ਸੁਥਰੇ ਸ਼ਾਹ

by Jasmeet Kaur

ਸੰਗਤ ਦੇ ਪਿਛਲੇ ਪਾਸੇ ਬੈਠਾ ਸੀ ‘ਸੁਥਰੇ ਸ਼ਾਹ’ ਤੇ ਸੰਗਤ ਨੂੰ ਦੋ ਚਾਰ ਗਾਲਾੑਂ ਕੱਢ ਕੇ ਨੱਸ ਗਿਆ। ਗਾਲਾੑਂ ਵੀ ਭੱਦੀਆਂ। ਸੰਗਤਾਂ ਅੈਤਕੀਂ ਅੌਖੀਆਂ ਹੋ ਗਈਆਂ ਤੇ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਦੇ ਛੋਟੇ ਮੋਟੇ ਮਜ਼ਾਕ ਤਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਅੱਜ ਇਹ ਗਾਲਾੑਂ ਕੱਢ ਕੇ ਗਿਆ ਹੈ, ਬਹੁਤ ਭੈੜੀਆਂ ਗਾਲਾੑਂ ਕੱਢ ਕੇ ਗਿਆ ਹੈ। ਸਤਿਗੁਰੂ ਜੀ ਕਹਿਣ ਲੱਗੇ- “ਆਉਣ ਦਿਓ ਸੁਥਰੇ ਨੂੰ।” ਸੁਥਰੇ ਨੂੰ ਵੀ ਪਤਾ ਸੀ ਕਿ ਮਹੌਲ ਬਹੁਤ ਗਰਮ ਹੈ। 15-20 ਦਿਨ ਤਕ ਸੰਗਤ ਵਿਚ ਵੜਿਆ ਹੀ ਨਹੀਂ। ਜਦ 20 ਦਿਨ ਲੰਘ ਗਏ ਤੇ ਪਤਾ ਚੱਲਿਆ ਕਿ ਹਾਲਾਤ ਕੁਝ ਠੀਕ ਹੋ ਗਏ ਹਨ, ਦਰਬਾਰ ਵਿਚ ਆਇਆ। ਸੰਗਤਾਂ ਉਸੇ ਤਰੀਕੇ ਨਾਲ ਉਸ ਨੂੰ ਦੇਖ ਕੇ ਬਿਫ਼ਰ ਪਈਆਂ। ਸੁਥਰੇ ਨੂੰ ਪਕੜ ਕੇ ਸਤਿਗੁਰਾਂ ਪਾਸ ਲੈ ਗਈਆਂ ਤੇ ਕਹਿਣ ਲੱਗੀਆਂ ਕਿ ਮਹਾਰਾਜ! ਜਿਸ ਨੂੰ ਆਪ ਬਹੁਤ ਸਤਿਕਾਰ ਦਿੰਦੇ ਹੋ, ਇਸ ਨੇ ਸਾਨੂੰ ਬਹੁਤ ਭੱਦੀਆਂ ਗਾਲਾੑਂ ਕੱਢੀਆਂ ਨੇ। ਉਸ ਸੰਗਤ ਨੂੰ ਗਾਲਾੑਂ,ਜਿਸ ਨੂੰ ਤੁਸੀਂ ਗੁਰੂ-ਰੂਪ ਕਹਿੰਦੇ ਹੋ। ਸਤਿਗੁਰੂ ਕਹਿਣ ਲੱਗੇ- “ਸੁਥਰਿਆ ! ਇਤਨੀ ਅਵੱਗਿਆ ਤਾਂ ਨਹੀਂ ਸੀ ਕਰਨੀ ਚਾਹੀਦੀ। ਤੈਨੂੰ ਪਾਲਿਆ ਤਾਂ ਬੜੇ ਪਿਆਰ ਤੇ ਲਾਡ ਨਾਲ ਸੀ, ਤੂੰ ਗਾਲੑ ਕਿਉਂ ਕੱਢੀ ਹੈ?” ਸੁਥਰੇ ਨੇ ਕਿਹਾ- “ਮਹਾਰਾਜ ! ਨਹੀਂ ਕੱਢੀ,ਮੈਂ ਨਹੀਂ ਕੱਢੀ। ਇਹ ਸਾਰੇ ਝੂਠ ਪਏ ਬੋਲਦੇ ਨੇ। ਮਹਾਰਾਜ ! ਮੇਰਾ ਚੇਤਾ ਕਮਜ਼ੋਰ ਹੈ, ਇਨਾੑਂ ਸਾਰਿਆਂ ਕੋਲੋਂ ਪੁੱਛ ਲਵੋ, ਜਿਸ ਦਿਨ ਮੈਂ ਗਾਲੑ ਕੱਢੀ ਸੀ, ਜੋ ਇਹ ਕਹਿੰਦੇ ਨੇ,ਉਸ ਦਿਨ ਤੁਸੀਂ ਜਿਹੜੇ ਸ਼ਬਦ ਦੀ ਵਿਚਾਰ ਕਰ ਰਹੇ ਸੀ, ਜੇ ਇਨਾੑਂ ਨੂੰ ਸ਼ਬਦ ਯਾਦ ਹੈ ਤਾਂ ਸ਼ਾਇਦ ਮੈਨੂੰ ਕੱਢੀ ਹੋਈ ਗਾਲੑ ਵੀ ਯਾਦ ਆ ਜਾਵੇ।” ਤੇ ਸਤਿਗੁਰੂ ਇਕ ਨੂੰ ਪੁੱਛਦੇ ਨੇ, ਦੂਜੇ ਨੂੰ ਪੁੱਛਦੇ ਨੇ, ਤੀਜੇ ਕੋਲੋਂ ਪੁੱਛਦੇ ਨੇ, ਚੌਥੇ, ਪੰਜਵੇਂ ਕਲੋਂ ਪੁੱਛਦੇ ਨੇ,ਯਾਦ ਕਿਸੇ ਨੂੰ ਨਹੀਂ। ਉੱਚੀਆਂ ਬਾਹਵਾਂ ਕਰਕੇ ਸੁੁਥਰਾ ਕਹਿਣ ਲੱਗਾ- “ਸਤਿਗੁਰੂ ! ਇਹ ਮੇਰੀਆਂ ਗਾਲਾੑਂ ਸੁਣਨ ਆਉਂਦੇ ਨੇ, ਤੁਹਾਡੀ ਕਥਾ ਸੁਣਨ ਥੋੜਾੑ ਆਉਂਦੇ ਨੇ। ਮੇਰੀਆਂ ਗਾਲਾਂ ਯਾਦ ਹੈ ੲਿਹਨਾ ਨੂੰ, ਤੁਹਾਡੀ ਕਥਾ ਕੌਣ ਯਾਦ ਰੱਖਦਾ ਹੈ। ਤੇ ਜੋ ਕੁਝ ਇਹ ਯਾਦ ਕਰਦੇ ਨੇ, ਮੈਂ ਇਨਾੑਂ ਨੂੰ ਸੁਣਾਇਆ ਹੈ, ਗਾਲੑ ਕੱਢੀ ਹੈ।” ਸਤਿਗੁਰ ਜੀ ਨੇ ਮੁਆਫ਼ ਕਰ ਦਿੱਤਾ। ਗੁਰੂ ਨਾਨਕ ਪੰਥ ਦਾ ਇਸ ਸੁਥਰੇ ਨੇ ਬੜੇ ਬੜੇ ਸੁਚੱਜੇ ਢੰਗ ਨਾਲ ਪ੍ਚਾਰ ਕੀਤਾ।

 ਸੰਤ ਸਿੰਘ ਜੀ ਮਸਕੀਨ

You may also like