ਸਾਰਾ ਪਰਿਵਾਰ ਇਕ ਛੱਤਰੀ ਹੇਠ ਤੇ ਇਕੱਠਾ ਹੋ ਕੇ ਤੁਰਿਆ ਜਾ ਰਿਹਾ ਸੀ।ਛਤਰੀ ਭਾਵੇ ਪੁਰਾਣੀ ਅਤੇ ਕਈ ਥਾਵਾਂ ਤੋਂ ਫਟੀ ਹੋਈ ਸੀ ਪਰ ਫੇਰ ਵੀ ਉਸਨੇ ਉਨ੍ਹਾਂ ਦਾ ਮੀਂਹ ਤੋਂ ਕਾਫੀ ਬਚਾਅ ਕਰ ਦਿੱਤਾ ਸੀ ।ਪਿਤਾ ਆਪਣੇ ਬੱਚਿਆਂ ਅਤੇ ਉਹਨਾਂ ਦੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਕਾਫੀ ਭਿੱਜ ਵੀ ਗਿਆ ਸੀ। ਅਚਾਨਕ ਹੀ ਮੀਂਹ ਰੁਕ ਕੇ ਧੁੱਪ ਨਿਕਲ ਆਈ ।ਸਾਰੇ ਜਾਣੇ ਦੂਰ ਦੂਰ ਹੋ ਕੇ ਤੁਰਨ ਲੱਗੇ। ਉਸ ਨੇ ਆਪਣੇ ਕੱਪੜੇ ਸੁਕਾਉਣ ਲਈ ਛੱਤਰੀ ਆਪਣੀ ਪਤਨੀ ਨੂੰ ਫੜਾ ਦਿੱਤੀ। ਥੋੜ੍ਹਾ ਤੁਰ ਕੇ ਪਤਨੀ ਨੇ ਛੱਤਰੀ ਵੱਡੇ ਮੁੰਡੇ ਨੂੰ ਦੇ ਦਿੱਤੀ ਅਤੇ ਵੱਡੇ ਮੁੰਡੇ ਨੇ ਆਪਣੀ ਭੈਣ ਨੂੰ ਫੜਾ ਦਿੱਤੀ ਤੇ ਭੈਣ ਨੇ ਛੋਟੇ ਮੁੰਡੇ ਨੂੰ ਫੜਾ ਦਿੱਤੀ ।ਹੁਣ ਛੱਤਰੀ ਚੁੱਕਣ ਲਈ ਕੋਈ ਤਿਆਰ ਨਹੀਂ ਸੀ। ਛੋਟੇ ਨੇ ਛੱਤਰੀ ਉਸ ਵੱਲ ਕਰਦੇ ਕਿਹਾ,” ਡੈਡੀ ਆਹ ਲਓ ਛੱਤਰੀ ਸਾਥੋਂ ਨੂੰ ਚੁੱਕੀ ਜਾਂਦੀ।”ਉਸਨੇ ਮੁੜ ਕੇ ਦੇਖਿਆ। “ਸੁਟੋ ਪਰੇ ਐਨੀ ਪੁਰਾਣੀ ਤਾ ਹੋਈ ਪਈ ਹੈ। ” ਪਤਨੀ ਦੇ ਬੋਲ ਉਸ ਦੇ ਕੰਨੀ ਪਏ।ਉਸ ਨੇ ਗੁਹ ਨਾਲ ਛਤਰੀ ਵੱਲ ਦੇਖਿਆ। ਇਹ ਉਹਦੇ ਪਿਤਾ ਦੀ ਸੀ, ਜਿਹੜੀ ਸਾਲਾਂ ਤੋਂ ਉਹਨਾਂ ਦੇ ਪਰਿਵਾਰ ਕੋਲ ਸੀ। ਛਤਰੀ ਬਾਪ ਦੀ ਯਾਦ ਵੀ ਲੈ ਆਈ ਸੀ।ਜਿਹੜਾ ਉਨ੍ਹਾਂ ਪੰਜ ਭਰਾਵਾਂ ਦੇ ਹੁੰਦਿਆਂ ਬਿਰਧ ਆਸ਼ਰਮ ਵਿੱਚ ਦਿਨ ਕੱਟ ਰਿਹਾ ਸੀ ।ਉਸ ਨੂੰ ਲੱਗਿਆ ਕਿ ਮੁੰਡੇ ਦੇ ਹੱਥ ਵਿੱਚ ਫੜੀ ਛੱਤਰੀ ਬਾਪ ਦਾ ਰੂਪ ਧਾਰਨ ਕਰ ਗਈ ਹੋਵੇ ।ਉਹ ਬਾਪ ਜਿਸ ਨੇ ਸਾਰੀ ਉਮਰ ਛੱਤਰੀ ਬਣ ਕੇ ਉਨ੍ਹਾਂ ਨੂੰ ਛਾਂ ਦਿੱਤੀ ਸਮੇਂ ਦੀਆਂ ਧੁੱਪਾਂ ਬਰਸਾਤਾਂ ਤੋਂ ਬਚਾਇਆ।ਹੁਣ ਉਸਨੂੰ ਸਮਝ ਆ ਚੁੱਕੀ ਸੀ ਕਿ ਜਦੋਂ ਕਿਸੇ ਚੀਜ਼ ਦੀ ਲੋੜ ਖਤਮ ਹੋ ਜਾਂਦੀ ਹੈ ਤਾਂ ਵਾਧੂ ਹੋ ਜਾਂਦੀ ਹੈ ।ਜਿਵੇਂ ਅੱਜ ਉਸ ਦੇ ਪਰਿਵਾਰ ਨੂੰ ਮੀਂਹ ਖਤਮ ਹੋਣ ਤੋਂ ਬਾਅਦ ਛੱਤਰੀ ਵਾਧੂ ਜਾਪ ਰਹੀ ਸੀ ।ਉਸੇੇ ਤਰਾਂ ਹੀ ਸਮੇ ਦੀ ਰਫ਼ਤਾਰ ਨੇ ਰਿਸਤੇ ਵੀ ਵਾਧੂ ਕਰ ਦਿੱਤੇ ਹਨ। ਪੈਰਾਂ ਸਿਰ ਹੋਣ ਤੋਂ ਬਾਅਦ ਉਨ੍ਹਾਂ ਪੰਜਾਂ ਭਰਾਵਾਂ ਲਈ ਵੀ ਬਾਪੂ ਵਾਧੂ ਹੋ ਕੇ ਬਿਰਧ ਆਸ਼ਰਮ ਦਾ ਵਾਸੀ ਬਣ ਗਿਆ ਸੀ।ਏਨੇ ਵਿਚ ਮੁੰਡੇ ਨੇ ਛਤਰੀ ਵਗਾਹ ਕੇ ਸਡ਼ਕ ਤੇ ਮਾਰੀ।ਉਹ ਹੋਰ ਵੀ ਫੱਟ ਗਈ।ਉਹ ਭੁੰਜੇ ਪਈ ਛੱਤਰੀ ਨੂੰ ਦੇਖ ਰਿਹਾ ਸੀ।ਜਿਵੇ ਉਹਨਾਂ ਨੇ ਆਪਣੇ ਬਾਪ ਨੂੰ ਸੜਕ ਤੇ ਪਟਕਾ ਮਾਰਿਆ ਹੋਵੇ।
ਭੁਪਿੰਦਰ ਸਿੰਘ ਮਾਨ
ਮੌੜ ਮੰਡੀ
ਛੱਤਰੀ
1.5K
previous post