ਦੱਸੀਏ ਕੀ ਲੁੱਟਿਆ ਸਾਡਾ ਵਾਹਘੇ ਦੀਆਂ ਤਾਰਾਂ ਨੂੰ
ਛੱਡਣ ਨੂੰ ਦਿਲ ਨਈਂ ਕਰਦਾ ਵੱਸਦੇ ਘਰ ਬਾਰਾਂ ਨੂੰ
ਕਿਹੜੇ ਸੀ ਜਿਹੜੇ ਨਕਸ਼ੇ ਵਾਹ ਗਏ ਬਰਬਾਦੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਅੱਜ ਭਾਈਆਂ ਦੇ ਭਾਈ ਵੈਰੀ ਹੋਏ ਕਿਉਂ ਫਿਰਦੇ ਨੇ
ਰਿਸਦੇ ਨੇ ਜਖਮ ਅਜੇ ਤੱਕ, ਹੈਗੇ ਉਂਜ ਚਿਰ ਦੇ ਨੇ
ਪਿੱਛੇ ਤੁਸੀਂ ਪੈ ਗਏ ਬੱਲਿਓ ਕਿਹੜੀ ਉਪਾਧੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਆਈਆਂ ਨੇ ਅੰਮ੍ਰਿਤਸਰ ਨੂੰ ਲੋਥਾਂ ਨਾਲ ਭਰਕੇ ਗੱਡੀਆਂ
ਲੇਖਾਂ ਵਿੱਚ ਭਟਕਣ ਸਾਡੇ, ਭੁੰਜੇ ਨਾ ਲੱਗਣ ਅੱਡੀਆਂ
ਕਿਉਂ ਮਖਮਲ ਦੇ ਚੋਲੇ ਲੂਹਤੇ ਪਿੱਛੇ ਲੱਗ ਖਾਦੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਪੁੱਟ ਕੇ ਰੱਖ ਦਿੱਤਾ ਜੜ੍ਹ ਤੋਂ ਹੋਰਾਂ ਦੀ ਚੌਧਰ ਨੇ
ਸਾਡੇ ਉਹ ਕਹਿਣ ਟਿਕਾਣੇ ਐਧਰ ਨਾ ਓਧਰ ਨੇ
ਸੋਹਿਲੇ ਨਾ ਗਾਇਓ ਐਂਵੇ ਸਾਡੇ ਅਪਰਾਧੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਸਮਿਆਂ ਤੋਂ ਭਰ ਨਈਂ ਹੋਣੇ, ਡੂੰਘੇ ਫੱਟ ਦਿਲ ਦੇ ਨੇ
ਦੇਖਾਂਗੇ ਵਿਛੜੇ ਭਾਈ, ਆਖਰ ਕਦ ਮਿਲ ਦੇ ਨੇ
ਪਰ ਭੁੱਲੇ ਨਾ ਜਾਣੇ ਸੰਧੂ ਇਹ ਕਿੱਸੇ ਬਰਬਾਦੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
-ਜੁਗਰਾਜ ਸਿੰਘ