ਗੁਰਬਾਣੀ ਵਿਆਕਰਣ ਦਾ ਮਹੱਤਵ

by Manpreet Singh

ਸਿੱਖ ਜਗਤ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਗਿਆਨ ਦਾ ਪੁਜਾਰੀ ਬਣਾਇਐ। ਸਿੱਖ ਅਗਿਆਨੀ ਨਹੀਂ ਚਾਹੀਦਾ, ਸਿੱਖ ਗਿਆਨੀ ਹੋਣਾ ਚਾਹੀਦਾ ਹੈ। ਸਿੱਖ ਦੇ ਕੋਲ ਸੂਝ ਸਮਝ ਹੋਣੀ ਚਾਹੀਦੀ ਹੈ। ਗਿਆਨ ਨੂੰ ਮੱਥਾ ਟੇਕੀਏ ਤੇ ਗਿਆਨ ਸਾਡੇ ਕੋਲ ਨਾ ਹੋਵੇ ! ਗਿਆਨ ਸਾਡਾ ਇਸ਼ਟ ਹੈ। ਗਿਆਨ ਸਾਡਾ ਗੁਰੂ ਹੈ। ਕਲਗੀਧਰ ਪਾਤਿਸ਼ਾਹ ਕਹਿੰਦੇ ਨੇ :

ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥ (ਸ਼ਬਦ ਹਜ਼ਾਰੇ।

ਇਹ ਜੋ ਪਾਵਨ ਗੁਰਬਾਣੀ ਹੈ, ਇਸ ਦੀ ਆਪਣੀ ਇਕ ਵਿਆਕਰਣ ਹੈ। ਇਸ ਨੂੰ ਪੜ੍ਹੇ ਬਿਨਾਂ ਗੱਲ ਨਹੀਂ ਬਣੇਗੀ। ਖ਼ੁਸ਼ਕਿਸਮਤੀ ਹੈ ਕਿ ਗੁਰਬਾਣੀ ਵਿਆਕਰਣ ਨਾਮਕ ਪੁਸਤਕ ਵੀ ਛਪ ਚੁੱਕੀ ਹੈ। ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਗਾਲਬਨ ਵੀਹ ਸਾਲ ਮਿਹਨਤ ਕੀਤੀ। | ਗੋਰਖਪੁਰ (ਯੂ.ਪੀ.) ਵਿਚ ਇਹ ਕਿਤਾਬ ਇਕ ਦਿਨ ਮੇਰੇ ਹੱਥ ਵਿਚ ਸੀ ਤੇ ਮੈਂ ਪੜ ਰਿਹਾ ਸੀ। ਕਿਉਂਕਿ ਗੁਰੂ ਗੰਥ ਸਾਹਿਬ ਜੀ ਮਹਾਰਾਜ ਵਿਚ ਪਰਸ਼ੀਅਨ ਹੈ, ਸੰਸਕ੍ਰਿਤ ਹੈ, ਪੰਜਾਬੀ ਹੈ, ਮਰਾਠੀ ਹੈ, ਬੰਗਾਲੀ ਹੈ, ਕਸ਼ਮੀਰੀ ਦੀ ਝਲਕ ਵੀ ਹੈ, ਸਿੰਧੀ ਹੈ ਤੇ ਹੋਰ ਅਨੇਕਾਂ ਭਾਸ਼ਾਵਾਂ ਨੇ, ਇਕ ਬੋਲੀ ਨਹੀਂ ਹੈ। ਅਰਬੀ ਹੈ, ਫ਼ਾਰਸੀ ਹੈ। ਇਨ੍ਹਾਂ ਸਾਰੀਆਂ ਭਾਸ਼ਾਵਾਂ ਦਾ ਜੋ ਗਿਆਨੀ ਨਾ ਹੋਵੇ, ਬੌਧਿਕ ਤਲ `ਤੇ ਇਨ੍ਹਾਂ ਦੀ ਵਿਚਾਰ ਜੇ ਨਾ ਕੀਤੀ ਹੋਵੇ ਤਾਂ ਮੁਸ਼ਕਲ ਹੈ ਕਿ ਕੋਈ ਇਸ ਦੇ ਅਰਥ ਕਰ ਸਕੇ। ਇਹ ਵੀ ਮੈਂ ਅਰਜ਼ ਕਰਾਂ। ਉਨ੍ਹਾਂ ਨੇ ਬਕਾਇਦਾ ਗੁਰਬਾਣੀ ਦੀ ਵਿਆਕਰਣ ਲਿਖੀ ਹੈ।

ਉਸ ਪੁਸਤਕ ਦਾ ਨਾਮ ਵੀ ਇਹੀ ਐ ਗੁਰਬਾਣੀ ਵਿਆਕਰਣ। ਇਹ ਮੈਂ ਪੜ੍ਹ ਰਿਹਾ ਸੀ। ਇਕ ਸੱਜਣ ਉਥੇ ਗੋਰਖਪੁਰ ਵਿਚ ਮੈਨੂੰ ਮਿਲਿਆ। ਕੋਈ ‘ਕਲਿਆਣ’ ਨਾਮ ਦਾ ਹਿੰਦੀ ਭਾਸ਼ਾ ਵਿਚ ਧਾਰਮਿਕ ਮੈਗਜ਼ੀਨ ਨਿਕਲਦਾ ਹੈ, ਉਸ ਦਾ ਉਹ ਐਡੀਟਰ ਸੀ। ਮੈਨੂੰ ਕਹਿਣ ਲੱਗਾ ਕਿ ਇਹ ਤੁਸੀਂ ਕੀ ਪੜ੍ਹ ਰਹੇ ਹੋ ? ਮੈਂ ਕਿਹਾ ਕਿ ਗੁਰਬਾਣੀ ਦੀ ਗਰੈਮਰ ਪੜ੍ਹ ਰਿਹਾਂ। ਮੈਨੂੰ ਕਹਿਣ ਲੱਗਾ ਕਿ ਸਿਰਫ਼ ਇਕ ਦੋ ਸਫ਼ੇ ਮੈਨੂੰ ਪੜ੍ਹ ਕੇ ਸੁਣਾਉਗੇ ? ਪੰਜਾਬੀ ਉਹ ਜਾਣਦਾ ਨਹੀਂ ਸੀ। ਪੰਜਾਬੀ ਦੀ ਉਹ ਕਿਤਾਬ ਸੀ। ਮੈਂ ਉਸ ਨੂੰ ਦੋ ਸਫ਼ੇ ਪੜ੍ਹ ਕੇ ਸੁਣਾਏ। ਸੁਣ ਕੇ ਆਖਣ ਲੱਗਾ ਕਿ ਇਹ ਤਾਂ ਜਾਪਦੈ ਰਿਸ਼ੀ ਪਾਣਿਨੀ ਦਾ ਫਿਰ ਅਵਤਾਰ ਪ੍ਰਗਟ ਹੋ ਗਿਆ ਹੈ ! ਮੈਂ ਹੈਰਾਨਗੀ ਨਾਲ ਕਿਹਾ-ਪਾਣਿਨੀ! ਕਹਿੰਦਾ-ਹਾਂ, ਜਿਸ ਨੇ ਵੇਦਾਂ ਦੀ ਵਿਆਕਰਣ ਲਿਖੀ ਸੀ। ਵੇਦਾਂ ਦਾ ਗਿਆਨ ਖੋਹ ਜਾਣਾ ਸੀ ਅਗਰ ਪਾਣਿਨੀ ਗਰੈਮਰ ਨਾ ਲਿਖਦਾ। ਮੈਨੂੰ ਕਹਿੰਦਾ ਕਿ ਮੇਰਾ ਮਨ ਇਸ ਪੁਸਤਕ ਦੇ ਲੇਖਕ ਤੋਂ ਬਹੁਤ ਪ੍ਰਭਾਵਿਤ ਹੋਇਐ। ਐਸੀ ਵਧੀਆ ਵਿਆਕਰਣ ਗੁਰਬਾਣੀ ਦੀ! ਇੰਨੀ ਜ਼ਿਆਦਾ ਸੂਝ ਤੇ ਸਮਝ ਇਸ ਲੇਖਕ ਨੂੰ ਪ੍ਰਾਪਤ ਹੋਈ ਹੈ ! | ਹੁਣ ਮੈਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਾਕਿਆ ਹੀ ਬੋਧ ਲੈਣਾ ਹੋਵੇ ਤਾਂ ਵਿਆਕਰਣ ਇਕ ਸਹਾਰਾ ਹੈ। ਇਸ ਤੋਂ ਬਿਨਾਂ ਤਾਂ ਸਮਝਣਾ ਬਹੁਤ ਔਖਾ ਹੈ। ਉਸ ਨੇ ਇਹ ਤਸਲੀਮ ਕੀਤਾ। ਮੈਂ ਅੱਗੋਂ ਆਖਿਆ ਕਿ ਚਲੋ! ਤੁਸੀਂ ਸਿਆਣੇ ਹੋ, ਵਿਦਵਾਨ ਹੋ, ਤੁਹਾਡੇ ‘ਤੇ ਪ੍ਰਭਾਵ ਪਿਆ ਹੈ। ਵਰਨਾ ਸਿੱਖ ਜਗਤ ਦਾ ਨੜਿਨਵੇਂ ਫ਼ੀਸਦੀ ਹਿੱਸਾ ਉਹ ਹੈ ਜੋ ਗੁਰਬਾਣੀ ਵਿਆਕਰਣ ਨਾਲ ਦੂਰ ਦਾ ਵੀ ਕੋਈ ਤੁਅੱਲਕ ਨਹੀਂ ਰੱਖਦਾ। ਵਿਆਕਰਣ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਰੱਖਦਾ। ਗੁਰਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਜਦ ਕਿ ਵਿਚਾਰ ਉੱਤੇ ਗੁਰੂ ਨਾਨਕ ਦੇਵ ਜੀ ਨੇ ਜ਼ੋਰ ਦਿੱਤਾ ਹੈ :
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ (ਜਪੁ ਜੀ, ਪੰਨਾ 2)

ਐ ਸਿੱਖਾ! ਵੱਡੇ ਦੀਆਂ ਵਡਿਆਈਆਂ ਦੀ ਅੰਮ੍ਰਿਤ ਵੇਲੇ ਵਿਚਾਰ ਕਰ ਤਾਂ ਕਿ ਪਰਮਾਤਮਾ ਤੇਰੀ ਵਿਚਾਰ ਦਾ ਹਿੱਸਾ ਬਣ ਜਾਏ। ਪਰਮਾਤਮਾ ਦੇ ਗੁਣ ਤੇਰੀ ਸੋਚਣੀ ਦਾ ਹਿੱਸਾ ਬਣਨ। ਤੇਰੀ ਚਿਤਵਨੀ ਵਿਚ ਆ ਜਾਣ। ਤੋ ਗੁਰਬਾਣੀ ਦੀ ਵਿਆਕਰਣ ਵੱਲ ਵੀ ਗੁਰਬਾਣੀ ਰਸੀਆਂ ਨੂੰ ਧਿਆਨ ਦੇਣਾ ਹੋਵੇਗਾ।

You may also like