ਗਰੀਬਾਂ ਦੇ ਮਸੀਹੇ, ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਬਣਕੇ ਬਾਰੋ ਬਾਰੀ ਸਾਰੇ ਉਮੀਦਵਾਰ ਲੋਕਾਂ ਦੇ ਬੂਹਿਆਂ ਤੇ ਵੋਟਾਂ ਦੀ ਭੀਖ ਮੰਗਣ ਲਈ ਬਹੁੜਦੇ। ਸਰਕਾਰੀ ਮੁਲਾਜਮਾਂ,ਸਨਅਤਕਾਰਾਂ,ਜਿਮੀਂਦਾਰਾਂ ਤੋਂ ਇਕੱਠਾ ਕੀਤਾ ਪਾਰਟੀ ਫੰਡ ਕਿਸੇ ਨ ਕਿਸੇ ਰੂਪ ਵਿੱਚ ਵੰਡ ਜਾਂਦੇ ਤੇ ਆਗਾਹ ਲਈ ਕਈ ਸਬਜ ਬਾਗ ਦਿਖਾ ਜਾਦੇ। ਝੁੱਗੀਆਂ ਦਾ ਮੋਹਰੀ ਭਗੂ ਸਭ ਆਇਆਂ ਨੂੰ ਇਹੀ ਕਹਿੰਦਾ ‘ ਅਸੀਂ ਤਾਂ ਤੁਹਾਡੇ ਆਸਰੇ ਹੀ ਆ। ਸਾਡੇ ਸਾਰਿਆਂ ਦੀਆਂ ਵੋਟਾਂ ਥਾਨੂ ਹੀ ਜਾਣਗੀਆਂ। ਜੇ ਤੂਸੀਂ ਸਾਡਾ ਏਨਾ ਸੋਚਦੇ ਤਾਂ ਅਸੀਂ ਕਿਉਂ ਨ ਥਾਨੂ ਆਪਣਾ ਨੇਤਾ ਬਣਾਵਾਂਗੇ।’
ਆਪਣਾ ਨਕ ਪਰੇ ਕਰਦੇ ਹੋਏ ਕਈ ਉਮੀਦਵਾਰ ਪਸੀਨੇ ਨਾਲ ਭਿੱਜੇ ਭਗੂ ਨੂੰ ਕਲਾਵੇ ਚ ਲੈ ਲੈਂਦੇ ਤੇ ਘੁੱਟ ਕੇ ਹੱਥ ਮਿਲਾਉਂਦੇ। ਭਾਵੇਂ ਬਾਅਦ ਚ ਥੋੜੀ ਦੂਰ ਜਾਕੇ ਪਾਏ ਦੁੱਧ ਚਿੱਟੇ ਕੁਰਤੇ ਨਾਲ ਕਿੰਨਾ ਚਿਰ ਹੱਥ ਪੂੰਝਦੇ ਰਹਿੰਦੇ।
ਭਗੂ ਦਾ ਚੌਥੀ ਚ ਪੜਦਾ ਮੁੰਡਾ ਸਾਰਾ ਕੁੱਝ ਦੇਖਦਾ-ਸੁਣਦਾ ਰਹਿੰਦਾ। ਇਕ ਸ਼ਾਮ ਉਨੇ ਪੁੱਛ ਹੀ ਲਿਆ ‘ “ਬਾਪੂ! ਤੂੰ ਤਾਂ ਕਹਿਨਾ ਹੁਨਾ,ਝੂਠ ਨੀ ਬੋਲੀਦਾ ਤੇ ਕਿਸੇ ਨੂੰ ਝੂਠੇ ਲਾਰੇ ਨੀ ਲਾਈਦੇ, ਪਰ ਤੂੰ ਤ ਆਪ ਈ—-”
ਭਗੂ ਵਿੱਚੇ ਬੋਲ ਪਿਆ ” ਆਹੋ ਪੁੱਤਰਾ! ਤੂੰ ਠੀਕ ਕਿਹਾ। ਪਰ ਸਾਡੇ ਗਰੀਬਾਂ ਦੇ ਕਾਹਦੇ ਲਾਰੇ। ਲਾਲਚ ਮਾਰਿਆਂ ਇੰਨਾ ਨੂੰ ਫੂਕ ਦੇ ਦੇਈ ਦੀ ਆ। ਜੋ ਦੇ ਜਾਂਦੇ ਲੈ ਲੳ। ਮੁੜ ਇਹਨਾਂ ਕਿਥੋਂ ਦਿਖਣਾ। ਸਾਡੇ ਲਾਰੇ ਤਾਂ ਛੋਟੇ ਆ, ਇਹ ਸੋਹਰੀ ਦੇ ਤਾਂ ਵੱਡੇ ਵੱਡੇ ਲਾਰਿਆਂ ਨਾਲ, ਹੇਰਾ-ਫੇਰੀਆਂ ਨਾਲ ਨੇਤਾ ਬਣਨਗੇ। ਫਿਰ ਕਿਹਨੇ ਪੁੱਛਣਾ,ਕਿਹਦਾ ਢਿੱਡ ਭੁੱਖਾ, ਕਿਹੜੇ ਗਰੀਬ ਦਾ ਨਿਆਣਾ ਇਲਾਜ ਖੁਣੋਂ ਮਰਿਆ, ਕਿਹਦੀ ਧੀ ਦਾਜ ਕਰਕੇ ਸੜੀ, ਜਿਮੀਂਦਾਰਾਂ ਫਾਹਾ ਕਿਉਂ ਲਿਆ, ਕਿਹਨੇ ਸੁਣਨੇ ਉਨਾਂ ਮਾਵਾਂ ਤੇ ਰੰਡੀਆ ਦੇ ਕੀਰਨੇ ਜਿਨ੍ਹਾਂ ਦੇ ਪੁੱਤ, ਆਦਮੀ ਨਸ਼ਿਆਂ ਨਾਲ ਤੇ ਸਰਹੱਦ ਤੇ ਮਾਰੇ ਗਏ——”
ਭਗੂ ਦੀ ਤੀਵੀਂ ਦੀ ਏਹ ਸਮਝ ਤੋਂ ਬਾਹਰ ਸੀ। ਉਹ ਰੋਹ ਚ ਬੋਲੀ।” ਬਸ ਵੀ ਕਰ, ਵੱਡਾ ਲਸ਼ਕਰ ਦੇਣ ਲਗ ਪਿਆ।”
ਭਗੂ ਤਾਂ ਚੁੱਪ ਕਰ ਗਿਆ ਪਰ ਉਹਦਾ 10 ਸਾਲ ਦਾ ਮੁੰਡਾ ‘ ਛੋਟੇ ਲਾਰੇ ਤੇ ਵੱਡੇ ਲਾਰਿਆਂ ਦੇ ਤਨਦੂਤਾਣੇ ਚ ਫਸ ਗਿਆ।
ਛੋਟੇ ਲਾਰੇ ਵੱਡੇ ਲਾਰੇ
586
previous post