983
ਮਾਨਸਿਕ ਰੋਗਾਂ ਦੇ ਉਘੇ ਡਾਕਟਰ ਕੋਲ਼ ਇੱਕ ਵਾਰ ਉਸ ਦਾ ਇੱਕ ਕਰੀਬੀ ਮਿੱਤਰ ਆਇਆ ਤੇ ਆਪਣੀ ਸਮੱਸਿਆ ਦੱਸਦਿਆਂ ਕਹਿਣ ਲੱਗਾ ਕਿ ਡਾਕਟਰ ਸਾਬ ਮੈਨੂੰ ਰਾਤ ਨੂੰ ਵਹਿਮ ਹੋ ਜਾਂਦਾ ਹੈ ਕਿ ਮੇਰੇ ਬੈਡ ਹੇਠਾਂ ਕੋਈ ਬੰਦਾ ਵੜ ਗਿਆ ਹੈ। ਇਸੇ ਦਹਿਸ਼ਤ ਕਾਰਨ ਮੈਨੂੰ ਰਾਤ ਰਾਤ ਭਰ ਨੀਂਦ ਨਹੀਂ ਆਉਂਦੀ ਤੇ ਕਈ ਵਾਰ ਤਾਂ ਡਰਦਿਆਂ ਪਿਸ਼ਾਬ ਵੀ ਮੰਜੇ ਤੇ ਹੀ ਨਿਕਲ਼ ਜਾਂਦਾ ਹੈ। ਡਾਕਟਰ ਕਾਫੀ ਚਿਤਾਤੁਰ ਜਿਹਾ ਹੋ ਕੇ ਦੱਸਣ ਲੱਗਾ ਕਿ ਤੂੰ ਤਾਂ ਬਹੁਤ ਗੰਭੀਰ ਦਿਮਾਗੀ ਰੋਗ ਦਾ ਸ਼ਿਕਾਰ ਹੋ ਗਿਆ ਹੈਂ ਤੇ ਜੇ ਇਸ ਦਾ ਜਲਦ ਇਲਾਜ ਨਾ ਕੀਤਾ ਗਿਆ ਤਾਂ ਨੌਬਤ ਪਾਗਲਖਾਨੇ ਭਰਤੀ ਹੋਣ ਤੱਕ ਪਹੁੰਚ ਸਕਦੀ ਹੈ। ਇਸ ਦੇ ਇਲਾਜ ਲਈ ਤੈਨੂੰ ਲਗਾਤਾਰ ਛੇ ਮਹੀਨੇ ਹਰ ਹਫਤੇ ਮੇਰੇ ਪਾਸ ਕੌਂਸਲਿੰਗ ਲਈ ਆਉਣਾ ਪਏਗਾ। ਮੇਰੀ ਇੱਕ ਸਿਟਿੰਗ ਦੀ ਫੀਸ ਦਸ ਹਜਾਰ ਹੈ ਪਰ ਕੋਈ ਨਹੀਂ, ਤੂੰ ਮਿੱਤਰ ਹੈਂ ਤੇਰੇ ਪਾਸੋਂ ਅੱਠ ਲੈ ਲਿਆ ਕਰਾਂਗਾ। ਪ੍ਰੰਤੂ ਢਿੱਲਾ ਨਾਂ ਪਈਂ ਤੇ ਸਵੇਰ ਤੋਂ ਹੀ ਆਪਣਾ ਇਲਾਜ ਸ਼ੁਰੂ ਕਰਵਾ ਲੈ।
ਦੋ ਕੁ ਮਹੀਨੇ ਬਾਅਦ ਅਚਾਨਕ ਹੀ ਉਹ ਬੰਦਾ ਡਾਕਟਰ ਨੂੰ ਬਾਜਾਰ ਵਿੱਚ ਟੱਕਰ ਗਿਆ। ਡਾਕਟਰ ਪੁੱਛਣ ਲੱਗਾ, “ਤੂੰ ਮੁੜਕੇ ਆਇਆ ਈ ਨਈਂ! ਮੈਂ ਤੇਰੇ ਲਈ ਦੋਸਤੀ ਨਾਤੇ ਬਹੁਤ ਮੱਥਾ ਮਾਰ ਮਾਰ ਕੇ ਨੋਟਸ ਤਿਆਰ ਕੀਤੇ ਸੀ।” ਅੱਗੋਂ ਬੰਦਾ ਆਖਣ ਲੱਗਾ, “ਆਉਣਾ ਕੀ ਸੀ, ਮੇਰੀ ਸਮੱਸਿਆ ਤਾਂ ਸਾਡੇ ਅਨਪੜ੍ਹ ਗਵਾਂਢੀ ਰੁਲ਼ਦੇ ਨੇ ਮਿੰਟ ‘ਚ ਹੱਲ ਕਰਤੀ।” ਡਾਕਟਰ ਕਹਿੰਦਾ, “ਉਹ ਕਿਵੇਂ?” ਉਹ ਕਹਿੰਦਾ, “ਜਿਸ ਦਿਨ ਮੈਂ ਤੁਹਾਨੂੰ ਮਿਲ਼ ਕੇ ਗਿਆ ਸੀ। ਸ਼ਾਮੀਂ ਪੈਗ ਸਾਂਝਾ ਕਰਦਿਆਂ, ਸੰਗਦੇ ਸੰਗਦੇ ਨੇ ਜਦੋਂ ਰੁਲ਼ਦੇ ਨਾਲ਼ ਆਪਣੀ ਬਿਮਾਰੀ ਸਾਂਝੀ ਕੀਤੀ ਤਾਂ ਰੁਲ਼ਦਾ ਕਹਿੰਦਾ, ‘ਇਹ ਕਿਹੜੀ ਗੱਲ ਹੈ? ਤੂੰ ਅੱਜ ਤੋਂ ਬਾਅਦ ਆਪਣਾ ਗੱਦਾ ਫਰਸ਼ ਤੇ ਲਾ ਲੈ ਜਾਂ ਮੰਜੇ ਦੇ ਚਾਰੇ ਪਾਵੇ ਵੱਢ ਦੇ। ਫੇਰ ਬੰਦਾ ਹੇਠ ਕਿਵੇਂ ਵੜਜੂ?’ ਡਾਕਟਰ ਸਾਹਬ, ਉਹ ਦਿਨ ਤੇ ਅੱਜ ਦਾ ਦਿਨ, ਵਹਿਮ ਵੁਹਮ ਅਹੁ ਗਿਆ। ਸਾਰੀ ਰਾਤ ਰੱਜ ਕੇ ਘੁਰਾੜੇ ਮਾਰ ਸੌਈਂਦਾ ਹੈ।”
ਸੋ ਮਿੱਤਰੋ ਕਥਾ ਦਾ ਸਾਰ ਇਹੋ ਹੈ ਕਿ ਜਿੰਦਗੀ ਵਿੱਚ ਬਹੁਤੇ ਪੜ੍ਹੇ ਲਿਖੇ ਡਾਕਟਰ ਅਤੇ ਪ੍ਰੋਫੈਸਰਨੁਮਾ ਬੰਦਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਰੁਲ਼ਦੇ ਵਰਗੇ ਅਨਪੜ੍ਹ ਅਤੇ ਘੈਂਟ ਯਾਰਾਂ ਨੂੰ ਸਦਾ ਅੰਗ-ਸੰਗ ਰੱਖਣਾ ਚਾਹੀਦਾ ਹੈ। ਚਿੰਤਾ-ਮੁਕਤ ਅਤੇ ਤੰਦਰੁਸਤ ਜਿੰਦਗੀ ਜੀਣ ਦਾ ਇਸ ਤੋਂ ਵੱਡਾ ਕੋਈ ਹੋਰ ਮੰਤਰ ਨਹੀਂ ਹੈ।
Unknown