ਫੋਕੇ ਮੰਤਰ

by Manpreet Singh

ਮੈਂ ਇਹ ਨਹੀਂ ਕਹਿੰਦਾ ਕਿ ਭਜਨੀਕ ਬੰਦੇ ਅਧੂਰੇ ਹੁੰਦੇ ਹਨ, ਓਹ ਭਜਨ ਕਰਕੇ ਅੰਦਰੋਂ ਤਾਂ ਸਫਲ ਹੋ ਗਏ, ਪਰ ਸੰਸਾਰ ਨਾਲੋਂ ਸੰਬੰਧ ਤੋੜ ਬੈਠੇ।
ਜਦ ਬਾਬਰ ਹਿੰਦੁਸਤਾਨ ‘ਤੇ ਚੜੵ ਕੇ ਆਇਆ ਤਾਂ ਰਾਜਸਥਾਨ ਦੇ ਰਜਵਾੜੇ ਜੋ ਥੋੜੵੇ ਬਹੁਤ ਲੜਨ ਵਾਲੇ ਸਨ, ਉਹ ਜੋਗੀਆਂ ਕੋਲ ਗਏ, ਫ਼ਕੀਰਾਂ ਕੋਲ ਗਏ ਕਿ ਦਸੋ ਹੁਣ ਕੀ ਕਰੀਏ?
ਬਾਬਰ ਬੜੇ ਲੰਬੇ ਚੌੜੇ ਲਾਓ ਲਸ਼ਕਰ ਨਾਲ ਅਬਾਦੀਆਂ ਸਾੜਦਾ ਹੋਇਆ, ਬੰਦਿਆਂ ਨੂੰ ਮਾਰਦਾ ਹੋਇਆ, ਅਸਮਤ ਲੁਟਦਾ ਹੋਇਆ, ਦੌਲਤ ਲੁਟਦਾ ਹੋਇਆ, ਇਸ ਢੰਗ ਨਾਲ ਆ ਰਿਹਾ ਹੈ,
ਦਸੋ ਕੀ ਕਰੀਏ?
ਜੋਗੀਆਂ ਨੇ ਪਤਾ ਹੈ, ਕੀ ਆਖਿਆ?
“ਕੋਈ ਫਿਕਰ ਨਾ ਕਰੋ, ਅਸੀਂ ਇੰਜ ਮੰਤ੍ਰ ਪੜੵਾਂਗੇ ਕਿ ਸਾਰੇ ਅੰਨ੍ਹੇ ਹੋ ਜਾਣਗੇ।”
ਤੇ ਜਿਨ੍ਹਾਂ ਨੇ ਮਾੜਾ ਮੋਟਾ ਲੜਨਾ ਵੀ ਸੀ, ਉਹ ਵੀ ਹੱਥ ‘ਤੇ ਹੱਥ ਧਰ ਕੇ ਬੈਠ ਗੲੇ। ਬਈ ਠੀਕ ਹੈ ਮੰਤਰ ਪੜੵਨਗੇ ਜੋਗੀ, ਆਪੇ ਅੰਨ੍ਹੇ ਹੋ ਜਾਣਗੇ। ਪਰ ਅੰਨ੍ਹੇ ਕੀ ਹੋਣਾ ਸੀ, ਉਹ ਮਾਰੋ ਮਾਰ ਕਰਦੇ ਅਗਾਂਹ ਵਧਦੇ ਗੲੇ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜੋਗੀਆਂ ਤੇ ਗੁਰਬਾਣੀ ਵਿਚ ਕਟਾਖਸ਼ ਕੀਤਾ ਹੈ ਕਿ :

“ਕੋਈ ਮੁਗਲੁ ਨ ਹੋਆ ਅੰਧਾ,ਕਿਨੈ ਨ ਪਰਚਾ ਲਾਇਆ॥”
{ਅੰਗ ੫੧੮}

ਮਹਾਰਾਜ ਕਹਿੰਦੇ ਨੇ, ਮੰਤਰ ਤੇ ਬਥੇਰੇ ਪੜ੍ਹਦੇ ਰਹੇ, ਜੰਤਰ ਬਥੇਰੇ ਫੂਕਦੇ ਰਹੇ, ਲੇਕਿਨ ਇਕ ਵੀ ਮੁਗਲ ਅੰਨ੍ਹਾ ਨਾ ਹੋਇਆ। ਹਿੰਦੁਸਤਾਨ ਦੀ ਦੌਲਤ ਲੁੱਟੀ ਗਈ, ਇਸ ਦੀ ਅਸਮਤ ਲੁੱਟੀ ਗਈ, ਇਹ ਤਬਾਹ ਤੇ ਬਰਬਾਦ ਹੋਇਆ, ਜੋਗੀ ਇਸ ਫਿਕਰ ਵਿਚ ਰਿਹਾ ਹੈ ਕਿ ਮੈਂ ਮੰਤਰ ਫੂਕਾਂਗਾ, ਮੰਤਰਾਂ ਨਾਲ ਰੋਕਾਂਗਾ। ਮੰਤਰਾ ਨਾਲ ਮਨ ਦੇ ਵਿਕਾਰ ਤੇ ਰੋਕੇ ਜਾ ਸਕਦੇ ਹਨ, ਕਿਸੇ ਮੰਤਰ ਨਾਲ ਹੁਣ ਕਿਸੇ ਵੱਡੀ ਸੈਨਾ ਨੂੰ ਮਾਰ ਦੇਣਾ, ਇਤਨੇ ਲੰਬੇ ਚੌੜੇ ਲਾਉ ਲਸ਼ਕਰ ਨੂੰ ਮਾਰ ਦੇਣਾ ਇਹ ਗੱਲ ਬੜੀ ਅੌਖੀ ਹੈ।
ਗੁਰੂ ਨਾਨਕ ਦੇਵ ਜੀ ਕਹਿਣ ਲੱਗੇ,”ਫੋਕੇ ਮੰਤਰਾਂ ਦੇ ਉਪਰ ਭਰੋਸੇ ਰੱਖਣ ਵਾਲੇ ਮਨੁੱਖ ਹੁਣ ਮੈਨੂੰ ਨਹੀਂ ਚਾਹੀਦੇ। ਬੰਦਾ ਮੈਂ ਪੂਰਨ ਬਣਾਉਨਾ ਹੈ, ਜਿਹੜਾ ਅੰਦਰੋਂ ਬਾਹਰੋਂ ਮੁਕੰਮਲ ਹੋਵੇ।”
ਗੁਰੂ ਨਾਨਕ ਨੇ ਇਕ ਮੁਕੰਮਲ ਤਸਵੀਰ ਬਣਾਉਨੀ ਚਾਹੀ, ਜਿਸ ਨੂੰ ਢਾਈ ਸੌ ਸਾਲ ਲੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਦਿੱਤੀ ਤੇ ਸਿੱਖ ਮੁਕੰਮਲ ਹੋ ਗਿਆ, ੲਿਹ ਹੁਣ ਸੰਤ ਵੀ ਹੈ, ੲਿਹ ਹੁਣ ਸਿਪਾਹੀ ਵੀ ਹੈ। ਇਹ ਬੰਦਾ ਮੁਕੰਮਲ ਹੋ ਗਿਅਾ।

Sant Singh Maskeen

You may also like