ਪੈਰਾਂ ਦੀ ਅਵਾਜ਼ ਸੁਣ ਦੇ ਸਾਰ ਹੀ ਜਾਗੋ ਮੀਚੀ ‘ਚ ਪਈ ਬਲਵੀਰ ਕੌਰ ਦੀ ਅੱਖ ਖੁੱਲ੍ਹ ਗਈ । ਗਲੀ ਵਿੱਚੋਂ ਖਿੜਕੀ ਰਾਹੀਂ ਅਾ ਰਹੀ ਸੀਟੀ ਦੀ ਛੀ-ਛੀ ਕਰਦੀ ਸ਼ੂਕ ਨੇ ੳੁਸਦੇ ਦਿਲ ਦੀ ਧੜਕਣ ਹੋਰ ਤੇਜ਼ ਕਰ ਦਿੱਤੀ ਸੀ । ਜਦੋਂ ੳੁਸ ਨੇ ਖੇਸ ਦਾ ਲੜ ਮਾੜ੍ਹਾ ਜਾ ਪਰ੍ਹਾਂ ਕਰਕੇ ਦੇਖਿਆ ਤਾਂ ਰਾਤ ਦੇ ਪੌਣੇ ਬਾਰਾਂ ਵੱਜੇ ਪਏ ਸਨ ਅਤੇ ਸਿਮਰਨ ਬੋਚ-ਬੋਚ ਪੱਬ ਧਰਦੀ ਦਰਵਾਜੇ ਵੱਲ ਜਾ ਰਹੀ ਸੀ |। ਸ਼ੱਕ ਤਾਂ ੳੁਸਨੂੰ ਪਿਛਲੇ ਕਈ ਦਿਨਾਂ ਤੋਂ ਸੀ ਜਦੋਂ ਤੋਂ ਸਿਮਰਨ ਦੁੱਧ ਗਰਮ ਵੇਲ਼ੇ ਅਾਪਣਾ ਗਲਾਸ ਭਰ ਦੁੱਧ ਪਹਿਲਾਂ ਹੀ ਪਤੀਲੇ ‘ਚੋ ਬਾਹਰ ਕੱਢ ਲੈਂਦੀ ਸੀ ਪਰ ਚਾਂਵਾਂ ਲਾਡਾਂ ਨਾਲ਼ ਪਾਲ਼ੀ ਮਣਾ ਮੂੰਹ ਪਿਅਾਰ ਲੈਣ ਵਾਲ਼ੀ ਪੜ੍ਹੀ-ਲਿਖੀ ਧੀ ‘ਤੇ ਬਿਨਾਂ ਗੱਲੋਂ ਮਾਂ ਦੂਸ਼ਣ ਵੀ ਕਿਵੇਂ ਲਾ ਸਕਦੀ ਸੀ ।
ਅੱਜ ਰਾਤ ਬਲਵੀਰ ਕੌਰ ਨੇ ਦੁੱਧ ਦਾ ਗਲਾਸ ਸਿਮਰਨ ਤੋਂ ਅੱਖ ਬਚਾ ਕੇ ਅਲਮਾਰੀ ਦੇ ੳੁਪਰਲੇ ਖਾਨੇ ‘ਚ ਰੱਖ ਦਿੱਤਾ ਅਤੇ ਖਾਲੀ ਗਲਾਸ ਥੋੜ੍ਹਾ ਜਾ ਦੁੱਧ ਨਾਲ਼ ਲਬੇੜ ਕੇ ਸਿਮਰਨ ਨੂੰ ਮਾਂਜਣ ਲਈ ਦੇ ਦਿੱਤਾ ਸੀ।
ਕੰਬਦੇ ਬੋਲਾਂ ਨਾਲ਼ ਬਲਵੀਰ ਕੌਰ ਸਿਮਰਨ ਨੂੰ ਕਹਿਣ ਲੱਗੀ ,
” ਧੀਏ , ਰੁਕ ਜਾ !! ਨਾਂ ਮੇਰੀ ਮੋਈ ਦੀ ਮਿੱਟੀ ਪੱਟ , ਹਾੜ੍ਹੇ ਜਿਉਂਦੇ ਜੀਅ ਮਾਪੇ ਕਿਓ ਮਾਰਦੀ ਅੈਂ ? ”
ਇਹ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ , ੳੁਹ ਕੰਬਦੇ ਬੁੱਲ੍ਹਾਂ ਨਾਲ਼ ਬੋਲੀ ,
” ਮਾਂ !! ਮ …ਮੰ…ਮੈਂ ਤਾਂ ਬਾਥਰੂਮ… ”
ਸਿਮਰਨ ਦੇ ਬੋਲ ਗਲੇ ਵਿੱਚ ਹੀ ਅਟਕ ਗਏ ਅਤੇ ਬਲਵੀਰ ਕੌਰ ਨੇ ਅਲਮਾਰੀ ‘ਚੋਂ ਦੁੱਧ ਦਾ ਗਲਾਸ ਚੁੱਕ ਲਿਆ । ੳੁਹ ਅੱਖਾਂ ਭਰ ਕੇ ਕਹਿਣ ਲੱਗੀ ,
” ਧੀਏ !! ਬੱਸ ਰਹਿਣ ਦੇ ਹੁਣ ਸਫ਼ਾਈ ਦੇਣ ਨੂੰ , ਜੋ ਦੁੱਧ ਤੈਨੂੰ ਮੈਂ ਚਾਰ ਸਾਲ ਚੁੰਘਾਇਅਾ ਸੀ ਓਹਦੀ ਦੀ ਲਾਜ ਤਾਂ , ਤੇਰਾ ਐਹ ਦੁੱਧ ਦੋ ਕੁ ਦਿਨਾਂ ਵਿੱਚ ਹੀ ਰੋਲ ਗਿਅੈ “
ਮਾਸਟਰ ਸੁਖਵਿੰਦਰ ਦਾਨਗੜ੍ਹ