ਜਨਮ-ਮਸ਼ਟਮੀ ਦਾ ਦਿਨ ਸੀ । ਅਸੀਂ ਸਾਰੇ ਪਰਿਵਾਰ ਨੇ ਤਿਲੋਕਪੁਰ ਜਾਣ ਦਾ ਮਨ ਬਣਾਇਆ । ਸਾਰੇ ਖੁਸ਼ ਸਨ। ਅਸੀਂ ਮੰਦਰ ਵਿੱਚ ਮੱਥਾ ਟੇਕ ਕੇ ਬਾਹਰ ਆਏ । ਬੱਚੇ ਮਨਸਾ ਦੇਵੀ ਮੰਦਰ ਵੱਲ ਜਾਣ ਲੱਗੇ। ਬੱਚਿਆਂ ਨਾਲ ਵੱਡੇ ਵੀ ਜਾਣ ਲੱਗੇ। ਮੈਨੂੰ ਵੀ ਸਾਰੇ ਬੁਲਾਣ ਲੱਗੇ ਆਜਾ-ਆਜਾ ਮਨਸਾ ਦੇਵੀ ਮੰਦਰ ਵੀ ਮੱਥਾ ਟੇਕ ਕੇ ਆਉਂਦੇ ਹਾਂ। ਮੈਂ ਆਪਣੇ ਮੋਟਾਪੇ ਵੱਲ ਕਦੇ ਮਨਸਾ ਦੇਵੀ ਮੰਦਰ ਦੀ ਚੜਾਈ ਵੱਲ ਦੇਖ ਰਹੀ ਸੀ।
ਉਸੇ ਸਮੇਂ 14 -15 ਸਾਲ ਦਾ ਲੜਕਾ ਮੇਰੇ ਕੋਲ ਪਹੁੰਚਿਆ ।ਉਹ ਚੜਾਈ ਵੱਲ ਜਾਣ ਲੱਗਾ। ਮੈਂ ਉਸਨੂੰ ਦੇਖ ਕੇ ਹੈਰਾਨ ਸੀ । “ਆ ਜਾਉ ਆਂਟੀ ਜੀ ਤੁਹਾਨੂੰ ਵੀ ਲੈਂ ਜਾਂਦਾ ਹਾਂ। ਉਸਦੀ ਜਿੰਦਾਦਿੱਲੀ ਦੇਖ ਕੇ ਮੈਨੂੰ ਹੋਰ ਵੀ ਹੈਰਾਨੀ ਹੋਈ । ਉਸਨੇ ਕਿਹਾ “ਆਂਟੀ ਤੁਹਾਨੂੰ ਤਾਂ ਭਗਵਾਨ ਨੇ ਤੰਦਰੁਸਤ ਬਣਾਇਆ, ਮੇਰੀਆਂ ਤਾਂ ਲੱਤਾਂ ਕਮਜੋਰ ਹਨ। ਮੈਂ ਤਾਂ ਚਲ ਨਹੀਂ ਸਕਦਾ ।”ਮੈਂ ਦੇਖਿਆ ਲੜਕਾ ਬੈਠਾ -ਬੈਠਾ ਘਿਸੜਦਾ-ਘਿਸੜਦਾ ਅੱਗੇ ਦੀ ਅੱਗੇ ਪਹੁੰਚ ਗਿਆ ਪਰ ਮੇਰੇ ਲਈ ਇਕ ਹਨੇਰਾ ਛੱਡ ਗਿਆ ਸੀ ।
ਉਸਦੀ ਦਲੇਰੀ, ਹਿੰਮਤ, ਸਹਿਣਸ਼ੀਲਤਾ ਤੇ ਆਤਮਵਿਸ਼ਵਾਸ਼ ਦੇਖਕੇ ਮੇਰੇ ਪੈਰ ਵੀ ਉਸਦੇ ਪਿੱਛੇ -ਪਿੱਛੇ ਚਲ ਪਏ ।ਮੈਨੂੰ ਪਤਾ ਵੀ ਨਾ ਲੱਗਿਆ ਮੈਂ ਮਾਤਾ ਦੇ ਦਰਸ਼ਨ ਕਰਕੇ ਆ ਗਈ ।
ਭੂਪਿੰਦਰ ਕੌਰ ਸਾਢੋਰਾ