ਜੇਕਰ ਰੱਬ ਚਹੁੰਦਾ ਹੁੰਦਾ ਸਾਨੂੰ ਤਕਲੀਫ ਦੇਣਾ,ਜੇਕਰ ਉਹ ਚਾਹੁੰਦਾ ਹੁੰਦਾ ਉਸਦੇ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਨੂੰ ਚਲਾਉਣਾ,ਤਾਂ ਉਹ ਸਿਰ ‘ਚ ਦਿਮਾਗ ਤੇ ਬਾਹਾਂ ‘ਚ ਬਲ ਨਾ ਦਿੰਦਾ।ਜੇ ਓਹ ਚਹੁੰਦਾ ਹੁੰਦਾ ਕਿ ਅਸੀਂ ਆਸੇ ਪਾਸੇ ਵਾਪਰ ਰਿਹਾ ਕੁਝ ਨਾ ਦੇਖੀਏ ਤਾਂ ਸਾਨੂੰ ਅੱਖਾਂ ‘ਚ ਬੇਸ਼ੁਮਾਰ ਰੌਸ਼ਨੀ ਨਾ ਦਿੰਦਾ।ਗਵਾਚੇ ਅਸੀਂ ਖੁਦ ਫਿਰਦੇ ਆਂ,ਲੱਭਣ ਲਈ ਰੱਬ ਨੂੰ ਤੁਰੇ ਫਿਰਦੇ ਆਂ।
ਐ ਮੇਰੇ ਸਾਥੀ! ਖੁਦ ਦੀ ਤਲਾਸ਼ ‘ਚ ਨਿਕਲ ਤੇ ਸਹੀ।ਤੂੰ ਕਰਨਾ ਕੀ ਚਹੁੰਨਾਂ,ਤੈਅ ਤਾਂ ਕਰ।ਤੇਰੇ ‘ਚ ਕਿੰਨੀ ਕੁ ਮਜਬੂਤੀ ਹੈ ਹਾਲਾਤਾਂ ਨਾਲ ਟਕਰਾਅ ਕੇ ਓਹਨਾ ਨੂੰ ਬਦਲਣ ਦੀ,ਇਹ ਸਾਬਿਤ ਤਾਂ ਕਰ,ਸਮਾਂ ਤਾ ਖੁਦ ਤੇਰੀ ਤਲਾਸ਼ ‘ਚ ਹੈ।ਸਮਾਂ ਤਾਂ ਖੁਦ ਤੇਰੇ ਨਾਲ ਕਦਮ ਮਿਲਾਅ ਕੇ ਚੱਲਣਾ ਚਹੁੰਦਾ ਏ।ਸਮਾਂ ਤਾਂ ਚਹੁੰਦਾ ਏ ਕਿ ਦੋਨੋਂ ਧਰਤੀ ਤੋਂ ਲੈ ਕੇ ਆਸਮਾਨ ਦੇ ਸਫਰ ‘ਤੇ ਨਿਕਲੀਏ ਤੇ ਮੁਸ਼ਕਿਲਾਂ ਤੋਂ ਘਬਰਾਉਣ ਦੀ ਜਗਾਹ ਓਹਨਾ ਨੂੰ ਜ਼ਿੰਦਗੀ ਦੇ ਵਿਕਾਸ ਦਾ ਜ਼ਰੀਆ ਬਣਾਈਏ।ਆਫਤਾਂ ਆਉਣਗੀਆਂ ਤੇ ਅਸੀਂ ਹੱਲ ਕੱਢਾਂਗੇ,ਜੇ ਜ਼ਿੰਦਗੀ ਗੁੰਝਲਦਾਰ ਹੋਵੇਗੀ ਤਾਂ ਸਾਡੀ ਵੀ ਅਕਲ ਦਾ ਇਮਤਿਹਾਨ ਹੋਏਗਾ,ਅਸੀਂ ਹਾਰ ਨਹੀਂ ਮੰਨਣੀਂ।ਚੰਨ,ਸੂਰਜ,ਤਾਰੇ ਏਹ ਆਸਮਾਨ ਤੋਂ ਮਨੁੱਖ ਦੇ ਉੱਪਰ ਨਿਗਾਹ ਟਿਕਾਈ ਬੈਠੇ ਨੇ ਕਿ ਸਮਾਂ ਤੇ ਮਨੁੱਖ ਮਿਲ ਕੇ ਕਿਹੜਾ ਇਤਿਹਾਸ ਰਚਾਉਂਣਗੇ।ਅਸੀਂ ਵੀ ਤਿਆਰ ਹਾਂ ਧਰਤੀ ਦੇ ਸੁਪਨਿਆਂ ਦੀ ਦੁਨੀਆਂ ਨੂੰ ਹਕੀਕਤ ਦਾ ਸੰਸਾਰ ਬਣਾਉਣ ਲਈ।
ਜ਼ਿੰਦਾਬਾਦ…
ਅਸੀਂ ਕਰ ਕੇ ਦਿਖਾਵਾਂਗੇ ਉਹ ਵੀ ਅਸੰਭਵ ਜੋ ਲੱਗੇਗਾ।
ਜਦ ਮਨੁੱਖ ਆਪਣੀ ਤਲਾਸ਼ ‘ਚ ਖੁਦ ਵੱਲ ਦੌੜੇਗਾ।
ਏਸ ਦੁਨੀਆਂ ਤੋਂ ਓਸ ਅਦਿੱਖ ਦੁਨੀਆਂ ਤੱਕ ਜਾਵਾਂਗੇ।
ਹਾਰ ਨਹੀਂ ਮੰਨਦੇ ਜਿੱਤ ਦਾ ਪਰਚਮ ਝੁਲਾਂਵਾਂਗੇ।
ਕਮਲ ਸਰਾਵਾਂ