ਸੁਕਰਾਤ

by Manpreet Singh

ਜੱਲਾਦ ਨੇ ਜ਼ਹਿਰ ਦਾ ਪਿਆਲਾ ਤਿਆਰ ਕੀਤਾ,ਸੁਕਰਾਤ ਨੂੰ ਫੜਾ ਦਿੱਤਾ। ਮੁਨਸਫ਼ ਸਾਹਮਣੇ ਖੜਾੑ ਸੀ,ਜੱਜ ਵੀ ਸਾਹਮਣੇ ਖੜਾੑ ਸੀ,ਜਿਸ ਨੇ ਸਜ਼ਾਏ ਮੌਤ ਦਾ ਫ਼ੈਸਲਾ ਸੁਣਾਇਆ,ਉਸਦੇ ਸਾਹਮਣੇ ਦੇਣਾ ਸੀ।
ਉਨਾੑਂ ਦਿਨਾਂ ਵਿਚ ਯੁਨਾਨ ਦੇ ਏਥਨਜ਼ ਸ਼ਹਿਰ ਵਿਚ ਸਜ਼ਾਏ ਮੌਤ ਦਾ ਢੰਗ ਸੀ–ਜ਼ਹਿਰ ਦਾ ਪਿਆਲਾ ਪਿਲਾਉਣਾ।
ਮੁਨਸਫ਼ ਸੁਕਰਾਤ ਨੂੰ ਕਹਿਣ ਲੱਗਾ,
“ਸੁਕਰਾਤ ! ਕਨੂੰਨ ਦੀ ਇਕ ਮਦ ਅੈਸੀ ਵੀ ਹੈ ਕਿ ਮੈਂ ਤੈਨੂੰ ਛੋੜ ਸਕਦਾ ਹਾਂ।”
“ਕੀ?”
“ਤੂੰ ਏਥਨਜ਼ ਛੱਡ ਕੇ,ਯੁਨਾਨ ਛੱਡ ਕੇ ਚਲਾ ਜਾ,ਕਿਸੇ ਹੋਰ ਮੁਲਕ ਵਿਚ ਚਲਾ ਜਾ। ਤੂੰ ਆਪਣਾ ਸਾਜੋ-ਸਾਮਾਨ ਵੀ ਲੱਦ ਕੇ ਲੈ ਜਾ ਸਕਦਾ ਹੈਂ,ਆਪਣੇ ਪਰਿਵਾਰ ਨੂੰ ਵੀ ਲੈ ਜਾ।”
ਸੁਕਰਾਤ ਕਹਿਣ ਲੱਗਾ,
“ਮੈਂ ਇਹ ਨਹੀਂ ਕਰ ਸਕਦਾ। ਮੈਂ ਏਥਨਜ਼ ਤੇ ਗੀ੍ਸ (ਯੁਨਾਨ) ਨਹੀਂ ਛੱਡ ਸਕਦਾ।”
ਮੁਨਸਫ਼ ਤੇ ਜੱਜ ਉਸਨੂੰ ਕਹਿੰਦੇ ਹਨ,
“ਸੁਕਰਾਤ,ਸਜ਼ਾਏ ਮੌਤ ਤੋਂ ਬਚ ਜਾਏਂਗਾ,ਮੌਤ ਤੋਂ ਬਚ ਜਾਏਂਗਾ।
ਤਾਂ ਸੁਕਰਾਤ ਕਹਿਣ ਲੱਗਾ,
“ਨਹੀਂ ਬਚਾਂਗਾ।
ਅੈ ਮੁਨਸਫ਼ ! ਏਥਨਜ਼ (ਯੁਨਾਨ) ਜੈਸੇ ਹੀ ਮਨੁੱਖ ਦੂਜਿਆਂ ਮੁਲਕਾਂ ਵਿਚ ਵੀ ਹੋਣਗੇ। ਜੋ ਕੁਛ ਮੈਂ ਬੋਲਿਆ ਹੈ,ਆਪਣੇ ਹੀ ਮੁਲਕ ਦੇ ਵਾਸੀਆਂ ਨੂੰ ਹਜ਼ਮ ਨਹੀਂ ਹੋਇਆ,ਪਰਦੇਸ ਵਿਚ ਲੋਕਾਂ ਨੂੰ ਕਿੱਥੇ ਹਜ਼ਮ ਹੋਣਾ ਹੈ। ਆਪਣੇ ਹੀ ਮੈਨੂੰ ਜ਼ਹਿਰ ਦਾ ਪਿਆਲਾ ਪਿਲਾ ਰਹੇ ਨੇ,ਕਿਉਂਕਿ ਮੈਂ ਸੱਚਾਈ ਬਿਆਨ ਕੀਤੀ ਹੈ,ਪਰਦੇਸ ਵਿਚ ਮੈਨੂੰ ਅੰਮਿ੍ਤ ਨਹੀਂ ਪਿਲਾਉਣਗੇ।”
ਸੁਕਰਾਤ ਇੱਕੋ ਘੁੱਟ ਵਿਚ ਜ਼ਹਿਰ ਦਾ ਪਿਆਲਾ ਪੀ ਗਿਆ।ਇਤਨੇ ਉੱਚੇ ਦਾਰਸ਼ਨਿਕ ਤੇ ਸਤਿਵਾਦੀ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ। ਜਿਹੜੇ ਬੜੇ ਬੜੇ ਸੰਤ ਭਾਰਤ ਵਿਚ ਪੂਜੇ ਜਾ ਰਹੇ ਨੇ,ਉਨਾੑਂ ਦੀ ਬੜੀ ਪ੍ਤਿਸ਼ਠਾ ਹੈ,ਪਰ ਸੱਚ ਕਹਿਣ ਦੀ ਨਾ ਉਨਾੑਂ ਪਾਸ ਹਿੰਮਤ ਹੈ,ਨਾ ਤੌਫ਼ੀਕ ਹੈ,ਨਾ ਸੱਚ ਕਹਿ ਹੀ ਸਕਦੇ ਨੇ। ਸੱਚ ਉਦੋਂ ਵੀ ਜਗਤ ਨੂੰ ਹਜ਼ਮ ਨਹੀਂ ਸੀ ਹੁੰਦਾ,ਅੱਜ ਵੀ ਨਹੀਂ ਹੁੰਦਾ,ਹਾਜ਼ਮਾਂ ਅੱਜ ਵੀ ਕਮਜ਼ੋਰ ਹੈ।

You may also like