ਜਦ ਕੋਈ ਮੇਰੇ ਕੋਲੋਂ ਪੁੱਛਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਨੌਂ ਖੰਡ ਪ੍ਰਿਥਵੀ ਦਾ ਭਰਮਣ ਕੀਤਾ, ਬਾਰਾਂ-ਬਾਰਾਂ ਸਾਲ ਦੀ ਇਕ-ਇਕ ਉਦਾਸੀ , ਇਤਨੇ ਪੈੰਡੇ ਦੀ ਕੀ ਲੋੜ ਸੀ?
ਇਕੋ ਹੀ ਜਵਾਬ ਨਿਕਲਦਾ ਗੁਰੂ ਨਾਨਕ ਦੁਖੀ ਸੀ।
ਹੁਣ ਤਰਕ ਖੜੀ ਹੋ ਜਾਂਦੀ ਹੈ , ਕਿ ਜਿਹੜਾ ਆਪ ਦੁਖੀ ਸੀ, ਉਹ ਦੂਜੇ ਨੂੰ ਸੁਖ ਕਿਸ ਤਰ੍ਹਾਂ ਦੇ ਸਕਦਾ ਹੈ ?
ਦਰਅਸਲ ਇਹ ਦੁੱਖ ਦੂਜਿਆਂ ਦਾ ਸੀ, ਆਪਣਾ ਨਹੀਂ ਸੀ।
ਮੈਂ ਇਸ ਤੇ ਇਕ ਉਦਾਹਰਣ ਦਿਆਂ,
ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ। ਬੱਚਾ ਬੇਚੈਨ ਹੈ, ਹੁਣ ਮਾਂ ਵੀ ਬੇਚੈਨ ਹੈ। ਬੱਚਾ ਦੁਖੀ ਹੈ, ਹੁਣ ਮਾਂ ਵੀ ਦੁਖੀ ਹੈ। ਬੱਚੇ ਨੂੰ ਨੀਂਦ ਨਹੀਂ ਆ ਰਹੀ, ਤੜਪ ਰਿਹਾ ਹੈ, ਮਾਂ ਨੂੰ ਵੀ ਨੀਂਦ ਨਹੀਂ ਆ ਰਹੀ। ਮਾਂ ਨੂੰ ਆਖਿਆ ਜਾ ਸਕਦਾ ਹੈ ਕਿ ਤੂੰ ਆਰਾਮ ਨਾਲ ਸੌਂ ਜਾਹ, ਤਾਪ ਤੇ ਬੱਚੇ ਨੂੰ ਚੜੵਿਆ ਹੈ, ਤੈਨੂੰ ਥੋੜੀ ਚੜੵਿਆ ਹੈ? ਪਰ ਨਹੀਂ, ਅਗਰ ਕਿਸੇ ਮਨੋਵਿਗਿਆਨਿਕ ਕੋਲੋਂ ਪੁੱਛੋਗੇ, ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜੵਿਆ ਹੈ, ਓਹੀ ਤਾਪ ਮਾਂ ਦੇ ਮਨ ਨੂੰ ਚੜੵਿਆ ਹੈ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੀ ਸਾਰੀ ਪੀੜਾ, ਸਾਰਾ ਦੁੱਖ, ਉਸ ਨੂੰ ਉਸ ਨੇ ਆਪਣੇ ਮਨ ਵਿਚ ਵਸਾ ਲਿਆ ਹੈ, ਵਿਚਾਰੀ ਤੜਪ ਰਹੀ ਹੈ।
ਇਕ ਬੱਚੇ ਦਾ ਦੁੱਖ ਜਦ ਮਾਂ ਨੇ ਆਪਣੇ ਹਿਰਦੇ ਵਿਚ ਵਸਾਇਆ ਤਾਂ ਸਾਰੀ ਰਾਤ ਸੌਂ ਨਹੀਂ ਸਕੀ, ਤੜਪਦੀ ਰਹੀ। ਸਾਰੀ ਦੁਨੀਆਂ ਦਾ ਦੁੱਖ ਦਰਦ ਗ਼ਮ ਜਿਸ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਵਿਚ ਸੀ, ਉਹ ਆਰਾਮ ਨਾਲ ਸੁਲਤਾਨਪੁਰ ਰਹਿੰਦੇ ਤਾਂ ਕਿਸ ਤਰ੍ਹਾਂ ਰਹਿੰਦੇ? ਉਹ ਆਰਾਮ ਨਾਲ ਤਲਵੰਡੀ ਰਹਿੰਦੇ ਤਾਂ ਕਿਸ ਤਰ੍ਹਾਂ ਰਹਿੰਦੇ? ਓੁਹ ਜਗਤ ਦਾ ਗ਼ਮ ਲਈ ਫਿਰਦੇ ਸੀ, ਜਗਤ ਦਾ ਦਰਦ ਲਈ ਫਿਰਦੇ ਸੀ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਨਾਲ ਸ਼ਬਦ ਜੁੜ ਗਏ ‘ਦਰਦੀ ਦਾਤਾ’। ਲੋਕਾਂ ਦਾ ਦਰਦ ਵੰਡਾਉਣ ਵਾਲਾ ।
ਲੋਕੀਂ ਖਸ਼ੀਆਂ ਵੰਡਾਉਣ ਵਾਸਤੇ ਤਾਂ ਮਿਲ ਜਾਣਗੇ, ਪਰ ਦਰਦ ਕੋਈ ਨਹੀਂ ਵੰਡਾਉਂਦਾ।
ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ :-
“ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ॥”
{ਅੰਗ ੧੪੨੮}