ਰੱਬ ਜਦੋਂ ਇਨਸਾਨੀ ਰੂਪ ਧਾਰਕੇ ਆਉਂਦਾ

by admin

ਬਹੁਤ ਸਾਲ ਪਹਿਲਾਂ ਦੀ ਗੱਲ ਏ..ਰੋਜ ਸੁਵੇਰੇ ਬਟਾਲਿਓਂ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਕੁਝ ਲੋਕ ਤਾਸ਼ ਖੇਡ ਰਹੇ ਹੁੰਦੇ..ਕੁਝ ਗੱਪਾਂ ਮਾਰ ਰਹੇ ਹੁੰਦੇ ਤੇ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ ਉਚੀ ਉਚੀ ਪਾਠ ਕਰਦਾ ਹੋਇਆ ਸਫ਼ਰ ਤਹਿ ਕਰਿਆ ਕਰਦਾ..ਉਹ ਡੱਬਾ ਹੀ “ਪਾਠ ਵਾਲੇ ਡੱਬੇ” ਨਾਲ ਮਸ਼ਹੂਰ ਹੋ ਗਿਆ..
ਵੇਰਕੇ ਤੋਂ ਇੱਕ ਕੁੜੀ ਚੜਿਆ ਕਰਦੀ ਸੀ..ਪੋਲੀਓ ਸੀ ਸ਼ਾਇਦ ਇੱਕ ਲੱਤ ਵਿੱਚ..ਮਿੰਟ ਕੂ ਦਾ ਹੀ ਰੋਕਾ ਸੀ ਇਥੇ..
ਏਨੇ ਥੋੜੇ ਟਾਈਮ ਅਤੇ ਲੋਹੜੇ ਦੀ ਭੀੜ ਵਿਚ ਉਸ ਕੋਲੋਂ ਮਸਾਂ ਹੀ ਚੜਿਆ ਜਾਂਦਾ..ਅਕਸਰ ਹੀ ਬੂਹੇ ਕੋਲ ਖਲੋਤੇ ਕਈ ਰੱਬ ਤਰਸੀ ਲੋਕ ਉਸਦਾ ਡੰਡਾ ਫੜ ਲਿਆ ਕਰਦੇ..ਤੇ ਉਹ ਕੋਸ਼ਿਸ਼ ਕਰ ਅੰਦਰ ਆ ਜਾਇਆ ਕਰਦੀ..!

ਤੂੜੀ ਦੇ ਕੁੱਪ ਵਾਂਙ ਡੱਕੇ ਹੋਏ ਡੱਬੇ ਵਿਚ ਉਹ ਅਕਸਰ ਹੀ ਗੁਸਲਖਾਨੇ ਕੋਲ ਭੁੰਝੇ ਬੈਠ ਆਪਣਾ ਬਾਕੀ ਰਹਿੰਦਾ ਸਫ਼ਰ ਤਹਿ ਕਰਿਆ ਕਰਦੀ..ਸੀਟ ਲੱਭਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰਦੀ..!
ਇੱਕ ਦਿਨ ਜੁਲਾਈ ਦੇ ਚੁਮਾਸੇ ਵਿਚ ਓਸੇ ਪਾਠ ਵਾਲੇ ਡੱਬੇ ਵਿਚ ਖਲੋਤਾ ਹੋਇਆ ਮੈਂ ਬੂਹੇ ਵੱਲੋਂ ਆਉਂਦੀ ਠੰਡੀ ਹਵਾ ਵੱਲ ਨੂੰ ਮੂੰਹ ਕਰ ਤਾਜੀ ਹਵਾ ਲੈਣ ਦੀ ਕੋਸ਼ਿਸ਼ ਵਿਚ ਸਾਂ..
ਵੇਰਕੇ ਟੇਸ਼ਨ ਤੇ ਓਹੀ ਕੁੜੀ ਇੱਕ ਵਾਰ ਫੇਰ ਗੱਡੀ ਵਿਚ ਸਵਾਰ ਹੋਈ..
ਇਸ ਵਾਰ ਉਸਦਾ ਬਾਪ ਵੀ ਨਾਲ ਹੀ ਸੀ..ਉਸ ਦੀ ਵੀ ਲੱਤ ਵਿਚ ਨੁਕਸ ਸੀ ਤੇ ਥੋੜਾ ਬਿਮਾਰ ਜਿਹਾ ਵੀ ਲੱਗ ਰਿਹਾ ਸੀ..ਮਸਾਂ ਹੀ ਖਲੋਤਾ ਜਾ ਰਿਹਾ ਸੀ ਉਸ ਤੋਂ..!

ਉਸ ਨੇ ਹਿੰਮਤ ਕੀਤੀ ਤੇ ਖੁੱਲੇ ਹੋ ਕੇ ਬੈਠੇੇ ਇੱਕ ਮੈਂਬਰ ਤੋਂ ਸੀਟ ਮੰਗ ਲਈ..ਚੌਂਕੜੀ ਮਾਰ ਕੇ ਬੈਠੇ ਅੰਕਲ ਜੀ ਨੇ ਅਣਸੁਣੀ ਜਿਹੀ ਕਰਕੇ ਹੋਰ ਉਚੀ ਵਾਜ ਵਿਚ ਪਾਠ ਕਰਨਾ ਸ਼ੁਰੂ ਕਰ ਦਿੱਤਾ..ਤੇ ਅੱਖੀਆਂ ਵੀ ਹੋਰ ਘੁੱਟ ਕੇ ਮੀਟ ਲਈਆਂ..ਇਕ ਦੋ ਵਾਰ ਆਖਿਆ ਫੇਰ ਉਸਦਾ ਬਾਪ ਬੇਬਸ ਜਿਹਾ ਹੋ ਕੇ ਭੁੰਜੇ ਹੀ ਬੈਠ ਗਿਆ..ਤੇ ਰੱਬ ਦਾ ਗੁਣਗਾਣ ਇਸੇ ਤਰਾਂ ਚੱਲਦਾ ਰਿਹਾ..ਫੇਰ ਗੱਡੀ ਅਮ੍ਰਿਤਸਰ ਅੱਪੜ ਗਈ..ਤੇ ਸਾਰੇ ਆਪੋ ਆਪਣੇ ਰਾਹ ਪੈ ਗਏ!

ਅੱਜ ਉਹ ਮੰਜਰ ਚੇਤੇ ਆਉਂਦਾ ਤਾਂ ਸੋਚਦਾ ਹਾਂ ਕੇ ਜੇ ਬੋਧਿਕਤਾ ਤੇ ਦਲੇਰੀ ਅੱਜ ਵਾਲੇ ਪੱਧਰ ਦੀ ਹੁੰਦੀ ਤਾਂ ਜਰੂਰ ਆਖ ਦਿੰਦਾ ਕੇ ਅੰਕਲ ਜੀ ਜਿਸ ਰੱਬ ਨੂੰ ਏਨੇ ਚਿਰ ਤੋਂ ਅੱਖਾਂ ਮੀਟ ਉਚੀ ਉਚੀ ਵਾਜਾਂ ਮਾਰ ਰਹੇ ਓ ਉਹ ਤਾਂ ਕਦੇ ਦਾ ਕੋਲ ਖਲੋਤਾ ਤੁਹਾਥੋਂ ਸੀਟ ਮੰਗ ਰਿਹਾ ਏ..ਨਾਨੀ ਅਕਸਰ ਦੱਸਿਆ ਕਰਦੀ ਸੀ ਕੇ ਉਹ ਜਦੋਂ ਵੀ ਇਨਸਾਨੀ ਰੂਪ ਧਾਰ ਹੋਕਾ ਦੇਣ ਆਉਂਦਾ ਏ ਤਾਂ ਉਸਦੇ ਥੱਲੇ ਮਹਿੰਗੀ ਕਾਰ ਨਹੀਂ ਹੁੰਦੀ ਸਗੋਂ ਉਸਦੇ ਗੱਲ ਪਾਟੇ ਪੁਰਾਣੇ ਕੱਪੜ ਹੁੰਦੇ ਨੇ ਤੇ ਉਹ ਕਈ ਵਾਰ ਉਹ ਲੱਤੋਂ ਵੀ ਲੰਗਾ ਹੁੰਦਾ ਏ!

ਹਰਪ੍ਰੀਤ ਸਿੰਘ ਜਵੰਦਾ

You may also like