ਕਿ੍ਸ਼ਨ-ਭਗਤ ਮੀਰਾਂ ਰਾਤ ਨੂੰ ਕਿ੍ਸ਼ਨ ਜੀ ਨੂੰ ਚੇਤੇ ਕਰ ਸੌਂ ਗਈ। ਇਸ ਚਿੰਤਨ ਤੋਂ ਬਣੇ ਸੰਸਕਾਰਾਂ ਨੇ ਸੁਪਨੇ ਨੂੰ ਜਨਮ ਦਿੱਤਾ। ਪਰ ਸੁਪਨੇ ਵਿਚ ਜਦ ਮੱਥਾ ਟੇਕਣ ਲਈ ਉਠਣ ਦੀ ਕੋਸ਼ਿਸ਼ ਕੀਤੀ ਤਾਂ ਨੀਂਦ ਟੁੱਟ ਗਈ ਤੇ ਸੁਪਨਾ ਜਾਂਦਾ ਰਿਹਾ,ਨਾਲੇ ਕਿ੍ਸ਼ਨ ਜੀ ਵੀ ਓਝਲ ਹੋ ਗਏ ਤਾਂ ਦੁਖਿਤ ਹੋ ਕੇ ਕਹਿਣ ਲੱਗੀ-
“ਲੋਕੀਂ ਸੌਂ ਕੇ ਗਵਾ ਛੱਡਦੇ ਹਨ,ਮੈਂ ਜਾਗ ਕੇ ਗਵਾ ਬੈਠੀ।”
ਸੁਪਨੇ ਵਿਚ ਜੇਕਰ ਮਨ ਬਹੁਤ ਉਛਾਲਾ ਖਾ ਜਾਵੇ ਤਾਂ ਛੇਤੀ ਸੁਪਨਾ ਟੁੱਟ ਜਾਂਦਾ ਹੈ ਤੇ ਕਾਫ਼ੀ ਸਮੇਂ ਤਕ ਸੁਪਨੇ ਵਿਚ ਆਏ ਮਿੱਤਰ ਦੀ ਤੜਪ ਮਨ ਵਿਚ ਬਣੀ ਰਹਿੰਦੀ ਹੈ :-
“ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ,ਅਸਾਂ ਧਾ ਗਲਵਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨ ਆਏ,ਸਾਡੀ ਕੰਬਦੀ ਰਹੀ ਕਲਾਈ।”
(ਭਾ: ਵੀਰ ਸਿੰਘ ਜੀ)
ਧੰਨ ਹਨ ਉਹ ਸਤਿਪੁਰਸ਼ ਜਿਨਾੑਂ ਨੂੰ ਐਸੇ ਪਿਆਰੇ ਸੁਪਨੇ ਅਾਂਵਦੇ ਹਨ।ਸੁਪਨਿਆਂ ਤੋਂ ਆਪਣੇ ਅੰਦਰ ਦੀ ਤਸਵੀਰ ਝਲਕਾਂ ਮਾਰਦੀ ਹੈ। ਮਲੀਨ ਸੁੁਪਨੇ ਅੰਦਰ ਦੀ ਮਲੀਨਤਾ ਦੀ ਨਿਸ਼ਾਨੀ ਹੈ। ਕੋਈ ਸੁਪਨੇ ਵਿਚ ਵਾਹਿਗੁਰੂ ਆਖ ਦੇਵੇ ਤਾਂ ਇਸ ਘਟਨਾ ਦਾ ਇਹ ਸਬੂਤ ਹੈ ਕਿ ਇਸ ਨੇ ਜਾਗਿ੍ਤ ਅਵਸਥਾ ਵਿਚ ਵੀ ਆਖਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਕਬੀਰ ਤਾਂ ਅੈਸੇ ਪੁਰਸ਼ ਤੋਂ ਸਦਕੇ ਜਾਂਦੇ ਹਨ,ਜਿਸ ਦੇ ਮੂਹੋਂ ਸੁਪਨੇ ਵਿਚ ਰਾਮ ਨਿਕਲ ਜਾਵੇ :-
“ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ॥
ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ॥੬੩॥”