ਸ਼ਹਿਰ ਦੇ ਲਾਗੇ ਹੀ ਪਿੰਡ ਵਿੱਚ ਕਿਹਰ ਸਿੰਘ ਕੋਲ 15 ਕੁ ਖੇਤ ਸੀ ਤੇ ਉਹਦੇ ਨਾਲ ਸਾਰੀ ਉਮਰ ਪਿੰਡ ਦਾ ਹੀ ਸੀਰੀ ਲਛਮਣ ਤੋਂ ਬਣਿਆ ਲੱਛੂ ਖੇਤੀ ਕਰਾਉਂਦਾ ਰਿਹਾ । ਖਾੜਕੂਵਾਦ ਵੇਲੇ ਇੱਕੋ ਇਕ ਪੁੱਤ ਦਾ ਨਾਂ ਜੁਝਾਰੂਆਂ ਵਿੱਚ ਵੱਜਣ ਲੱਗ ਪਿਆ ਤੇ ਘਰੇ ਪੁਲੀਸ ਕਈ ਵਾਰ ਗੇੜਾ ਮਾਰ ਚੁੱਕੀ ਸੀ । ਨਿੱਤ ਦੇ ਮਾਰੇ ਜਾ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਲੋਕਾਂ ਦੇ ਮਨਾ ਅੰਦਰ ਇਕ ਭੈਅ ਪੈਦਾ ਕਰ ਰਹੀਆਂ ਸਨ । ਕਿਹਰ ਸਿੰਘ ਨੇ ਆਪਣੇ ਪੁੱਤ ਨੂੰ ਮਨਾ ਕੇ ਕੈਨੇਡਾ ਚਾੜ ਦਿੱਤਾ ਜੋ ਰਿਫਿਊਅਜੀ ਬਣ ਕੇ ਵੈਨਕੋਵਰ ਸ਼ਹਿਰ ਵਿੱਚ ਆ ਉਤਰਿਆ ਤੇ ਥੋੜੀ ਦੇਰ ਮਗਰੋਂ ਹੀ ਵਿਆਹ ਕਰਾਕੇ ਪੱਕਾ ਹੋ ਗਿਆ । ਉਹਦੇ ਘਰੇ ਪੁੱਤਰ ਨੇ ਜਨਮ ਲਿਆ ਜੋ ਪੜਨ ਲਿਖਣ ਵਿੱਚ ਹੁਸ਼ਿਆਰ ਤੇ ਆਪ ਦੇ ਹਾਣੀਆਂ ਨਾਲ ਹਾਕੀ ਦੀ ਟੀਮ ਵਿੱਚ ਵੀ ਖੇਡਦਾ । ਕਿਹਰ ਸਿੰਘ ਦਾ ਪੁੱਤ ਪਹਿਲਾਂ ਨੌਕਰੀ ਕਰਦਾ ਸੀ ਫੇਰ ਕੰਨਸਟਰਕਸ਼ਨ ਵਿੱਚ ਪੈ ਗਿਆ ਤੇ ਕੁਦਰਤ ਨੇ ਸਾਥ ਦਿੱਤਾ । ਕੰਮ ਬਹੁਤ ਚੜ ਗਿਆ ਤੇ ਖ਼ੂਬ ਪੈਸਾ ਕਮਾਇਆ । ਕਹਿਰ ਸਿੰਘ ਦੀ ਨੂੰਹ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਹੈ ।
ਪਿੰਡ ਖੇਤੀ ਕਰਨੀ ਕਦੋਂ ਦੀ ਬੰਦ ਕੀਤੀ ਹੋਈ ਹੈ ਤੇ ਜ਼ਮੀਨ ਹੁਣ ਮਾਮਲੇ ਤੇ ਦਿੱਤੀ ਹੋਈ ਹੈ । ਇਧਰ ਦੋਨੋ ਜੀਅ ਕੰਮ ਵਿੱਚ ਇੰਨੇ ਬਿਜੀ ਨੇ ਪੁੱਤ ਦਾ ਪਤਾ ਹੀ ਨਹੀਂ ਲੱਗਾ ਕਿ ਉਹਨੇ ਕਦੋਂ ਗਲਤ ਪੈਰ ਪੁੱਟ ਲਏ । ਉਹ ਹਾਲੇ ਬਾਰ੍ਹਵੀਂ ਵਿੱਚ ਹੀ ਸੀ ਕਿ ਡਰਗਜ ਗੈਂਗ ਦੀ ਭੇਟ ਚੜ ਗਿਆ । ਇਕੋ ਇਕ ਪੋਤਰਾ ਤੇ ਉਹਦੀ ਲਾਸ਼ ਨੂੰ ਦੇਖਣ ਲਈ ਬਾਬਾ ਦਾਦੀ ਕੈਨੇਡਾ ਪਹੁੰਚੇ ਤੇ ਮੁੜ ਪਿੰਡ ਨਹੀਂ ਗਏ
ਲਛੂ ਦੇ ਵੀ ਇੱਕੋ ਇਕ ਪੁੱਤ ਹੈ ਤੇ ਜਿਸ ਦੇ ਅੱਗੇ ਇਕ ਕੁੜੀ ਹੈ ਜਿਸ ਨੂੰ ਕਿਹਰ ਸਿੰਘ ਪਹਿਲਾਂ ਪਿੰਡ ਵਿੱਚ ਪੜਾਉੰਦਾ ਰਿਹਾ ਤੇ ਫੇਰ ਨਾਲ ਹੀ ਸ਼ਹਿਰ ਵਿੱਚ ਪੜਾਉਣ ਦਾ ਖ਼ਰਚਾ ਦੇ ਰਿਹਾ ਜਿਵੇਂ ਉਹ ਲਛੂ ਨਾਲ ਸਾਰੀ ਉਮਰ ਦੀ ਦੋਸਤੀ ਦੀ ਸਾਂਝ ਪੁਗਾ ਰਿਹਾ ਹੋਵੇ । ਅਮੀਰ ਹੋਵੇ ਜਾਂ ਗਰੀਬ ਪੁੱਤ ਦਾ ਦੁੱਖ ਇੱਕੋ ਜਿਹਾ ਹੁੰਦਾ । ਲਛੂ ਦਾ ਪੁੱਤ ਕੈਂਸਰ ਦੀ ਬੀਮਾਰੀ ਨਾਲ ਘੁਲਦਾ ਪੂਰਾ ਹੋ ਗਿਆ । ਲਛੂ ਪਿੰਡ ਵਿੱਚ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਬੁੱਢੀ ਉਮਰ ਵਿੱਚ ਦਿਹਾੜੀ ਲਾ ਕੇ ਨੂੰਹ ਸਹੁਰਾ ਤੇ ਪੋਤੀ ਆਪ ਦਾ ਗੁਜ਼ਾਰਾ ਕਰ ਰਹੇ ਹਨ । ਲੱਛੂ ਦੇ ਘਰੋਂ ਕਦੋਂ ਦੀ ਗੁਜ਼ਰ ਚੁੱਕੀ ਹੈ
ਕਿਹਰ ਸਿੰਘ ਨੇ ਆਪ ਦੇ ਪੁਤਰ ਨਾਲ ਸੁਲਾਹ ਕਰਕੇ ਲੱਛੂ ਦੀ ਪੋਤੀ ਨੂੰ ਆਪ ਦੇ ਪੁੱਤਰ ਕੋਲੋਂ ਅਡਾਪਟ ਕਰਾਕੇ ਕੈਨੇਡਾ ਸੱਦ ਲਿਆ ਤੇ ਉਹਨੂੰ ਇੱਥੇ ਆਪ ਦੀ ਪੋਤਰੀ ਬਣਾ ਕੇ ਪੜਾ ਰਿਹਾ ।
ਲਛੂ ਦੀ ਪੋਤਰੀ ਕੈਨੇਡਾ ਵਿੱਚ ਪੜ ਰਹੀ ਸਤਵੀਰ ਨਾਲ ਗੱਲ-ਬਾਤ ਕਰ ਰਿਹਾ ਸੀ ਕਿ ਉਹਦੀ ਪੜਾਈ ਕਿਵੇਂ ਚੱਲ ਰਹੀ ਹੈ ਤਾਂ ਉਹਨੇ ਕਿਹਾ ਕਿ ਮਾਸਟਰ ਕਰ ਲਈ ਹੈ । ਕਿਹੜੇ ਫ਼ੀਲਡ ਵਿੱਚ ? Health Management ਵਿੱਚ ਤੇ ਮੈਂ ਕਿਹਾ ਅੱਗੇ ?ਹੁਣ ਵਿਆਹ ਕਦੋਂ ਕਰਾਉਣਾ ? ਮੈਂ ਹੱਸਦੇ ਨੇ ਪੁਛਿਆ ! ਅੰਕਲ ਮੈਂ ਵਿਆਹ ਨਹੀਂ ਕਰਾਉਣਾ । ਤਾਇਆ ਪਿੰਡ ਦੀ ਜ਼ਮੀਨ ਵਿੱਚ ਹਸਪਤਾਲ ਬਣਾਉਣਾ ਮੰਗਦਾ ਜਿੱਥੇ ਨਸ਼ਿਆਂ ਵਿੱਚ ਗਰਸਤ ਨੌਜਵਾਨਾਂ ਦਾ ਇਲਾਜ ਹੋ ਸਕੇ ਤੇ ਜਾਂ ਜੋ ਕੁੜੀਆਂ ਨਹੀਂ ਪੜ ਸਕਦੀਆਂ ਉਨਾਂ ਦੀ ਪੜਾਈ ਲਈ ਸਾਰਾ ਪੈਸਾ ਲਾ ਕੇ ਟਰਸਟ ਬਣਾਉਣਾ ਚਾਹੁੰਦਾ । ਤੇ ਤਾਇਆ ਚਾਹੁੰਦਾ ਕਿ ਉਸ ਟਰੱਸਟ ਨੂੰ ਮੈਂ ਚਲਾਵਾਂ । ਤੇ ਮੈਂ ਵੀ ਇਹ ਫੈਸਲਾ ਲਿਆ ਕਿ ਮੈਂ ਵਿਆਹ ਕਰਾਉਣ ਨਾਲ਼ੋਂ ਸਾਰੀ ਉਮਰ ਪੰਜਾਬ ਜਾ ਕੇ ਸੇਵਾ ਵਿੱਚ ਲਾਉਣੀ ਹੈ ।
ਮੈਨੂੰ ਇਹ ਕੁੜੀ ਦੋ ਘਰਾਂ ਦਾ ਚਿਰਾਗ਼ ਲੱਗੀ ਜੋ ਹਨੇਰ ਵਿੱਚ ਰੋਸ਼ਨੀ ਬਣ ਕੇ ਰਾਹ ਦਰਸੇਰਾ ਬਣਨ ਦਾ ਯਤਨ ਕਰ ਰਹੀ ਹੈ ।
ਦੁਆਵਾਂ ਇਸ ਬੱਚੀ ਲਈ