ਦਾਦਾ-ਦਾਦੀ

by Manpreet Singh

ਦਾਦੇ-ਦਾਦੀ ਦੀ ਇੱਕ ਜ਼ਿੰਦਾਦਿਲ ਜੋੜੀ ਨੇ ਸਲਾਹ ਕੀਤੀ ਕੇ ਕਿਓਂ ਨਾ ਵਿਆਹ ਤੋਂ ਪਹਿਲਾਂ ਲੁਕ-ਛੁੱਪ ਕੇ ਮਿਲਣ ਵਾਲਾ ਪ੍ਰਸੰਗ ਇੱਕ ਵਾਰ ਫੇਰ ਦੁਰਹਾਇਆ ਜਾਵੇ..

ਮਤਾ ਪਕਾਇਆ ਕੇ ਫੋਨ ਨਾਲ ਨਹੀਂ ਲੈ ਕੇ ਜਾਂਣੇ….ਬੇਬੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਾਲਾ ਡੱਬਾ ਨਾਲ ਲੈ ਕੇ ਆਊ…ਬਾਪੂ ਗਿਰੀਆਂ ਵਾਲਾ ਗੁੜ ਅਤੇ ਭੁੱਜੇ ਹੋਏ ਛੋਲੇ ਬੰਨ ਕੇ ਨਾਲ ਲਿਆਉ..ਫੇਰ ਢੇਰ ਸਾਰੀਆਂ ਗੱਲਾਂ ਹੋਣਗੀਆਂ ਅਤੇ ਫੇਰ ਰਲ ਕੇ ਰੋਟੀ ਖਾਦੀ ਜਾਵੇਗੀ…

ਨਹਿਰ ਦੇ ਕਿੱਕਰ ਦੇ ਰੁੱਖ ਵਾਲਾ ਓਹੀ ਠੰਡਾ ਠਾਰ ਕੰਢਾ ਮਿਲਣੀ ਵਾਸਤੇ ਚੁਣ ਲਿਆ ਗਿਆ…
ਮਿਥੇ ਹੋਏ ਦਿਨ ਬਾਪੂ ਨੇ ਮਾਇਆ ਲੱਗੀ ਪੱਗ ਪੋਚਵੇ ਢੰਗ ਨਾਲ ਬੰਨੀ..ਤਿੱਲੇਦਾਰ ਜੁੱਤੀ ਪਾਈ ਅਤੇ ਫੇਰ ਸਾਰਿਆਂ ਤੋਂ ਅੱਖ ਬਚਾ ਕੇ ਬਿਨਾ ਦਸਿਆਂ ਹੀ ਘਰੋਂ ਨਿਕਲ ਗਿਆ..

ਗੁਟਰ-ਗੂੰ ਕਰਦੀਆਂ ਗੁਟਾਰਾਂ…ਚੁੱਗੀਆਂ ਭਰਦੇ ਗਾਲੜ…ਆਸ ਪਾਸ ਉਡਦੇ ਫਿਰਦੇ ਚਿੜੀਆਂ ਤੋਤੇ ਅਤੇ ਲਾਗੇ ਹੀ ਘਾਹ ਚਰਦੇ ਹੋਏ ਡੰਗਰ ਵੱਛੇ..ਉਹ ਅਸਲ ਵਿਚ ਹੀ ਪੰਜਾਹ ਵਰੇ ਪਹਿਲਾਂ ਵਾਲੇ ਆਲੇ ਦੁਆਲੇ ਵਿਚ ਪੁੱਜ ਗਿਆ..

ਇਸੇ ਮਨਮੋਹਕ ਮਾਹੌਲ ਦਾ ਅਨੰਦ ਮਾਣਦੇ ਹੋਏ ਨੂੰ ਅੰਦਾਜਾ ਹੀ ਨਹੀਂ ਹੋਇਆ ਕਦੋਂ ਡੇਢ-ਘੰਟਾ ਲੰਘ ਗਿਆ…
ਹੁਣ ਉਸਦਾ ਧਿਆਨ ਨਹਿਰ ਦੀ ਪਟੜੀ ਤੇ ਤੁਰੇ ਆਉਂਦਿਆਂ ਵੱਲ ਕੇਂਦਰਿਤ ਹੋਣ ਲੱਗਾ..ਫੇਰ ਅਚਾਨਕ ਹੀ ਉਸਨੂੰ ਚਿੱਟਾ ਜਿਹਾ ਸੂਟ ਪਾਈ ਇਕ ਵਜੂਦ ਦੂਰੋਂ ਆਉਂਦਾ ਦਿਸਿਆ
ਉਸਨੂੰ ਚਾਅ ਜਿਹਾ ਚੜ ਗਿਆ…ਪਰ ਖੁਸ਼ੀ ਥੋੜ ਚਿਰੀ ਹੀ ਸੀ..ਉਹ ਕਿਸੇ ਹੋਰ ਮਾਲੀ ਦੇ ਬਾਗ ਦਾ ਫੁਲ ਨਿਕਲਿਆ…
ਫੇਰ ਦੋ ਘੰਟੇ ਹੋਰ ਲੰਘੇ…ਫੇਰ ਤਿੰਨ ਤੇ ਫੇਰ ਚਾਰ…ਕਦੀ ਗੁੱਸਾ ਆਈ ਜਾਵੇ ਤੇ ਕਦੀ ਫ਼ਿਕਰਮੰਦ ਹੋ ਜਾਇਆ ਕਰੇ..ਉਸਨੇ ਕੰਨੀ ਨਾਲ ਬੰਨੇ ਗੁੜ ਅਤੇ ਛੋਲਿਆਂ ਦਾ ਫੱਕਾ ਜਿਹਾ ਮਾਰ ਲਿਆ…
ਫੇਰ ਪਤਾ ਹੀ ਨੀ ਲੱਗਾ ਕਦੋਂ ਰੁਮਕਦੀ ਹੋਈ ਠੰਡੀ ਹਵਾ ਦੇ ਬੁੱਲੇ ਨੇ ਨੀਂਦ ਬਣ ਉਸਨੂੰ ਢੇਰੀ ਕਰ ਦਿੱਤਾ…
ਜੜ ਉਤੇ ਗੁੱਛੂ-ਮੁੱਛੂ ਕਰ ਕੇ ਰੱਖੇ ਪਰਨੇ ਤੇ ਟਿਕਾਇਆ ਹੋਇਆ ਸਿਰ..ਸ਼ਾਇਦ ਏਨੇ ਵਰ੍ਹਿਆਂ ਬਾਅਦ ਉਸਨੂੰ ਏਨੀ ਗੂੜੀ ਨੀਂਦਰ ਆਈ…

ਫੇਰ ਅਚਾਨਕ ਹੀ ਹਾਬੜ ਕੇ ਉੱਠ ਬੈਠਾ…ਇੰਝ ਲੱਗਾ ਜੀਵੇਂ ਕੋਈ ਨਹਿਰੋਂ ਪਾਰਲੇ ਪਾਸੇ ਗਾਉਦਾ ਹੋਇਆ ਨਿੱਕਲ ਗਿਆ ਸੀ….”ਲੱਗੀ ਵਾਲੇ ਕਦੀ ਵੀ ਨਾ ਸਾਉਂਦੇ..ਓ ਤੇਰੀ ਕੀਵੇਂ ਅੱਖ ਲੱਗ ਗਈ..”

ਫੇਰ ਜਦੋਂ ਸੂਰਜ ਢਲਣ ਤੇ ਆ ਗਿਆ ਤਾਂ ਪਰਨਾ ਚੁੱਕ ਘਰ ਨੂੰ ਤੁਰ ਪਿਆ..ਖੰਗੂੜਾ ਮਾਰ ਬਰੂਹਾਂ ਟੱਪੀਆਂ ਤਾਂ ਕੀ ਦੇਖਿਆ ਕੇ ਨਾਲਦੀ ਚੋਂਕੇ ਵਿਚ ਬੈਠੀ ਮੁਕੁਰਾਉਂਦੇ ਹੋਏ ਕੁਝ ਪਕਾ ਰਹੀ ਸੀ..
“ਤੂੰ ਆਈ ਹੀ ਨਹੀਂ..ਸਾ ਦਿਹਾੜੀ ਤੇਰਾ ਰਾਹ ਤੱਕਦਾ ਰਿਹਾ…ਕੌਲ ਕਰਾਰ ਨਿਭਾਉਣੇ ਅਜੇ ਵੀ ਨਹੀ ਆਏ ਤੈਨੂੰ….ਜਾ ਮੈਂ ਨੀ ਬੋਲਦਾ ਤੇਰੇ ਨਾਲ”…ਏਨੀ ਗੱਲ ਆਖ ਕੋਲ ਈ ਮੰਜੀ ਤੇ ਮੂੰਹ ਦੂਜੇ ਪਾਸੇ ਕਰਕੇ ਢੇਰੀ ਹੋ ਗਿਆ..

“ਤੁਸੀਂ ਆਪੇ ਹੀ ਦੱਸੋ ਕਿੱਦਾਂ ਆਉਂਦੀ…ਬੀਜੀ ਨੇ ਇੱਕ ਵਾਰ ਵੀ ਨਜਰ ਏਧਰ-ਓਧਰ ਨੀ ਕੀਤੀ”….ਉਹ ਸੰਗਦੀ ਹੋਈ ਇੱਕੋ ਸਾਹੇ ਇਹ ਸਾਰਾ ਕੁਝ ਆਖ ਗਈ!
ਭਾਵੇਂ ਇਹ ਸਾਰਾ ਕੁਝ ਜਾਣ ਬੁਝ ਕੇ ਹੀ ਚਿਤਰਿਆ ਗਿਆ ਸੀ ਪਰ ਪਿਆਰ ਮੁਹੱਬਤ ਗੁੱਸੇ-ਗਿਲੇ ਅਤੇ ਸ਼ਿਕਵੇ ਸ਼ਿਕਾਇਤਾਂ ਵਿਚ ਮਿਠਾਸ ਓਹੀ ਪੰਜਾਹ ਸਾਲ ਪੁਰਾਣੀ ਸੀ

You may also like