ਮਦਦ ਕਰਨ ਦਾ ਗੁਣ

by admin

ਚੀਨ ਦੀ ਇਕ ਮਸ਼ਹੂਰ ਕਹਾਵਤ ਹੈ ਕਿ ਜੇਕਰ ਤੁਸੀ ਇੱਕ ਘੰਟੇ ਲਈ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸੌਂ ਜਾਵੋ, ਜੇਕਰ ਇੱਕ ਦਿਨ ਲਈ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮੱਛੀਆ ਫੜਨ ਚਲੇ ਜਾਵੋ, ਜੇਕਰ ਇਕ ਸਾਲ ਲਈ ਖੁਸ਼ੀਆ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਸਮਤ ਦੇ ਵਾਰਸ ਬਣੋ, ਜੇਕਰ ਤੁਸੀ ਹਮੇਸ਼ਾ ਹੀ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੂਜਿਆਂ ਦੀ ਮਦਦ ਕਰੋ। ਖੁਸ਼ੀ ਦੂਜਿਆਂ ਦੀ ਮਦਦ ਕਰਨ ਵਿੱਚੋ ਹੀ ਮਿਲੇਗੀ। ਕਿਸੇ ਦੀ ਮਦਦ ਕਰਨਾ, ਮਨੁੱਖ ਦਾ ਪਹਿਲਾ ਕਰਤੱਵ ਹੈ। ਆਪਣੇ ਸੁਆਰਥ, ਸ਼ਿਕਾਇਤਾਂ, ਗੁੱਸਾ ਆਦਿ ਨੂੰ ਪਾਸੇ ਰੱਖ ਕੇ ਕਿਸੇ ਦੇ ਵਿਗੜੇ ਕੰਮ ਨੂੰ ਸਵਾਰ ਦੇਣਾ ਹੀ ਮਦਦ ਕਰਨਾ ਹੈ। ਦੁਨੀਆਂ ਦੇ ਕੁੱਲ ਧਰਮ ਮਦਦ ਕਰਨ ਨੂੰ ਹੀ ਤਰਹੀਜ ਦਿੰਦੇ ਹਨ। ਮਦਦ ਕਰਨਾ ਆਪਣੀ ਹਊਮੈ ਨੂੰ ਮਾਰਨਾ ਵੀ ਹੁੰਦਾ ਹੈ। ਵਿਅਕਤੀ ਦੇ ਮਨ ਦੇ ਵਿੱਚ ਬਣੀ ਠੋਸ ਹਾਉਮੇਂ ਦੀ ਦੀਵਾਰ, ਜੋ ਵਿਅਕਤੀ ਨੂੰ ਅਹੰਕਾਰੀ ਬਣਾ ਦਿੰਦੀ ਹੈ, ਮਦਦ ਕਰਨ ਦੇ ਨਾਲ ਛਿਨ ਭਰ ਦੇ ਵਿੱਚ ਢਹਿ ਢੇਰੀ ਹੋ ਜਾਂਦੀ ਹੈ। ਮਦਦ ਅਹੰਕਾਰ ਦੀ ਵਿਨਾਸ਼ਕ ਹੈ, ਇਹ ਨੇਕੀ ਦਾ ਇੱਕ ਵਿਸ਼ੇਸ਼ ਰੂਪ ਵੀ ਹੈ। ਜਿੱਥੇ ਮਦਦ ਕੀਤੀ ਜਾਵੇਗੀ, ਉੱਥੇ ਨੇਕੀ ਜਨਮ ਲਵੇਗੀ ਅਤੇ ਜਿੱਥੇ ਨੇਕੀ ਹੋਵੇਗੀ, ਉੱਥੇ ਬੇਸ਼ੱਕ ਮਦਦ ਕੀਤੀ ਜਾਵੇਗੀ। ਵਿਅਕਤੀ ਆਪਣੀ ਖੁਦ ਦੀ ਮਦਦ ਆਪ ਹੀ ਕਰ ਸਕਦਾ ਹੈ। ਆਪਣੇ ਆਪ ਨੂੰ ਦੁਸ਼ਟ ਕਰਮਾਂ ਤੋ ਬਚਾਈ ਰੱਖਣਾ, ਖੁਦ ਦੀ ਮਦਦ ਕਰਨਾ ਹੁੰਦਾ ਹੈ। ਇਹ ਕੰਮ ਕਾਫੀ ਔਖਾ ਹੁੰਦਾ ਹੈ ਅਤੇ ਬਹੁਤਾਤ ਅਜਿਹੀ ਮਦਦ ਕਰਨ ਤੋ ਅਸਰਥ ਹੁੰਦੀ ਹੈ। ਵਿਅਕਤੀ ਦਾ ਮਨ ਅਨੇਕਾਂ ਹੀ ਵਿਕਾਰਾਂ ਦੇ ਮਗਰ ਦੋੜਦਾ ਰਹਿੰਦਾ ਹੈ, ਕਈ ਵਿਅਕਤੀ ਆਪਣੇ ਆਪੇ ਨੂੰ ਇਹਨਾਂ ਵਿਕਾਰਾਂ ਦੇ ਮਗਰ ਲੱਗਣ ਤੋ ਬਚਾ ਲੈਂਦੇ ਹਨ ਅਤੇ ਕਈ ਇਹਨਾਂ ਵਿਕਾਰਾਂ ਦੇ ਨਾਲ ਈ ਰੁੜ ਜਾਂਦੇ ਹਨ। ਬਾਹਰੀ ਮਦਦ ਜਾਂ ਦੂਸਰਿਆਂ ਦੀ ਮਦਦ ਕਰਨਾ ਨੇਕੀ ਦਾ ਕੰਮ ਹੁੰਦਾ ਹੈ। ਇਹ ਸੱਚਾਈ ਤੇ ਚੰਗਿਆਈ ਦਾ ਪ੍ਰਗਟਾਵਾ ਹੁੰਦੀ ਹੈ ।ਆਦਿ ਕਾਲ ਤੋ ਹੀ ਮਨੁੱਖ ਨੂੰ ਦੂਸਰਿਆਂ ਦੀ ਮਦਦ ਕਰਨ ਦੇ ਲਈ ਉਪਦੇਸ਼ ਦਿੱਤੇ ਜਾ ਰਹੇ ਹਨ। ਪਰ ਆਧੁਨਿਕ ਸਮੇਂ ਦੇ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਇੰਨਾ ਵਿਅਸਥ ਬਣਾ ਲਿਆ ਹੈ ਕਿ ਉਸ ਕੋਲ ਆਪਣੇ ਆਪ ਦੀ ਮਦਦ ਕਰਨ ਦੇ ਲਈ ਹੀ ਸਮਾਂ ਨਹੀ ਬਚਿਆ। ਮਨੁੱਖ ਵਿੱਚ ਸੁਆਰਥ, ਲਾਲਚ, ਅਹੰਕਾਰ,ਈਰਖਾ ਆਦਿ ਅਜਿਹੇ ਅਵਗੁਣ ਪੈਦਾ ਹੋ ਗਏ ਹਨ ਕਿ ਉਹ ਦੂਜਿਆਂ ਦੀ ਮਦਦ ਕਰਨ ਤੋ ਕੰਨੀ ਕਤਰਾਉਦਾ ਹੈ। ਅਨੇਕਾਂ ਹੀ ਲੋੜਵੰਦ ਉਸਦੇ ਆਸੇ ਪਾਸੇ ਹੁੰਦੇ ਹਨ ਪਰ ਮਨੁੱਖ ਉਹਨਾਂ ਦੀ ਮਦਦ ਕਰਨ ਦੀ ਬਿਜਾਏ ਪਾਸਾ ਵੱਟ ਜਾਂਦਾ ਹੈ। ਵਿਅਕਤੀ ਨੂੰ ਹੋਰਨਾਂ ਦੀ ਮਦਦ ਨਿਸ਼ਕਾਮ ਹੋ ਕੇ ਕਰਨੀ ਚਾਹੀਦੀ ਹੈ। ਕਿਸੇ ਦੀ ਮਦਦ ਇਸ ਤਰੀਕੇ ਨਾਲ ਕਰੋ ਕਿ ਇੱਕ ਹੱਥ ਨਾਲ ਮਦਦ ਕਰੋ ਤੇ ਦੂਜੇ ਹੱਥ ਨੂੰ ਪਤਾ ਹੀ ਨਾ ਲੱਗੇ ਕਿ ਮਦਦ ਕੀਤੀ ਗਈ ਹੈ।ਮਦਦ ਕਰ ਕੇ ਦਿਖਾਵਾ ਕਰਨਾ, ਹਾਊਮੇਂ ਨੂੰ ਉਪਜਦਾ ਹੈ। ਨਿਸ਼ਕਾਮ ਭਾਵ ਨਾਲ ਕੀਤੀ ਗਈ ਮਦਦ ਹਾਊਮੇਂ ਨੂੰ ਬਿਨਾਸਦੀ ਹੈ। ਮਦਦ ਕਦੇ ਵੀ ਲਾਲਚ ਜਾਂ ਮਤਲਬ ਲਈ ਨਹੀ ਕਰਨੀ ਚਾਹੀਦੀ। ਮਦਦ ਕਰਦੇ ਸਮੇਂ ਇਹ ਨਹੀ ਸੋਚਣਾ ਚਾਹੀਦਾ ਕਿ ਜਿਸ ਦੀ ਮੈਂ ਮਦਦ ਕਰ ਰਿਹਾ ਹਾਂ, ਇਸਨੇ ਕਦੇ ਮੇਰੀ ਮਦਦ ਕੀਤੀ ਸੀ ਜਾਂ ਕਰੇਗਾ। ਇਕ ਜਗਦਾ ਦੀਵਾਂ ਬਾਕੀ ਹਜਾਰਾਂ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ, ਪਰ ਇਸ ਨਾਲ ਉਸ ਜਗਦੇਦੀਵੇ ਦਾ ਕੁਝ ਨੁਕਸਾਨ ਨਹੀ ਹੁੰਦਾ, ਬਲਕਿ ਉਸ ਦੀ ਵਜਾ ਕਰਕੇ ਹਜਾਰਾਂ ਬੁਝੇ ਹੋਏ ਦੀਵੇ ਜਗ ਜਾਂਦੇ ਹਨ, ਜੋ ਹੋਰਨਾਂ ਲੱਖਾਂ ਦੀਵਿਆਂ ਨੂੰ ਜਗਾ ਸਕਦੇ ਹਨ। ਮਦਦ ਕਰਨ ਦੇ ਲਈ ਕਿਸ ਖਾਸ ਯੋਗਤਾ ਜਾਂ ਅਹੁਦੇ ਦੀ ਜਰੂਰਤ ਨਹੀ ਹੁੰਦੀ ਅਤੇ ਨਾ ਹੀ ਮਦਦ ਕੇਵਲ ਧਨ ਦੇ ਨਾਲ ਹੀ ਨਹੀ ਹੁੰਦੀ ਹੈ, ਇਹ ਸ਼ਬਦਾਂ, ਇਸ਼ਾਰਿਆਂ ਆਦਿ ਦੁਆਰਾ ਵੀ ਕੀਤੀ ਜਾ ਸਕਦੀ ਹੈ। ਕਿਸੇ ਨੂੰ ਹੱਲਾਸ਼ੇਰੀ ਦੇਣੀ ਬਹੁਤ ਵੱਡੀ ਮਦਦ ਹੁੰਦੀ ਹੈ। ਗਲਤ ਕਰਮ ਕਰਦੇ ਵਿਅਕਤੀ ਨੂੰ ਸਹੀ ਮਾਰਗ ਦਿਖਾ ਦੇਣਾ ਵੀ ਮਦਦ ਹੀ ਹੁੰਦੀ ਹੈ। ਕਰੋਧਿਤ ਵਿਅਕਤੀ ਨੂੰ ਸ਼ਾਂਤ ਕਰ ਦੇਣਾ, ਰੋਂਦੇ ਨੂੰ ਚੁੱਪ ਕਰਵਾਉਣਾ, ਭੁੱਖੇ ਨੂੰ ਰਜਾਉਣਾ, ਸੁੱਤੇ ਨੂੰ ਜਗਾਉਣਾ,ਭਟਕੇ ਨੂੰ ਸਮਝਾਉਣਾ ਆਦਿ ਮਦਦ ਕਰਨ ਦੇ ਹੀ ਵੱਖਰੇ-ਵੱਖਰੇ ਰੂਪ ਹੁੰਦੇ ਹਨ। ਇਕ ਵਾਰ ਕੋਈ ਸਾਧੂ ਸ਼ਹਿਰ ਦੀ ਕਿਸੇ ਗਲੀ ਵਿੱਚੋ ਗੁਜਰ ਰਿਹਾ ਸੀ ਤਾਂ,ਇਕ ਵਿਅਕਤੀ ਵੇਸ਼ਵਾ ਦੀ ਕੋਠੇ ‘ਚ ਦਾਖਿਲ ਹੋਣ ਹੀ ਲੱਗਾ ਸੀ ਤਾਂ ਸਾਧੂ ਨੇ ਮਗਰੋ ਆਵਾਜ ਮਾਰ ਕੇ ਕਿਹਾ, “ਕਿਉਂ ਚਿੱਕੜ ਵਿੱਚ ਝਾਲ ਮਾਰਨ ਲੱਗਿਆ, ਆਪਾਂ ਸਵਾਰ ਲੈ” ਸਾਧੂ ਦੀ ਇੰਨੀ ਹੀ ਗੱਲ ਨੇ ਕਾਮੀ ਨੂੰ ਇਨਸਾਨ ਬਣਾ ਦਿੱਤਾ। ਮਦਦ ਕਰਨ ਦਾ ਕੋਈ ਵੀ ਢੰਗ ਜਾਂ ਜਰੀਆ ਹੋ ਸਕਦਾ ਹੈ। ਮਦਦ ਕਰਨ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ।ਮਨ ਵਿੱਚ ਹੀਣਤਾ ਅਤੇ ਬੁਰਾਈ ਖਤਮ ਹੋਣ ਲੱਗ ਜਾਂਦੀ ਹੈ। ਮਨ ਵਿੱਚ ਸਰਬੱਤ ਦਾ ਭਲਾ ਕਰਨ ਦੀ ਤਾਂਘ ਉੱਪਜਣ ਲੱਗ ਜਾਂਦੀ ਹੈ ਅਤੇ ਵਿਅਕਤੀ ਸਭ ਤਰਾਂ ਦੇ ਭੇਦ- ਭਾਵ ਮਿਟਾ ਕੇ ਹੋਰਨਾਂ ਨੂੰ ਭਾਈਵਾਲ ਸਮਝਣ ਲੱਗ ਜਾਂਦਾ ਹੈ।ਇਕ ਦੂਸਰੇ ਦੀ ਮਦਦ ਕਰਨ ਦੇ ਨਾਲ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ ਅਤੇ ਨਾਲ ਹੀ ਰਿਸ਼ਤਿਆ ਦੇ ਵਿੱਚ ਮਜਬੂਤੀ ਆਉਦੀ ਹੈ। ਅਜੋਕੇ ਸਮੇਂ ਦੇ ਵਿੱਚ ਹਰ ਇਕ ਨੂੰ ਦੂਸਰਿਆ ਦੀ ਮਦਦ ਦੀ ਜਰੂਰਤ ਹੈ। ਇਕ ਹੱਥ ਨੂੰ ਦੂਸਰੇ ਹੱਥ ਦਾ ਹੀ ਸਹਾਰਾ ਹੁੰਦਾ ਹੈ। ਇਕ ਅਤੇ ਇਕ ਮਿਲ ਕੇ ਗਿਆਰਾਂ ਬਣ ਜਾਂਦੇ ਹਨ। ਯੋਗ ਹੁੰਦੇ ਹੋਏ ਵੀ ਲੋੜਵੰਦ ਦੀ ਮਦਦ ਨਾ ਕਰਨਾ,ਹੈਵਾਨੀਅਤ ਦਾ ਰੂਪ ਹੈ।ਮਦਦ ਕਰਨ ਦਾ ਸਿੱਧਾ ਸਿੱਧਾ ਫਾਇਦਾ ਵਿਅਕਤੀ ਨੂੰ ਖੁਦ ਨੂੰ ਵੀ ਹੁੰਦਾ ਹੈ। ਮਦਦ ਕਰਨ ਨਾਲ ਵਿਅਕਤੀ ਦੀ ਉਦਾਸੀ ਅਤੇ ਨਿਰਾਸ਼ਾ ਦੂਰ ਹੁੰਦੀ ਹੈ ਅਤੇ ਉਹ ਖੇੜੇ ਵਿੱਚ ਆ ਜਾਂਦਾ ਹੈ। ਉਸਦਾ ਮਨ ਸ਼ਾਂਤ ਅਤੇ ਨਿਰਮਲ ਹੋ ਜਾਂਦਾ ਹੈ ਅਤੇ ਉਸਦੀ ਜਿੰਦਗੀ ਖੁਸ਼ਹਾਲ ਅਤੇ ਨਿਰੋਈ ਬਣ ਜਾਂਦੀ ਹੈ।
ਸਤਵਿੰਦਰ ਸਿੰਘ

Satwinder Singh

You may also like