ਫੁਰਨੇ

by Manpreet Singh

ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਦੇ ਬਾਪੂ ਪਿਤਾ ਕਲਿਆਣ ਦਾਸ ਜੀ ਜਦ ਬਜ਼ੁਰਗ ਹੋ ਗਏ ਤਾਂ ਉਨਾੑਂ ਨੇ ਬਿਰਧ ਅਵਸਥਾ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਜੋਦੜੀ ਕੀਤੀ,
“ਹੇ ਨਾਨਕ ! ਤੁਸੀਂ ਜੋਗੀ-ਜੰਗਮ,ਬਾ੍ਹਮਣਾਂ ਨੂੰ ਤਾਰਿਆ,ਜੰਗਲਾਂ ਵਿਚ ਭਟਕਦੇ ਹੋਏ ਰਾਖ਼ਸ਼-ਦੈਤਾਂ ਨੂੰ ਮਾਰਗ ਦੱਸਿਆ,ਮੈਂ ਤੁਹਾਡਾ ਪਿਤਾ ਹਾਂ ਅਤੇ ਪ੍ਭੂ ਪਾ੍ਪਤੀ ਤੋਂ ਬਿਨਾਂ ਹੀ ਸੰਸਾਰ ਤੋਂ ਰੁਖ਼ਸਤ ਹੋ ਜਾਵਾਂ,ਇਹ ਮੇਰੀ ਬਹੁਤ ਵੱਡੀ ਬਦਕਿਸਮਤੀ ਹੋਵੇਗੀ। ਜਿਹੜੀ ਸੌਗਾਤ ਤੁਸੀਂ ਜੋਗੀ-ਜੰਗਮ ਹਾਜ਼ੀਆਂ ਦੇ ਪੱਲੇ ਪਾਈ ਹੈ,ਉਹ ਦਾਤ,ਉਹ ਸੌਗਾਤ ਮੇਰੀ ਝੋਲੀ ਵਿਚ ਵੀ ਪਾਓ।
ਸਾਹਿਬ ਗੁਰੂ ਨਾਨਕ ਦੇਵ ਜੀ ਨੇ ਉਦਹਾਰਣ ਦੇ ਕੇ ਜੋ ਇਥੇ ਸਮਝਾਇਆ ਹੈ ਆਪਣੇ ਬਾਪੂ ਨੂੰ ਉਹ ਕਾਬਲਿ-ਸੁਨੀਤ ਹੈ।
ਸਾਹਿਬ ਕਹਿੰਦੇ ਹਨ,
“ਇਹ ਜੋ ਮਨ ਹੈ,ਬਰਫ਼ ਦੀ ਤਰਾੑਂ ਹੈ ਤੇ ਬਰਫ਼ ਦਾ ਕੰਮ ਹੈ ਪਿਘਲਣਾ।ਬਰਫ਼ ਵਿਚੋਂ ਬੂੰਦ-ਬੂੰਦ ਪਾਣੀ ਨਿਕਲੇਗਾ। ਮਨ ਵਿਚੋਂ ਫੁਰਨੇ ਨਿਕਲਣਗੇ ਅਤੇ ਹਰ ਵਕਤ ਨਿਕਲਣਗੇ। ਇਕ-ਇਕ ਫੁਰਨਾ ਇਕ-ਇਕ ਬੂੰਦ ਹੈ ਅਤੇ ਇਕ-ਇਕ ਬੂੰਦ ਝਰਨ ਦੇ ਨਾਲ,ਇਕ-ਇਕ ਫੁਰਨੇ ਦੇ ਪੈਦਾ ਹੋਣ ਦੇ ਨਾਲ ਮਨੁੱਖ ਦੀ ਸ਼ਕਤੀ ਸਹਿਜੇ-ਸਹਿਜੇ ਛੀਣ ਹੁੰਦੀ ਹੈ।ਕੋਈ ਬੂੰਦ ਕਿਧਰੇ ਗਿਰ ਰਹੀ,ਕੋਈ ਕਿਧਰੇ ਅਤੇ ਬਰਫ਼ ਦਾ ਅੰਤ ਹੋ ਗਿਆ,ਬਣਿਆ ਕੁਝ ਵੀ ਨਾ,ਹੱਥ ਪੱਲੇ ਕੁਝ ਨਾ ਆਇਆ। ਛਿਨ-ਛਿਨ ਕਰਕੇ ਮਨੁੱਖ ਖਤਮ ਹੋ ਗਿਆ,ਅੰਤ ਹੋ ਗਿਆ ਇਸਦਾ।”
ਮਹਾਰਾਜ ਕਹਿੰਦੇ ਹਨ,
“ਇਕ ਭਾਂਡੇ ਦੇ ਵਿਚ ਗੰਧਲਾ ਬਦਬੂਦਾਰ ਪਾਣੀ ਹੋਵੇ,ਜਿਸ ਵਿਚ ਕੀੜੇ ਚਲ ਰਹੇ ਹੋਣ ਅਤੇ ਦੂਸਰਾ ਸਾਫ਼,ਨਿਰਮਲ ਪਾਣੀ ਵਾਲਾ ਬਰਤਨ ਜਿਸ ਵਿਚੋਂ ਸੁਗੰਧੀ ਅਾ ਰਹੀ ਹੋਵੇ। ਮਹਾਰਾਜ ਕਹਿੰਦੇ ਹਨ ਕਿ ਤੇਰੇ ਕੋਲ ਹੋਵੇ ਬਰਫ਼ ਦਾ ਡਲਾ ਤੇ ਜੇ ਉਹਨੂੰ ਪਾ ਦੇਈਏ ਗੰਦੇ ਪਾਣੀ ਦੇ ਵਿਚ ਤਾਂ ਪਿਘਲ-ਪਿਘਲ ਕੇ ਉਹ ਗੰਦੇ ਪਾਣੀ ਦਾ ਰੂਪ ਹੋ ਜਾਵੇਗਾ। ਉਹਦੇ ਵਿਚੋਂ ਵੀ ਬਦਬੂ ਅਾਉਣ ਲੱਗ ਪਏਗੀ,ਉਹਦੇ ਵਿਚ ਵੀ ਕੀੜੇ ਹੋ ਜਾਣਗੇ,ਉਹਦੇ ਪਾਸ ਬੈਠਣਾਂ ਵੀ ਅੌਖਾ ਹੋ ਜਾਏਗਾ। ਇਸੇ ਤਰੀਕੇ ਨਾਲ ਅਗਰ ਉਹ ਬਰਫ਼ ਦੇ ਡਲੇ ਨੂੰ ਸਾਫ਼ ਨਿਰਮਲ ਅਤੇ ਸੁਗੰਧੀ ਵਾਲੇ ਭਾਂਡੇ ਵਿਚ ਪਾ ਦੇਈਏ ਤਾਂ ਉਹਦੇ ਵਿਚ ਮਿਲਕੇ ਇਹ ਬਰਫ਼ ਨਿਰਮਲ ਪਾਣੀ ਦਾ ਰੂਪ ਧਰਨ ਕਰ ਜਾਵੇਗੀ। ਉਹਦੇ ‘ਚੋ ਮਹਿਕ ਆਉਣ ਲੱਗ ਪਏਗੀ ਤੇ ਉਹਦੇ ਪਾਸ ਬੈਠਣ ਨੂੰ,ਤੇ ਪਾਣੀ ਨੂੰ ਪੀਣ ਨੂੰ ਦਿਲ ਕਰੇਗਾ।”
ਮਹਾਰਾਜ ਕਹਿੰਦੇ ਹਨ,
“ਬਾਪੂ, ਹੂ-ਬ-ਹੂ ਇਹੋ ਮਨ ਦੀ ਹਾਲਤ ਹੈ। ਇਸ ਮਨ ਨੂੰ ਪਾ ਦੇਈਏ ਸੰਸਾਰ ਦੇ ਵਿਕਾਰਾਂ ਵਿਚ ਤਾਂ ਇਹ ਮਨ ਪਿਘਲ-ਪਿਘਲ ਕੇ ਵਿਕਾਰੀ ਹੋ ਜਾਏਗਾ। ਇਹੀ ਪਸ਼ੂ ਹੋ ਜਾਂਦਾ ਹੈ,ਵਿਕਾਰਾਂ ਦਾ ਰੂਪ ਹੋ ਜਾਂਦਾ ਹੈ।

“ਮਨ ਖੁਟਹਰ ਤੇਰਾ ਨਹੀਂ ਬਿਸਾਸੁ ਤੂ ਮਹਾ ਉਦਮਾਦਾ॥
ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ॥”
{ਅੰਗ ੮੧੫}
ਇਸੇ ਮਨ ਨੂੰ ਜੇ ਪਾ ਦੇਈਏ ਗੁਰੂ ਬਾਣੀ ਵਿਚ,ਪ੍ਭੂ ਦੇ ਨਾਮ ਵਿਚ, ਸਤਿਸੰਗ ਵਿਚ ਤਾਂ ਪਿਘਲ-ਪਿਘਲ ਕੇ ਇਹੀ ਪ੍ਮਾਤਮਾਂ ਦਾ ਰੂਪ ਹੋ ਜਾਂਦਾ ਹੈ,ਈਸ਼ਵਰ ਦਾ ਰੂਪ ਹੋ ਜਾਂਦਾ ਹੈ।

“ਮਨ ਤੂੰ ਜੋਤਿ ਸਰੂਪ ਹੈ ਅਾਪਣਾ ਮੂਲ ਪਛਾਣੁ॥”
{ਅੰਗ ੪੪੧}

You may also like