ੧੧੫੯}
ਜਿੰਨੇ ਚਿਰ ਤੱਕ ਬੁਢੇਪੇ ਦਾ ਰੋਗ ਨਹੀਂ ਆਇਆ,ਉਸਤੋਂ ਪਹਿਲੇ ਜੱਪ ਲੈ। ਨਹੀਂ ਤਾਂ ਇਥੇ ਪ੍ਕਰਮਾਂ ਤੇਰੇ ਕੋਲੋਂ ਹੋਣੀਆਂ ਨਹੀਂ। ਫਿਰ ਕੀਰਤਨ ਸੁਣਨ ਨਹੀਂ ਆ ਸਕੇਂਗਾ। ਫਿਰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇਂਗਾ। ਫਿਰ ਇਥੇ ਮੰਜੀ ਸਾਹਿਬ ਵਿਚ ਨਹੀਂ ਆ ਕੇ ਬੈਠ ਸਕੇਂਗਾ। ਸਤਸੰਗਿ ਵਾਸਤੇ ਤਰਸਦਾ ਰਹਿ ਜਾਏਂਗਾ। ਮੰਜੇ ਤੋਂ ਉੱਠਣਾ ਅੌਖਾ ਹੋ ਜਾਏਗਾ।
ਜਦੋਂ ਤੇਰੀ ਜ਼ਬਾਨ ਲੜਖੜਾ ਗਈ ਤਾਂ ਕੀ ਜਪੁਜੀ ਸਾਹਿਬ ਦਾ ਪਾਠ ਕਰੇਂਗਾ?ਇਕ ਸ਼ਿਖਰ ‘ਤੇ ਪਹੁੰਚ ਕੇ ਰੋਜ਼-ਰੋਜ਼ ਸਰੀਰ ਦਾ ਬਲ ਘੱਟਦਾ ਹੈ। ਉਸ ਤੋਂ ਪਹਿਲੇ ਤੂੰ ਆਤਮ ਬਲ ਵਧਾਉਣਾ ਸ਼ੁਰੂ ਕਰ,ਬੁਢੇਪਾ ਕਿਸ ਦੇ ਆਸਰੇ ‘ਤੇ ਕੱਟੇਂਗਾ’। ਸਰੀਰਕ ਬਲ ਪੈਦਾ ਹੁੰਦਾ ਹੈ ਭੋਜਨ ਦੇ ਨਾਲ,ਤੇ ਅਾਤਮ ਬਲ ਪੈਦਾ ਹੁੰਦਾ ਹੈ ਭਜਨ ਦੇ ਨਾਲ। ਜੱਪ ਕਰ,ਤਪ ਕਰ,ਅੰਮਿ੍ਤ ਵੇਲੇ ਉੱਠ।
“ਵਰਤਮਾਨ ਕੇਵਲ ਇਕ ਦਮ ਹੈ
ਇਕ ਦਮ ਨਕਦ ਜ਼ਿੰਦਗੀ ਹੈ।”
ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ :
“ਯਕ ਦਮ ਬਖ਼ੇਸ਼ ਰਾ ਨਾ ਬੁਰਦਮ ਕਿ ਚਿ ਕਸਮ
ਐ ਵਾਇ ਨਕਦੇ ਜ਼ਿੰਦਗੀ ਕਿ ਰਾਇਗਾਂ ਗੁਜ਼ਸ਼ਤ।”
ਮੈਂ ਇਕ ਦਮ ਦੀ ਵੀਚਾਰ ਹੀ ਨਾ ਕੀਤੀ ਕਿ ਇਹ ਕੀ ਹੈ। ਦਮ ਦਮ ਕਰ ਕੇ ਮੇਰੀ ਸਾਰੀ ਜ਼ਿੰਦਗੀ ਨਿਰਰਥਕ ਚਲੀ ਗਈ ਔਰ ਉਹ ਇਕ ਦਮ ਨਕਦ ਸੀ,ਨਕਦੀ ਜਾਂਦੀ ਰਹੀ।
ਬਾਜ਼ਾਰ ਵਿਚੋਂ ਕੋਈ ਚੀਜ਼ ਲੈਣੀ ਹੈ,ਜੋ ਪੈਸਾ ਮੈਂ ਖਰਚ ਕਰ ਚੁੱਕਿਆ ਹਾਂ,ਉਸ ਨਾਲ ਨਹੀਂ ਲੈ ਸਕਦਾ,ਔਰ ਜਿਹੜਾ ਪੈਸਾ ਮੇਰੇ ਕੋਲ ਹੈ ਹੀ ਨਹੀਂ ਜ਼ੇਬ ਵਿਚ,ਉਹ ਵੀ ਮੈਂ ਵਰਤ ਨਹੀਂ ਸਕਦਾ।ਮੇਰੇ ਹੱਥ ਵਿਚ ਜੋ ਕੁਛ ਹੈ,ਮੈਂ ਉਹੋ ਹੀ ਵਰਤ ਸਕਦਾ ਹਾਂ।
ਇਕ ਦਮ ਕੋਲ ਹੈ,ਹੱਥ ਵਿਚ ਹੈ,ਉਸ ਨੂੰ ਵਰਤਿਆ ਜਾ ਸਕਦਾ ਹੈ,ਇਸੇ ਹੀ ਇਕ ਦਮ ਵਿਚ ਪਰਮਾਤਮਾਂ,ਅਕਾਲ ਪੁਰਖ ਦੀ ਪਾ੍ਪਤੀ ਕੀਤੀ ਜਾ ਸਕਦੀ ਹੈ।ਜੈਸੇ ਪੂਰਨ ਰੂਪ ਵਿਚ ਇਕ ਦਮ ਦੇ ਵਿਚ ਆਵਾਜ਼ ਉਠੇ ਉਸ ਨੂੰ ਪੂਰੀ ਇਕਾਗਰਤਾ ਨਾਲ ਮਨੁੱਖ ਸੁਣੇ ਤਾਂ ਇਹ ਆਵਾਜ਼ ਗਹਿਰਾਈ ਵਿਚ ਜਾਏਗੀ ਅੌਰ ਸੁੱਤੀ ਪਈ ਕੁੰਡਲਨੀ ‘ਤੇ ਚੋਟ ਕਰੇਗੀ।
ਸੰਤ ਓਹ ਹੈ ਜੋ ਖਤਰਿਆਂ ਦੇ ਨਾਲ ਟਕਰਾਵੇ, ਸੰਤ ਓਹ ਨਈ ਖਿਮਾ ਕਰਨੀ ,ਜੋ ਖਤਰਿਆਂ ਅਗੋ ਹਥ ਜੋੜ ਕੇ ਖੜਾ ਹੋ ਜਾਵੇ ਕਿ ਛਡੋ ਮੈਨੂੰ , ਮੈ ਕੀ ਲੈਣਾ ਦੇਣਾ ? ਇਹਨੂੰ ਕਿਸ ਤਰਾ ਸੰਤ ਆਖੋਗੇ ? ਕੀ ਇਹ ਸੰਤ ਨੇ ? ਇਹ ਤੇ ਦੁਸ਼ਟ ਨੇ |
ਮੈ ਅਰਜ਼ ਕਰਾਂ , ਇਹ ਦੁਸ਼ਟ ਨਿਰੇ ਕੰਡੇ ਹੁੰਦੇ ਨੇ , ਔਰ ਕੰਡਿਆਂ ਦੀ ਜਿੰਦਗੀ ਬਹੁਤ ਲੰਬੀ ਹੁੰਦੀ ਹੈ , ਕੰਡੇ ਮਹਿਕ ਨਹੀਂ ਦੇਂਦੇ , ਫੁਲ ਦੇਂਦੇ ਨੇ , ਫੁਲਾਂ ਦੀ ਜਿੰਦਗੀ ਬਹੁਤ ਥੋੜੀ ਹੁੰਦੀ ਹੈ | ਸਚਾਈ ਹੈ , 90 ਸਾਲ ਕੰਡੇ ਦੀ ਜਿੰਦਗੀ ਜੀਣ ਨਾਲੋ ਬੇਹਤਰ ਹੈ , 90 ਦਿਨ ਫੁਲ ਦੀ ਜਿੰਦਗੀ ਜੀਵਣਾ | ਜਿਸ ਫੁਲ ਕੋਲ ਜਿਤਨੀ ਜਿਆਦਾ ਮਹਿਕ ਹੋਵੇਗੀ , ਓਹਦੇ ਕੋਲ ਉਤਨੇ ਜਿਆਦਾ ਖਤਰੇ ਹੋਣਗੇ , ਔਰ ਉਸ ਦੀ ਜਿੰਦਗੀ ਥੋੜੀ ਹੋਵੇਗੀ |
ਪਰ ਕਈ ਦੁਸ਼ਟ ਕੰਡੇ ਐਸੇ ਵੀ ਨੇ , ਅਜੇ ਵੀ ਕੌਮ ਨੂੰ ਚਿਮੜੇ ਹੋਏ ਨੇ , ਗੁਰਦਵਾਰਿਆ ਨੂੰ ਵੀ , ਦੇਸ਼ ਨੂੰ ਵੀ | ਇਹ ਸਭ ਕੰਡੇ , ਸਭ ਦੁਸ਼ਟ ਨੇ , ਇਸ ਵਸਤੇ ਸਾਰੇ ਦੇਸ਼ ਨੂੰ ਬੇਈਮਾਨ ਬਣਾ ਕੇ ਰਖ ਦਿਤੈ |
“ਆਮ ਕਹਾਵਤ ਹੈ , ਚੋਰ ਪੈਹਲੇ ਚੋਰੀ ਕਰਦੈ, ਫਿਰ ਜੇਲ ਕਟਦੈ, ਇਹਨਾ ਦੁਸ਼ਟਾਂ ਨੇ ਜੇਲ ਪੈਹਲੇ ਕਟ ਲਈ ਹੈ ਤੇ ਚੋਰੀ ਹੁਣ ਰੱਜ ਕੇ ਕਰਦੇ ਪਏ ਨੇ , ਲੁੱਟੀ ਜਾਂਦੇ ਨੇ , ਸਾਰੇ ਦੇਸ਼ ਨੂੰ ਲੁੱਟੀ ਜਾਂਦੇ ਨੇ , ਸਾਰੀ ਕੌਮ ਨੂੰ ਲੁੱਟੀ ਜਾਂਦੇ ਨੇ |
ਜਗਨ ਨਾਥ ਪੁਰੀ ਵਿਚ ਇਕ ਸਾਧੂ ਨੇ ਆਪਣੇ ਆਲੇ-ਦੁਆਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ ਅਤੇ ਨੱਕ ਨੂੰ ਪਕੜ ਕੇ ਦੋ ਉੱਗਲਾਂ ਨਾਲ ਅੱਖਾਂ ਮੀਟ ਕੇ ਤਿੰਨਾਂ ਲੋਕਾਂ ਦੀ ਗੱਲ ਦੱਸ ਰਿਹਾ ਸੀ। ਕਦੀ ਵਿਸ਼ਨੂੰ ਲੋਕ ਦੀ ਚਰਚਾ ਕਰੇ, ਕਦੀ ਬ੍ਰਹਮ ਲੋਕ ਦੀ ਤੇ ਕਦੀ ਰੁਦਰ ਲੋਕ ਦੀ। ਲੋਕ ਉਸ ਦੇ ਭਾਂਡੇ ਵਿਚ, ਜੋ ਉਸ ਦੇ ਅੱਗੇ ਪਿਆ ਸੀ, ਪੈਸੇ ਪਾਈ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਭਾਂਡਾ ਚੁੱਕ ਕੇ ਜੋਗੀ ਦੇ ਪਿੱਛੇ ਰੱਖ ਦਿੱਤਾ। ਜੋਗੀ ਇਸੇ ਤਰੀਕੇ ਨਾਲ ਬ੍ਰਹਮ ਲੋਕ, ਬਿਸ਼ਨ ਲੋਕ, ਹੋਰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਕਰਦਾ ਰਿਹਾ, ਚਰਚਾ ਕਰਦਾ ਰਿਹਾ। ਆਖ਼ਰ ਉਸ ਨੇ ਆਪਣੀ ਅੱਖ ਖੋਲੵੀ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਭਾਂਡਾ ਨਹੀਂ ਹੈ। ਉਹ ਭਿਖਿਆ ਪਾਣ ਵਾਲਾ ਭਾਂਡਾ ਜਿਹਦੇ ਵਿਚ ਲੋਕੀਂ ਧਨ ਪਾ ਰਹੇ ਸਨ, ਅੱਗੋਂ ਗ਼ਾਇਬ ਵੇਖ ਕੇ ਹੈਰਾਨ ਹੋ ਗਿਆ।
“ਮੇਰਾ ਖੱਪਰ ਕਿੱਥੇ ਹੈ ?”
ਚਿੱਲਾ ਕੇ ਉਸ ਨੇ ਆਖਿਆ।
ਗੁਰੂ ਨਾਨਕ ਦੇਵ ਜੀ ਖੜੇ ਸਨ ਤੇ ਮੁਸਕਰਾ ਕੇ ਬੋਲੇ-
“ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥”
{ਪੰਨਾ ੬੬੩}
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
“ਅੈ ਸਾਧੂ! ਅੈ ਜੋਗੀ! ਤੂੰ ਦੋ ਉਂਗਲਾਂ ਨਾਲ ਨੱਕ ਨੂੰ ਪਕੜ ਲੈੰਦਾ ਹੈਂ ਤੇ ਅੱਖਾਂ ਮੀਟ ਕੇ ਤਿੰਨ ਲੋਕਾਂ ਦੀਆਂ ਗੱਲਾਂ ਕਰਦਾ ਹੈਂ। ਤੈਨੂੰ ਆਪਣੇ ਪਿੱਛੇ ਪਿਆ ਹੋਇਆ ਖੱਪਰ ਨਹੀਂ ਦਿਖਾਈ ਦੇਂਦਾ ਤਾਂ ਤਿੰਨ ਲੋਕਾਂ ਦੀ ਜਿਹੜੀ ਤੂੰ ਗੱਲ ਕਰ ਰਿਹਾ ਹੈਂ ਇਹ ਸਭ ਤੇਰੀਆਂ ਝੂਠੀਆਂ ਠੀਸਾਂ ਹਨ।
“ਨਾਨਕ ਨਦਰੀ ਪਾਈਅੈ ਕੂੜੀ ਕੂੜੈ ਠੀਸ॥
{ਜਪੁਜੀ ਸਾਹਿਬ}
ਇਸ ਧਰਮ ਦੀ ਦੁਨੀਆ ਵਿਚ ਇਸ ਤਰ੍ਹਾਂ ਦੇ ਠੱਗ ਅਕਸਰ ਮੌਜੂਦ ਹੁੰਦੇ ਹਨ ਜੋ ਰਿੱਧੀਆਂ ਸਿੱਧੀਆਂ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਗਈ, ਉਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ। ਸਾਹਿਬ ਕਹਿੰਦੇ ਹਨ ਕਿ ਇਹ ਝੂਠੇ ਦੀਆਂ ਝੂਠੀਆਂ ਠੀਸਾਂ ਹਨ। ਉਹਦੀ ਬਖ਼ਸ਼ਿਸ਼ ਨਾਲ, ਉਹਦੀ ਰਹਿਮਤ ਨਾਲ ਸੌਗਾਤ ਪ੍ਰਾਪਤ ਕਰੀਦੀ ਹੈ।
ਉਹਦੇ ਦਰ ਦੀਆਂ ਪੌੜੀਆਂ ਇਹ ਹਨ,
” ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਮਨੁੱਖ ਉਤਨੇ ਚਿਰ ਤੱਕ ਜੱਪਦਾ ਰਹੇ ਜਿਤਨੇ ਚਿਰ ਤੱਕ ਨਦਰ ਦਾ ਪਾਤਰ ਬਣ ਨਹੀਂ ਜਾਂਦਾ, ਬਖ਼ਸ਼ਿਸ਼ ਦਾ ਪਾਤਰ ਬਣ ਨਹੀਂ ਜਾਂਦਾ।”
੧ ਜਦ ਕਿਸੇ ਮਨੁੱਖ ਵਿੱਚ ਬੁਨਿਆਦੀ ਔਗੁਣ “ਹੰਕਾਰ” ਪ੍ਰਧਾਨ ਹੋਵੇਗਾ, ਉਹ ਮਨੁੱਖ ਜਾਲਮ ਹੋਵੇਗਾ , ਬੇ-ਇਨਸਾਫ਼ ਹੋਵੇਗਾ ,,
੨ ਜਦ ਕਿਸੇ ਮਨੁੱਖ ਦੇ ਵਿੱਚ ਬੁਨਿਆਦੀ ਔਗੁਣ “ਕਾਮ” ਪ੍ਰਧਾਨ ਹੋਵੇਗਾ, ਤਾਂ ਉਹ ਮਨੁੱਖ ਦੁਰਾਚਾਰੀ ਹੋ ਜਾਵੇਗਾ, ਉਥੇ ਸਦਾਚਾਰ ਦੀ ਕੋਈ ਕੀਮਤ ਨਹੀਂ ਹੋਵੇਗੀ ,,
੩ ਜਿਸ ਕਿਸੇ ਮਨੁੱਖ ਵਿੱਚ ਬੁਨਿਆਦੀ ਔਗੁਣ “ਲੋਭ” ਪ੍ਰਧਾਨ ਹੋਵੇਗਾ, ਤਾਂ ਉਹ ਮਨੁੱਖ ਪਾਪ ਕਰੇਗਾ ,, ਲੋਭੀ ਮਨੁੱਖ ਪਾਪ ਕਰੇਗਾ ,,
ਇਹ ਤਿੰਨ ਮੂਲ ਰੂਪ ਦੇ ਔਗੁਣ ਹਨ , ਬਾਕੀ ਦੋ ਔਗੁਣ “ਕ੍ਰੋਧ ਅਤੇ ਮੋਹ” , ਉਹ ਇਹਨਾ ਦੇ ਨਾਲ ਚਲਦੇ ਨੇ , ਇਹਨਾ ਤਿੰਨਾ ਦੇ ਸਹਾਇਕ ਹਨ ,, ਉਕਸਾਹਟ ਨਾਲ ਜਾਗਦੇ ਹਨ ,,
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
ਗੁਰੂ ਗ੍ਰੰਥ ਸਾਹਿਬ
ਮੈਨੂੰ ਕੁਝ ਸਮੇਂ ਤੱਕ ਇਸ ਗੱਲ ਦਾ ਥੋੜਾੑ ਜਿਹਾ ਮਾਣ ਰਿਹੈੈ ਕਿ ਅਾਪਾਂ ਸਵੇਰੇ ਵੀ ਗੁਰੂ ਦੀ ਸੰਗਤ ਕਰਦੇ ਹਾਂ,ਸ਼ਾਮੀਂ ਵੀ ਕਰਦੇ ਹਾਂ।
ਗੁਰਬਾਣੀ ਪੜੑਦੇ ਹਾਂ,ਫਿਰ ਸੁਣਾਂਦੇ ਹਾਂ ਤੇ ਹੁਣ ਗੁਰੂ ਬਾਬਾ ਸਾਨੂੰ ਨਹੀਂ ਬਖ਼ਸ਼ੇਗਾ ਤਾਂ ਫਿਰ ਹੋਰ ਕਿਸ ਨੂੰ ਬਖ਼ਸ਼ੇਗਾ?
ਪਰਮਾਤਮਾ ਸਾਡੇ ਲੲੀ ਅਾਪਣੇ ਰਹਿਮਤ ਦੇ ਦਰਵਾਜੇ ਨਹੀ ਖੌਲੇਗਾ
ਤਾਂ ਫਿਰ ਹੋਰ ਕਿਸ ਲੲੀ ਖੌਲੇਗਾ?
ੲਿਕ ਦਿਨ ਗੁਰੂ ਗੵੰਥ ਸਾਹਿਬ ਜੀ ਮਹਿਰਾਜ ਦੀ ਬਾਣੀ ਪੜਦਿਅਾ
ਕੁਛ ਪੰਕਤੀਅਾ ਸਾਹਮਣੇ ਅਾ ਗੲੀਅਾ,ਤੇ ਜੌ ਪੰਜ-ਸੱਤ ਸਾਲ ਦਾ ਜੋ ਬਣਿਆ ਹੋਇਆ ਮੇਰਾ ਮਾਣ ਸੀ,ਸਭ ਚਕਨਾਚੂਰ ਹੋ ਗਿਆ।
“ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥”
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥ 98 ॥”
{ਕਬੀਰ ਅੰਗ ੧੩੬੯}
ਕਬੀਰ ਜੀ ਕਹਿ ਰਹੇ ਨੇ ੲਿਹ ਤੇ ੲਿੰਝ ਹੈ ਜਿਵੇਂ ਤੂੰ ਅਾਪਣੇ ਮੂੰਹ ਵਿਚੋਂ ਮਿੱਟੀ ਕੱਢ ਕੇ ਦੂਜਿਅਾ ਦੇ ਕੰਨ ਵਿੱਚ ਪਾ ਰਿਹਾ ਹੌਵੇੰ।
ਜਿਸ ਪਰਮਾਤਮਾ ਦੀ ਤੂੰ ਗੱਲ ਕਰ ਰਿਹਾ ਹੈਂ ,ਉਸ ‘ਤੇ ਤੈਨੂੰ ਭਰੋਸਾ ਨਹੀਂ ਹੈ,ਪਰ ਗੱਲ ਕਰ ਰਿਹਾ ਹੈਂ,ਜਿਹੜੀ ਗਲ ਕਰਕੇ ਤੈਨੂੰ ਆਪ ਸੁਆਦ ਨਹੀਂ ਆਇਆ,ਸੁਣ ਕੇ ਵੀ ਕਿਸੇ ਨੂੰ ਨਹੀਂ ਅਾਵੇਗਾ।ਆਪਣੇ ‘ਚੋ ਅੈਵੇਂ ਰੇਤ ਕੱਢ ਰਿਹਾ ਹੈਂ ਤੇ ਕਿਸੇ ਦੇ ਕੰਨ ਵਿਚ ਪਾ ਰਿਹਾ ਹੈਂ।
ਪੰਜ-ਸੱਤ ਸਾਲ ਦਾ ਜੋ ਬਣਿਆ ਹੋਇਆ ਮੇਰਾ ਮਾਣ ਸੀ,ਸਭ ਚਕਨਾਚੂਰ ਹੋ ਗਿਆ।
ਸਿੱਖਾਂ ਨੇ ਬੇਨਤੀ ਕੀਤੀ,
“ਮਹਾਰਾਜ!
ਅਰਥ ਤਾਂ ਅਸੀਂ ਕੁਛ ਜਾਣਦੇ ਨਹੀਂ ਤੋ ਫਿਰ ਗੁਰਬਾਣੀ ਦਾ ਲਾਹਾ?”
ਚੱਲ ਰਹੇ ਸਨ ਔਰ ਚਲਦਿਆਂ ਚਲਦਿਆਂ ਸਿੱਖਾਂ ਨੇ ਗੁਰੂ ਹਰਿਰਾਇ
ਜੀ ਮਹਾਰਾਜ ਨੂੰ ਇਹ ਪ੍ਸ਼ਨ ਕੀਤਾ ਸੀ।
“ਪਾਠ ਕਰੇਂ ਹਮ ਨਿਤਿ ਗੁਰਬਾਣੀ।
ਅਰਥ ਪਰਮਾਰਥ ਕਿਛੁ ਨਾ ਜਾਨੀ।
ਜੋ ਮਾਰਗ ਗੁਰ ਸਬਦ ਬਤਾਵਹਿ।
ਸੋ ਹਮ ਤੇ ਨਹੀਂ ਜਾਤਿ ਕਮਾਵਹਿ।”
ਚਲਦਿਆਂ ਚਲਦਿਆਂ ਮਹਾਰਾਜ ਦਾ ਪੈਰ ਇਕ ਅੈਸੀ ਠੀਕਰੀ ਨਾਲ ਟਕਰਾਇਆ ਜੋ ਮਿੱਟੀ ਦਾ ਭਾਂਡਾ ਸੀ, ਜਿਸ ਵਿਚ ਕਿਸੇ ਵਕਤ ਘਿਉ ਰੱਖਿਆ ਗਿਆ ਸੀ, ਚਿਕਨਾਈ ਸੀ, ਤੇ ਉਸ ਨੂੰ ਦੇਖ ਕੇ ਮਹਾਰਾਜ ਜੀ ਕਹਿੰਦੇ ਨੇ :-
“ਰਹੀ ਚਿਕਨਤਾ ਠੀਕਰ ਮਾਹੀ।
ਤਿਉ ਬਾਣੀ ਰਹੇ ਮਨ ਮਾਹੀ।”
ਜਿਸ ਤਰਾਂ ਭਾਂਡੇ ਵਿਚ ਘਿਉ ਰੱਖ ਦੇਈਏ ਤਾਂ ਘਿਉ ਭਾਂਡੇ ਵਿਚ ਆਪਣੀ ਛਾਪ ਬਣਾ ਕੇ ਰੱਖਦਾ ਹੈ, ਇਵੇਂ ਹੀ ਪੜੀੑ ਹੋਈ ਬਾਣੀ ਵਿਅਰਥ ਨਹੀਂ ਜਾਏਗੀ, ਆਪਣੀ ਛਾਪ ਹਿਰਦੇ ਨੂੰ ਦੇ ਦੇਵੇਗੀ।
ਨਹੀਂ ਆਉਂਦੇ ਬਾਣੀ ਦੇ ਅਰਥ ਤਾਂ ਕੋਈ ਗੱਲ ਨਹੀਂ, ਸਿਰਫ਼ ਇਸ ਭਾਉ ਨਾਲ ਹੀ ਪੜੀੑ ਜਾਏ ਬਾਣੀ ਕਿ ਮੈਂ ਗੁਰੂ ਦੀ ਬਾਣੀ ਪੜੑ ਰਿਹਾ ਹਾਂ, ਖਸਮ ਦੇ ਬੋਲ ਮੇਰੀ ਜ਼ਬਾਨ ‘ਤੇ ਨੇ, ਅੈਸੀ ਬਾਣੀ ਹਿਰਦੇ ਵਿਚ ਅੈਸੀ ਛਾਪ ਬਣਾਏਗੀ ਜੈਸੇ ਘਿਉ ਨੇ ਉਸ ਮਿੱਟੀ ਦੇ ਭਾਂਡੇ ਵਿਚ ਅਾਪਣੀ ਛਾਪ ਬਣਾ ਕੇ ਰੱਖੀ ਹੁੰਦੀ ਹੈ, ਉਸ ਮਿੱਟੀ ਦੇ ਠੀਕਰੇ ਨਾਲ ਆਪਣੀ ਛਾਪ ਬਣਾ ਕੇ ਰੱਖੀ ਹੁੰਦੀ ਹੈ। ਹੂਬਹੂ ਬਾਣੀ ਦਾ ਪ੍ਭਾਉ ਇਸ ਢੰਗ ਨਾਲ ਪੈਂਦਾ ਹੈ।