ਹੁਸ਼ਿਆਰਪੁਰ ਦੇ ਇਕ ਸੋਹਣੇ ਪਿੰਡ ਵਿਚ ਜੁਨੇਤ ਚੜੀ । ਮਾ ਬਾਪ ਦਾ ਇਕਲੌਤਾ ਪੁੱਤ ਵਿਆਹੁਣ ਗਿਆ ਤੇ ਸੰਜੋਗ ਵੀ ਜਿਵੇਂ ਖੁਦਾ ਨੇ ਬਹਿ ਕੇ ਆਪ ਲਿਖੇ ਹੋਣ । ਜਿੰਨਾ ਉਹ ਆਪ ਸੰੁਦਰ ਨੌਜਵਾਨ ਸੀ ਉਸ ਤੋਂ ਵੀ ਸੋਹਣੀ ਉਹਦੇ ਨਾਲ ਉਹ ਭਾਗਾਂ ਵਾਲੀ ਨੇ ਘਰੇ ਆ ਪੈਰ ਪਾਏ
ਘਰ ਵਿੱਚ ਪਹਿਲਾਂ ਹੀ ਬਹੁਤ ਕੁਝ ਸੀ ਤੇ ਉਹਦੇ ਆਉਣ ਨਾਲ ਬਰਕਤਾਂ ਹੋਰ ਪੈਣ ਲਗੀਆਂ । ਪਿੰਡ ਵਿੱਚ ਹੀ ਹੋਰ ਜ਼ਮੀਨ ਖਰੀਦ ਲਈ ਗਈ ਤੇ ਪੰਜਾਹ ਏਕੜ ਜ਼ਮੀਨ ਵਿੱਚ ਕੁਝ ਅੰਬਾਂ ਦੇ ਬਾਗ਼ ਤੇ ਕੁਝ ਖੇਤੀ ਕਰਨ ਕਰਕੇ ਰੰਗ ਲੱਗੇ ਹੋਏ ਸਨ । ਕੁਦਰਤ ਨੇ ਹੋਰ ਬਖ਼ਸ਼ਿਸ਼ ਕੀਤੀ ਤੇ ਘਰ ਦੋ ਪੁੱਤਰਾਂ ਨੇ ਜਨਮ ਲਿਆ ।
ਹੁਣ ਦੋਨੋ ਪੁੱਤ ਜੁਆਨ ਹੋ ਚੁੱਕੇ ਸੀ । ਵੱਡੇ ਦਾ ਵਿਆਹ ਕਰ ਦਿੱਤਾ ਗਿਆ ਤੇ ਜਿੰਨੀ ਚੰਗੀ ਉਹ ਆਪ ਸੀ ਉਸ ਤੋਂ ਉਲਟ ਉਨੀ ਹੀ ਉਹਦੀ ਨੂੰਹ ਆਈ । ਆਉਂਦੀ ਨੇ ਹੀ ਇਹੋ ਜਿਹਾ ਕਲੇਸ਼ ਪਾਇਆ ਕਿ ਘਰ ਜੰਗ ਦਾ ਖਾੜਾ ਬਣ ਕੇ ਰਹਿ ਗਿਆ ।
ਛੋਟੇ ਪੁੱਤਰ ਨੇ ਲੜਾਈ ਤੋਂ ਦੁਖੀ ਹੋ ਕੇ ਕੈਨੇਡਾ ਦਾ ਰੁਖ ਕਰ ਲਿਆ । ਪਹਿਲਾਂ ਕੁਝ ਸਾਲ ਨੌਕਰੀ ਕੀਤੀ ਤੇ ਫੇਰ ਆਪ ਦਾ ਬਿਜਨਿਸ ਕਰ ਲਿਆ । ਜਦੋਂ ਰੱਬ ਮਿਹਰਬਾਨ ਹੋਵੇ ਉਦੋਂ ਪੂਰਬ ਕੀ ਪੱਛਮ ਕੀ ? ਬਿਜਨਿਸ ਵਿੱਚ ਖ਼ੂਬ ਪੈਸਾ ਕਮਾਇਆ । ਮਾ ਬਾਪ ਨੂੰ ਸੁਖ ਦੇਣ ਲਈ ਕੈਨੇਡਾ ਸੱਦ ਲਿਆ । ਵਿਆਹ ਤੋਂ ਬਾਅਦ ਤਿੰਨ ਬੱਚੇ ਬਾਬੇ ਨਾਲ ਤੇ ਦਾਦੀ ਨਾਲ ਖੇਡਦੇ ਜੁਆਨ ਹੋ ਗਏ ।
ਪਿੰਡ ਤੋਂ ਪਤਾ ਲੱਗਾ ਕਿ ਵੱਡਾ ਨਸ਼ੇ ਕਰਨ ਲੱਗ ਪਿਆ ਹੈ । ਘਰੇ ਉਲਾਦ ਪਹਿਲਾਂ ਹੀ ਨਹੀਂ ਸੀ ਦੂਜਾ ਮਾ ਬਾਪ ਕੈਨੇਡਾ ਜਾ ਵੜੇ । ਜਮੀਨ ਜੋ ਵੰਡਾ ਕੇ ਆਪਦਾ ਹਿੱਸਾ ਲਿਆ ਸੀ ਉਹ ਵਿਕਣੀ ਸ਼ੁਰੂ ਹੋ ਗਈ । ਤੇ ਅਖੀਰ ਉਹਦਾ ਵੱਡਾ ਮੁੰਡਾ ਸਰੀਰ ਤਿਅਾਗ ਗਿਆ
ਹੁਣ ਦੋਨੋ ਮੀਆਂ ਬੀਵੀ ਪਿਛੇ ਮੁੜਨ ਜੋਗੇ ਨਾ ਰਹੇ ਤੇ ਉਹ ਆਪ ਦਾ ਬੁਢਾਪਾ ਛੋਟੇ ਨਾਲ ਹੀ ਕੱਟਣ ਲਈ ਮਜਬੂਰ ਹੋ ਗਏ ।
ਛੋਟੇ ਨੇ ਆਪ ਦੇ ਮਾ ਬਾਪ ਦੀ ਸਹੂਲਤ ਲਈ ਵਧੀਆ ਜ਼ਮੀਨ ਦੇਖ ਕੇ ਵੱਡਾ ਘਰ ਪਾਇਆ
ਹੁਣ ਉਹਦੇ ਆਪ ਦੇ ਤਿੰਨੋਂ ਬੱਚੇ ਜੁਆਨ ਹੋ ਰਹੇ ਸੀ । ਕਮਰੇ ਵੰਡ ਲਏ ਗਏ ਤੇ ਜਦੋਂ ਤੱਕ ਬਾਬੇ ਦੀ ਵਾਰੀ ਆਈ ਉਦੋਂ ਤੱਕ ਕਮਰੇ ਮੱਲੇ ਜਾ ਚੁੱਕੇ ਸੀ ਤੇ ਛੋਟੀ ਨੂੰਹ ਨੂੰ ਪਰਾਈਵੇਸੀ ਜ਼ਿਆਦਾ ਪਿਆਰੀ ਸੀ ਤੇ ਉਹਨਾਂ ਦੋਨਾਂ ਲਈ ਬੇਸਮਿੰਟ ( ਘਰ ਦੇ ਥੱਲੇ ਬਣੇ ਕਮਰੇ ) ਵਿੱਚ ਸੋਫ਼ੇ ਰੱਖ ਦਿੱਤੇ ਗਏ । ਜਿੱਥੇ ਸਟੋਵ ਤੇ ਫ਼ਰਿੱਜ ਵੀ ਰੱਖੀ ਗਈ ਤਾਂ ਕਿ ਉਨਾਂ ਦੇ ਖਾਣ ਪੀਣ ਵਿੱਚ ਤਕਲੀਫ਼ ਨਾ ਹੋਵੇ । ਇਕ ਉਹ ਮੀਟ ਨਹੀਂ ਸੀ ਖਾਂਦੇ । ਜਾਂ ਇਉ ਕਹਿ ਲਉ ਨੂੰਹ ਨੇ ਬਹਾਨੇ ਨਾਲ ਅੱਡ ਕਰ ਦਿੱਤੇ ।
ਹੁਣ ਉਹ ਆਪਦੇ ਪੋਤੇ ਪੋਤੀਆਂ ਨੂੰ ਮਿਲਣ ਲਈ ਵੀ ਉੱਪਰ ਨਹੀਂ ਸੀ ਜਾ ਸਕਦੇ । ਕੈਨੇਡਾ ਦੀ ਸਵਰਗ ਦੀ ਧਰਤੀ ਦਾ ਇਕ ਇਹ ਵੀ ਹਿੱਸਾ ਹੈ ਕਿ ਤੁਸੀ ਬੁਢਾਪੇ ਵਿੱਚ ਕੱਲੇ ਹੋ ਜਾਂਦੇ ਹੋ । ਧੀਆਂ ਪੁੱਤ ਆਪ ਦੇ ਕੰਮਾਂ ਵਿੱਚ ਮਸਤ ਹੁੰਦੇ ਹਨ । ਇਹ ਵੀ ਇਵੇਂ ਆਪ ਦਾ ਜੀਵਨ ਕੱਟ ਰਹੇ ਸੀ ।
ਬਿਜਨਿਸ ਚ ਘਾਟਾ ਪੈਣਾ ਸ਼ੁਰੂ ਹੋ ਗਿਆ । ਵੱਡੇ ਘਰ ਦਾ ਕਰਜ਼ਾ ਮੋੜਨਾ ਔਖਾ ਹੋ ਗਿਆ
ਪੈਸਾ ਜਿਹਦੇ ਕਰਕੇ ਜੋੜ ਹੋਇਆ ਸੀ ਅੱਜ ਉਹੀ ਪੈਸਾ ਵਿਚਕਾਰ ਆਣ ਖੜੋਤਾ ਤੇ ਨੂੰਹ ਪੁੱਤ ਅੱਡ ਅੱਡ ਹੋ ਗਏ । ਨੂੰਹ ਨੇ ਤਿੰਨੇ ਨਿਆਣੇ ਲੈ ਕੇ ਘਰ ਸਾਂਭ ਲਿਆ ਤੇ ਘਰ ਵਾਲੇ ਨੂੰ ਤੇ ਦੋੋਨਾਂ ਸੱਸ ਸਹੁਰੇ ਨਾਲ ਬਾਹਰ ਕੱਢ ਦਿੱਤਾ ।
ਜੋ ਕਦੀ ਜੁਆਨੀ ਵੇਲੇ ਪਿੰਡ ਦਾ ਸ਼ਿੰਗਾਰ ਸੀ ਉਹਨੇ ਵੱਡੇ ਮੁੰਡੇ ਦਾ ਇੰਨਾ ਦੁੱਖ ਨਹੀਂ ਸੀ ਮੰਨਾਇਆ ਜਿੰਨਾ ਛੋਟੇ ਦਾ ਜਿਹਦੇ ਤਿੰਨੇ ਜੁਆਨ ਬੱਚੇ ਨੂੰਹ ਲੈ ਗਈ ਸੀ । ਉਹ ਦਿਨਾਂ ਵਿੱਚ ਹੀ ਆਪ ਦੇ ਸੁਆਸ ਪੂਰੇ ਕਰ ਗਿਆ । ਜਿਹੜੀ ਕਦੀ ਡੋਲੀ ਚੜ ਕੇ ਆਈ ਸੀ ਅੱਜ ਉਹ ਵੀ ਮਗਰੇ ਤੁਰ ਗਈ ਜਿਵੇਂ ਉਹਦਾ ਇਸ ਦੁਨੀਆਂ ਦੇ ਪੇਕੇ ਘਰ ਜੀਅ ਨਾ ਲੱਗਾ ਹੋਵੇ । ਪੁੱਤ ਦੁਨੀਆਂ ਦੀ ਭੀੜ ਵਿੱਚ ਗੁਆਚ ਗਿਆ ।
ਸੰਜੋਗੁ ਵਿਜੋਗੁ ਦੁਇ ਕਾਰਿ ਚਲਾਵਹਿ
ਲੇਖੇ ਆਵਹਿ ਭਾਗ !
ਸੰਜੋਗੁ ਵਿਜੋਗੁ ਦੁਇ ਕਾਰਿ ਚਲਾਵਹਿ ਲੇਖੇ ਆਵਹਿ ਭਾਗ !
726
previous post